-ਹਰਸ਼. ਵੀ. ਪੰਤ

ਆਖ਼ਰਕਾਰ ਕੁਝ ਨਾਂਹ-ਨੁੱਕਰ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ ਵੈਕਸੀਨ ਨਿਰਮਾਣ ਲਈ ਕੱਚੇ ਮਾਲ ਦੀ ਸਪਲਾਈ ਕਰਨ ਦਾ ਫ਼ੈਸਲਾ ਤਾਂ ਕਰ ਲਿਆ ਪਰ ਇਸ ਵਿਚ ਟਾਲ-ਮਟੋਲ ਕਾਰਨ ਜੋ ਨੁਕਸਾਨ ਹੋਣਾ ਸੀ, ਉਹ ਤਾਂ ਹੋ ਹੀ ਗਿਆ। ਬੀਤੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਦੋਵਾਂ ਦੇਸ਼ਾਂ ਦੇ ਜੋ ਰਿਸ਼ਤੇ ਗੂੜ੍ਹੇ ਹੋ ਰਹੇ ਸਨ, ਉਸ ’ਤੇ ਬਾਇਡਨ ਪ੍ਰਸ਼ਾਸਨ ਨੇ ਦੋ ਦਿਨਾਂ ਵਿਚ ਹੀ ਪਾਣੀ ਫੇਰਨ ਦਾ ਕੰਮ ਕਰ ਦਿੱਤਾ।

ਫ਼ਿਲਹਾਲ ਭਾਰਤ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਜਿਸ ਅਣ-ਕਿਆਸੇ ਅਤੇ ਹੈਰਾਨਕੁੰਨ ਸੰਕਟ ਨਾਲ ਦੋ-ਚਾਰ ਹੈ, ਉਸ ਵਿਚ ਪਾਕਿਸਤਾਨ ਵਰਗੇ ਵਿਗੜੈਲ ਗੁਆਂਢੀ ਤਕ ਘੱਟੋ-ਘੱਟ ਪ੍ਰਤੀਕਾਤਮਕ ਹੀ ਸਹੀ, ਪਰ ਨਾਲ ਖੜ੍ਹੇ ਹੋਣ ਦੀ ਗੱਲ ਤਾਂ ਕਹਿ ਰਹੇ ਹਨ। ਇਸ ਦੀ ਤੁਲਨਾ ਵਿਚ ਖ਼ੁਦ ਨੂੰ ਭਾਰਤ ਦਾ ਸਭ ਤੋਂ ਵੱਡਾ ਹਿਤੈਸ਼ੀ ਅਤੇ ਸਹਿਯੋਗੀ ਦੱਸਣ ਵਾਲੇ ਅਮਰੀਕਾ ਦਾ ਵਤੀਰਾ ਦੇਖੋ।

