-ਪ੍ਰੋ. ਕ੍ਰਿਸ਼ਨ ਕੁਮਾਰ ਰੱਤੂ

ਗਿਰੀਸ਼ ਕਰਨਾਡ ਦੀ ਮੌਤ ਨਾਲ ਭਾਰਤੀ ਸਟੇਜ ਅਤੇ ਸਿਨੇਮਾ ਖ਼ਾਲੀ-ਖ਼ਾਲੀ ਹੈ। ਉਹ ਆਪਣੀ ਮਿਸਾਲ ਖ਼ੁਦ ਸਨ। ਹੱਸਮੁੱਖ ਲੇਖਕ, ਇਕ ਦੋਸਤ, ਇਕ ਸਾਫ਼ਗੋਈ ਵਾਲਾ ਦੋਸਤ ਸਦਾ ਲਈ ਵਿਦਾ ਹੋ ਗਿਆ। ਇਕਾਸੀ ਸਾਲਾਂ ਦੀ ਉਮਰ ਵਿਚ ਉਨ੍ਹਾਂ ਅੰਤਿਮ ਸਾਹ ਲਿਆ। ਅਸਲ ਵਿਚ ਗਿਰੀਸ਼ ਕਰਨਾਡ ਉਸ ਵੇਲੇ ਵਿਦਾ ਹੋਏ ਜਦੋਂ ਅਜੋਕੇ ਦੌਰ ਵਿਚ ਉਨ੍ਹਾਂ ਵਰਗੇ ਕਲਾਕਾਰਾਂ ਦੀ ਸਮਾਜ ਨੂੰ ਬੇਹੱਦ ਜ਼ਰੂਰਤ ਸੀ। ਗਿਰੀਸ਼ ਕਰਨਾਡ ਸਟੇਜ ਤੇ ਫਿਲਮਾਂ ਦੇ ਨਾਲ-ਨਾਲ ਇਕ ਸਫਲ ਲੇਖਕ ਵੀ ਸਨ। ਇਸ ਤੋਂ ਵਧ ਕੇ ਉਹ ਇਕ ਅਜਿਹੇ ਮਿਲਾਪੜੇ ਇਨਸਾਨ ਸਨ ਜਿਸ ਦੀ ਉਦਾਹਰਨ ਨਹੀਂ ਮਿਲਦੀ। ਭਾਰਤੀ ਸਿਨੇਮਾ ਅਤੇ ਸਟੇਜ ਅੱਜ ਸੁੰਨੀ-ਸੁੰਨੀ ਤੇ ਅਧੂਰੀ ਜਾਪ ਰਹੀ ਹੈ। ਕੰਨੜ ਫਿਲਮ 'ਸੰਸਕਾਰ' ਤੋਂ ਆਪਣਾ ਕਰੀਅਰ ਸ਼ੁਰੂ ਕਰ ਕੇ ਉਨ੍ਹਾਂ ਭਾਰਤੀ ਫਿਲਮਾਂ ਦੀ ਇਕ ਨਵੀਂ ਰਵਾਇਤ ਸ਼ੁਰੂ ਕੀਤੀ ਸੀ। ਇਹ 1970 ਤੋਂ 2010 ਤਕ ਚਾਲੀ ਵਰ੍ਹਿਆਂ ਦਾ ਸਫ਼ਰ ਹੈ। ਆਪਣੀ ਪਹਿਲੀ ਹੀ ਫਿਲਮ 'ਚ ਗਿਰੀਸ਼ ਨੇ ਆਪਣਾ ਲੋਹਾ ਮਨਵਾ ਦਿੱਤਾ ਸੀ ਅਤੇ ਉਸ ਨੂੰ ਰਾਸ਼ਟਰਪਤੀ ਦਾ ਐਵਾਰਡ ਵੀ ਦਿੱਤਾ ਗਿਆ ਸੀ। ਆਪਣੀਆਂ ਭੂਮਿਕਾਵਾਂ ਵਿਚ ਉਹ ਆਪਣੀ ਮਿਸਾਲ ਆਪ ਸਨ। ਵਿਸ਼ੇ ਭਾਵੇਂ ਐਂਕਰ ਵਜੋਂ ਸਾਇੰਸ ਦਾ ਹੋਵੇ ਜਾਂ ਦੇਸ਼-ਦੁਨੀਆ ਦਾ, ਗਿਰੀਸ਼ ਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ। ਗਿਰੀਸ਼ ਨੇ 'ਟਰਨਿੰਗ ਪੁਆਇੰਟ' ਵਰਗੇ ਸੀਰੀਅਲ ਲਈ ਵੀ ਕੰਮ ਕੀਤਾ ਤੇ 'ਮਾਲਗੁੱੜੀ ਡੇਜ਼' ਦੀ ਕਾਲਜ ਵਾਲੀ ਭੂਮਿਕਾ ਵਿਚ ਵੀ ਕੰਮ ਕੀਤਾ ਸੀ। ਸੰਨ 2017 ਵਿਚ ਉਹ ਫਿਲਮ 'ਟਾਈਗਰ ਜਿੰਦਾ ਹੈ' ਵਿਚ ਦਿਖਾਈ ਦਿੱਤੇ ਸਨ।

ਮੈਂ ਪਹਿਲੀ ਵਾਰ 1980 ਵਿਚ ਗਿਰੀਸ਼ ਨੂੰ ਪੁਣੇ ਵਿਚ ਇਕ ਫੰਕਸ਼ਨ ਵਿਚ ਮਿਲਿਆ ਸੀ। ਉਹ ਹਰ ਤਰ੍ਹਾਂ ਦੇ ਮੁਕੰਮਲ ਇਨਸਾਨ ਦੀ ਤਸਵੀਰ ਸਨ। ਉਹ ਇਕ ਅਜਿਹੇ ਦੋਸਤ ਤੇ ਸਿਤਾਰੇ ਸਨ ਜਿਨ੍ਹਾਂ ਨਾਲ ਮਹਿਫਲ, ਸਟੇਜ ਤੇ ਪਰਦਾ ਰੋਸ਼ਨ ਹੋ ਜਾਂਦਾ ਸੀ। ਇਸ ਲਈ ਹੀ ਉਹ ਹਰਦਿਲ ਅਜ਼ੀਜ਼ ਸਨ। ਉਨ੍ਹਾਂ ਦੀਆਂ ਕਈ ਫਿਲਮਾਂ ਦੀ ਸ਼ੂਟਿੰਗ ਮੌਕੇ ਉਨ੍ਹਾਂ ਨੂੰ ਕੰਮ ਕਰਦਿਆਂ ਵੇਖ ਕੇ ਦਿਲ ਗਦਗਦ ਹੋ ਜਾਂਦਾ ਸੀ। ਅਜਿਹਾ ਇਸ ਲਈ ਹੁੰਦਾ ਕਿਉਂਕਿ ਉਹ ਆਪਣੀ ਤਰ੍ਹਾਂ ਦੇ ਇਕੱਲੇ ਅਜਿਹੇ ਲੇਖਕ ਤੇ ਅਦਾਕਾਰ ਸਨ ਜੋ ਲਫ਼ਜ਼ਾਂ ਦੀ ਜਾਦੂਗਰੀ ਤੇ ਬਾਜ਼ੀਗਰੀ ਨੂੰ ਲੋਕਾਂ ਤੀਕ ਪਹੁੰਚਾਉਣ ਦਾ ਹੁਨਰ ਜਾਣਦੇ ਸਨ। ਹਿੰਦੀ ਫਿਲਮਾਂ ਦਾ ਇਕ ਵੱਡਾ ਦਰਸ਼ਕ ਵਰਗ ਗਿਰੀਸ਼ ਕਰਨਾਡ ਦਾ ਦੀਵਾਨਾ ਹੈ। ਉਹ 1975 ਵਿਚ ਆਈ 'ਨਿਸ਼ਾਂਤ', 1976 ਵਿਚ ਆਈ 'ਮੰਥਨ' (ਸ਼ਿਆਮ ਬੈਨੇਗਲ ਫੇਮ ਫਿਲਮ), 'ਪੁਕਾਰ' (2000) ਅਤੇ 2005 ਵਿਚ ਆਈ 'ਇਕਬਾਲ' ਵਰਗੀ ਫਿਲਮ ਵਿਚ ਵੀ ਵਿਖਾਈ ਦਿੱਤੇ। ਉਨ੍ਹਾਂ ਦੀਆਂ ਕੁਝ ਹੋਰ ਫਿਲਮਾਂ ਦਰਸ਼ਕਾਂ ਦੇ ਮਨਾਂ 'ਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੀਆਂ। ਗਿਰੀਸ਼ ਕਰਨਾਡ ਦੀ ਸਟੇਜ ਦੀ ਭੂਮਿਕਾ ਬੇਹੱਦ ਲਾਜਵਾਬ ਸੀ। ਜਿਨ੍ਹਾਂ ਨੇ ਵੀ ਉਨ੍ਹਾਂ ਦੀ ਸਟੇਜ ਅਦਾਕਾਰੀ (ਭਾਵੇਂ ਕੰਨੜ ਵਿਚ ਹੋਵੇ ਜਾਂ ਅੰਗਰੇਜ਼ੀ) ਵੇਖੀ ਹੈ, ਉਨ੍ਹਾਂ ਦੇ ਦੀਵਾਨੇ ਹੋ ਗਏ। ਉਹੀ ਦੱਸ ਸਕਦੇ ਹਨ ਕਿ ਉਹ ਕਲਾਕਾਰ ਕਿਰਦਾਰ ਨੂੰ ਕਿਵੇਂ ਜਿਊਂਦਾ ਸੀ।

ਗਿਰੀਸ਼ ਕਰਨਾਡ ਨੇ ਪ੍ਰਸਿੱਧ ਸਟੇਜ ਪਲੇਅ 'ਯਯਾਤਿ', 'ਤੁਗਲਕ', 'ਹਿਰਦੇਵਰਧਨ', 'ਅਗਨੀਮੁਤੂ ਮਾਲੇ', 'ਨਾਗਮੰਡਲ', 'ਅਗਨੀ ਔਰ ਬਰਖਾ' ਆਦਿ ਨਾਲ ਅੰਗਰੇਜ਼ੀ ਵਿਚ ਵੀ ਧਮਾਲ ਪਾਈ ਸੀ। ਉਨ੍ਹਾਂ ਦੀਆਂ ਕੰਨੜ ਭਾਸ਼ਾ ਦੀਆਂ ਫਿਲਮਾਂ 'ਚੇਲੁਵੀ', 'ਕਾਦੂ' ਆਦਿ ਬੇਹੱਦ ਪ੍ਰਸਿੱਧ ਰਹੀਆਂ।

19 ਮਈ 1938 ਨੂੰ ਮਥੇਰਨ (ਉਸ ਵੇਲੇ ਬੰਬਈ ਰਾਜ) ਵਿਚ ਪੈਦਾ ਹੋਏ ਗਿਰੀਸ਼ ਕਰਨਾਡ ਨੇ ਅੰਗਰੇਜ਼ੀ ਵਿਚ ਪੜ੍ਹਾਈ ਕੀਤੀ ਅਤੇ ਬਾਅਦ ਵਿਚ ਉਹ ਆਕਸਫੋਰਡ ਤੋਂ ਵੀ ਪੜ੍ਹੇ। ਉਹ ਭਾਰਤੀ ਸਟੇਜ ਦੇ ਸਭ ਤੋਂ ਜ਼ਿਆਦਾ ਪੜ੍ਹੇ-ਲਿਖੇ ਆਰਟਿਸਟ, ਲੇਖਕ ਤੇ ਯਾਰਾਂ ਦੇ ਯਾਰ ਸਨ। 'ਯਯਾਤਿ' ਤਾਂ ਉਨ੍ਹਾਂ ਨੇ ਆਕਸਫੋਰਡ ਵਿਚ ਹੀ ਲਿਖ ਦਿੱਤਾ ਸੀ। ਗਿਰੀਸ਼ ਕਰਨਾਡ ਨੇ ਕਈ ਤਜਰਬੇ ਆਪਣੀ ਆਵਾਜ਼ ਨਾਲ ਕੀਤੇ। ਸੰਨ 1999 ਵਿਚ ਅਬਦੁਲ ਕਲਾਮ ਦੀ ਜੀਵਨੀ ਨੂੰ ਉਨ੍ਹਾਂ ਨੇ ਆਪਣੀ ਆਵਾਜ਼ ਨਾਲ ਪ੍ਰਚਾਰਿਤ ਕੀਤਾ ਸੀ ਜੋ ਆਪਣੀ ਤਰ੍ਹਾਂ ਦਾ ਅਨੋਖਾ ਕੰਮ ਸੀ। ਭਾਰਤੀ ਫਿਲਮ ਟੈਲੀਵਿਜ਼ਨ ਤੇ ਫਿਲਮ ਸੰਸਥਾਨ ਦੇ ਉਹ ਨਿਰਦੇਸ਼ਕ ਵੀ ਰਹੇ। ਗਿਰੀਸ਼ ਨੂੰ ਬਹੁਤ ਇਨਾਮਾਂ ਨਾਲ ਸਨਮਾਨਿਆ ਗਿਆ। ਸੰਨ 1974 ਵਿਚ ਪਦਮਸ੍ਰੀ, 1992 ਵਿਚ ਪਦਮ ਵਿਭੂਸ਼ਨ ਅਤੇ 1998 ਵਿਚ ਗਿਆਨਪੀਠ ਪੁਰਸਕਾਰ ਦਿੱਤਾ ਗਿਆ। ਦੇਸ਼-ਵਿਦੇਸ਼ ਦੇ ਅਨੇਕਾਂ ਪੁਰਸਕਾਰਾਂ ਨਾਲ ਸਨਮਾਨਿਤ ਹੋਣ ਦੇ ਬਾਵਜੂਦ ਉਹ ਹਲੀਮੀ ਦੇ ਪੁੰਜ ਬਣੇ ਰਹੇ। ਅਸਲ ਵਿਚ ਉਨ੍ਹਾਂ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਸੀ ਕਿ ਉਹ ਆਪਣੇ ਆਲੇ-ਦੁਆਲੇ ਪ੍ਰਸ਼ੰਸਕਾਂ ਦਾ ਇਕ ਦਾਇਰਾ ਬਣਾ ਲੈਂਦੇ ਸਨ ਅਤੇ ਆਪਣੇ ਕਿਰਦਾਰ ਅਤੇ ਲੇਖਕ ਦਾ ਫ਼ਰਕ ਖ਼ਤਮ ਕਰ ਕੇ ਇਕ ਆਮ ਵਿਅਕਤੀ ਦੀ ਤਰ੍ਹਾਂ ਵਿਵਹਾਰ ਕਰਦੇ ਸਨ। ਗਿਰੀਸ਼ ਕਰਨਾਡ ਅਸਲ ਵਿਚ ਭਾਰਤੀ ਫਿਲਮ ਇੰਡਸਟਰੀ ਤੇ ਸਟੇਜ ਦੇ ਉਹ ਬਹੁ-ਅਯਾਮੀ ਆਰਟਿਸਟ ਸਨ ਜੋ ਭਾਰਤੀ ਸੱਭਿਆਚਾਰ ਤੇ ਸਾਹਿਤਕ ਫਿਲਮਾਂ ਨੂੰ ਭਲੀਭਾਂਤ ਜਾਣਦੇ ਸਨ। ਉਹ ਲੋਕ ਰੋਹ ਦੇ ਲੇਖਕ ਵੀ ਸਨ। ਭਾਰਤੀ ਸਿਨੇਮਾ ਵਿਚ ਸਮਾਨਾਂਤਰ ਸਿਨੇਮਾ ਦੇ ਆਗੂ ਨਿਰਮਾਤਾ, ਨਿਰਦੇਸ਼ਕਾਂ ਨਾਲ ਉਨ੍ਹਾਂ ਨੇ ਕੰਮ ਕੀਤਾ। 'ਸਵਾਮੀ' ਅਤੇ 'ਨਿਸ਼ਾਂਤ' ਆਦਿ ਫਿਲਮਾਂ ਉਨ੍ਹਾਂ ਦੀਆਂ ਭਾਰਤੀ ਸੱਭਿਆਚਾਰ ਨਾਲ ਜੁੜੀਆਂ ਪਹਿਲੀਆਂ ਫਿਲਮਾਂ ਸਨ। 'ਸਮਸਕਾਰਾ' 1970 ਵਿਚ ਅਨੰਤਮੂਰਤੀ ਦੇ ਨਾਵਲ 'ਤੇ ਬਣੀ ਕੰਨੜ ਫਿਲਮ ਵੀ ਇਸੇ ਸ਼੍ਰੇਣੀ ਦੀ ਇਕ ਫਿਲਮ ਸੀ।

ਅਸਲ ਵਿਚ ਗਿਰੀਸ਼ ਕਰਨਾਡ ਸਮੇਂ ਅਤੇ ਸਮਾਜ 'ਤੇ ਆਪਣੀ ਛਾਪ ਛੱਡਣ ਵਾਲੇ ਕਲਾਕਾਰ ਸਨ। ਆਪਣੀ ਪਤਨੀ ਡਾ. ਸਰਸਵਤੀ ਗਣਪਤੀ ਨਾਲ ਵੀ ਉਨ੍ਹਾਂ ਕੁਝ ਲਿਖਤਾਂ ਸਾਂਝੀਆਂ ਕੀਤੀਆਂ ਸਨ। ਆਪਣੀ ਸਥਾਪਤੀ ਦੇ ਦਿਨਾਂ 'ਚ ਉਹ ਖ਼ੁਦ ਨੂੰ ਲੇਖਕ ਤੇ ਸਟੇਜ ਕਲਾਕਾਰ ਜ਼ਿਆਦਾ ਮੰਨਦੇ ਸਨ। ਰੰਗ ਮੰਡਲੀ ਤੇ ਨਾਟਕ ਦੀ ਸਟੇਜ ਤੋਂ ਕੰਮ ਸ਼ੁਰੂ ਕਰ ਕੇ ਉਹ ਆਕਸਫੋਰਡ ਤੇ ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਰਹੇ। ਬੇਹੱਦ ਬਿੰਦਾਸ ਸ਼ਖ਼ਸੀਅਤ ਦੇ ਮਾਲਕ ਕਰਨਾਡ ਦੇ ਚਲੇ ਜਾਣ ਨਾਲ ਭਾਰਤੀ ਸਾਹਿਤ, ਸੱਭਿਆਚਾਰ ਤੇ ਸਿਨੇਮਾ ਸਟੇਜ ਦਾ ਇਕ ਉਹ ਤਾਰਾ ਟੁੱਟ ਗਿਆ ਹੈ ਜਿਸ ਦੀ ਭਰਪਾਈ ਹੋਣੀ ਬੇਹੱਦ ਮੁਸ਼ਕਲ ਹੈ। ਹਾਲਾਂਕਿ ਉਹ ਕਾਫੀ ਦਿਨਾਂ ਤੋਂ ਬਿਮਾਰ ਸਨ ਪਰ ਫਿਰ ਵੀ ਸਾਹਿਤ, ਸੱਭਿਆਚਾਰ, ਸਟੇਜ ਤੋਂ ਪਿੱਛੇ ਨਹੀਂ ਹਟੇ ਸਨ ਅਤੇ ਲਗਾਤਾਰ ਇਸ ਖੇਤਰ ਵਿਚ ਉਨ੍ਹਾਂ ਦੀਆਂ ਬੇਬਾਕ ਟਿੱਪਣੀਆਂ ਲੋਕਾਂ ਨਾਲ ਉਨ੍ਹਾਂ ਦੇ ਪਿਆਰ ਨੂੰ ਦਰਸਾਉਂਦੀਆਂ ਸਨ। ਉਨ੍ਹਾਂ ਬਾਰੇ ਲਿਖਦਿਆਂ ਮਨ ਭਾਰੀ ਤੇ ਉਦਾਸ ਹੈ ਕਿਉਂਕਿ ਉਹ ਜਦੋਂ ਵੀ ਮਿਲਦੇ ਸਨ, ਨਵਾਂ ਕੀ ਹੋ ਰਿਹੈ-ਬਾਰੇ ਪੁੱਛਦੇ ਸਨ। ਜਦੋਂ ਅਜਿਹੇ ਭਾਵਪੂਰਤ ਸਵਾਲ ਪੁੱਛਣ ਵਾਲਾ ਵਿਅਕਤੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਵੇ ਤਾਂ ਮਨ ਉਦਾਸ ਹੋਵੇਗਾ ਹੀ। ਐਸੇ ਕਰਮਸ਼ੀਲ ਤੇ ਹਰਮਨ-ਪਿਆਰੇ ਆਰਟਿਸਟ ਨੂੰ ਸਲਾਮ।

-ਮੋਬਾਈਲ ਨੰ. : 94787-30156

Posted By: Sukhdev Singh