-ਡਾ. ਸਤਿੰਦਰ ਸਿੰਘ

ਸਾਲਾਨਾ ਪ੍ਰੀਖਿਆਵਾਂ ਦੇ ਨਜ਼ਦੀਕ ਆਉਂਦੇ ਹੀ ਵਿਦਿਆਰਥੀਆਂ, ਮਾਪਿਆਂ ਅਤੇ ਸਮੁੱਚੇ ਘਰ ਦਾ ਮਾਹੌਲ ਤਣਾਅ ਵਾਲਾ ਬਣ ਜਾਂਦਾ ਹੈ। ਵਿਦਿਆਰਥੀਆਂ ਉੱਪਰ ਮੁਕਾਬਲੇ ਦੀ ਪ੍ਰੀਖਿਆ ਜਾਂ ਬੋਰਡ ਦੀ ਜਮਾਤ ਵਿੱਚੋਂ ਚੰਗੇ ਅੰਕ ਲੈਣ ਦਾ ਜਿੱਥੇ ਦਬਾਅ ਹੁੰਦਾ ਹੈ, ਉੱਥੇ ਹੀ ਮਾਪਿਆਂ ਦੀਆਂ ਇੱਛਾਵਾਂ ਵੀ ਬਹੁਤ ਵਧੀਆਂ ਹੁੰਦੀਆਂ ਹਨ।

ਵੱਧ ਰਿਹਾ ਮੁਕਾਬਲਾ, ਦੂਸਰੇ ਵਿਦਿਆਰਥੀਆਂ ਨਾਲ ਤੁਲਨਾ ਕਰਦੇ ਹੋਏ ਵੱਧ ਅੰਕ ਲੈਣ ਦੀ ਲੱਗੀ ਅੰਨ੍ਹੀ ਦੌੜ, ਦੋਸਤਾਂ-ਮਿੱਤਰਾਂ ਅਤੇ ਸਮਾਜ ਵਿਚ ਇੱਜ਼ਤ ਬਣਾਈ ਰੱਖਣ ਦੀ ਇੱਛਾ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੇ ਦਿਨਾਂ ਵਿਚ ਬਹੁਤ ਵੱਡੇ ਮਾਨਸਿਕ ਤਣਾਅ ਵੱਲ ਲੈ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਇਸ ਦਾ ਮਾੜਾ ਅਸਰ ਵਿਦਿਆਰਥੀਆਂ ਦੀ ਕਾਰਜ-ਕੁਸ਼ਲਤਾ ਉੱਪਰ ਪੈਂਦਾ ਹੈ।

ਫ਼ਲਸਰੂਪ,ਪੜ੍ਹਾਈ ਨਿਸ਼ਚਿਤ ਸਮੇਂ ’ਤੇ ਮੁਕੰਮਲ ਨਹੀਂ ਹੋ ਪਾਉਂਦੀ, ਮਨ ਵਿਚ ਨਕਾਰਾਤਮਕ ਵਿਚਾਰ ਉਤਪੰਨ ਹੋਣ ਲੱਗਦੇ ਹਨ ਤੇ ਨੀਂਦ ਘੱਟ ਆਉਣ ਲੱਗਦੀ ਹੈ। ਇਸ ਸਥਿਤੀ ਵਿਚ ਵਿਦਿਆਰਥੀ ਆਪਣੀ ਖ਼ੁਰਾਕ ਘੱਟ ਕਰਨ ਲੱਗਦੇ ਹਨ।

ਉਨ੍ਹਾਂ ਦੇ ਸੁਭਾਅ ਵਿਚ ਵੀ ਬਹੁਤ ਵੱਡੀ ਤਬਦੀਲੀ ਨਜ਼ਰ ਆਉਂਦੀ ਹੈ। ਹਮੇਸ਼ਾ ਖਿਝੇ-ਖਿਝੇ ਰਹਿਣਾ ਅਤੇ ਬਹੁਤ ਜਲਦੀ ਗੁੱਸੇ ਵਿਚ ਆ ਜਾਣ ਤੋਂ ਇਲਾਵਾ ਅਨੇਕਾਂ ਵਾਰ ਵਿਦਿਆਰਥੀ ਗੰਭੀਰ ਕਦਮ ਵੀ ਚੁੱਕ ਲੈਂਦੇ ਹਨ। ਪ੍ਰੀਖਿਆ ਵਿਚ ਸਫਲਤਾ ਲਈ ਤਣਾਅ ਮੁਕਤ ਜੀਵਨ ਬੇਹੱਦ ਜ਼ਰੂਰੀ ਹੈ। ਵਿਦਿਆਰਥੀ ਵਰਗ ਦਾ ਪ੍ਰੀਖਿਆ ਪ੍ਰਤੀ ਨਜ਼ਰੀਆ ਸਾਕਾਰਾਤਮਕ ਹੋਣਾ ਚਾਹੀਦਾ ਹੈ।

ਪ੍ਰੀਖਿਆ ਨੂੰ ਇਕ ਉਤਸਵ ਦੀ ਤਰ੍ਹਾਂ ਲੈਣਾ ਚਾਹੀਦਾ ਹੈ। ਜੀਵਨ ਵਿਚ ਸਫਲਤਾ ਦਾ ਮਾਪਦੰਡ ਸਿਰਫ਼ ਪ੍ਰੀਖਿਆ ਵਿਚ 95 ਪ੍ਰਤੀਸ਼ਤ ਅੰਕ ਲੈਣਾ ਜਾਂ ਮੈਰਿਟ ਵਿਚ ਆਉਣਾ ਹੀ ਨਹੀਂ ਹੈ ਬਲਕਿ ਕੁਝ ਨਵਾਂ ਸਿੱਖਣਾ, ਕੁਝ ਨਵਾਂ ਕਰਨਾ, ਸਿਰਜਣਾਤਮਕ ਸੋਚ ਉਤਪੰਨ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦਾ ਸਰੀਰਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਕਰਨਾ ਹੈ। ਇਸ ਲਈ ਪ੍ਰੀਖਿਆ ਪ੍ਰਤੀ ਵੀ ਸਾਡਾ ਨਜ਼ਰੀਆ ਜੋ ਕੁਝ ਸਾਰਾ ਸਾਲ ਪੜਿ੍ਹਆ ਹੈ, ਉਸ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਨ ਵਾਲਾ ਹੋਣਾ ਚਾਹੀਦਾ ਹੈ। ਅਜਿਹਾ ਸਕਾਰਾਤਮਕ ਮਾਹੌਲ ਸਿਰਜਣ ਲਈ ਸਿੱਖਿਆ ਦੇ ਮੌਜੂਦਾ ਢਾਂਚੇ ਵਿਚ ਠੋਸ ਤਬਦੀਲੀ ਦੇ ਨਾਲ-ਨਾਲ ਅਧਿਆਪਕ ਵਰਗ, ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਵੀ ਕੁਝ ਪਹਿਲਕਦਮੀ ਕਰ ਕੇ ਢੁੱਕਵੇਂ ਕਦਮ ਚੁੱਕਣੇ ਪੈਣਗੇ। ਸਿਰਫ਼ ਵਿਦਿਆਰਥੀ ਵਰਗ ਨੂੰ ਤਣਾਅ ਮੁਕਤ ਪ੍ਰੀਖਿਆ ਦੇਣ ਦੀਆਂ ਗੱਲਾਂ ਕਰਨ ਨਾਲ ਹੀ ਮਸਲੇ ਦਾ ਹੱਲ ਨਹੀਂ ਹੋਣ ਵਾਲਾ ਹੈ।