ਭਾਰਤ ਦੁਆਰਾ ਵੈਕਸੀਨ ਲਈ ਕੱਚੇ ਮਾਲ ਦੀ ਮੰਗ ’ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਪਹਿਲਾਂ ਆਪਣੇ ਲੋਕਾਂ ਦੀ ਜਾਨ ਬਚਾਉਣ ਲਈ ਵਚਨਬੱਧ ਹਾਂ। ਅਮਰੀਕਾ ਦਾ ਇਹ ਵਤੀਰਾ ਨਾ ਸਿਰਫ਼ ਦੁਵੱਲੇ ਸਬੰਧਾਂ ’ਤੇ ਸਖ਼ਤ ਚੋਟ ਕਰਨ ਵਾਲਾ ਬਲਕਿ ਇਕ ਵਿਸ਼ਵ ਪੱਧਰੀ ਅਗਵਾਈਕਰਤਾ ਦੇ ਰੂਪ ਵਿਚ ਉਸ ਦੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਉਹ ਵੀ ਉਦੋਂ ਜਦ ਅਮਰੀਕਾ ਚੀਨ ਦੇ ਮੁਕਾਬਲੇ ਆਪਣਾ ਨਵਾਂ ਅਕਸ ਬਣਾਉਣ ਵਿਚ ਰੁੱਝਿਆ ਹੋਇਆ ਹੈ। ਅਮਰੀਕਾ ਨੇ ਇਹ ਬਿਆਨ ਉਦੋਂ ਦਿੱਤਾ ਜਦ ਉੱਥੇ ਵੈਕਸੀਨ ਦੇ ਭੰਡਾਰ ਨੱਕੋ-ਨੱਕ ਭਰੇ ਪਏ ਹਨ ਅਤੇ ਇਕ ਵੱਡੀ ਗਿਣਤੀ ਵਿਚ ਅਮਰੀਕੀਆਂ ਨੂੰ ਕੋਰੋਨਾ ਰੋਕੂ ਟੀਕਾ ਲਗਾਇਆ ਵੀ ਜਾ ਚੁੱਕਾ ਹੈ। ਜਦ ਆਪਣੀ ਜ਼ਰੂਰਤ ਦੀ ਪੂਰਤੀ ਲਈ ਢੁੱਕਵੀਂ ਵੈਕਸੀਨ ਉਪਲਬਧ ਹੋਵੇ ਤਾਂ ਦੂਜੇ ਦੇਸ਼ਾਂ ਦੀ ਮਦਦ ਨਾ ਕਰਨਾ ਇਕ ਤਰ੍ਹਾਂ ਨਾਲ ਮਨੁੱਖਤਾ ਦੇ ਪ੍ਰਤੀ ਅਪਰਾਧ ਹੀ ਹੈ। ਅਮਰੀਕਾ ਦੇ ਮੁਕਾਬਲੇ ਕਿਤੇ ਵੱਡੀ ਆਬਾਦੀ ਵਾਲੇ ਭਾਰਤ ਵਿਚ ਅਜੇ ਟੀਕਾਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਇਸੇ ਦੌਰਾਨ ਕੋਰੋਨਾ ਸੰਕਟ ਦੀ ਦੂਜੀ ਲਹਿਰ ਬੇਲਗਾਮ ਹੁੰਦੀ ਜਾ ਰਹੀ ਹੈ, ਫਿਰ ਵੀ ਅਮਰੀਕਾ ਤਤਕਾਲ ਸਹਿਯੋਗ ਦੀ ਥਾਂ ਭਾਰਤ ਨੂੰ ਟਰਕਾਉਂਦਾ ਰਿਹਾ। ਇਹ ਹਾਲਤ ਉਦੋਂ ਬਣੀ ਜਦ ਬੀਤੇ ਸਾਲ ਭਾਰਤ ਨੇ ਸੰਕਟ ਦੇ ਸਮੇਂ ਅਮਰੀਕਾ ਦੀ ਭਰਪੂਰ ਮਦਦ ਕੀਤੀ ਸੀ। ਜਿੱਥੇ ਸਾਡੀ ਮੁਸੀਬਤ ਦੇ ਸਮੇਂ ਅਮਰੀਕਾ ਨੇ ਇਕ ਤਰ੍ਹਾਂ ਨਾਲ ਹੱਥ ਖੜ੍ਹੇ ਕਰ ਕੇ ਹੀਲਾ-ਹਵਾਲੀ ਦਾ ਸਬੂਤ ਦਿੱਤਾ, ਓਥੇ ਹੀ ਫਰਾਂਸ, ਬਰਤਾਨੀਆ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਕਈ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨੇ ਨਾ ਸਿਰਫ਼ ਭਾਰਤੀ ਲੀਡਰਸ਼ਿਪ ਦੇ ਨਾਲ ਸੰਵਾਦ ਸਥਾਪਤ ਕੀਤਾ ਬਲਕਿ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।

ਭਾਰਤ ਨੂੰ ਮਿਲਦੇ ਅਜਿਹੇ ਵਿਸ਼ਵ ਪੱਧਰੀ ਸਮਰਥਨ ਕਾਰਨ ਹੀ ਸ਼ਾਇਦ ਅਮਰੀਕਾ ਦੀਆਂ ਅੱਖਾਂ ਖੁੱਲ੍ਹੀਆਂ ਹੋਣ ਅਤੇ ਕੁਝ ਸੋਚ-ਵਿਚਾਰ ਤੋਂ ਬਾਅਦ ਉਹ ਵੈਕਸੀਨ ਨਿਰਮਾਣ ਲਈ ਸਪਲਾਈ ਯਕੀਨੀ ਬਣਾਉਣ ’ਤੇ ਸਹਿਮਤ ਹੋਇਆ। ਹਾਲਾਂਕਿ ਸਿਰਫ਼ ਇਸੇ ਕਾਰਨ ਬਾਇਡਨ ਪ੍ਰਸ਼ਾਸਨ ਭਾਰਤ ਦੀ ਮਦਦ ਲਈ ਤਿਆਰ ਨਹੀਂ ਹੋਇਆ। ਅਮਰੀਕਾ ਵਿਚ ਘਰੇਲੂ ਪੱਧਰ ’ਤੇ ਵੀ ਭਾਰਤ ਦੇ ਪੱਖ ਵਿਚ ਵੱਡਾ ਦਬਾਅ ਪਿਆ। ਉੱਥੇ ਜਨਤਕ ਜੀਵਨ ਨਾਲ ਜੁੜੀਆਂ ਕਈ ਹਸਤੀਆਂ ਅਤੇ ਸੰਸਦ ਮੈਂਬਰ ਤਕ ਇਸ ਦੇ ਪੱਖ ਵਿਚ ਆਵਾਜ਼ ਬੁਲੰਦ ਕਰ ਚੁੱਕੇ ਸਨ। ਅਮਰੀਕਾ ਵਿਚ ਪ੍ਰਭਾਵਸ਼ਾਲੀ ਭਾਰਤੀ ਮੂਲ ਦੇ ਲੋਕ ਲਾਮਬੰਦ ਹੋਏ।

ਯੂਐੱਸ ਚੈਂਬਰਜ਼ ਆਫ ਕਮਰਸ ਨੂੰ ਖ਼ਦਸ਼ਾ ਸੀ ਕਿ ਇਸ ਨਾਲ ਅਮਰੀਕਾ-ਭਾਰਤ ਵਿਚਾਲੇ ਪ੍ਰਵਾਨ ਚੜ੍ਹ ਰਹੇ ਵਪਾਰਕ ਰਿਸ਼ਤੇ ਲੀਹੋਂ ਲੱਥ ਸਕਦੇ ਹਨ। ਇਨ੍ਹਾਂ ਸਾਰੇ ਪਹਿਲੂਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਬਾਇਡਨ ਪ੍ਰਸ਼ਾਸਨ ਨੇ ਭਾਰਤ ਦੀ ਮਦਦ ਲਈ ਹੱਥ ਵਧਾਇਆ। ਹਾਲਾਂਕਿ ਇਹ ਹੱਥ ਅਜੇ ਵੀ ਅੱਧਾ-ਅਧੂਰਾ ਹੀ ਵਧਿਆ ਹੈ ਕਿਉਂਕਿ ਅਮਰੀਕਾ ਨੇ ਕੋਰੋਨਾ ਵੈਕਸੀਨ ਦੇ ਪੇਟੈਂਟ ਨੂੰ ਲੈ ਕੇ ਰਿਆਇਤ ਦੇ ਮਸਲੇ ’ਤੇ ਕੋਈ ਫ਼ੈਸਲਾ ਨਹੀਂ ਲਿਆ ਹੈ ਜਿਸ ਦੇ ਲਈ ਭਾਰਤ ਮੁਹਿੰਮ ਚਲਾ ਰਿਹਾ ਹੈ। ਇਸ ਪੂਰੇ ਘਟਨਾਚੱਕਰ ਵਿਚ ਇਕ ਮਹੱਤਵਪੂਰਨ ਸਵਾਲ ਇਹੀ ਉੱਠਦਾ ਹੈ ਕਿ ਭਾਰਤ ਦੀ ਮਦਦ ਲਈ ਅਮਰੀਕਾ ਨੇ ਪਹਿਲਾਂ ਝਿਜਕ ਕਿਉਂ ਦਿਖਾਈ? ਅਮਰੀਕੀ ਸੱਤਾ ਦੇ ਗਲਿਆਰਿਆਂ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਵਿਚਾਰਧਾਰਕ ਬਦਲਾਖੋਰੀ ਭਾਰੂ ਰਹੀ।

ਕਿਹਾ ਜਾ ਰਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਨਿੱਜੀ ਤੌਰ ’ਤੇ ਮੋਦੀ ਸਰਕਾਰ ਨੂੰ ਲੈ ਕੇ ਬਹੁਤ ਸਹਿਜ ਨਹੀਂ ਹੈ। ਜੇਕਰ ਅਜਿਹਾ ਹੈ ਤਾਂ ਇਹ ਹੋਰ ਵੀ ਸ਼ਰਮਨਾਕ ਹੈ। ਕੋਰੋਨਾ ਸੰਕਟ ਵਰਗੀ ਵਿਸ਼ਵ ਪੱਧਰੀ ਆਫ਼ਤ ਵਿਚ ਜੇਕਰ ਅਮਰੀਕਾ ਵਰਗਾ ਉਦਾਰ ਅਤੇ ਜਮਹੂਰੀ ਮੁਲਕ ਵੀ ਮਦਦ ਲਈ ਵਿਚਾਰਧਾਰਕ ਬਦਲੇਖੋਰੀ ਤੋਂ ਗ੍ਰਸਤ ਹੋਵੇ ਤਾਂ ਇਹ ਉਸ ਦੇ ਮੱਥੇ ’ਤੇ ਕਿਸੇ ਕਲੰਕ ਤੋਂ ਘੱਟ ਨਹੀਂ।

ਫਿਰ ਜਿਸ ਮੋਦੀ ਸਰਕਾਰ ’ਤੇ ਕਥਿਤ ਤੌਰ ’ਤੇ ਹਿੰਦੂ ਰਾਸ਼ਟਰਵਾਦੀ ਸਰਕਾਰ ਹੋਣ ਦੇ ਦੋਸ਼ ਲਗਾਏ ਜਾਂਦੇ ਹਨ, ਕੀ ਕੋਰੋਨਾ ਕਾਲ ਵਿਚ ਉਸ ਦੇ ਕੰਮਕਾਜ ਨੂੰ ਦੇਖ ਕੇ ਅਜਿਹਾ ਕਿਹਾ ਜਾ ਸਕਦਾ ਹੈ? ਇਸ ਕਥਿਤ ਹਿੰਦੂ ਰਾਸ਼ਟਰਵਾਦੀ ਸਰਕਾਰ ਨੇ ਆਪਣੇ ਨਾਗਰਿਕਾਂ ਦੀਆਂ ਜ਼ਰੂਰਤਾਂ ਦੀ ਪਰਵਾਹ ਨਾ ਕਰ ਕੇ ਦੁਨੀਆ ਦੇ 90 ਤੋਂ ਵੱਧ ਦੇਸ਼ਾਂ ਵਿਚ ਕੋਰੋਨਾ ਵੈਕਸੀਨ ਦੇ ਕਰੋੜਾਂ ਟੀਕੇ ਪਹੁੰਚਾਏ। ਉਨ੍ਹਾਂ ਵਿਚ ਕੈਥੋਲਿਕ ਚਰਚ ਨੂੰ ਮੰਨਣ ਵਾਲੇ ਈਸਾਈ ਮੁਲਕਾਂ ਤੋਂ ਲੈ ਕੇ ਸ਼ਰੀਅਤ ਨਾਲ ਚੱਲਣ ਵਾਲੇ ਇਸਲਾਮਿਕ ਮੁਲਕ ਤਕ ਸ਼ਾਮਲ ਹਨ। ਭਾਰਤ ਨੇ ਟੀਕੇ ਪਹੁੰਚਾਉਣ ਵਿਚ ਕੋਈ ਪੱਖਪਾਤ ਨਹੀਂ ਕੀਤਾ। ਇੰਨਾ ਹੀ ਨਹੀਂ, ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਤਮਾਮ ਜ਼ਰੂਰੀ ਦਵਾਈਆਂ ਅਤੇ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ। ਕੁੱਲ ਮਿਲਾ ਕੇ ਭਾਰਤ ਨੇ ਘੱਟ ਸੋਮਿਆਂ ਵਾਲਾ ਮੁਲਕ ਹੋਣ ਦੇ ਬਾਵਜੂਦ ਆਪਣੀ ਹੈਸੀਅਤ ਤੋਂ ਵੱਧ ਮਦਦ ਪਹੁੰਚਾਈ।

ਭਾਰਤ ਦੇ ਇਨ੍ਹਾਂ ਯਤਨਾਂ ਦੀ ਬਿੱਲ ਗੇਟਸ ਤੋਂ ਲੈ ਕੇ ਵਿਸ਼ਵ ਸਿਹਤ ਸੰਗਠਨ ਤਕ ਨੇ ਰੱਜ ਕੇ ਪ੍ਰਸ਼ੰਸਾ ਕੀਤੀ। ਇਸੇ ਮਹੀਨੇ 7 ਅਪ੍ਰੈਲ ਨੂੰ ਭਾਰਤੀ ਸਪੈਸ਼ਲ ਇਕਨੌਮਿਕ ਜ਼ੋਨ ਵਿਚ ਅਮਰੀਕੀ ਜੰਗੀ ਜਹਾਜ਼ ਦੀ ਗਸ਼ਤ ਨੂੰ ਕੁਝ ਦਿਨ ਹੀ ਬੀਤੇ ਸਨ ਕਿ ਅਮਰੀਕਾ ਨੇ ਭਾਰਤ ਨੂੰ ਵੈਕਸੀਨ ਲਈ ਸਮੱਗਰੀ ਦੇਣ ਵਿਚ ਨਾਂਹ-ਨੁੱਕਰ ਕਰ ਕੇ ਇਕ ਗ਼ਲਤ ਸੁਨੇਹਾ ਦਿੱਤਾ। ਇਸ ਤੋਂ ਇਹੀ ਜ਼ਾਹਰ ਹੁੰਦਾ ਹੈ ਕਿ ਬਾਇਡਨ ਪ੍ਰਸ਼ਾਸਨ ਭਾਰਤ ਦੀਆਂ ਚਿੰਤਾਵਾਂ ਨੂੰ ਲੈ ਕੇ ਅਸੰਵੇਦਨਸ਼ੀਲ ਹੈ।

