-ਕ੍ਰਿਸ਼ਨ ਕੁਮਾਰ ਰੱਤੂ

ਹਮੇਸ਼ਾ ਸੁਰਖੀਆਂ 'ਚ ਰਹੇ ਸੰਨਿਆਸੀ ਸਵਾਮੀ ਅਗਨੀਵੇਸ਼ ਇਸ ਦੁਨੀਆ ਤੋਂ ਵਿਦਾ ਹੋ ਗਏ ਹਨ। ਭਾਵੇਂ ਸਵਾਮੀ ਅਗਨੀਵੇਸ਼ ਨੂੰ ਹਮੇਸ਼ਾ ਇਕ ਵਿਵਾਦਗ੍ਰਸਤ ਵਿਅਕਤੀ ਮੰਨਿਆ ਗਿਆ ਹੈ ਪਰ ਉਨ੍ਹਾਂ ਦੀ ਸ਼ਖ਼ਸੀਅਤ ਦੇ ਕਈ ਐਸੇ ਪਹਿਲੂ ਹਨ ਜਿਹੜੇ ਉਨ੍ਹਾਂ ਦੀ ਸ਼ਖ਼ਸੀਅਤ ਦੇ ਕਈ ਹੋਰ ਰੂਪ ਵੀ ਦਿਖਾਉਂਦੇ ਹਨ। ਉਹ ਇਕ ਉਸ ਤਰ੍ਹਾਂ ਦੇ ਸਕਾਲਰ ਸਨ ਜਿਨ੍ਹਾਂ ਨੇ ਆਪਣੀ ਆਵਾਜ਼ ਉਨ੍ਹਾਂ ਲੋਕਾਂ ਲਈ ਬੁਲੰਦ ਕੀਤੀ ਜੋ ਲਾਚਾਰ ਸਨ। ਉਨ੍ਹਾਂ ਨੇ ਬੰਧੂਆ ਮਜ਼ਦੂਰੀ ਤੋਂ ਲੱਖਾਂ ਲੋਕਾਂ ਨੂੰ ਮੁਕਤ ਕਰਵਾਇਆ ਜਿਸ ਕਰਕੇ ਪੀੜਤ ਲੋਕ ਉਨ੍ਹਾਂ ਨੂੰ ਮਸੀਹਾ ਦੇ ਤੌਰ 'ਤੇ ਅੱਜ ਵੀ ਯਾਦ ਕਰਦੇ ਹਨ। ਅਸਲ ਵਿਚ ਸਵਾਮੀ ਅਗਨੀਵੇਸ਼ ਅਜਿਹੇ ਸੰਨਿਆਸੀ ਸਨ ਜਿਨ੍ਹਾਂ ਨੇ ਸਾਰੀ ਉਮਰ ਆਪਣੇ ਅਸੂਲਾਂ ਦੇ ਨਾਲ ਜ਼ਿੰਦਗੀ ਦਾ ਪੈਂਡਾ ਤੈਅ ਕੀਤਾ। ਸਵਾਮੀ ਅਗਨੀਵੇਸ਼ ਦੀ ਜ਼ਿੰਦਗੀ ਇਕ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਸੀ।

ਉਹ ਦੋਸਤਾਂ ਦੀ ਮਹਿਫ਼ਲ ਵਿਚ ਆਮ ਆਦਮੀ ਦੀ ਤਰ੍ਹਾਂ ਵਿਚਰਦੇ ਰਹੇ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇਕ ਸਾਧਾਰਨ ਪਰਿਵਾਰ ਵਿਚ ਪੈਦਾ ਹੋਇਆ ਬ੍ਰਾਹਮਣੀ ਸਮਾਜ ਦਾ ਬੱਚਾ ਕਿਸ ਤਰ੍ਹਾਂ ਆਪਣੀ ਦੁਨੀਆ ਨੂੰ ਨਿਰਧਾਰਤ ਕਰਦਾ ਹੈ। ਹਾਸ਼ੀਆਗ੍ਰਸਤ ਲੋਕਾਂ ਦਾ ਜੀਵਨ ਪੱਧਰ ਉੱਚਾ ਕਰਨਾ ਉਨ੍ਹਾਂ ਦਾ ਅਕੀਦਾ ਰਿਹਾ ਹੈ। ਆਂਧਰ ਪ੍ਰਦੇਸ਼ ਦੇ ਇਕ ਸਨਾਤਨੀ ਪਰਿਵਾਰ ਵਿਚ ਪੈਦਾ ਹੋਏ ਸਵਾਮੀ ਅਗਨੀਵੇਸ਼ ਆਪਣੇ ਅਕੀਦੇ ਦੇ ਪੱਕੇ ਸਨ। ਉਨ੍ਹਾਂ ਦਾ ਮੁੱਢਲਾ ਨਾਂ ਸ਼ਿਆਮ ਸੀ ਪਰ 28 ਸਾਲ ਦੀ ਉਮਰ ਵਿਚ ਸੰਨਿਆਸ ਲੈ ਕੇ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਅਗਨੀਵੇਸ਼ ਨੇ ਮੁੱਢਲੀ ਪੜ੍ਹਾਈ ਕਾਨੂੰਨ ਦੇ ਪ੍ਰਬੰਧਨ ਵਿਚ ਪ੍ਰਾਪਤ ਕੀਤੀ ਅਤੇ ਸੇਂਟ ਜ਼ੇਵੀਅਰ ਕਲਕੱਤਾ ਵਿਖੇ ਪ੍ਰੋਫੈਸਰ ਵਜੋਂ ਕੰਮ ਕੀਤਾ ਪਰ ਜਲਦੀ ਹੀ ਉਨ੍ਹਾਂ ਇਹ ਨੌਕਰੀ ਛੱਡ ਦਿੱਤੀ। ਸੰਨ 1977 ਵਿਚ ਸੰਨਿਆਸ ਲੈਣ ਤੋਂ ਬਾਅਦ ਸਵਾਮੀ ਅਗਨੀਵੇਸ਼ ਮਜ਼ਦੂਰ ਮੁਕਤੀ ਅਭਿਆਨ ਵਿਚ ਲੱਗ ਗਏ ਜਿੱਥੇ ਉਨ੍ਹਾਂ ਨੇ ਕਈ ਬਾਲ ਮਜ਼ਦੂਰਾਂ ਨੂੰ ਮੁਕਤ ਕਰਵਾਉਣ 'ਚ ਸਫਲਤਾ ਪ੍ਰਾਪਤ ਕੀਤੀ।

ਉਨ੍ਹਾਂ ਨੇ ਰਾਜਨੀਤੀ ਵਿਚ ਵੀ ਪ੍ਰਵੇਸ਼ ਕੀਤਾ ਅਤੇ ਹਰਿਆਣਾ ਦੇ ਸਿੱਖਿਆ ਮੰਤਰੀ ਵਜੋਂ ਕੰਮ ਕੀਤਾ। ਉਨ੍ਹਾਂ ਨੂੰ ਇੰਟਰਨੈਸ਼ਨਲ ਤੇ ਨੈਸ਼ਨਲ ਐਵਾਰਡ ਵੀ ਦਿੱਤੇ ਗਏ ਪਰ ਉਨ੍ਹਾਂ ਦਾ ਸਾਰਾ ਵੱਡਾ ਕੰਮ ਨਾਰੀ ਮੁਕਤੀ, ਬਾਲ ਮਜ਼ਦੂਰ ਸੰਘਰਸ਼ ਅਤੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਣਕਾਰੀ ਦੇਣ ਦਾ ਰਿਹਾ। ਸਵਾਮੀ ਅਗਨੀਵੇਸ਼ ਨੇ ਯੂਐੱਨਓ ਤੋਂ ਲੈ ਕੇ ਭਾਰਤ ਦੇ ਚੱਪੇ-ਚੱਪੇ 'ਤੇ ਘੁੰਮ ਕੇ ਮੁਕਤੀ ਅਭਿਆਨ ਚਲਾਇਆ। ਉਨ੍ਹਾਂ ਨੇ ਕਦੇ ਵੀ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਸਵਾਮੀ ਅਗਨੀਵੇਸ਼ ਨੇ ਬਹੁਤ ਸਾਰੀਆਂ ਪੁਸਤਕਾਂ ਵੀ ਲਿਖੀਆਂ। 'ਕਰਾਂਤੀ ਧਰਮ' ਨਾਮ ਦੀ ਇਕ ਸਮਾਚਾਰ ਪੱਤ੍ਰਿਕਾ ਵੀ ਛਾਪਦੇ ਰਹੇ। ਰਾਜਨੀਤਕ ਤੌਰ 'ਤੇ ਭਾਵੇਂ ਕੁਝ ਵੀ ਕਿਹਾ ਜਾਵੇ ਪਰ ਉਹ ਮਜ਼ਦੂਰ ਵਰਗ ਅਤੇ ਆਮ ਜਨਤਾ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਰਹੇ।

ਸਵਾਮੀ ਅਗਨੀਵੇਸ਼ ਅਸਲ ਵਿਚ 1984 ਤੋਂ ਬਾਅਦ ਉਸ ਤਰ੍ਹਾਂ ਦੇ ਨੇਤਾ ਬਣ ਗਏ ਸਨ ਜਿਨ੍ਹਾਂ ਦੀ ਰਚਨਾ ਸਮਾਜ ਵਿਚ ਹੁੰਦੀ ਹੈ। ਉਹ ਪਹਿਲੇ ਸੰਨਿਆਸੀ ਸਨ ਜਿਨ੍ਹਾਂ ਨੇ ਸਵਾਮੀ ਦਇਆ ਨੰਦ ਦੇ ਨਾਲ-ਨਾਲ ਡਾ. ਅੰਬੇਡਕਰ ਅਤੇ ਕਾਰਲ ਮਾਰਕਸ ਵਰਗੇ ਲੋਕਾਂ ਨੂੰ ਵੀ ਜੋੜਿਆ ਅਤੇ ਉਨ੍ਹਾਂ ਦੇ ਦਰਸ਼ਨ ਨੂੰ ਲੋਕਾਂ ਵਿਚ ਲੈ ਕੇ ਗਏ।

ਉਹ ਪੰਜਾਬ ਅਤੇ ਪੰਜਾਬੀਆਂ ਦੇ ਵੀ ਬਹੁਤ ਨੇੜੇ ਸਨ। ਸਿੱਖ ਕੌਮ ਨਾਲ ਸਬੰਧਤ ਕਈ ਅਹਿਮ ਮਸਲਿਆਂ ਨੂੰ ਸੁਲਝਾਉਣ ਖ਼ਾਤਰ ਵੀ ਉਨ੍ਹਾਂ ਪੰਜਾਬ, ਖ਼ਾਸ ਤੌਰ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕਈ ਗੇੜੇ ਲਗਾਏ। ਡੇਰਾ ਸਿਰਸਾ ਅਤੇ ਸਿੱਖ ਕੌਮ ਵਿਚ ਚਰਮ ਸੀਮਾ 'ਤੇ ਪੁੱਜੇ ਵਿਵਾਦ ਨੂੰ ਸੁਲਝਾਉਣ ਖ਼ਾਤਰ ਉਨ੍ਹਾਂ ਨੇ 29 ਮਈ 2007 ਨੂੰ ਤਤਕਾਲੀ ਜਥੇਦਾਰ ਅਕਾਲ ਤਖ਼ਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਗੁਰਮੀਤ ਰਾਮ ਰਹੀਮ ਵੱਲੋਂ ਲਿਖਿਆ 'ਮਾਫ਼ੀਨਾਮਾ' ਵੀ ਸੌਂਪਿਆ ਸੀ। ਅਗਨੀਵੇਸ਼ ਨੇ ਪੂਰੀ ਦੁਨੀਆ ਵਿਚ ਉਨ੍ਹਾਂ ਦਾ ਦਰਸ਼ਨ ਲੋਕਾਂ ਤਕ ਪਹੁੰਚਾਇਆ। ਸਵਾਮੀ ਅਗਨੀਵੇਸ਼ ਯੋਧੇ ਦੀ ਤਰ੍ਹਾਂ ਸਮਾਜ ਵਿਚ ਵਿਚਰਦੇ ਰਹੇ। ਮੇਰੀਆਂ ਕਈ ਕਿਤਾਬਾਂ ਦੇ ਵਿਮੋਚਨ 'ਤੇ ਉਹ ਜੈਪੁਰ ਤੇ ਦਿੱਲੀ ਵਿਚ ਵਿਸ਼ੇਸ਼ ਤੌਰ 'ਤੇ ਆਏ ਅਤੇ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ। ਮੈਨੂੰ ਯਾਦ ਹੈ ਕਿ ਮੇਰੀ ਕਿਤਾਬ ਬਾਰੇ ਉਨ੍ਹਾਂ ਨੇ ਲਿਖਿਆ ਸੀ ਕਿ ਇਹੋ ਜਿਹੀਆਂ ਕਿਤਾਬਾਂ ਉਹ ਲਿਖ ਸਕਦੇ ਹਨ ਜਿਨ੍ਹਾਂ ਨੇ ਜੀਵਨ ਅਤੇ ਸਮਾਜ ਦੇ ਲੋਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਨੇ ਹਮੇਸ਼ਾ ਮੈਨੂੰ ਤੇ ਮੇਰੇ ਪਰਿਵਾਰ ਨੂੰ ਹਰ ਦੁੱਖ ਦਾ ਮੁਕਾਬਲਾ ਕਰਨ ਵਾਸਤੇ ਸੰਘਰਸ਼ ਦਾ ਰਸਤਾ ਤੈਅ ਕਰਨ ਦਾ ਤਰੀਕਾ ਦੱਸਿਆ। ਅਸਲ ਵਿਚ ਉਹ ਇਕ ਅਜਿਹੇ ਵਿਅਕਤੀ ਸਨ ਜਿਨ੍ਹਾਂ ਦਾ ਕੋਈ ਬਦਲ ਨਹੀਂ ਹੋ ਸਕਦਾ। ਸਵਾਮੀ ਅਗਨੀਵੇਸ਼ ਸਾਡੇ 'ਚ ਨਹੀਂ ਹਨ ਪਰ ਉਨ੍ਹਾਂ ਦੀ ਆਵਾਜ਼ ਅਤੇ ਉਨ੍ਹਾਂ ਦੀ ਪ੍ਰਤੀਬੱਧਤਾ ਸਾਨੂੰ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਤਾਕਤ ਦਿੰਦੀ ਰਹੇਗੀ। ਅਸਲ ਵਿਚ ਸਵਾਮੀ ਅਗਨੀਵੇਸ਼ ਦਾ ਦਰਸ਼ਨ ਇਸ ਤਰ੍ਹਾਂ ਦਾ ਹੈ ਕਿ ਉਨ੍ਹਾਂ ਨੇ ਸਮਾਜ ਦੇ ਹਰ ਵਰਗ ਨੂੰ ਕੁਝ ਨਾ ਕੁਝ ਦਿੱਤਾ ਹੈ। ਉਹ ਆਪਣੇ ਆਖ਼ਰੀ ਸਾਲਾਂ ਵਿਚ ਅੰਨਾ ਹਜ਼ਾਰੇ ਦੇ ਅੰਦੋਲਨ ਵਿਚ ਵੀ ਯੋਗਦਾਨ ਪਾਉਂਦੇ ਰਹੇ ਅਤੇ ਉਨ੍ਹਾਂ ਨੂੰ ਸਦਾ ਇਹ ਲੱਗਦਾ ਸੀ ਕਿ ਉਨ੍ਹਾਂ ਨਾਲ ਨਿਆਂ ਨਹੀਂ ਹੋਇਆ ਹੈ ਕਿਉਂਕਿ ਉਹ ਰਾਜਨੀਤਕ ਸਦਾਚਾਰ ਦੇ ਵਿਰੁੱਧ ਸਨ। ਦਰਅਸਲ, ਸਵਾਮੀ ਅਗਨੀਵੇਸ਼ ਸਾਡੇ ਸਮਿਆਂ ਦੇ ਉਹ ਜੁਝਾਰੂ ਨੇਤਾ ਸਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਦੇ ਲੇਖੇ ਲਾਈ। ਜਦੋਂ ਆਪਣੀਆਂ ਯਾਦਾਂ ਦੇ ਝਰੋਖੇ 'ਚੋਂ ਉਨ੍ਹਾਂ ਨੂੰ ਯਾਦ ਕਰਦਾ ਹਾਂ ਤਾਂ ਮੈਂ ਇਹ ਦੇਖਦਾ ਹਾਂ ਕਿ ਸਵਾਮੀ ਜੀ ਦਾ ਦਿਲ ਆਮ ਆਦਮੀ ਲਈ ਧੜਕਦਾ ਸੀ।