ਆਮ ਤੌਰ ’ਤੇ ਦੇਖਣ ਵਿਚ ਆਉਂਦਾ ਹੈ ਕਿ ਬੱਚੇ ਸਾਰਾ ਸਾਲ ਪੜ੍ਹਾਈ ਵੱਲ ਬਹੁਤੀ ਤਵੱਜੋ ਨਹੀਂ ਦਿੰਦੇ। ਇਮਤਿਹਾਨਾਂ ਦੇ ਦਿਨਾਂ ਵਿਚ ਉਨੀਂਦਰੇ ਝਾਗ ਕੇ ਪੜ੍ਹਦੇ ਹਨ। ਪੜ੍ਹਾਈ ਨੂੰ ਯੋਜਨਾਬੱਧ ਤਰੀਕੇ ਨਾਲ ਕਰਨ ਵਾਲੇ ਬੱਚੇ ਸਾਲ ਦੇ ਸ਼ੁਰੂ ਵਿਚ ਹੀ ਟਾਈਮ-ਟੇਬਲ ਬਣਾ ਲੈਂਦੇ ਹਨ। ਸੋ, ਵਿਦਿਆਰਥੀ ਦੀ ਸਫਲਤਾ ਲਈ ਸਕਾਰਾਤਮਕ ਤਣਾਅ ਲੈ ਕੇ ਪੂਰਾ ਸਾਲ ਠੋਸ ਯੋਜਨਾਬੰਦੀ ਨਾਲ ਮਿਹਨਤ ਕਰਨੀ ਅਤੇ ਨਕਾਰਾਤਮਕ ਤਣਾਅ ਤੋਂ ਮੁਕਤ ਰਹਿਣਾ ਬੇਹੱਦ ਜ਼ਰੂਰੀ ਹੈ।

ਨਕਾਰਾਤਮਕ ਤਣਾਅ ਹਮੇਸ਼ਾ ਅਸੁਰੱਖਿਆ ਤੋਂ ਪੈਦਾ ਹੁੰਦਾ ਹੈ। ਜਦੋਂ ਵਿਦਿਆਰਥੀ ਸਕੂਲ ਜਾਂ ਕਾਲਜ ਵਿਚ ਪੂਰਾ ਸਾਲ ਪੜ੍ਹਾਈ ਤੋਂ ਦੂਰ ਰਹਿੰਦਾ ਹੈ ਤਾਂ ਪ੍ਰੀਖਿਆ ਦੇ ਨਜ਼ਦੀਕ ਭਵਿੱਖ ਪ੍ਰਤੀ ਚਿੰਤਤ ਹੋਇਆ ਮਾਨਸਿਕ ਤਣਾਅ ਵਿਚ ਆ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਮਾਂ ਰਹਿੰਦੇ ਹੀ ਇਸ ਦਾ ਹੱਲ ਸੋਚਿਆ ਜਾਵੇ ਤਾਂ ਮਾਨਸਿਕ ਤਣਾਅ ਤੋਂ ਬਚਿਆ ਜਾ ਸਕਦਾ ਹੈ।

