-ਡਾ. ਓਪਿੰਦਰ ਸਿੰਘ ਲਾਂਬਾ

ਹਰ ਸਾਲ ਵਾਂਗ ਲੰਘੀ 26 ਜਨਵਰੀ ਨੂੰ ਮੁੱਖ ਮੰਤਰੀ ਦੇ ਸਮਾਗਮ ’ਤੇ ਮੇਰੀ ਡਿਊਟੀ ਪਟਿਆਲੇ ਸੀ। ਮੁੱਖ ਮੰਤਰੀ ਨਾਲ ਤਾਇਨਾਤ ਮੀਡੀਆ ਟੀਮ ਵੱਲੋਂ ਆਪਣੇ ਪ੍ਰੋਗਰਾਮ ਮੁਤਾਬਕ ਇਕ ਦਿਨ ਪਹਿਲਾਂ ਹੀ ਪੁੱਜ ਕੇ ਰਾਤ ਦੀ ਠਹਿਰ ਉੱਥੇ ਹੀ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਕਿਸਮ ਦੀ ਉਕਾਈ ਨਾ ਹੋਵੇ। ਰਵਾਇਤ ਅਨੁਸਾਰ ਹਰ ਸਾਲ ਤਿਰੰਗਾ 26 ਜਨਵਰੀ ‘ਗਣਤੰਤਰ ਦਿਵਸ’ ਵਾਲੇ ਦਿਨ ਸਵੇਰੇ 9:55 ਮਿੰਟ ’ਤੇ ਚੜ੍ਹਾਇਆ ਜਾਂਦਾ ਹੈ ਅਤੇ ਇਸੇ ਤਰ੍ਹਾਂ 15 ਅਗਸਤ ਨੂੰ ‘ਆਜ਼ਾਦੀ ਦਿਵਸ’ ਮੌਕੇ ਸਵੇਰੇ ਠੀਕ 8:55 ਲਹਿਰਾਇਆ ਜਾਂਦਾ ਹੈ। ਮਿੱਥੇ ਸਮੇਂ ’ਚ ਸਕਿੰਟਾਂ ਦੀ ਦੇਰੀ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਅਜਿਹੇ ਮਹੱਤਵਪੂਰਨ ਸਮਾਗਮਾਂ ’ਤੇ ਵੀਵੀਆਈਪੀਜ਼ ਲਈ ਸਖ਼ਤ ਸੁਰੱਖਿਆ ਕਾਰਨ ਸਾਡੇ ਲਈ ਤੈਅ ਸਮੇਂ ਤੋਂ ਪਹਿਲਾਂ ਪਹੁੰਚਣਾ ਕਿਤੇ ਜ਼ਿਆਦਾ ਜ਼ਰੂਰੀ ਹੁੰਦਾ ਹੈ। ਮੇਰੇ ਸਮੇਤ ਮੀਡੀਆ ਦਸਤਾ ਸਵੇਰੇ ਠੀਕ 8 ਵਜੇ ਨਿਸ਼ਚਿਤ ਸਥਾਨ ਪੋਲੋ ਗਰਾਊਂਡ ’ਤੇ ਪੁੱਜ ਗਿਆ। ਕੁਝ ਦਿਨ ਪਹਿਲਾਂ ਹੀ ਮੇਰੇ ਪੈਰ ’ਚ ਮੋਚ ਆਉਣ ਕਾਰਨ ਮੈਨੂੰ ਪੈਦਲ ਚੱਲਣ ਵਿਚ ਕਾਫੀ ਤਕਲੀਫ਼ ਮਹਿਸੂਸ ਹੋ ਰਹੀ ਸੀ ਅਤੇ ਮੈਂ ਆਪਣੇ ਪੀਆਰਓ ਕਮਲ ਦੇ ਮੋਢੇ ਦਾ ਸਹਾਰਾ ਲੈਂਦਿਆਂ ਆਪਣੀ ਮੰਜ਼ਿਲ ਵੱਲ ਲੰਗੜਾ ਕੇ ਜਾ ਰਿਹਾ ਸਾਂ।

ਸਥਾਨਕ ਲੋਕ ਸੰਪਰਕ ਅਫ਼ਸਰ ਦੀ ਮਦਦ ਨਾਲ ਅਸੀਂ ਪ੍ਰੈੱਸ ਗੈਲਰੀ ਵੱਲ ਤੁਰੇ ਜਾ ਰਹੇ ਸਾਂ ਕਿ ਇਸੇ ਦੌਰਾਨ ਡਿਊਟੀ ’ਤੇ ਤਾਇਨਾਤ ਇਕ ਸਿਪਾਹੀ ਅਚਾਨਕ ਨੱਸ ਕੇ ਮੇਰੇ ਕੋਲ ਆਇਆ ਅਤੇ ਆਖਣ ਲੱਗਾ, ‘‘ਚਾਚਾ, ਕਿੱਧਰ ਮੂੰਹ ਚੁੱਕਿਐ! ਤੈਨੂੰ ਨਹੀਂ ਪਤਾ ਕਿ ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਵਾਰਿਸਾਂ ਦੇ ਮਾਣ-ਸਨਮਾਨ ਲਈ ਉਨ੍ਹਾਂ ਦੇ ਬੈਠਣ ਦਾ ਇੰਤਜ਼ਾਮ ਖੱਬੇ ਪਾਸੇ ਸਟੇਜ ਲਾਗੇ ਕੀਤਾ ਹੋਇਆ ਹੈ।’’ ਮੈਂ ਇਹ ਸਭ ਸੁਣ ਕੇ ਡੌਰ-ਭੌਰ ਹੋ ਗਿਆ ਅਤੇ ਮਲਕਣੇ ਜਿਹੇ ਆਪਣੀ ਜੇਬ ਵਿੱਚੋਂ ਬਟੂਆ ਕੱਢ ਕੇ ਉਸ ਨੂੰ ਸ਼ਨਾਖਤੀ ਕਾਰਡ ਦਿਖਾਇਆ। ਪਰ ਉਸ ਦੀ ਫਿਰ ਵੀ ਤਸੱਲੀ ਨਾ ਹੋਈ। ਆਖ਼ਰ ਮੈਂ ਮੁੱਖ ਮੰਤਰੀ ਦਫ਼ਤਰ ਦੇ ਸਕਿਉਰਿਟੀ ਅਮਲੇ ਦੇ ਇਕ ਕਰਮਚਾਰੀ ਜੋ ਮੈਨੂੰ ਸਿਆਣਦਾ ਸੀ, ਨੂੰ ਸੈਨਤ ਮਾਰਦਿਆਂ ਆਪਣੇ ਵੱਲ ਸੱਦਿਆ ਜਿਸ ਨੇ ਉਸ ਸਿਪਾਹੀ ਨੂੰ ਸਮਝਾਇਆ ਕਿ ਇਹ ਸਾਡੇ ਸਾਬ੍ਹ ਨੇ ਜਿਨ੍ਹਾਂ ਦੀ ਡਿਊਟੀ ਮੁੱਖ ਮੰਤਰੀ ਸਾਹਿਬ ਨਾਲ ਹੈ। ਉਹ ਸਿਪਾਹੀ ਹੱਥ ਜੋੜੀ ਮੈਨੂੰ ਕਹਿਣ ਲੱਗਾ, ‘‘ਸਾਬ੍ਹ ਮੈਨੂੰ ਮਾਫ਼ ਕਰ ਦਿਉ, ਮੈਨੂੰ ਭੁਲੇਖਾ ਲੱਗਾ ਹੈ।’’ ਮੈਂ ਉਸ ਦੀ ਗ਼ਲਤੀ ਨੂੰ ਅਣਗੌਲਿਆ ਕਰਦਿਆਂ ਉਸ ਨੂੰ ਅਗਾਂਹ ਤੋਂ ਸੁਚੇਤ ਅਤੇ ਆਪਣੇ ਵਰਤਾਰੇ ’ਚ ਹਲੀਮੀ ਲਿਆਉਣ ਦੀ ਤਾਕੀਦ ਕੀਤੀ। ਇਸ ਮਗਰੋਂ ਉਸ ਦੇ ਚਿਹਰੇ ਦਾ ਰੰਗ ਤਾਂ ਉੱਡ ਗਿਆ ਪਰ ਮੈਨੂੰ ਦੁੱਖ ਇਸ ਗੱਲ ਦਾ ਸੀ ਕਿ ਜਨਤਕ ਡਿਊਟੀ ਨਿਭਾ ਰਿਹਾ ਇਹ ਸਿਪਾਹੀ ਲੋਕਾਚਾਰੀ ਦੀਆਂ ਕਦਰਾਂ-ਕੀਮਤਾਂ ਨੂੰ ਵਿਸਾਰ ਚੁੱਕਾ ਸੀ।