ਕਈ ਮਾਮਲਿਆਂ ਵਿਚ ਸਵਾਮੀ ਅਗਨੀਵੇਸ਼ ਮਸਤਮੌਲਾ ਆਦਮੀ ਵੀ ਸਨ। ਉਨ੍ਹਾਂ ਨੇ ਮੇਰੇ ਨਾਲ ਦੂਰਦਰਸ਼ਨ ਦੇ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ। ਅਸਲ ਵਿਚ ਉਹ ਐਸੇ ਦੋਸਤ ਸਨ ਜਿਨ੍ਹਾਂ ਦੀ ਦੋਸਤੀ 'ਤੇ ਭਰੋਸਾ ਕੀਤਾ ਜਾ ਸਕਦਾ ਹੈ ਪਰ ਉਮਰ ਦੇ ਆਖ਼ਰੀ ਪੜਾਅ 'ਚ ਉਨ੍ਹਾਂ ਨੂੰ ਹਿੰਦੂ ਧਰਮ ਦਾ ਵਿਰੋਧੀ ਹੋਣ ਦਾ ਖ਼ਿਤਾਬ ਦੇ ਦਿੱਤਾ ਗਿਆ ਜਿਸ ਦਾ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਸੀ। ਕਈ ਵਾਰ ਉਨ੍ਹਾਂ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਸੀ ਕਿ ਇਸ ਦੇਸ਼ ਵਿਚ ਕੋਈ ਲੋਕਰਾਜ ਬਾਕੀ ਨਹੀਂ ਰਹਿ ਗਿਆ ਹੈ ਪਰ ਉਹ ਹਮੇਸ਼ਾ ਇਸ ਮੱਤ ਦੇ ਰਹੇ ਕਿ ਇਹ ਦੇਸ਼ ਸੰਭਾਵਨਾਵਾਂ ਦਾ ਭਰਿਆ ਹੋਇਆ ਹੈ।ਇਸ ਦੇਸ਼ ਦਾ ਵਧੀਆ ਇਨਸਾਨ ਇਸ ਧਰਤੀ ਤੋਂ ਵਿਦਾ ਹੋ ਗਿਆ ਹੈ। ਅੱਜ ਉਨ੍ਹਾਂ ਨੂੰ ਯਾਦ ਕਰਦੇ ਹੋਏ ਕਹਿ ਸਕਦੇ ਹਾਂ ਕਿ ਉਹ ਇਕ ਮਹਾਨ ਵਿਅਕਤੀ ਸਨ ਜਿਨ੍ਹਾਂ ਨੇ ਆਮ ਆਦਮੀ ਦੀ ਲੜਾਈ ਨੂੰ ਦ੍ਰਿੜ੍ਹਤਾ ਨਾਲ ਲੜਿਆ ਅਤੇ ਉਹ ਨਵੀਂ ਪਰਿਭਾਸ਼ਾ ਨਾਲ ਜਿੱਤੀ। ਸਵਾਮੀ ਅਗਨੀਵੇਸ਼ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਅਲਵਿਦਾ ਸਵਾਮੀ ਜੀ। -ਮੋਬਾਈਲ ਨੰ. : 94787-30156

Posted By: Jagjit Singh