ਇਸ ਲਈ ਜ਼ਰੂਰੀ ਹੈ ਕਿ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਤਣਾਅ ਦੇ ਕਾਰਨਾਂ ਦਾ ਪਤਾ ਲਗਾਉਣਾ ਚਾਹੀਦਾ ਹੈ। ਜਿਹੜੀ ਵਿਸ਼ਾ-ਵਸਤੂ ਮੁਸ਼ਕਿਲ ਲੱਗਦੀ ਹੈ, ਉਸ ਦੀ ਸੂਚੀ ਲਿਖਤੀ ਰੂਪ ਵਿਚ ਬਣਾਈ ਜਾਵੇ ਅਤੇ ਇਕ ਸੂਚੀ ਬੇਹੱਦ ਆਸਾਨ ਲੱਗਦੀ ਵਿਸ਼ਾ-ਵਸਤੂ ਦੀ ਬਣਾਈ ਜਾਵੇ। ਮੁਸ਼ਕਲ ਵਿਸ਼ੇ ਵਾਰ-ਵਾਰ ਪੜ੍ਹਨ ਉਪਰੰਤ ਆਸਾਨ ਲੱਗਣ ਲੱਗਦੇ ਹਨ ਅਤੇ ਚਿੰਤਾ ਦਿੰਦਾ ਕੰਮ ਹੌਲੀ-ਹੌਲੀ ਸੌਖਾ ਲੱਗਣ ਲੱਗਦਾ ਹੈ। ਪ੍ਰੀਖਿਆ ਦੇ ਦਿਨਾਂ ਵਿਚ ਕੀਤੇ ਜਾਣ ਵਾਲੇ ਕੰਮ ਦੀ ਠੋਸ ਯੋਜਨਾਬੰਦੀ ਅਤੀ ਜ਼ਰੂਰੀ ਹੈ ਅਤੇ ਉਸ ਯੋਜਨਾ ਅਨੁਸਾਰ ਕੰਮ ਕਰਨ ਦੀ ਇੱਛਾ ਸ਼ਕਤੀ ਦਾ ਹੋਣਾ ਵੀ ਜ਼ਰੂਰੀ ਹੈ। ਕੁਝ ਸਮੇਂ ਬਾਅਦ ਕੀਤੇ ਕੰਮਾਂ ਦੀ ਯੋਜਨਾ ਅਨੁਸਾਰ ਸੋਚੇ ਕੰਮ ਨਾਲ ਤੁਲਨਾ ਜ਼ਰੂਰ ਕਰਨੀ ਚਾਹੀਦੀ ਹੈ। ਪ੍ਰੀਖਿਆ ਦੇ ਦਿਨਾਂ ਵਿਚ ਨਕਾਰਾਤਮਕ ਵਿਚਾਰਾਂ ਅਤੇ ਨਕਾਰਾਤਮਕ ਲੋਕਾਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ।

ਸਮਾਂ ਪ੍ਰਬੰਧਨ ਰਾਹੀਂ ਜੇਕਰ ਪੂਰੇ ਦਿਨ ਦੀ ਉੱਚਿਤ ਸਮਾਂ-ਸਾਰਨੀ ਨਿਸ਼ਚਿਤ ਕਰ ਲਈ ਜਾਵੇ ਜਿਸ ਵਿਚ ਪੜ੍ਹਾਈ ਦਾ ਸਮਾਂ ਨਿਸ਼ਚਿਤ ਕਰਨ ਤੋਂ ਇਲਾਵਾ ਥੋੜ੍ਹਾ ਸਮਾਂ ਕੁਝ ਰੋਮਾਂਚਕ ਗਤੀਵਿਧੀਆਂ ਲਈ, ਸੈਰ ਜਾਂ ਕਸਰਤ ਦੇ ਇਲਾਵਾ ਇਕਾਗਰਤਾ ਬਣਾਈ ਰੱਖਣ ਅਤੇ ਊਰਜਾ ਭਰਪੂਰ ਦਿਨ ਬਤੀਤ ਕਰਨ ਲਈ 6 ਤੋਂ 7 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।

ਦਿਨ ਦੀ ਸ਼ੁਰੂਆਤ ਚੰਗੇ ਨਾਸ਼ਤੇ ਨਾਲ ਕਰਨ ਦੇ ਨਾਲ-ਨਾਲ ਪ੍ਰੀਖਿਆ ਦੇ ਦਿਨਾਂ ਵਿਚ ਸੰਤੁਲਿਤ ਖ਼ੁਰਾਕ ਬੇਹੱਦ ਜ਼ਰੂਰੀ ਹੈ। ਪ੍ਰੀਖਿਆਵਾਂ ਦੇ ਦੌਰ ਵਿਚ ਫੋਨ ਅਤੇ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਬਹੁਤ ਵੱਡੀ ਰੁਕਾਵਟ ਬਣ ਰਹੀ ਹੈ। ਇਨ੍ਹਾਂ ਸਾਧਨਾਂ ਦੀ ਸੁਚੱਜੀ ਵਰਤੋਂ ਕਰ ਕੇ ਵਿਦਿਆਰਥੀ ਗਿਆਨ ਦਾ ਖ਼ਜ਼ਾਨਾ ਹਾਸਲ ਕਰ ਸਕਦਾ ਸੀ ਪਰ ਨੌਜਵਾਨ ਵਰਗ ਇਸ ਦੀ ਗੁਲਾਮੀ ਵੱਲ ਵੱਧ ਰਿਹਾ ਹੈ। ਪ੍ਰੀਖਿਆ ਦੇ ਦਿਨਾਂ ਵਿਚ ਵਿਦਿਆਰਥੀਆਂ ਨੂੰ ਫੋਨ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ।

