-ਬਲਜੀਤ ਪਰਮਾਰ

-(ਲੜੀ ਜੋੜਨ ਲਈ 19 ਸਤੰਬਰ ਦਾ ਸੰਪਾਦਕੀ ਸਫ਼ਾ ਪੜ੍ਹੋ)।

ਜਦ ਮੇਰੀ ਬੇਟੀ ਦੀ ਸ਼ਾਦੀ ਹੋਈ ਤਾਂ ਮੈਂ ਇਕ ਛੋਟਾ ਜਿਹਾ ਪ੍ਰੋਗਰਾਮ ਅੰਧੇਰੀ ਈਸਟ ਦੇ ਗੁਰਦੁਆਰੇ ਵਿਚ ਰੱਖਿਆ। ਮੈਂ ਸਮਰਾ ਨੂੰ ਸੱਦਿਆ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਇਕੱਲੇ ਨਾ ਆਉਣਾ। ਮੈਂ ਜਾਣਦਾ ਸਾਂ ਕਿ ਉਹ ਤੰਦਰੁਸਤ ਨਹੀਂ ਹਨ ਪਰ ਉਨ੍ਹਾਂ ਦਾ ਅਸ਼ੀਰਵਾਦ ਲੈਣਾ ਚਾਹੁੰਦਾ ਸੀ। ਅਗਲੇ ਦਿਨ ਸਮਰਾ ਆਪਣੇ ਛੋਟੇ ਪੋਤੇ ਨਾਲ ਆਏ ਤੇ ਕਿਹਾ, 'ਮੈਂ ਇਕੱਲਾ ਨਹੀਂ ਆਇਆ ਬਲਜੀਤ।' ਮੈਂ ਆਪਣੇ ਹੰਝੂ ਰੋਕਣ ਵਿਚ ਸਫਲ ਰਿਹਾ। ਇਹ ਸਨ ਸਮਰਾ... ਆਪਣੇ ਵਾਅਦੇ ਦੇ ਪੱਕੇ। ਸੰਨ 1993 ਦੇ ਸਿਲਸਿਲੇਵਾਰ ਬੰਬ ਧਮਾਕਿਆਂ ਮਗਰੋਂ ਉਨ੍ਹਾਂ ਨੇ ਰੋਜ਼ਾਨਾ ਸ਼ਾਮ 5 ਵਜੇ ਪ੍ਰੈੱਸ ਕਾਨਫਰੰਸ ਕਰਨੀ ਸ਼ੁਰੂ ਕੀਤੀ।

ਉਨ੍ਹਾਂ ਨੂੰ ਸ਼ਾਨਦਾਰ ਮੀਡੀਆ ਕਵਰੇਜ ਮਿਲੀ ਜੋ ਕਿ ਮੁੰਬਈ ਤੇ ਦਿੱਲੀ ਵਿਚ ਸੱਤਾ ਦੇ ਗਲਿਆਰਿਆਂ ਵਿਚ ਕਈ ਲੋਕਾਂ ਨੂੰ ਪਸੰਦ ਨਹੀਂ ਆਈ। ਮਹਾਰਾਸ਼ਟਰ ਤੋਂ ਸੀਨੀਅਰ ਕਾਂਗਰਸੀ ਆਗੂ ਐੱਸਬੀ ਚਵਾਨ ਉਦੋਂ ਕੇਂਦਰੀ ਗ੍ਰਹਿ ਮੰਤਰੀ ਸਨ। ਉਨ੍ਹਾਂ ਨੇ ਸਮਰਾ ਨੂੰ ਮੀਡੀਆ ਬ੍ਰੀਫਿੰਗ ਰੋਕਣ ਵਾਸਤੇ ਕਿਹਾ ਪਰ ਸਮਰਾ ਨੇ ਦ੍ਰਿੜ੍ਹਤਾ ਨਾਲ ਉਸ ਨੂੰ ਠੁਕਰਾ ਦਿੱਤਾ। ਚਵਾਨ ਦਾ ਵਿਚਾਰ ਸੀ ਕਿ ਸਮਰਾ ਪਬਲਿਕ ਡੋਮੇਨ ਵਿਚ ਬਹੁਤ ਵੱਧ ਖ਼ੁਲਾਸਾ ਕਰ ਰਿਹਾ ਹੈ। ਸਮਰਾ ਨੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਜਵਾਬ ਦਿੱਤਾ ਕਿ ਇਕ ਸੀਨੀਅਰ ਪੁਲਿਸ ਅਫ਼ਸਰ ਅਤੇ ਸ਼ਹਿਰ ਦਾ ਪੁਲਿਸ ਮੁਖੀ ਹੋਣ ਦੇ ਨਾਤੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕੀ ਦੱਸਣਾ ਹੈ ਅਤੇ ਕੀ ਨਹੀਂ। ਇੰਜ ਉਨ੍ਹਾਂ ਨੇ ਆਪਣੀ ਰੋਜ਼ਾਨਾ ਦੀ ਬ੍ਰੀਫਿੰਗ ਜਾਰੀ ਰੱਖੀ। ਇਕ ਹੋਰ ਮੌਕੇ 'ਤੇ ਪੰਜਾਬ ਤੋਂ ਇਕ ਪੁਲਿਸ ਟੀਮ ਇਕ ਡੀਐੱਸਪੀ ਦੀ ਅਗਵਾਈ ਹੇਠ ਛੋਟੇ ਜਿਹੇ ਟਰਾਂਸਪੋਰਟਰ ਦਿਲਬਾਗ ਸਿੰਘ ਦੀ ਤਲਾਸ਼ ਵਿਚ ਮੁੰਬਈ ਆਈ। ਉਹ ਪੰਜਾਬ ਪੁਲਿਸ ਵਿਚ ਇਕ ਸਬ ਇੰਸਪੈਕਟਰ ਅਮਰਜੀਤ ਦਾ ਜੀਜਾ ਸੀ। ਉਸ ਨੂੰ ਅੱਤਵਾਦ ਨਾਲ ਸਬੰਧਤ ਮਾਮਲੇ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁੱਛਗਿੱਛ ਲਈ ਪੰਜਾਬ ਪੁਲਿਸ ਮੁੰਬਈ ਗਈ। ਦਿਲਬਾਗ ਸਿੰਘ ਨੂੰ ਚੁੱਕ ਕੇ ਆਜ਼ਾਦ ਮੈਦਾਨ ਪੁਲਿਸ ਸਟੇਸ਼ਨ ਦੇ ਪਿੱਛੇ ਸਥਿਤ ਪੁਲਿਸ ਗੈਸਟ ਹਾਊਸ ਵਿਚ ਲਿਜਾ ਕੇ ਤਫ਼ਤੀਸ਼ ਕੀਤੀ ਗਈ। ਉਸ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਸ ਨੂੰ ਪੰਜਾਬ ਪੁਲਿਸ ਵੱਲੋਂ ਬਹੁਤ ਤੰਗ-ਪਰੇਸ਼ਾਨ ਕੀਤਾ ਗਿਆ ਹੈ।

ਕਿਹਾ ਗਿਆ ਕਿ ਜਦ ਉਸ ਨੂੰ ਟਰੇਨ ਰਾਹੀਂ ਪੰਜਾਬ ਲਿਆਂਦਾ ਜਾ ਰਿਹਾ ਸੀ ਤਾਂ ਪੁਲਿਸ ਤੋਂ ਪਿੱਛਾ ਛੁਡਾ ਕੇ ਉਹ ਬੜੌਦਾ ਲਾਗੇ ਚੱਲਦੀ ਟਰੇਨ 'ਚੋਂ ਛਾਲ ਮਾਰ ਗਿਆ। ਪਟੜੀਆਂ 'ਤੇ ਡਿੱਗਣ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦੇ ਪਰਿਵਾਰ ਨੇ ਇਸ 'ਤੇ ਉਂਗਲੀਆਂ ਚੁੱਕੀਆਂ ਤੇ ਕਈ ਸਿੱਖ ਸੰਗਠਨਾਂ ਨੇ ਮੁੰਬਈ 'ਚ ਵਿਰੋਧ ਪ੍ਰਦਰਸ਼ਨ ਕੀਤਾ। ਨੇਤਾਵਾਂ ਨੇ ਮੈਨੂੰ ਪੁਲਿਸ ਮੁਖੀ ਸਮਰਾ ਕੋਲ ਜਾਣ ਵਾਲੇ ਵਫ਼ਦ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ। ਸਮਰਾ ਨੇ ਸਾਨੂੰ ਧਿਆਨ ਨਾਲ ਸੁਣਿਆ, ਹਾਲਾਂਕਿ ਉਨ੍ਹਾਂ ਨੇ ਪਹਿਲਾਂ ਹੀ ਪੂਰੀ ਜਾਣਕਾਰੀ ਇਕੱਠੀ ਕਰ ਲਈ ਸੀ। ਸਾਡੇ ਸਾਹਮਣੇ ਉਨ੍ਹਾਂ ਨੇ ਪੰਜਾਬ ਦੇ ਤਤਕਾਲੀ ਡੀਜੀਪੀ ਕੇਪੀਐੱਸ ਗਿੱਲ ਨੂੰ ਫੋਨ ਕੀਤਾ। 'ਗਿੱਲ ਸਾਹਿਬ, ਆਪਣੇ ਕਾਤਲ ਦਸਤਿਆਂ ਨੂੰ ਨੱਥ ਪਾਓ। ਉਨ੍ਹਾਂ ਨੂੰ ਮੁੰਬਈ ਜਿਸ ਕੰਮ ਲਈ ਭੇਜਿਆ ਗਿਆ ਸੀ, ਉਨ੍ਹਾਂ ਨੇ ਉਸ ਦੀ ਉਲੰਘਣਾ ਕੀਤੀ ਹੈ।