ਭਾਵੇਂ ਅਮਰੀਕੀ ਮਦਦ ਤੋਂ ਬਾਅਦ ਤਤਕਾਲੀ ਰੂਪ ਨਾਲ ਇਸ ਘਟਨਾਚੱਕਰ ’ਤੇ ਪਰਦਾ ਪੈ ਗਿਆ ਹੈ ਪਰ ਇਸ ਦੇ ਡੂੰਘੇ ਨਤੀਜੇ ਨਿਕਲਣਗੇ। ਕੋਰੋਨਾ ਕਾਲ ਵਿਚ ਚੀਨ ਕੇਂਦਰਿਤ ਸਪਲਾਈ ਲੜੀ ਦਾ ਬਦਲ ਬਣਾਉਣ ਦੀ ਪਹਿਲ ਨੂੰ ਇਸ ਨਾਲ ਧੱਕਾ ਲੱਗੇਗਾ। ਇਕ ਸਪਲਾਇਰ ਦੇ ਰੂਪ ਵਿਚ ਅਮਰੀਕਾ ਦੀ ਸਾਖ਼ ਨੂੰ ਵੱਡਾ ਝਟਕਾ ਲੱਗੇਗਾ ਕਿ ਉਸ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਬੀਤੇ ਕੁਝ ਅਰਸੇ ਤੋਂ ਭਾਰਤੀ ਵਿਦੇਸ਼ ਨੀਤੀ ਦੇ ਅਮਰੀਕਾ ਦੇ ਪੱਖ ਵਿਚ ਹੱਦ ਤੋਂ ਵੱਧ ਝੁਕਣ ਦਾ ਦੋਸ਼ ਲਗਾਉਣ ਵਾਲੇ ਖੇਮੇ ਨੂੰ ਵੀ ਇਸ ਨਾਲ ਤਾਕਤ ਮਿਲੇਗੀ ਕਿ ਭਾਰਤ ਉਸ ’ਤੇ ਵੱਧ ਭਰੋਸਾ ਕਰਨ ਦਾ ਜੋਖ਼ਮ ਮੁੱਲ ਨਾ ਲਵੇ। ਉਸ ਦੇ ਇਸ ਤਰਕ ਵਿਚ ਵਜ਼ਨ ਵੀ ਹੈ ਕਿਉਂਕਿ ਅਮਰੀਕਾ ਅਕਸਰ ਉਦੋਂ ਹੀ ਭਾਰਤ ਨੂੰ ਪਿੱਠ ਦਿਖਾਉਂਦਾ ਹੈ ਜਦੋਂ ਉਸ ਨੂੰ ਉਸ ਦੀ ਮਦਦ ਦੀ ਬੇਹੱਦ ਜ਼ਰੂਰਤ ਹੁੰਦੀ ਹੈ। ਚੀਨ ਨੇ ਜਦੋਂ ਬੀਤੇ ਸਾਲ ਭਾਰਤ ਨਾਲ ਸਰਹੱਦ ਵਿਵਾਦ ਮਘਾਇਆ ਸੀ ਅਤੇ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਵਿਚਾਲੇ ਹੋਈ ਝੜਪ ਕਾਰਨ ਕਈ ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸਨ, ਉਦੋਂ ਵੀ ਅਮਰੀਕਾ ਨੇ ਭਾਰਤ ਦੀ ਮਦਦ ਕਰਨ ਦੀ ਥਾਂ ਵਿਚਕਾਰਲਾ ਰਾਹ ਅਪਣਾ ਲਿਆ ਸੀ।

