ਸੀਬੀਆਈ ਤੇ ਐੱਨਸੀਬੀ ਨੇ ਪੁਲਿਸ ਦੇ ਸਹਿਯੋਗ ਨਾਲ ਕਈ ਰਾਜਾਂ ’ਚ ਛਾਪੇਮਾਰੀ ਕਰ ਕੇ ਨਸ਼ਿਆਂ ਦੀ ਖ਼ਰੀਦ–ਵੇਚ ’ਚ ਸ਼ਾਮਲ ਜਿੱਥੇ 175 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉੱਥੇ ਉਨ੍ਹਾਂ ਕੋਲੋਂ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਤੇ ਧਨ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਹੋ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਪੂਰੇ ਦੇਸ਼ ’ਚ ਆਪਣੀਆਂ ਜੜ੍ਹਾਂ ਜਮਾ ਲਈਆਂ ਹਨ। ਅਜਿਹੀ ਛਾਪੇਮਾਰੀ ਦਾ ਸਿਲਸਿਲਾ ਉਦੋਂ ਤਕ ਕਾਇਮ ਰਹਿਣਾ ਚਾਹੀਦਾ ਹੈ ਜਦੋਂ ਤਕ ਨਸ਼ਿਆਂ ਦੇ ਸਮੱਗਲਰਾਂ ਦਾ ਲੱਕ ਟੁੱਟ ਨਹੀਂ ਜਾਂਦਾ। ਇਹ ਜ਼ਰੂਰੀ ਹੀ ਨਹੀਂ ਲਾਜ਼ਮੀ ਹੈ ਕਿਉਂਕਿ ਨਸ਼ਿਆਂ ਦੀ ਵਧਦੀ ਖਪਤ ਨਾ ਸਿਰਫ਼ ਨੌਜਵਾਨਾਂ ਨੂੰ ਨਸ਼ੇ ਦਾ ਆਦੀ ਬਣਾ ਕੇ ਉਨ੍ਹਾਂ ਦਾ ਜੀਵਨ ਬਰਬਾਦ ਕਰ ਰਹੀ ਹੈ ਸਗੋਂ ਅਪਰਾਧ ਤੰਤਰ ਨੂੰ ਪ੍ਰਫੁੱਲਿਤ ਹੋਣ ਦਾ ਮੌਕਾ ਵੀ ਪ੍ਰਦਾਨ ਕਰ ਰਹੀ ਹੈ। ਇਹ ਮੰਨਣ ਦੇ ਬਹੁਤ ਸਾਰੇ ਕਾਰਨ ਹਨ ਕਿ ਅਪਰਾਧ ਜਗਤ ਨੇ ਨਸ਼ਿਆਂ ਨੂੰ ਆਪਣਾ ਨਵਾਂ ਹਥਿਆਰ ਬਣਾ ਲਿਆ ਹੈ। ਇਸ ਅਪਰਾਧ ਜਗਤ ’ਚ ਕਿਉਂਕਿ ਮਾਫ਼ੀਆ ਤੇ ਅੱਤਵਾਦੀ ਜਥੇਬੰਦੀਆਂ ਵੀ ਸ਼ਾਮਲ ਹਨ, ਇਸ ਲਈ ਉਨ੍ਹਾਂ ਵਿਰੁੱਧ ਫ਼ੈਸਲਾਕੁੰਨ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਜਿਹੀ ਕਿਸੇ ਕਾਰਵਾਈ ਨਾਲ ਹੀ ਉਨ੍ਹਾਂ ਦੇ ਹੌਸਲੇ ਢਹਿ–ਢੇਰੀ ਹੋਣਗੇ ਤੇ ਅੰਦਰੂਨੀ ਸੁਰੱਖਿਆ ਦਾ ਦ੍ਰਿਸ਼ ਸੁਧਰੇਗਾ। ਅੰਦਰੂਨੀ ਸੁਰੱਖਿਆ ਲਈ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਖ਼ਤਰਾ ਬਣੇ ਤੱਤਾਂ ਵਿਰੁੱਧ ਜ਼ੀਰੋ–ਟਾਲਰੈਂਸ ਦੀ ਨੀਤੀ ਹੀ ਉਨ੍ਹਾਂ ਦੇ ਅਜਿਹੇ ਕਾਰਿਆਂ ਦਾ ਮੂੰਹ ਤੋੜ ਸਕਦੀ ਹੈ। ਕਿਸੇ ਵੀ ਦੇਸ਼ ’ਚ ਨਸ਼ਿਆਂ ਦੇ ਸਮੱਗਲਰਾਂ ਦੀ ਸਰਗਰਮੀ ਅੰਦਰੂਨੀ ਸੁਰੱਖਿਆ ਪ੍ਰਣਾਲੀ ਸਾਹਵੇਂ ਕਿੰਨੀਆਂ ਗੰਭੀਰ ਚੁਣੌਤੀਆਂ ਖੜ੍ਹੀਆਂ ਕਰਦੀ ਹੈ, ਇਹ ਹੁਣ ਕਿਸੇ ਤੋਂ ਲੁਕਿਆ ਨਹੀਂ। ਇਸੇ ਲਈ ਨਾ ਸਿਰਫ਼ ਨਸ਼ਿਆਂ ਦੀ ਸਮੱਗਲਿੰਗ ਦੇ ਦੇਸ਼ ਪੱਧਰੀ ਨੈੱਟਵਰਕ ਨੂੰ ਤੋੜਨਾ ਹੋਵੇਗਾ ਸਗੋਂ ਉਸ ਆਲਮੀ ਨੈੱਟਵਰਕ ’ਤੇ ਵੀ ਲਗਾਮ ਕੱਸਣੀ ਹੋਵੇਗੀ, ਜੋ ਭਾਰਤ ’ਚ ਨਸ਼ੀਲੇ ਪਦਾਰਥ ਖਪਾਉਣ ’ਚ ਲੱਗਾ ਹੋਇਆ ਹੈ। ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਬੀਤੇ ਇਕ–ਡੇਢ ਸਾਲ ’ਚ ਸਰਹੱਦੀ ਰਾਜਾਂ ਤੇ ਬੰਦਰਗਾਹਾਂ ਦੇ ਨਾਲ ਮਹਾਨਗਰਾਂ ’ਚ ਵੱਡੀ ਮਾਤਰਾ ’ਚ ਨਸ਼ਿਆਂ ਦੀ ਉਸ ਖੇਪ ਨੂੰ ਫੜਿਆ ਗਿਆ ਹੈ, ਜੋ ਬਾਹਰਲੇ ਦੇਸ਼ਾਂ ਤੋਂ ਲਿਆਂਦੀ ਗਈ ਸੀ। ਇਸ ਨਤੀਜੇ ’ਤੇ ਪੁੱਜਣਾ ਸੁਭਾਵਿਕ ਹੈ ਕਿ ਬਾਹਰੋਂ ਲਿਆਂਦੇ ਗਏ ਨਸ਼ਿਆਂ ਦਾ ਇਕ ਹਿੱਸਾ ਦੇਸ਼ ਦੇ ਵੱਖੋ–ਵੱਖਰੇ ਇਲਾਕਿਆਂ ’ਚ ਲੋਕਾਂ ਤੱਕ ਪਹੁੰਚਾ ਦਿੱਤਾ ਗਿਆ ਹੋਵੇਗਾ। ਬਹੁਤ ਸੰਭਵ ਹੈ ਕਿ ਬੀਤੇ ਦਿਨੀਂ ‘ਆਪ੍ਰੇਸ਼ਨ ਗਰੁੜ’ ਅਧੀਨ ਕੀਤੀ ਗਈ ਛਾਪੇਮਾਰੀ ’ਚ ਅਜਿਹੇ ਹੀ ਲੋਕ ਗ੍ਰਿਫ਼ਤਾਰ ਕੀਤੇ ਗਏ ਹੋਣ। ਇਨ੍ਹਾਂ ਗ੍ਰਿਫ਼ਤਾਰ ਲੋਕਾਂ ਰਾਹੀਂ ਉਨ੍ਹਾਂ ਤੱਤਾਂ ਦੇ ਨਿਸ਼ਾਨੇ ’ਤੇ ਲਿਆ ਜਾਣਾ ਚਾਹੀਦਾ ਹੈ, ਜੋ ਬਾਹਰ ਤੇ ਵਿਸ਼ੇਸ਼ ਤੌਰ ’ਤੇ ਅਫ਼ਗ਼ਾਨਿਸਤਾਨ ਅਤੇ ਉਸ ਦੇ ਗੁਆਂਢੀ ਦੇਸ਼ਾਂ ਤੋਂ ਨਸ਼ੇ ਭਾਰਤ ਲਿਆ ਰਹੇ ਹਨ। ਉਨ੍ਹਾਂ ਸਾਰੇ ਕਾਰਨਾਂ ਦਾ ਹੱਲ ਲੱਭਿਆ ਜਾਣਾ ਚਾਹੀਦਾ ਹੈ, ਜਿਨ੍ਹਾਂ ਕਰਕੇ ਨਸ਼ਿਆਂ ਦੇ ਆਲਮੀ ਸਮੱਗਲਰਾਂ ਨੇ ਭਾਰਤ ਨੂੰ ਆਪਣਾ ਨਵਾਂ ਟਿਕਾਣਾ ਬਣਾ ਲਿਆ ਹੈ। ਇਹ ਖ਼ਦਸ਼ਾ ਹੈ ਕਿ ਨਸ਼ਿਆਂ ਦੇ ਸਮੱਗਲਰਾਂ ਵੱਲੋਂ ਨਸ਼ੀਲੇ ਪਦਾਰਥ ਭਾਰਤ ’ਚ ਖਪਾਉਣ ਦੇ ਨਾਲ–ਨਾਲ ਉਨ੍ਹਾਂ ਨੂੰ ਹੋਰ ਦੇਸ਼ਾਂ ’ਚ ਵੀ ਪਹੁੰਚਾਇਆ ਜਾ ਰਿਹਾ ਹੋਵੇ। ਭਾਰਤ ਨੂੰ ਨਸ਼ਿਆਂ ਦੀ ਸਮੱਗਲਿੰਗ ਉੱਤੇ ਲਗਾਮ ਕੱਸਣ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਨਸ਼ੀਲੇ ਪਦਾਰਥਾਂ ਵਿਰੁੱਧ ਲੋਕਾਂ ਤੇ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕੀਤਾ ਜਾਵੇ। ਪੰਜਾਬ ਦੀ ਸਰਹੱਦ ਕਿਉਂਕਿ ਪਾਕਿਸਤਾਨ ਨਾਲ ਲੱਗਦੀ ਹੈ, ਇਸ ਲਈ ਆਲਮੀ ਤਸਕਰੀ ਦਾ ਅਸਰ ਪੰਜਾਬੀ ਨੌਜਵਾਨਾਂ ’ਤੇ ਸਭ ਤੋਂ ਵੱਧ ਪੈਣ ਦਾ ਖ਼ਦਸ਼ਾ ਸਦਾ ਬਣਿਆ ਰਹਿੰਦਾ ਹੈ ਤੇ ਪੰਜਾਬ ਨੂੰ ਸੁਭਾਵਕ ਤੌਰ ’ਤੇ ਵਧੇਰੇ ਚੌਕਸੀ ਰੱਖਣ ਦੀ ਜ਼ਰੂਰਤ ਰਹਿੰਦੀ ਹੈ।

Posted By: Shubham Kumar