ਅਸੀਂ ਅਜਿਹੀਆਂ ਚੀਜ਼ਾਂ ਨੂੰ ਇੱਥੇ ਬਰਦਾਸ਼ਤ ਨਹੀਂ ਕਰਦੇ। ਇਸ ਨੂੰ ਦੇਖੋ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਅਤੇ ਦੋਸ਼ੀ ਅਫ਼ਸਰਾਂ 'ਤੇ ਮਾਮਲਾ ਦਰਜ ਹੋਵੇ।' ਉਨ੍ਹਾਂ ਨੇ ਗਿੱਲ ਨੂੰ ਕਿਹਾ। ਇਹ ਪੂਰੀ ਗੱਲਬਾਤ ਪੰਜਾਬੀ ਵਿਚ ਸੀ। ਉਹ ਸ਼ਬਦਾਂ ਨੂੰ ਕਦੇ ਤੋੜਦੇ-ਮਰੋੜਦੇ ਨਹੀਂ ਸਨ। ਇਕ ਦੂਜੀ ਯਾਦ ਮੈਨੂੰ ਉਸ ਦੌਰ ਵਿਚ ਵਾਪਸ ਲੈ ਗਈ ਜਦ ਸਮਰਾ ਦੇ ਬੇਟੇ ਸ਼ਿਵਪ੍ਰੀਤ ਦੀ ਚੰਡੀਗੜ੍ਹ ਵਿਚ ਸ਼ਾਦੀ ਸੀ। ਸਮਰਾ ਨੇ ਸਮਾਰੋਹ ਵਿਚ ਮੈਨੂੰ ਵੀ ਡਾ. ਪੀਐੱਸ ਪਸਰੀਚਾ ਅਤੇ ਚਰਨ ਸਿੰਘ ਆਜ਼ਾਦ ਵਰਗੇ ਸੀਨੀਅਰ ਪੁਲਿਸ ਅਫ਼ਸਰਾਂ ਦੇ ਨਾਲ ਸੱਦਿਆ ਸੀ। ਅਸੀਂ ਚੰਡੀਗੜ੍ਹ ਦੇ ਸੈਕਟਰ 11 ਸਥਿਤ ਇਕ ਗੁਰਦੁਆਰੇ 'ਚ ਆਯੋਜਿਤ ਸਮਾਰੋਹ 'ਚ ਮੌਜੂਦ ਸਾਂ ਜਿੱਥੇ ਸਮਰਾ ਦੇ ਇਕ ਪਾਸੇ ਮੈਂ ਤੇ ਦੂਜੇ ਪਾਸੇ ਡਾ. ਪਸਰੀਚਾ ਬੈਠੇ ਸਨ। ਅਚਾਨਕ ਵੀਆਈਪੀ ਮੂਵਮੈਂਟ ਦੌਰਾਨ ਕੰਨ ਪਾੜਨ ਵਾਲੇ ਹੂਟਰਾਂ ਦੀਆਂ ਆਵਾਜ਼ਾ ਕੰਨਾਂ 'ਚ ਗੂੰਜੀਆਂ। ਮੈਂ ਸਮਰਾ ਸਾਹਿਬ ਨੂੰ ਪੁੱਛਿਆ, 'ਕੀ ਇਹ ਕੇਪੀਐੱਸ ਗਿੱਲ ਹੈ?' 'ਨਹੀਂ ਬਲਜੀਤ, ਮੈਂ ਅਪਰਾਧੀਆਂ ਨੂੰ ਨਹੀਂ ਸੱਦਦਾ। ਇਹ ਰਾਜੇਸ਼ ਪਾਇਲਟ ਹੋਣੇ ਚਾਹੀਦੇ ਹਨ।' ਇਹ ਉਨ੍ਹਾਂ ਦਾ ਗੂੜ੍ਹ ਉੱਤਰ ਸੀ। ਇਹ ਸਨ ਸਮਰਾ ਜਿਨ੍ਹਾਂ ਨੇ ਆਪਣੇ ਵਿਚਾਰਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ।

-(ਦੂਜੀ ਤੇ ਆਖ਼ਰੀ ਕਿਸ਼ਤ)।

-ਮੋਬਾਈਲ ਨੰ. : 98701-31868

Posted By: Jagjit Singh