ਅਜੋਕੀ ਪੀੜ੍ਹੀ ਸੋਸ਼ਲ ਮੀਡੀਆ ’ਤੇ ਆਪਣਾ ਬਹੁਤਾ ਸਮਾਂ ਵਿਅਰਥ ਗੁਆ ਰਹੀ ਹੈ। ਪੁਸਤਕ ਸੱਭਿਆਚਾਰ ਤੋਂ ਦੂਰੀ ਵਿਦਿਆਰਥੀਆਂ ਨੂੰ ਮਹਿੰਗੀ ਪੈ ਸਕਦੀ ਹੈ। ਇੰਟਰਨੈੱਟ ’ਤੇ ਬੇਸ਼ੁਮਾਰ ਗਿਆਨ ਪਿਆ ਹੈ ਪਰ ਸਾਡੇ ਵਿਦਿਆਰਥੀ ਇਸ ਨੂੰ ਅੱਖੋਂ-ਪਰੋਖੇ ਕਰ ਕੇ ਫਾਲਤੂ ਸਾਈਟਾਂ ’ਤੇ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਹਨ।

ਪ੍ਰੀਖਿਆ ਦੌਰਾਨ ਪਰਿਵਾਰਕ ਮੈਂਬਰਾਂ ਦਾ ਵਿਦਿਆਰਥੀ ਪ੍ਰਤੀ ਰਵੱਈਆ ਉਤਸ਼ਾਹਿਤ ਕਰਨ ਵਾਲਾ ਹੋਣਾ ਚਾਹੀਦਾ ਹੈ।

ਪੜ੍ਹਾਈ ਸਬੰਧੀ ਸਖ਼ਤੀ ਕਰਨਾ ਜਾਂ ਵਿਸ਼ੇ ਦੀ ਚੋਣ ਥੋਪਣਾ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਜ਼ਰੂਰਤ ਪੈਣ ’ਤੇ ਵਿਦਿਆਰਥੀ ਦੀ ਮਾਹਿਰ ਕੋਲੋਂ ਕੌਂਸਲਿੰਗ ਵੀ ਕਰਵਾਈ ਜਾ ਸਕਦੀ ਹੈ। ਉਸ ਨੂੰ ਇਹ ਅਹਿਸਾਸ ਕਰਾਉਣ ਦੀ ਜ਼ਰੂਰਤ ਹੈ ਕਿ ਪ੍ਰੀਖਿਆ ਦੇ ਕੁਝ ਦਿਨ ਗੰਭੀਰ ਜ਼ਰੂਰ ਰੱਖ ਸਕਦੇ ਹਨ ਪਰ ਜੇਕਰ ਉੱਚਿਤ ਯੋਜਨਾਬੰਦੀ ਨਾਲ ਮਿਹਨਤ ਕੀਤੀ ਜਾਵੇ ਤਾਂ ਇਸ ਦੇ ਨਤੀਜੇ ਸਮੁੱਚਾ ਜੀਵਨ ਸਫਲ ਬਣਾ ਸਕਦੇ ਹਨ। ਸਿੱਖਿਆ ਪ੍ਰਣਾਲੀ ਵਿਚ ਪ੍ਰੀਖਿਆ ਵਿਚ ਚੰਗੇ ਅੰਕ ਲੈਣਾ ਮਹੱਤਵਪੂਰਨ ਜ਼ਰੂਰ ਹੈ ਪਰ ਇਹ ਸਭ ਕੁਝ ਨਹੀਂ ਹੈ। ਸਿੱਖਿਆ ਦਾ ਅਰਥ ਬਹੁਤ ਵਿਸਥਾਰਤ ਹੈ।

