v>ਕੋਰੋਨਾ ਦੀ ਦੂਜੀ ਲਹਿਰ ’ਚ ਮੁਨਾਫ਼ਾਖੋਰੀ ਕਰਨ ਵਾਲੇ ਹਸਪਤਾਲਾਂ ਨੂੰ ਸੁਪਰੀਮ ਕੋਰਟ ਨੇ ਸ਼ੀਸ਼ਾ ਵਿਖਾਇਆ ਹੈ। ਬੀਤੇ ਦਿਨ ਸੁਪਰੀਮ ਕੋਰਟ ਨੇ ਹਸਪਤਾਲਾਂ ਦੀ ਮੌਜੂਦਾ ਭੂਮਿਕਾ ਨੂੰ ਲੈ ਕੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਮਹਾਮਾਰੀ ਦੇ ਇਸ ਦੌਰ ’ਚ ਹਸਪਤਾਲਾਂ ਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਪਰ ਉਹ ਰੀਅਲ ਅਸਟੇਟ ਉਦਯੋਗ ਵਾਂਗ ਹੋ ਗਏ ਹਨ। ਦਰਅਸਲ, ਕੋਰੋਨਾ ਮਹਾਮਾਰੀ ਦੌਰਾਨ ਜ਼ਿਆਦਾਤਰ ਹਸਪਤਾਲਾਂ ਨੇ ਇਸ ਨੂੰ ਕਮਾਈ ਦਾ ਮੌਕਾ ਬਣਾ ਲਿਆ ਹੈ। ਸਿਹਤ ਖੇਤਰ ਜੋ ਸੇਵਾ ਲਈ ਜਾਣਿਆ ਜਾਂਦਾ ਸੀ, ਅੱਜ ਸਿਰਫ਼ ਕਮਾਈ ’ਤੇ ਕੇਂਦ੍ਰਿਤ ਹੈ। ਹਸਪਤਾਲਾਂ ਦੇ ਹੋਟਲਾਂ ਵਾਂਗ ਪੈਕੇਜ ਹਨ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਹਸਪਤਾਲਾਂ ’ਚ ਬਦਇੰਤਜ਼ਾਮੀ ਦੇ ਜਿਹੋ ਜਿਹੇ ਦਿ੍ਰਸ਼ ਦੇਖਣ ਨੂੰ ਮਿਲੇ ਉਹ ਦਿਲ ਨੂੰ ਵਲੂੰਧਰਨ ਵਾਲੇ ਸਨ। ਦੂਜੇ ਪਾਸੇ ਸਰਕਾਰੀ ਹਸਪਤਾਲਾਂ ਦੀ ਹਾਲਤ ਤਾਂ ਹੋਰ ਵੀ ਖ਼ਰਾਬ ਹੈ। ਉੱਥੇ ਉੱਚ ਮੱਧ ਵਰਗ ਦੇ ਲੋਕ ਜਾਣਾ ਵੀ ਪਸੰਦ ਨਹੀਂ ਕਰਦੇ। ਇਹੀ ਕਾਰਨ ਹੈ ਕਿ ਨਿੱਜੀ ਹਸਪਤਾਲ ਮੁਨਾਫ਼ਾਖੋਰੀ ਦੀ ਰਾਹ ’ਤੇ ਤੁਰੇ ਹੋਏ ਹਨ। ਉੱਥੇ ਵੀ ਲੋਕ ਤਲਖ਼ ਤਜਰਬਿਆਂ ’ਚੋਂ ਖ਼ੂਬ ਗੁਜ਼ਰਦੇ ਹਨ। ਜਦ ਤਕ ਤੈਅ ਰਕਮ ਜਮ੍ਹਾ ਨਾ ਕਰਵਾ ਦਿੱਤੀ ਜਾਵੇ, ਉਦੋਂ ਤਕ ਮਰੀਜ਼ ਦਾ ਇਲਾਜ ਸ਼ੁਰੂ ਨਹੀਂ ਹੁੰਦਾ ਭਾਵੇਂ ਉਹ ਕਿੰਨੀ ਵੀ ਗੰਭੀਰ ਹਾਲਤ ਵਿਚ ਕਿਉਂ ਨਾ ਹੋਵੇ। ਜਲੰਧਰ ’ਚ ਵਾਪਰੀ ਇਕ ਘਟਨਾ ’ਚ ਹਸਪਤਾਲਾਂ ਦਾ ਗ਼ਲਤ ਰਵੱਈਆ ਦੇਖਣ ਨੂੰ ਮਿਲਿਆ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ। ਇਕ ਦੁਕਾਨਦਾਰ ਨੂੰ ਗੋਲ਼ੀ ਲੱਗਣ ਤੋਂ ਬਾਅਦ ਚਾਰ ਹਸਪਤਾਲਾਂ ਨੇ ਉਸ ਨੂੰ ਭਰਤੀ ਕਰਨ ਤੋਂ ਮਨ੍ਹਾ ਕਰ ਦਿੱਤਾ। ਸਾਥੀ ਦੁਕਾਨਦਾਰ 45 ਮਿੰਟ ਤਕ ਜ਼ਖ਼ਮੀ ਨੂੰ ਲੈ ਕੇ ਭਟਕਦੇ ਰਹੇ। ਸਿਵਲ ਹਸਪਤਾਲ ਤੋਂ ਉਸ ਨੂੰ ਇਕ ਨਿੱਜੀ ਹਸਪਤਾਲ ਭੇਜਿਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਜੇਕਰ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ। ਸੁਪਰੀਮ ਕੋਰਟ ਨੇ ਰਿਹਾਇਸ਼ੀ ਕਾਲੋਨੀਆਂ ’ਚ ਦੋ-ਤਿੰਨ ਕਮਰਿਆਂ ਵਾਲੇ ਫਲੈਟਾਂ ’ਚ ਚੱਲ ਰਹੇ ਉਨ੍ਹਾਂ ਨਰਸਿੰਗ ਹੋਮਜ਼ ਨੂੰ ਬੰਦ ਕਰਨ ਲਈ ਕਿਹਾ ਹੈ ਜਿਹੜੇ ਅੱਗ ਤੇ ਭਵਨ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਪੰਜਾਬ ’ਚ ਹੀ ਬਹੁਤ ਸਾਰੇ ਹਸਪਤਾਲ ਹਨ ਜਿਹੜੇ ਬਿਲਡਿੰਗ ਬਾਏਲਾਅਜ਼ ਨੂੰ ਤੋੜ ਕੇ ਬਣੇ ਹੋਏ ਹਨ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਸਪਤਾਲ ਮਹਾਮਾਰੀ ਦੇ ਸਮੇਂ ਮਰੀਜ਼ਾਂ ਨੂੰ ਰਾਹਤ ਦੇਣ ਲਈ ਬਣਾਏ ਗਏ ਹਨ ਪਰ ਉਹ ਪੈਸਾ ਬਣਾਉਣ ਦੀ ਮਸ਼ੀਨ ਬਣ ਗਏ ਹਨ। ਕੌੜੀ ਸੱਚਾਈ ਇਹ ਹੈ ਕਿ ਨਿੱਜੀ ਹਸਪਤਾਲਾਂ ਦੀ ਮਨਮਾਨੀ ਇਸ ਲਈ ਵੀ ਨਹੀਂ ਰੁਕ ਰਹੀ ਕਿਉਂਕਿ ਅਕਸਰ ਸਰਕਾਰਾਂ ਉਨ੍ਹਾਂ ਦੀਆਂ ਹਰਕਤਾਂ ਨੂੰ ਜਾਣੇ-ਅਨਜਾਣੇ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਦੁਨੀਆ ਦੇ ਕਈ ਮੁਲਕਾਂ ’ਚ ਕੋਰੋਨਾ ਦੀ ਤੀਜੀ ਲਹਿਰ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ ਸਮੇਂ ਸੁਪਰੀਮ ਕੋਰਟ ਵੱਲੋਂ ਹਸਪਤਾਲਾਂ ਦੀ ਹਾਲਤ ’ਤੇ ਕੀਤੀ ਗਈ ਸਖ਼ਤ ਟਿੱਪਣੀ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸਿਹਤ ਢਾਂਚੇ ਨੂੰ ਦਰੁਸਤ ਕਰਨ ਲਈ ਠੋਸ ਯੋਜਨਾ ਬਣਾਉਣੀ ਚਾਹੀਦੀ ਹੈ। ਮੁਨਾਫਾਖ਼ੋਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਸਿਹਤ ਸੇਵਾਵਾਂ ਦੇ ਰੇਟ ਤੈਅ ਕਰ ਦੇਣੇ ਚਾਹੀਦੇ ਹਨ। ਜੇ ਹਸਪਤਾਲਾਂ ’ਚ ਇਲਾਜ ਸਸਤਾ ਹੋ ਜਾਵੇ ਤਾਂ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਤੋਂ ਪਹਿਲਾਂ ਤਾਂ ਸਾਨੂੰ ਮੌਕਾ ਨਹੀਂ ਸੀ ਮਿਲਿਆ ਪਰ ਇਸ ਵੇਲੇ ਸਾਡੇ ਕੋਲ ਸਮਾਂ ਹੈ। ਸਰਕਾਰ ਨੂੰ ਆਪਣੇ ਸਿਹਤ ਤੰਤਰ ਦੀ ਸਮੀਖਿਆ ਕਰ ਕੇ ਉਸ ਦੀਆਂ ਕਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਜੋ ਹਸਪਤਾਲਾਂ ’ਚ ਲੋਕਾਂ ਨੂੰ ਚੰਗਾ ਤੇ ਸਸਤਾ ਇਲਾਜ ਮਿਲ ਸਕੇ।

Posted By: Jatinder Singh