ਉਦੋਂ ਵੀ ਭਾਰਤ ਦੀ ਮਦਦ ਲਈ ਰੂਸ ਅੱਗੇ ਆਇਆ ਸੀ। ਹੁਣ ਵੀ ਇਸ ਸਿਹਤ ਸੰਕਟ ਵਿਚ ਰੂਸ ਭਾਰਤ ਦੀ ਮਦਦ ਦਿਲ ਖੋਲ੍ਹ ਕੇ ਕਰ ਰਿਹਾ ਹੈ। ਇਹ ਸਹੀ ਹੈ ਕਿ ਸੱਚੇ ਦੋਸਤ ਦੀ ਪਛਾਣ ਸੰਕਟ ਵੇਲੇ ਹੀ ਹੁੰਦੀ ਹੈ ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅਮਰੀਕਾ ਹਰ ਸੰਕਟ ਵੇਲੇ ਦੋਸਤੀ ਦੀ ਕਸੌਟੀ ’ਤੇ ਖ਼ਰਾ ਨਹੀਂ ਉਤਰਿਆ।

ਅਮਰੀਕਾ ਦੇ ਮੌਜੂਦਾ ਵਿਵਹਾਰ ਨੂੰ ਦੇਖਦੇ ਹੋਏ ਭਾਰਤੀਆਂ ਦੇ ਮਨ ਵਿਚ ਵੀ ਉਸ ਨੂੰ ਲੈ ਕੇ ਇਕ ਨਾਂਹ-ਪੱਖੀ ਧਾਰਨਾ ਬਣੇਗੀ। ਨਾਲ ਹੀ ਕਵਾਡ, ਹਿੰਦ-ਪ੍ਰਸ਼ਾਂਤ ਭਾਗੀਦਾਰੀ, ਦੁਵੱਲਾ ਵਪਾਰ ਅਤੇ ਮੁੱਢਲੇ ਢਾਂਚੇ ਦੇ ਪੱਧਰ ’ਤੇ ਦੋਵਾਂ ਮੁਲਕਾਂ ਦੇ ਕਰੀਬੀ ਸਹਿਯੋਗ ਨੂੰ ਵੀ ਗ੍ਰਹਿਣ ਲੱਗ ਸਕਦਾ ਹੈ। ਕੁੱਲ ਮਿਲਾ ਕੇ ਅਮਰੀਕਾ ਨਾਲ ਸਬੰਧਾਂ ਵਿਚ ਪੁਰਾਣੀ ਝਿਜਕ ਵਾਪਸ ਪਰਤੇਗੀ।

ਇਸ ਮਾਮਲੇ ਦਾ ਇਕ ਸਬਕ ਇਹ ਵੀ ਹੈ ਕਿ ਭਾਰਤ ਨੂੰ ਸੋਚਣਾ ਹੋਵੇਗਾ ਕਿ ਉਸ ਨੂੰ ਆਪਣੀਆਂ ਹੋਰ ਜੰਗਾਂ ਦੀ ਤਰ੍ਹਾਂ ਕੋਰੋਨਾ ਵਿਰੁੱਧ ਜੰਗ ਵੀ ਖ਼ੁਦ ਹੀ ਜਿੱਤਣੀ ਹੋਵੇਗੀ। ਇਤਿਹਾਸ ਗਵਾਹ ਹੈ ਕਿ ਅਮਰੀਕਾ ਨੇ ਅਤੀਤ ਵਿਚ ਜਦ ਵੀ ਖੁਰਾਕ, ਪਰਮਾਣੂ ਅਤੇ ਪੁਲਾੜ ਦੇ ਮਾਮਲੇ ਵਿਚ ਭਾਰਤ ਨੂੰ ਅੱਖਾਂ ਦਿਖਾਈਆਂ ਹਨ ਤਾਂ ਭਾਰਤ ਨੇ ਆਪਣੀਆਂ ਸਮਰੱਥਾਵਾਂ ਨੂੰ ਨਿਖਾਰ ਕੇ ਆਤਮ-ਨਿਰਭਰਤਾ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਪੜਾਅ ਵੀ ਕੁਝ ਅਜਿਹਾ ਹੀ ਹੈ।

-(ਲੇਖਕ ਆਬਜ਼ਰਵਰ ਰਿਸਰਚ ਫਾਊਂਡੇਸ਼ਨ ’ਚ ਰਣਨੀਤਕ ਅਧਿਐਨ ਪ੍ਰੋਗਰਾਮ ਦਾ ਨਿਰਦੇਸ਼ਕ ਹੈ)।

Posted By: Susheel Khanna