ਅਜੇ ਕੁਝ ਕਦਮ ਔਖੇ-ਸੌਖੇ ਹੀ ਤੁਰਿਆ ਹੋਵਾਂਗਾ ਕਿ ਪੈਰ ’ਚ ਪੀੜ ਹੋਰ ਵਧ ਗਈ ਅਤੇ ਹੁਣ ਤਾਂ ਚੱਲਣਾ ਵੀ ਮੁਹਾਲ ਹੋ ਗਿਆ ਸੀ। ਮੇਰਾ ਕੱਦ ਮਧਰਾ ਹੋਣ ਕਰਕੇ ਮੈਂ ਆਪਣੇ ਕੁਲੀਗ ਕਮਲ ਦੇ ਲੱਕ ਨੂੰ ਜੱਫਾ ਪਾ ਲਿਆ। ਓਧਰੋਂ ਇਕ ਹੋਰ ਕਰਮਚਾਰੀ ਭੱਜਦਾ ਹੋਇਆ ਮੇਰੇ ਵੱਲ ਆਇਆ ਤੇ ਉਸ ਨੂੰ ਰੋਕ ਕੇ ਕਹਿਣ ਲੱਗਾ, ‘‘ਬਾਈ, ਬਾਬੇ ਨੂੰ ਦੂਜੀ ਸਾਈਡ ਲੈ ਕੇ ਜਾ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਹੋਇਆ ਹੈ।’’ ਮੈਨੂੰ ਭੋਰਾ ਵੀ ਸਮਝ ਨਾ ਪਈ ਕਿ ਉਹ ਕੀ ਕਹਿ ਰਿਹਾ ਹੈ। ਮੈਂ ਥੋੜੇ੍ਹ ਰੋਅਬ ਨਾਲ ਪੁੱਛਿਆ, ‘‘ਤੂੰ ਕੌਣ ਹੈ?’’ ਉਹਨੇ ਪੂਰੀ ਮੜਕ ਨਾਲ ਬਿਨਾਂ ਤੁਆਰਫ ਕਰਾਉਂਦਿਆਂ ਆਖਿਆ, ‘‘ਬਾਬਾ ਤੈਂ ਕੀ ਲੈਣੈ?’’ ਮੈਂ ਉਸ ਨੂੰ ਕਿਹਾ, ‘‘ਕਾਕਾ ਤੂੰ ਮੈਥੋਂ ਉਮਰ ’ਚ ਖਾਸਾ ਛੋਟਾ ਏਂ ਅਤੇ ਘੱਟੋ-ਘੱਟ ਮੇਰੀ ਉਮਰ ਦਾ ਹੀ ਭੋਰਾ ਲਿਹਾਜ਼ ਕਰ ਪਰ ਉਹ ਸਰਕਾਰੀ ਨੌਕਰੀ ਦੀ ਹਉਮੈ ’ਚ ਹੋਰ ਬਦਸਲੂਕੀ ਕਰਦਿਆਂ ਅੱਗੋਂ ਕਹਿਣ ਲੱਗਾ, ‘‘ਬਾਬਾ, ਮੈਂ ਕੁਝ ਗ਼ਲਤ ਤਾਂ ਨਹੀਂ ਕਿਹਾ। ਮੈਂ ਤਾਂ ਸਿਰਫ਼ ਏਨਾ ਕਿਹੈ ਕਿ ਇੱਧਰ ਨਹੀਂ ਓਧਰ ਜਾ ਕੇ ਬੈਠੋ ਕਿਉਂਕਿ ਅਪੰਗ ਤੇ ਬੇਸਹਾਰਾ ਵਿਅਕਤੀਆਂ ਨੂੰ ਟ੍ਰਾਈਸਾਈਕਲ ਅਤੇ ਵ੍ਹੀਲਚੇਅਰ ਉੱਥੇ ਹੀ ਵੰਡੇ ਜਾਣੇ ਹਨ। ਇਹ ਸੁਣ ਕੇ ਮੇਰਾ ਪਾਰਾ ਹੋਰ ਚੜ੍ਹ ਗਿਆ ਪਰ ਮੈਂ ਚੁੱਪ-ਚਪੀਤੇ ਆਪਣਾ ਗੁੱਸਾ ਪੀ ਗਿਆ ਅਤੇ ਸਹਿਜੇ ਪ੍ਰੈੱਸ ਗੈਲਰੀ ਵੱਲ ਹੋ ਤੁਰਿਆ। ਇਸੇ ਦੌਰਾਨ ਚੰਡੀਗੜ੍ਹੋਂ ਪੁੱਜਿਆ ਇਕ ਉੱਚ ਅਧਿਕਾਰੀ ਰਾਹ ’ਚ ਮਿਲਿਆ ਤੇ ਉਸ ਨੇ ਮੈਥੋਂ ਸਬੱਬੀ ਪੁੱਛਿਆ,‘‘ ਇੱਥੇ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਪੁੱਜਣ ’ਚ ਕੋਈ ਤਕਲੀਫ਼ ਤਾਂ ਨਹੀਂ ਹੋਈ?’’

