ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਕਸ਼ਮੀਰ ਮਸਲੇ ਨੂੰ ਚੁੱਕਣ ਦੀ ਚੀਨ ਅਤੇ ਪਾਕਿਸਤਾਨ ਦੀ ਕੋਸ਼ਿਸ਼ ਨੂੰ ਮਿਲੀ ਅਸਫਲਤਾ ਇਹੋ ਦੱਸਦੀ ਹੈ ਕਿ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਕੂਟਨੀਤੀ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਦੀ ਇਕ ਵੱਡੀ ਵਜ੍ਹਾ ਮੋਦੀ ਸਰਕਾਰ ਵੱਲੋਂ ਦੁਨੀਆ ਨੂੰ ਇਹ ਸਮਝਾਉਣ ਵਿਚ ਮਿਲੀ ਕਾਮਯਾਬੀ ਹੀ ਹੈ ਕਿ ਜੰਮੂ-ਕਸ਼ਮੀਰ ਉਸ ਦਾ ਅੰਦਰੂਨੀ ਮਾਮਲਾ ਹੈ ਅਤੇ ਧਾਰਾ 370 ਨੂੰ ਹਟਾਉਣ ਦੇ ਫ਼ੈਸਲੇ 'ਤੇ ਕਿਸੇ ਨੂੰ ਇਤਰਾਜ਼ ਕਰਨ ਦਾ ਕੋਈ ਅਧਿਕਾਰ ਨਹੀਂ। ਇਹ ਆਮ ਗੱਲ ਨਹੀਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਚੀਨ ਨੂੰ ਛੱਡ ਕੇ ਲਗਪਗ ਸਭ ਸਥਾਈ ਅਤੇ ਅਸਥਾਈ ਮੈਂਬਰਾਂ ਨੇ ਜੰਮੂ-ਕਸ਼ਮੀਰ ਸਬੰਧੀ ਭਾਰਤ ਸਰਕਾਰ ਦੇ ਫ਼ੈਸਲੇ ਦੀ ਹਮਾਇਤ ਕੀਤੀ ਹੈ। ਇਸ ਤੋਂ ਵੀ ਵੱਧ ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਅਦ ਅਕਬਰੂਦੀਨ ਵੱਲੋਂ ਦਿੱਤੀ ਗਈ ਇਹ ਸੂਚਨਾ ਕਿ ਸੁਰੱਖਿਆ ਪ੍ਰੀਸ਼ਦ ਨੇ ਜੰਮੂ-ਕਸ਼ਮੀਰ ਵਿਚ ਹਾਲਾਤ ਆਮ ਵਰਗੇ ਬਣਾਉਣ ਲਈ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਹੈ। ਇਹ ਲਗਪਗ ਤੈਅ ਹੈ ਕਿ ਸੁਰੱਖਿਆ ਪ੍ਰੀਸ਼ਦ ਦੇ ਇਸ ਸਪੱਸ਼ਟ ਰੁਖ਼ ਦੇ ਬਾਵਜੂਦ ਪਾਕਿਸਤਾਨ ਦਾ ਰੋਣਾ-ਧੋਣਾ ਖ਼ਤਮ ਹੋਣ ਵਾਲਾ ਨਹੀਂ ਹੈ ਪਰ ਉਸ ਨੂੰ ਇਹ ਸਮਝ ਆ ਜਾਵੇ ਤਾਂ ਬਿਹਤਰ ਹੋਵੇਗਾ ਕਿ ਕਸ਼ਮੀਰ 'ਤੇ ਬੇਸੁਰਾ ਰਾਗ ਅਲਾਪ ਕੇ ਉਹ ਭਾਰਤ ਨੂੰ ਤੰਗ ਕਰਨ ਵਿਚ ਸਫਲ ਨਹੀਂ ਹੋ ਸਕਦਾ। ਇਹ ਕਹਿਣਾ ਔਖਾ ਹੈ ਕਿ ਪਾਕਿਸਤਾਨ ਨੂੰ ਕਦੋਂ ਅਤੇ ਕਿੱਦਾਂ ਅਕਲ ਆਵੇਗੀ ਪਰ ਘੱਟੋ-ਘੱਟ ਚੀਨ ਨੂੰ ਤਾਂ ਇਹ ਅਹਿਸਾਸ ਹੋ ਹੀ ਜਾਣਾ ਚਾਹੀਦਾ ਹੈ ਕਿ ਉਹ ਪਾਕਿਸਤਾਨ ਦੀ ਬੇਥਵੀ ਹਮਾਇਤ ਕਰ ਕੇ ਇਕ ਪਾਸੇ ਜਿੱਥੇ ਕੌਮਾਂਤਰੀ ਪੱਧਰ 'ਤੇ ਆਪਣੀ ਬੇਇੱਜ਼ਤੀ ਕਰਵਾ ਰਿਹਾ ਹੈ, ਓਥੇ ਹੀ ਦੂਜੇ ਪਾਸੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਖ਼ਰਾਬ ਕਰਨ ਦਾ ਕੰਮ ਵੀ ਕਰ ਰਿਹਾ ਹੈ। ਹਾਲੀਆ ਸਮੇਂ ਵਿਚ ਇਹ ਦੂਜੀ ਵਾਰ ਹੈ ਜਦ ਚੀਨ ਪਾਕਿਸਤਾਨ ਦਾ ਬੇਵਜ੍ਹਾ ਪੱਖ ਪੂਰ ਕੇ ਅਲੱਗ-ਥਲੱਗ ਹੋਇਆ ਹੈ। ਇਸ ਤੋਂ ਪਹਿਲਾਂ ਅੱਤਵਾਦੀ ਸਰਗਨਾ ਮਸੂਦ ਅਜ਼ਹਰ ਦੇ ਮਾਮਲੇ ਵਿਚ ਵੀ ਉਸ ਨੂੰ ਦੁਨੀਆ ਅੱਗੇ ਨਤਮਸਤਕ ਹੋਣਾ ਪਿਆ ਸੀ। ਭਾਵੇਂ ਹੀ ਚੀਨ ਭਾਰਤ ਨਾਲ ਦੋਸਤੀ ਬਣਾਈ ਰੱਖਣ ਦੀਆਂ ਗੱਲਾਂ ਕਰਦਾ ਰਹਿੰਦਾ ਹੋਵੇ ਪਰ ਉਸ ਦੀ ਨੀਅਤ 'ਤੇ ਸ਼ੱਕ ਹੋਣਾ ਸੁਭਾਵਿਕ ਹੀ ਹੈ। ਚੀਨ ਦੇ ਰਵੱਈਏ ਪ੍ਰਤੀ ਚੌਕਸ ਰਹਿਣ ਵਿਚ ਹੀ ਸਮਝਦਾਰੀ ਹੈ। ਇਹ ਮਹੱਤਵਪੂਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ 'ਤੇ ਫ਼ੈਸਲਾ ਲੈਣ ਮਗਰੋਂ ਭੂਟਾਨ ਦਾ ਦੌਰਾ ਕਰਨਾ ਬਿਹਤਰ ਸਮਝਿਆ। ਭੂਟਾਨ ਭਾਰਤ ਦਾ ਇਕ ਭਰੋਸੇਮੰਦ ਸਹਿਯੋਗੀ ਰਿਹਾ ਹੈ। ਪੀਐੱਮ ਦੋਵਾਂ ਦੇਸ਼ਾਂ ਦੀ ਨਜ਼ਦੀਕੀ ਹੋਰ ਵਧਾਉਣੀ ਚਾਹੁੰਦੇ ਹਨ। ਇਸ ਦੀ ਝਲਕ ਉਨ੍ਹਾਂ ਦੇ ਇਸ ਕਥਨ ਤੋਂ ਮਿਲਦੀ ਹੈ ਕਿ ਭਾਰਤ ਭੂਟਾਨ ਨਾਲ ਆਰਥਿਕ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਗੂੜ੍ਹਾ ਕਰਨ ਲਈ ਵਚਨਬੱਧ ਹੈ। ਇਸ ਦੌਰੇ ਜ਼ਰੀਏ ਪ੍ਰਧਾਨ ਮੰਤਰੀ ਮੋਦੀ ਨੇ ਨਾ ਸਿਰਫ਼ ਭੂਟਾਨ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਭਾਰਤ ਦੀ ਨਜ਼ਰ ਵਿਚ ਉਸ ਦੀ ਖ਼ਾਸ ਥਾਂ ਹੈ ਬਲਕਿ ਚੀਨ ਨੂੰ ਵੀ ਸਪੱਸ਼ਟ ਸੰਕੇਤ ਦਿੱਤੇ ਗਏ ਹਨ ਕਿ ਉਹ ਦੱਖਣੀ ਏਸ਼ੀਆ ਵਿਚ ਭਾਰਤ ਦੇ ਪ੍ਰਭਾਵ ਨੂੰ ਘੱਟ ਕਰਨ ਵਿਚ ਕਾਮਯਾਬ ਨਹੀਂ ਹੋ ਸਕਦਾ। ਚੀਨ ਲਈ ਇਹ ਬਿਹਤਰ ਹੋਵੇਗਾ ਕਿ ਉਹ ਭਾਰਤ ਪ੍ਰਤੀ ਆਪਣੇ ਨਜ਼ਰੀਏ ਵਿਚ ਸਪੱਸ਼ਟਤਾ ਲਿਆਵੇ। ਉਸ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੋਵੇਗਾ ਕਿ ਉਸ ਲਈ ਭਾਰਤ ਇਕ ਵੱਡਾ ਬਾਜ਼ਾਰ ਹੈ। ਜੇ ਉਹ ਭਾਰਤ ਨਾਲ ਰਿਸ਼ਤੇ ਖ਼ਰਾਬ ਕਰੇਗਾ ਤਾਂ ਉਸ ਨੂੰ ਆਰਥਿਕ ਨੁਕਸਾਨ ਸਹਿਣਾ ਪਵੇਗਾ। ਅਜਿਹਾ ਚੀਨ ਹਰਗਿਜ਼ ਨਹੀਂ ਚਾਹੇਗਾ।

Posted By: Jagjit Singh