ਫ਼ਸਲੀ ਵਿਭਿੰਨਤਾ ਦੇ ਦੌਰ ’ਚ ਗੰਨੇ ਦੀ ਫ਼ਸਲ ਦਾ ਬਹੁਤ ਯੋਗਦਾਨ ਹੈ ਕਿਉਂਕਿ ਕਣਕ ਤੇ ਝੋਨੇ ਤੋਂ ਬਾਅਦ ਪੰਜਾਬ ਤੇ ਭਾਰਤ ’ਚ ਸਭ ਤੋਂ ਜ਼ਿਆਦਾ ਇਸੇ ਦੀ ਕਾਸ਼ਤ ਹੁੰਦੀ ਹੈ। ਇਸ ਦੇ ਬਾਵਜੂਦ ਚਿੰਤਾ ਦਾ ਵਿਸ਼ਾ ਇਹ ਹੈ ਕਿ ਦਿਨੋ-ਦਿਨ ਗੰਨੇ ਦੀ ਕਾਸ਼ਤ ਹੇਠ ਰਕਬਾ ਘਟਦਾ ਜਾ ਰਿਹਾ ਹੈ, ਜਿਸ ਦਾ ਮੁੱਖ ਕਾਰਨ ਕਿਸਾਨਾਂ ਦੇ ਗੰਨੇ ਦੀ ਅਦਾਇਗੀ ’ਚ ਦੇਰੀ ਹੋਣਾ ਤੇ ਲੰਬੇ ਸਮੇਂ ਤਕ ਗੰਨਾ ਵੇਚਣ ਦੀ ਰਕਮ ਦੇ ਬਕਾਏ ਖੜੇ੍ਹ ਰਹਿਣਾ ਹੈ। ਪੰਜਾਬ ’ਚ ਵੀ ਲੰਬੇ ਸਮੇਂ ਤੋਂ ਗੰਨੇ ਦੀ ਅਦਾਇਗੀ ਬਕਾਇਆ ਰਹਿੰਦੀ ਸੀ। ਪੰਜਾਬ ’ਚ 2021-22 ਸੀਜ਼ਨ ਦੀ 295.60 ਕਰੋੜ ਰਕਮ ਬਕਾਇਆ ਰਹਿੰਦੀ ਸੀ । ਮੁੱਖ ਮੰਤਰੀ ਭਗਵੰਤ ਮਾਨ ਨੇ ਅਗਸਤ 2022 ’ਚ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਲਈ ਸੰਘਰਸ਼ ਕਰਨ ਤੋਂ ਰੋਕਣ ਲਈ ਵਾਅਦਾ ਕੀਤਾ ਸੀ ਕਿ 7 ਸਤੰਬਰ ਤਕ ਗੰਨੇ ਦੀ ਸਹਿਕਾਰੀ ਖੰਡ ਮਿੱਲਾਂ ਦੀ ਅਦਾਇਗੀ ਕਰ ਦਿੱਤੀ ਜਾਵੇਗੀ ਤੇ 75 ਕਰੋੜ ਦੀ ਗੰਨੇ ਦੀ ਆਖ਼ਰੀ ਬਕਾਇਆ ਕਿਸ਼ਤ ਦੀ ਅਦਾਇਗੀ 7 ਸਤੰਬਰ ਨੂੰ ਕਰ ਕੇ ਸਹਿਕਾਰੀ ਖੰਡ ਮਿੱਲਾਂ ਅਤੇ ਸਰਕਾਰ ਵੱਲ ਰਹਿੰਦੀ ਗੰਨੇ ਦੇ ਬਕਾਏ ਦੀ ਰਕਮ ਖ਼ਤਮ ਕਰ ਦਿੱਤੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਫਗਵਾੜਾ ਖੰਡ ਮਿੱਲ ਦੀ ਬਕਾਇਆ ਅਦਾਇਗੀ ਨੂੰ ਛੱਡ ਕੇ ਨਿੱਜੀ ਖੰਡ ਮਿੱਲਾਂ ਵੀ ਅਦਾਇਗੀ ਛੇਤੀ ਕਰ ਦੇਣਗੀਆਂ।

ਪੰਜਾਬ ’ਚ ਸਹਿਕਾਰਤਾ ਖੇਤਰ ਅੰਦਰ ਕੁੱਲ 15 ਖੰਡ ਮਿੱਲਾਂ ਹਨ, ਜਿਨ੍ਹਾਂ ’ਚੋਂ 9 ਸਹਿਕਾਰੀ ਖੰਡ ਮਿੱਲਾਂ ਅਜਨਾਲਾ, ਬੁੱਢੇਵਾਲ, ਬਟਾਲਾ, ਭੋਗਪੁਰ, ਫ਼ਾਜ਼ਿਲਕਾ, ਗੁਰਦਾਸਪੁਰ, ਮੋਰਿੰਡਾ, ਨਕੋਦਰ ਅਤੇ ਨਵਾਂ ਸ਼ਹਿਰ ਚੱਲ ਰਹੀਆਂ ਹਨ ਜਦਕਿ ਬੁਢਲਾਡਾ, ਫ਼ਰੀਦਕੋਟ, ਜਗਰਾਓਂ, ਪਟਿਆਲਾ, ਤਰਨਤਾਰਨ ਅਤੇ ਜ਼ੀਰਾ ਸਮਾਪਤੀ ਅਧੀਨ ਹਨ । ਮੌਜੂਦਾ ਸਮੇਂ ਦੀ ਪੰਜਾਬ ਸਟੇਟ ਫੈਡਰੇਸ਼ਨ ਆਫ ਸ਼ੂਗਰ ਮਿਲਜ਼ ਲਿਮਟਿਡ (ਸ਼ੂਗਰਫੈੱਡ , ਪੰਜਾਬ ) ਜੋ ਖੰਡ ਮਿੱਲਾਂ ਦੀ ‘ਅਪੈਕਸ ਬਾਡੀ’ ਹੈ, ਨਾਲ 9 ਚਲਦੀਆਂ ਮਿੱਲਾਂ ਅਤੇ ਤਿੰਨ ਬੰਦ ਪਈਆਂ ਤਰਨਤਾਰਨ, ਜ਼ੀਰਾ ਅਤੇ ਪਟਿਆਲਾ ਖੰਡ ਮਿੱਲਾਂ ਜੁੜੀਆਂ ਹਨ। ਇਸੇ ਤਰ੍ਹਾਂ ਪੰਜਾਬ ’ਚ 7 ਨਿੱਜੀ ਖੇਤਰਾਂ ’ਚ ਵੀ ਖੰਡ ਮਿੱਲਾਂ ਹਨ, ਜਿਨ੍ਹਾਂ ਵਿੱਚ ਭਗਵਾਨਪੁਰ-ਧੂਰੀ, ਰੰਧਾਵਾ ਹੁਸ਼ਿਆਰਪੁਰ, ਨਾਹਰ-ਫਤਿਹਗੜ੍ਹ ਸਾਹਿਬ, ਓਸਵਾਲ-ਮੁਕੇਰੀਆਂ, ਪੀਕਾਡਲੀ- ਪਾਤੜਾਂ/ਪਟਿਆਲਾ, ਰਾਣਾ ਬਾਬਾ ਬਕਾਲਾ/ਬਟਾਲਾ, ਸੰਧਰ-ਫਗਵਾੜਾ ਖੰਡ ਮਿੱਲਾਂ ਹਨ।

ਸਹਿਕਾਰਤਾ ਖੇਤਰ ਅੰਦਰ ਚੱਲ ਰਹੀਆਂ ਖੰਡ ਮਿੱਲਾਂ ਦੀ ਗੰਨਾ ਪੀੜਨ ਦੀ ਸਮਰੱਥਾ (ਕਰਸ਼ਿੰਗ ਕਪੈਸਿਟੀ) 17750 ਟੀਸੀਡੀ (ਪ੍ਰਤੀ ਦਿਨ ਟਨਾਂ ’ਚ ) ਹੈ । ਇਨ੍ਹਾਂ ਖੰਡ ਮਿੱਲਾਂ ਨਾਲ 1.80 ਲੱਖ ਗੰਨਾ ਕਾਸ਼ਤਕਾਰ ਜੁੜੇ ਹੋਏ ਹਨ। ਹੁਣ ਸਹਿਕਾਰਤਾ ਖੇਤਰ ਅੰਦਰ ਭੋਗਪੁਰ ਸ਼ੂਗਰ ਮਿੱਲ ਦੀ ਸਮਰੱਥਾ 3000 ਟੀਸੀਡੀ (ਟਨ ਕਪੈਸਿਟੀ ਪਰ ਡੇਅ) ਤੇ 15 ਮੈਗਾਵਾਟ ਬਿਜਲੀ ਉਤਪਾਦਨ (ਕੋ-ਜਨਰੇਸ਼ਨ) ਦਾ ਪ੍ਰਾਜੈਕਟ ਮੁਕੰਮਲ ਹੋ ਚੁੱਕਿਆ ਹੈ। ਇਸੇ ਤਰ੍ਹਾਂ ਬਟਾਲਾ ਖੰਡ ਮਿੱਲਾਂ ਦੀ ਸਮਰੱਥਾ ਵੀ 3500 ਟੀਸੀਡੀ ਤੇ 14 ਮੈਗਾਵਾਟ ਕੋ-ਜਨਰੇਸ਼ਨ ਦਾ 286.13 ਕਰੋੜ ਦੀ ਲਾਗਤ ਨਾਲ ਪ੍ਰਾਜੈਕਟ ਚੱਲ ਰਿਹਾ ਹੈ ।

ਭਾਰਤ ’ਚ ਸਭ ਤੋਂ ਵੱਧ 195 ਖੰਡ ਮਿੱਲਾਂ ਮਹਾਰਾਸ਼ਟਰ ’ਚ ਹਨ ਜਦਕਿ ਦੂਜੇ ਸਥਾਨ ’ਤੇ ਉੱਤਰ ਪ੍ਰਦੇਸ਼ ਦੀਆਂ 155 ਖੰਡ ਮਿੱਲਾਂ ਹਨ। ਹਾਲਾਂਕਿ ਭਾਰਤ ’ਚ ਗੰਨੇ ਹੇਠ ਰਕਬੇ ਦਾ ਤਕਰੀਬਨ 50 ਫ਼ੀਸਦੀ ਉੱਤਰ ਪ੍ਰਦੇਸ਼ ’ਚ ਹੈ । ਬ੍ਰਾਜ਼ੀਲ ਗੰਨਾ ਉਤਪਾਦਨ ’ਚ ਦੁਨੀਆ ’ਚ ਸਭ ਤੋਂ ਅੱਗੇ ਹੈ, ਜੋ ਕਿ ਤਕਰੀਬਨ ਕੁੱਲ ਗੰਨੇ ਦੀ ਕਾਸ਼ਤ ਦਾ 37.6 ਪ੍ਰਤੀਸ਼ਤ ਉਤਪਾਦਨ ਕਰਦਾ ਹੈ ਤੇ ਦੁਨੀਆ ’ਚ ਦੂਜੇ ਸਥਾਨ ’ਤੇ ਭਾਰਤ ਅਤੇ ਤੀਸਰੇ ਸਥਾਨ ’ਤੇ ਚੀਨ ਆਉਂਦਾ ਹੈ ।

ਗੰਨੇ ਦੀ ਕੀਮਤ ਸਰਕਾਰ ਦੇ ਕੰਟਰੋਲ ਹੇਠ ਹੈ। ਆਰਥਿਕ ਮਾਮਲਿਆਂ ਬਾਰੇ ਕਮੇਟੀ ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕਰਦੇ ਹਨ, ਐੱਫਆਰਪੀ (ਫੇਅਰ ਐਂਡ ਰੈਮੂਨਰੇਟਿਵ ਪਰਾਈਸ) ਨਿਰਧਾਰਤ ਕਰਦੀ ਹੈ । ਸਾਲ 2022-23 (ਅਕਤੂਬਰ ਸਤੰਬਰ) ਲਈ 305 ਰੁਪਏ ਪ੍ਰਤੀ ਕੁਇੰਟਲ 10.25 ਪ੍ਰਤੀਸ਼ਤ ਰਿਕਵਰੀ ਰੇਟ ਨੂੰ ਧਿਆਨ ’ਚ ਰੱਖਦਿਆਂ ਤੈਅ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲ ਨਾਲੋਂ 15 ਰੁਪਏ ਵੱਧ ਹੈ । ਇਸ ਤਰ੍ਹਾਂ ਰਾਜ ਵੀ ਗੰਨੇ ਦਾ ਭਾਅ ਐੱਸਏਪੀ (ਸਟੇਟ ਐਗਰੀਡ ਪਰਾਈਸ ) ਤੈਅ ਕਰਦੇ ਹਨ, ਜੋ ਕਿ ਆਮ ਤੌਰ ’ਤੇ ਭਾਰਤ ਸਰਕਾਰ ਵੱਲੋਂ ਤੈਅ ਕੀਤੇ ਮੁੱਲ ਤੋਂ ਜ਼ਿਆਦਾ ਹੁੰਦਾ ਹੈ । ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2021-22 ਦੇ ਗੰਨੇ ਦੀ ਐੱਸਏਪੀ 325 ਰੁਪਏ ਪ੍ਰਤੀ ਕੁਇੰਟਲ ਕੀਤੀ ਸੀ ਜਦਕਿ ਪੰਜਾਬ ’ਚ 1.10 ਹੈਕਟੇਅਰ ’ਚ 660 ਲੱਖ ਟਨ ਗੰਨੇ ਦਾ ਉਤਪਾਦਨ ਹੋਇਆ । ਬਾਅਦ ’ਚ ਕਿਸਾਨਾਂ ਦੇ ਸੰਘਰਸ਼ ਕਾਰਨ ਇਹ ਮੁੱਲ 360 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ, ਜੋ ਕਿ ਹਰਿਆਣੇ ’ਚ ਗੰਨੇ ਦੀ ਕੀਮਤ ਤੋਂ 2 ਰੁਪਏ ਕੁਇੰਟਲ ਵੱਧ ਸੀ ਪਰ ਨਿੱਜੀ ਖੰਡ ਮਿੱਲਾਂ ਵੱਲੋਂ ਇਹ ਕੀਮਤ ਚੁਕਾਉਣੀ ਔਖੀ ਦੱਸੀ ਗਈ, ਜਿਸ ਉਪਰੰਤ ਫ਼ੈਸਲਾ ਹੋਇਆ ਕਿ ਖੰਡ ਮਿੱਲਾਂ 325 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਅਦਾਇਗੀ ਕਰਨਗੀਆਂ ਤੇ ਪੰਜਾਬ ਸਰਕਾਰ 35 ਰੁਪਏ ਪ੍ਰਤੀ ਕੁਇੰਟਲ ਆਪਣਾ ਯੋਗਦਾਨ ਪਾਵੇਗੀ । ਬਾਅਦ ’ਚ ਹਰਿਆਣਾ ਨੇ ਵੀ ਗੰਨੇ ਦਾ ਪ੍ਰਤੀ ਕੁਇੰਟਲ ਮੁੱਲ 362 ਰੁਪਏ ਕਰ ਦਿੱਤਾ ।

ਗੰਨੇ ਦਾ ਉਤਪਾਦਨ ਕਰਨ ’ਚ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ’ਚ ਦੂਜੀਆਂ ਫ਼ਸਲਾਂ ਮੁਕਾਬਲੇ ਘੱਟ ਰੇਟ, ਗੰਨੇ ਦੀ ਘੱਟ ਉਪਜ, ਬਿਜਾਈ ਦਾ ਛੋਟਾ ਸੀਜ਼ਨ , ਖੰਡ ਦੀ ਰਿਕਵਰੀ ਘੱਟ ਹੋਣਾ , ਮੀਂਹ ਦਾ ਘੱਟ ਪੈਣਾ, ਜ਼ਮੀਨ ਦਾ ਘਟਦਾ ਪਾਣੀ ਦਾ ਪੱਧਰ, ਮਜ਼ਦੂਰਾਂ ਦੀ ਘਾਟ, ਮਜ਼ਦੂਰੀ ਦੀਆਂ ਜ਼ਿਆਦਾ ਕੀਮਤਾਂ, ਖੰਡ ਦੇ ਮੁੱਲ ਨਿਰਧਾਰਨ ’ਤੇ ਸਰਕਾਰ ਦਾ ਕੰਟਰੋਲ ਆਦਿ ਮੁੱਖ ਹਨ। ਭਾਰਤ ਸਰਕਾਰ ਗੰਨੇ ਦੇ ਉਤਪਾਦਨ ਨੂੰ ਵਧਾ ਕੇ ਆਪਣਾ ਆਯਾਤ ਬਿੱਲ ਘਟਾ ਕੇ ਵਿਦੇਸ਼ੀ ਕਰੰਸੀ ਨੂੰ ਬਚਾਉਣਾ ਚਾਹੁੰਦੀ ਹੈ। ਭਾਰਤ ਦੀਆਂ ਘਰੇਲੂ ਲੋੜਾਂ ਲਈ 85 ਫ਼ੀਸਦੀ ਕੱਚਾ ਤੇਲ ਆਯਾਤ ਕੀਤਾ ਜਾਦਾ ਹੈ । ਸਰਕਾਰ ਵਾਧੂ ਗੰਨੇ ਨੂੰ ਈਥਾਨੋਲ ਬਣਾਉਣ ਲਈ ਵਰਤਣਾ ਚਾਹੁੰਦੀ ਹੈ ਕਿਉਂਕਿ ਇਸ ਨੂੰ ਪੈਟਰੋਲ ’ਚ ਰਲਾਇਆ ਜਾਂਦਾ ਹੈ, ਜਿਸ ਨਾਲ ਪ੍ਰਦੂਸ਼ਣ ਵੀ ਘਟਦਾ ਹੈ ਅਤੇ ਆਯਾਤ ਬਿੱਲ ਵੀ ਘਟੇਗਾ। ਬ੍ਰਾਜ਼ੀਲ ਤੋਂ ਬਾਅਦ ਭਾਰਤ ਖੰਡ ਦਾ ਸਭ ਤੋਂ ਵੱਡਾ ਨਿਰਯਾਤ ਕਰਨ ਵਾਲਾ ਦੇਸ਼ ਹੈ । ਖੰਡ ਦੀ ਘਰੇਲੂ ਖਪਤ ਤੋਂ ਬਾਅਦ ਭਾਰਤ ਨੇ ਆਪਣਾ ਵਿੱਤੀ ਘਾਟਾ ਘਟਾਉਣ ਲਈ ਲਗਾਤਾਰ ਖੰਡ ਦਾ ਨਿਰਯਾਤ ਕੀਤਾ ਹੈ । ਖੰਡ ਦੇ 2021-22 ਦੇ ਸੀਜ਼ਨ ’ਚ ਅਗਸਤ 2022 ਤਕ 100 ਲੱਖ ਮੀਟ੍ਰਿਕ ਟਨ ਖੰਡ ਨਿਰਯਾਤ ਕੀਤੀ ਗਈ ਤੇ ਇਸ ਨੂੰ 112 ਲੱਖ ਮੀਟ੍ਰਿਕ ਟਨ ਕਰਨ ਦਾ ਟੀਚਾ ਹੈ ।

ਸਭ ਤੋਂ ਜ਼ਰੂਰੀ ਇਹ ਹੈ ਕਿ ਗੰਨਾ ਉਤਪਾਦਕਾਂ ਲਈ ਗੰਨੇ ਦੀ ਕਾਸ਼ਤ ਲਾਹੇਵੰਦ ਹੋਵੇ ਤੇ ਉਨ੍ਹਾਂ ਨੂੰ ਗੰਨੇ ਦਾ ਵੱਧ ਤੋਂ ਵੱਧ ਭਾਅ ਮਿਲੇ ਅਤੇ ਖੰਡ ਮਿੱਲਾਂ ਨੂੰ ਆਤਮ ਨਿਰਭਰ ਬਣਾਇਆ ਜਾਵੇ । ਇਸ ਲਈ ਜ਼ਰੂਰੀ ਹੈ ਕਿ ਰਿਮੋਟ ਸੈਂਸਿੰਗ ਟੈਕਨੋਲੋਜੀ ਨਾਲ ਉਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਜਾਵੇ, ਜਿਨ੍ਹਾਂ ’ਚ ਗੰਨੇ ਦੀ ਉਪਜ ਵੱਧ ਸਕਦੀ ਹੈ । ਸਾਰੀਆਂ ਖੰਡ ਮਿੱਲਾਂ ’ਚ ਲੋੜ ਅਨੁਸਾਰ ਟਿਸ਼ੂ ਕਲਚਰ ਲਈ ਪ੍ਰਯੋਗਸ਼ਾਲਾਵਾਂ ਬਣਾਈਆਂ ਜਾਣ ਤਾਂ ਕਿ ਗੰਨੇ ਨੂੰ ਬਿਮਾਰੀਆਂ ਨਾ ਲੱਗਣ ਜਿਵੇਂ ਕਿ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਿਖੇ ਟਿਸ਼ੂ ਕਲਚਰ ਦੀ ਪ੍ਰਯੋਗਸ਼ਾਲਾ ਹੈ । ਇਸੇ ਤਰ੍ਹਾਂ ਬਾਇਓ ਕੰਟਰੋਲ ਪ੍ਰਯੋਗਸ਼ਾਲਾਵਾਂ ਹਰ ਖੰਡ ਮਿੱਲ ’ਚ ਲਗਾਉਣੀਆਂ ਚਾਹੀਦੀਆਂ ਹਨ ਜਿਵੇਂ ਕਿ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਤੇ ਮੋਰਿੰਡਾ ’ਚ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਚੰਗੀ ਕਿਸਮ ਦਾ ਗੰਨਾ ਪੈਦਾ ਕੀਤਾ ਜਾਵੇ, ਜਿਸ ’ਚ ਖੰਡ ਦੀ ਮਾਤਰਾ ਜ਼ਿਆਦਾ ਹੋਵੇ । ਸ਼ੂਗਰਫੈੱਡ ਵੱਲੋਂ ਗੰਨਾ ਉਤਪਾਦਕਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਾਏ ਜਾਣ ਤੇ ਗੰਨੇ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਦਵਾਈਆਂ ਸਸਤੀਆਂ ਕੀਮਤਾਂ ’ਤੇ ਮੁਹੱਈਆ ਕਰਵਾਈਆਂ ਜਾਣ। ਹਰ ਖੰਡ ਮਿੱਲ ’ਚ ਬਿਜਲੀ ਉਤਪਾਦਨ (ਕੋ-ਜਨਰੇਸ਼ਨ) ਦੇ ਉਪਰਾਲੇ ਕੀਤੇ ਜਾਣ । ਗੰਨੇ ਦੇ ਚੂਰੇ (ਬਗਾਸ) ਨੂੰ ਬਾਲਣ ਦੀ ਥਾਂ ਗੱਤਾ ਪੇਪਰ ਮਿੱਲਾਂ ਨੂੰ ਵੇਚਿਆ ਜਾਵੇ ਤਾਂ ਕਿ ਖੰਡ ਮਿੱਲਾਂ ਦੀ ਆਮਦਨ ਦਾ ਵਸੀਲਾ ਵਧੇ । ਸ਼ੀਰਾ (ਮੁਲਾਲਿਸ) ਡੰਗਰਾਂ ਲਈ ਪੌਸ਼ਟਿਕ ਆਹਾਰ ਹੈ ਪਰ ਵਾਧੂ ਸ਼ੀਰੇ ਨੂੰ ਹੋਰ ਉਪਯੋਗੀ ਕੰਮਾਂ ਲਈ ਵਰਤਿਆ ਜਾਵੇ । ਸ਼ੂਗਰਫੈੱਡ ਅਤੇ ਖੰਡ ਮਿੱਲਾਂ ਵੱਲੋਂ ਵੱਡੀ ਮਾਤਰਾ ’ਚ ਸਸਤੀਆਂ ਕੀਮਤਾਂ ’ਤੇ ਵਧੀਆ ਬੀਜ, ਦਵਾਈਆਂ, ਖਾਦਾਂ ਆਦਿ ਗੰਨਾ ਉਤਪਾਦਕਾਂ ਨੂੰ ਵਾਜਬ ਰੇਟਾਂ ’ਤੇ ਦਵਾਏ ਜਾਣ। । ਗੰਨਾ ਉਤਪਾਦਕਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ ਜਾਵੇ। ਧਾਰਾ 15- ਏ ਦੀ ਪੰਜਾਬ ਸ਼ੂਗਰਕੇਨ ( ਰੈਗੂਲੇਸ਼ਨ ਆਫ ਪਰਚੇਜ਼ ਅਤੇ ਸਪਲਾਈ ) ਐਕਟ 1953 ’ਚ ਲਿਖਿਆ ਹੈ ਕਿ ਖੰਡ ਮਿੱਲਾਂ ਨੂੰ ਗੰਨੇ ਦੀ ਅਦਾਇਗੀ 15 ਦਿਨਾਂ ’ਚ ਕਰਨੀ ਹੋਵੇਗੀ ਅਤੇ ਜੇ ਅਦਾਇਗੀ 15 ਦਿਨਾਂ ਅੰਦਰ ਨਹੀਂ ਕੀਤੀ ਜਾਦੀ ਤਾਂ ਸਰਕਾਰ ਗੰਨਾ ਉਤਪਾਦਕਾਂ ਨੂੰ ਖੰਡ ਮਿੱਲਾਂ ਤੋਂ ਮਿਆਦ ਪੁੱਗੇ ਸਮੇਂ ਦਾ ਵਿਆਜ ਦਿਵਾਏ ਜੋ ਕਿ 15 ਫ਼ੀਸਦੀ ਤੋਂ ਜ਼ਿਆਦਾ ਨਾ ਹੋਵੇ । ਗੰਨੇ ਦੀ ਉਪਜ ਤਾਂ ਹੀ ਵਧ ਸਕਦੀ ਹੈ ਜੇ ਉਤਪਾਦਨ ਦੇ ਖ਼ਰਚੇ ਘਟਣ ਅਤੇ ਚੰਗੀ ਕਿਸਮ ਦੇ ਗੰਨੇ ਤੋਂ ਖੰਡ ਦੀ ਰਿਕਵਰੀ ਵਧੇ, ਉਤਪਾਦਕਾਂ ਨੂੰ ਵਾਜਬ ਕੀਮਤਾਂ ਮਿਲਣ ਅਤੇ ਗੰਨੇ ਦੀ ਕਾਸ਼ਤ ਦਾ ਧੰਦਾ ਲਾਹੇਵੰਦ ਸਾਬਤ ਹੋਵੇ ਤਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੰਨਾ ਉਤਪਾਦਕਾਂ ਨੂੰ ਦਿੱਤਾ ਭਰੋਸਾ ਪੂਰਾ ਹੋਵੇਗਾ।

ਭੁਪਿੰਦਰ ਸਿੰਘ ਵਾਲੀਆ

ਮੋ : 81466-77001

Posted By: Jagjit Singh