ਮੈਂ ਅਜੇ ਕੁਝ ਪਲ ਪਹਿਲਾਂ ਹੀ ਇਹ ਦੋ ਸੱਜਰੀਆਂ ਘਟਨਾਵਾਂ ਜੋ ਮੇਰੇ ਨਾਲ ਵਾਪਰੀਆਂ ਸਨ, ਉਨ੍ਹਾਂ ਦੀ ਮਾਨਸਿਕ ਪੀੜ ਹੰਢਾ ਰਿਹਾ ਸਾਂ। ਫਿਰ ਵੀ ਓਪਰਾ ਜਿਹਾ ਹਾਸਾ ਹੱਸਦਿਆਂ ਮੈਂ ਕਿਹਾ, ‘‘ਜਨਾਬ, ਚੜ੍ਹਦੀ ਕਲਾ ਆ।’’ ਇਹ ਸੁਣ ਕੇ ਉਹ ਮੈਨੂੰ ਆਪਣੇ ਨਾਲ ਮੇਨ ਸਟੇਜ ’ਤੇ ਲੈ ਗਿਆ ਜਿੱਥੇ ਮੈਂ ਬੈਠਾ ਚੱਲਦੇ ਸਮਾਗਮ ਦੌਰਾਨ ਇਹੀ ਸੋਚੀ ਗਿਆ ਕਿ ਲੋਕ ਚਿਹਰੇ ਤੋਂ ਹੀ ਇਨਸਾਨ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਲਾ ਲੈਂਦੇ ਹਨ ਜੋ ਕਿ ਇਕ ਬਹੁਤ ਵੱਡੀ ਭੁੱਲ ਹੈ। ਖ਼ੈਰ! ਮੈਂ ਇਹ ਸੋਚਣ ਲਈ ਮਜਬੂਰ ਹੋ ਗਿਆ ਕਿ ਕਈ ਵਾਰ ਸਰਕਾਰੀ ਡਿਊਟੀ ਨਿਭਾ ਰਿਹਾ ਮੁਲਾਜ਼ਮ ਇਨਸਾਨੀਅਤ ਤੋਂ ਕਿੰਨਾ ਬੇਮੁੱਖ ਹੋ ਜਾਂਦਾ ਹੈ।

ਗਣਤੰਤਰ ਦਿਵਸ ਵਾਲੇ ਦਿਨ ਮਹੱਤਵਪੂਰਨ ਥਾਂ ’ਤੇ ਡਿਊਟੀ ਨਿਭਾ ਰਹੇ ਦੋਵੇਂ ਕਰਮਚਾਰੀਆਂ ਨੇ ਇਨਸਾਨ ਪ੍ਰਤੀ ਦਸਤਾਰ, ਗੁਫਤਾਰ ਤੇ ਰਫ਼ਤਾਰ ਬਾਰੇ ਆਪਣੀ ਹੀ ਪਰਿਭਾਸ਼ਾ ਘੜੀ ਹੋਈ ਸੀ ਜਿਸ ਕਰਕੇ ਉਨ੍ਹਾਂ ਨੇ ਉਸ ਵੇਲੇ ਮੇਰੇ ਚਿਹਰੇ-ਮੋਹਰੇ ਤੇ ਵਿਗੜੀ ਹਾਲਤ ਦਾ ਆਪਣੀ ਸਮਝ ਮੁਤਾਬਕ ਅਰਥ ਕੱਢਦਿਆਂ ਮੇਰੀ ਹੋਂਦ ਦਾ ਅੰਦਾਜ਼ਾ ਲਾ ਲਿਆ। ਅਕਸਰ ਦੁਨਿਆਵੀ ਲੋਕ ਮਨੁੱਖ ਦੀ ਬਾਹਰੀ ਦਿੱਖ ਤੋਂ ਹੀ ਉਸ ਦੇ ਕਿਰਦਾਰ ਚਿਤਰਨ ਦੀ ਭੁੱਲ ਕਰ ਬੈਠਦੇ ਹਨ। ਪਰ ਸੱਚਾਈ ਇਹ ਹੈ ਕਿ ਸਿਰਫ਼ ਕਿਆਸ ਲਾਉਣ ਨਾਲ ਹੀ ਕਾਦਰ-ਕਰੀਮ ਵੱਲੋਂ ਬਖ਼ਸ਼ੀ ਸੂਰਤ ਤੇ ਸੀਰਤ ’ਚੋਂ ਮੂਰਤ ਨਹੀਂ ਘੜੀ ਜਾ ਸਕਦੀ।

(ਐਡੀਸ਼ਨਲ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ)

ਮੋਬਾਈਲ : 97800-36136

Posted By: Jatinder Singh