ਕੋਵਿਡ-19 ਕਾਰਨ ਲੱਗੇ ਲਾਕਡਾਊਨ ਵਿਚ ਸਭ ਜਣੇ ਘਰਾਂ ਵਿਚ ਕੈਦ ਰਹਿਣ ਲਈ ਮਜਬੂਰ ਸਨ। ਹੁਣ ਭਾਵੇਂ ਸਰਕਾਰਾਂ ਨੇ ਲਾਕਡਾਊਨ ਵਿਚ ਢਿੱਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਲੋਕਾਂ 'ਤੇ ਸਖ਼ਤੀ ਘਟੀ ਹੈ, ਕਾਰੋਬਾਰ, ਦੁਕਾਨਾਂ ਆਦਿ ਖੁੱਲ੍ਹ ਰਹੀਆਂ ਹਨ। ਇਹ ਵੱਖਰੀ ਗੱਲ ਹੈ ਕਿ ਹਰ ਖੇਤਰ ਵਿਚ ਉਹ ਤੇਜ਼ੀ ਨਾਲ ਜੋ ਕੋਰੋਨਾ ਕਾਲ ਤੋਂ ਪਹਿਲਾਂ ਸੀ। ਕੋਰੋਨਾ ਕਾਲ ਦੇ ਸ਼ੁਰੂਆਤੀ ਦਿਨਾਂ ਦਾ ਦੌਰ ਬਹੁਤ ਔਖਾ ਸੀ। ਬੜੇ ਔਖੇ ਹੋ ਕੇ ਹੌਲੀ-ਹੌਲੀ ਉਨ੍ਹਾਂ ਨੇ ਖ਼ੁਦ ਨੂੰ ਮਾਹੌਲ ਮੁਤਾਬਕ ਢਾਲਿਆ। ਜਦੋਂ ਲਾਕਡਾਊਨ ਕਾਰਨ ਲੋਕ ਘਰਾਂ ਵਿਚ ਬੰਦ ਸਨ ਤਾਂ ਆਮ ਲੋਕਾਂ ਕੋਲ ਤਾਂ ਟਾਈਮ ਪਾਸ ਕਰਨ ਦੇ ਬਹੁਤ ਸਾਧਨ ਸਨ ਪਰੰਤੂ ਜੋ ਵਿਸ਼ੇਸ਼ ਕਿਸਮ ਦੇ ਮੰਦਬੁੱਧੀ ਬੱਚੇ ਹਨ ਜਿਸ ਤਰ੍ਹਾਂ ਮੈਂ ਹਾਂ, ਉਹ ਕਿੱਦਾਂ ਇਸ ਮੌਕੇ ਆਪਣਾ ਟਾਈਮ ਪਾਸ ਕਰਨ? ਇਹ ਵੱਡਾ ਸਵਾਲ ਸੀ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦੀ ਹਾਂ ਮੇਰੇ ਵਿਚਾਰ। ਆਪਾਂ ਨੂੰ ਆਪਣੇ ਪਰਿਵਾਰ ਵਿਚ ਘਰੇਲੂ ਕੰਮ ਖੋਜ ਲੈਣੇ ਚਾਹੀਦੇ ਹਨ। ਖ਼ਾਸ ਤੌਰ 'ਤੇ ਲੜਕੀਆਂ ਨੂੰ ਰਸੋਈ ਵਿਚ ਮਾਤਾ ਦੀ ਮਦਦ ਰੋਟੀ ਪਰੋਸ ਕੇ, ਸਬਜ਼ੀ ਦਾ ਮਸਾਲਾ ਆਦਿ ਤਿਆਰ ਕਰਾ ਕੇ ਕਰਨੀ ਚਾਹੀਦੀ ਹੈ। ਜੋ ਕੱਪੜੇ ਧੋਤੇ ਹੋਣ ਉਨ੍ਹਾਂ ਨੂੰ ਲਿਆ ਕੇ ਤਹਿ ਲਾ ਕੇ ਉਨ੍ਹਾਂ ਦੇ ਉਚਿਤ ਸਥਾਨ 'ਤੇ ਰੱਖ ਕੇ ਵੀ ਆਪਾਂ ਚੰਗੀ ਤਰ੍ਹਾਂ ਸਮਾਂ ਬਤੀਤ ਕਰ ਸਕਦੇ ਹਾਂ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਾਧਨ ਹਨ ਮਸਲਨ ਯੂ-ਟਿਊਬ 'ਤੇ ਆਪਣੀ ਪਸੰਦ ਦੀਆਂ ਕਈ ਤਰ੍ਹਾਂ ਦੀਆਂ ਵੀਡੀਓ ਦੇਖ ਸਕਦੇ ਹਾਂ। ਮੈਂ ਤਾਂ ਆਪਣਾ ਯੂ-ਟਿਊਬ 'ਤੇ ਅਕਾਊਂਟ ਵੀ ਬਣਾ ਲਿਆ ਹੈ ਅਤੇ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਦੀਆਂ ਵੀਡੀਓ ਬਣਾ ਕੇ ਪਾ ਰਹੀ ਹਾਂ। ਮਾਤਾ-ਪਿਤਾ ਦੀ ਮਦਦ ਨਾਲ ਮੈਂ ਆਪਣਾ ਇਕ ਅਲੱਗ ਕਮਰਾ ਲੈ ਕੇ ਉਸ 'ਚ ਟਰਾਈ ਪਾਟ, ਮਾਈਕ, ਫੋਨ ਆਦਿ ਸਭ ਰਖਵਾ ਲਿਆ ਹੈ। ਮੈਂ ਜਦੋਂ ਵੀ ਬੋਰੀਅਤ ਮਹਿਸੂਸ ਕਰਦੀ ਹਾਂ ਤਾਂ ਆਪਣੇ ਕਮਰੇ ਵਿਚ ਜਾ ਕੇ ਕੈਮਰੇ ਮੂਹਰੇ ਬੈਠ ਕੇ ਕੋਈ ਨਵੀਂ ਵੀਡੀਓ ਬਣਾ ਕੇ ਅਪਲੋਡ ਕਰ ਦਿੰਦੀ ਹਾਂ। ਇੰਜ ਮੈਂ ਆਪਣੇ ਆਤਮ-ਵਿਸ਼ਵਾਸ ਨੂੰ ਘਟਣ ਨਹੀਂ ਦਿੰਦੀ। ਅੰਤ ਵਿਚ ਮੈਂ ਇਹੋ ਕਹਾਂਗੀ ਕਿ ਆਪਾਂ ਵੀ ਆਮ ਬੱਚਿਆਂ ਤੋਂ ਘੱਟ ਨਹੀਂ ਹਾਂ ਅਤੇ ਉਹ ਸਭ ਕੁਝ ਕਰ ਸਕਦੇ ਹਾਂ ਜੋ ਆਮ ਬੱਚੇ ਕਰਦੇ ਹਨ। ਜ਼ਰੂਰਤ ਹੈ ਤਾਂ ਸਿਰਫ਼ ਆਪਣੇ-ਆਪ 'ਤੇ ਵਿਸ਼ਵਾਸ ਕਰਨ ਦੀ। ਮੈਂ ਮਾਪਿਆਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਮੇਰੇ ਵਰਗੇ ਮੰਦਬੁੱਧੀ ਬੱਚਿਆਂ ਨੂੰ ਤੁਹਾਡੇ ਸਾਥ ਅਤੇ ਵਿਸ਼ਵਾਸ ਦੀ ਬਹੁਤ ਜ਼ਿਆਦਾ ਲੋੜ ਹੈ। ਤੁਸੀਂ ਉਨ੍ਹਾਂ ਦਾ ਸਾਥ ਦਿਉ ਫਿਰ ਆਪਣੇ ਬੱਚਿਆਂ ਦੇ ਚਿਹਰਿਆਂ ਦੀ ਚਮਕ ਵੇਖਣਾ। ਸਭ ਨੂੰ ਇਕ ਗੱਲ ਜ਼ਰੂਰ ਦਿਮਾਗ ਵਿਚ ਰੱਖਣੀ ਚਾਹੀਦੀ ਹੈ ਕਿ ਜੇ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਜਿਸਮਾਨੀ ਜਾਂ ਮਾਨਸਿਕ ਊਣਤਾਈ ਤੁਹਾਡੀ ਸਫਲਤਾ ਦੇ ਰਾਹ ਵਿਚ ਅੜਿੱਕਾ ਨਹੀਂ ਬਣ ਸਕਦੀ। ਸਮਾਜ ਅਤੇ ਸਰਕਾਰ ਨੂੰ ਮੰਦਬੁੱਧੀ ਲੋਕਾਂ ਖ਼ਾਸ ਤੌਰ 'ਤੇ ਮੰਦਬੁੱਧੀ ਬੱਚਿਆਂ ਪ੍ਰਤੀ ਨਜ਼ਰੀਆ ਬਦਲਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਲਾਂ ਦੀ ਪੰਡ ਬਹੁਤੀ ਨਹੀਂ ਤਾਂ ਥੋੜ੍ਹੀ ਤਾਂ ਹਲਕੀ ਹੋ ਸਕੇ।-ਗਿੰਨੀ ਸੂਦ, ਅਮਲੋਹ।

ਸੰਪਰਕ : 88729-77077

Posted By: Susheel Khanna