ਸਿੱਖਿਆ ਮਨੁੱਖ ਦਾ ਵਿਵਹਾਰ ਬਦਲਣ ਵਾਲਾ ਵਿਗਿਆਨ ਹੈ। ਅਸੀਂ ਸੰਪੂਰਨ ਜੀਵਨ ਦੇ ਵਿਕਾਸ ਦੀ ਪ੍ਰਕਿਰਿਆ ਵਿਚ ਜੋ ਵੀ ਸਿੱਖਦੇ ਜਾਂ ਅਨੁਭਵ ਕਰਦੇ ਹਾਂ, ਉਸ ਨੂੰ ਸਿੱਖਿਆ ਕਿਹਾ ਜਾਂਦਾ ਹੈ। ਜਦੋਂ ਅਸੀਂ ਸਿੱਖਿਆ ਗ੍ਰਹਿਣ ਕਰਦੇ ਹਾਂ ਤਾਂ ਸਾਡੇ ਗਿਆਨ ਅਤੇ ਸੋਚ ਵਿਚ ਤਬਦੀਲੀ ਆਉਣ ਦੇ ਨਾਲ-ਨਾਲ ਸਾਡੇ ਵਿਵਹਾਰ ਵਿਚ ਵੀ ਤਬਦੀਲੀ ਆਉਂਦੀ ਹੈ ਅਤੇ ਇਹ ਤਬਦੀਲੀ ਹੀ ਸਾਡੀ ਸ਼ਖ਼ਸੀਅਤ ਦੇ ਨਿਰਮਾਣ ਦਾ ਆਧਾਰ ਹੁੰਦੀ ਹੈ।

ਪਰ ਜੇਕਰ ਮੌਜੂਦਾ ਹਾਲਾਤ ਵੱਲ ਨਜ਼ਰ ਮਾਰੀਏ ਤਾਂ ਜਿਸ ਸਿੱਖਿਆ ਨੇ ਵਿਦਿਆਰਥੀ ’ਚ ਉਸਾਰੂ ਤਬਦੀਲੀ ਲਿਆਉਣੀ ਸੀ, ਉਸ ਦੀ ਸ਼ਖ਼ਸੀਅਤ ਦਾ ਨਿਰਮਾਣ ਕਰਨਾ ਸੀ, ਉਸੇ ਹੀ ਸਿੱਖਿਆ ਦੇ ਇਕ ਅੰਗ ਪ੍ਰੀਖਿਆ ਜਾਂ ਪ੍ਰੀਖਿਆ ਦੇ ਸਾਲਾਨਾ ਨਤੀਜੇ ਦਾ ਡਰ ਉਸ ਨੂੰ ਉਲਟ ਵਿਵਹਾਰ ਲਈ ਪ੍ਰੇਰਿਤ ਕਰਦਾ ਹੈ। ਕਈ ਵਾਰ ਵਿਦਿਆਰਥੀ ਖ਼ੁਦਕੁਸ਼ੀ ਵਰਗੇ ਕਦਮ ਵੀ ਚੁੱਕ ਲੈਂਦੇ ਹਨ। ਕੌਮੀ ਜੁਰਮ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ 19 ਤੋਂ 26 ਸਾਲ ਦੇ ਨੌਜਵਾਨਾਂ ਵਿਚ ਖ਼ੁਦਕੁਸ਼ੀ ਦਾ ਰੁਝਾਨ ਵੱਧ ਰਿਹਾ ਹੈ ਜੋ ਕਿ ਬੇਹੱਦ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ। ਸਿੱਖਿਆ ਦਾ ਉਦੇਸ਼ ਸਾਖ਼ਰਤਾ ਦੇ ਨਾਲ-ਨਾਲ ਮਨੁੱਖੀ ਗੁਣਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਪੈਦਾ ਕਰਨਾ ਹੈ।

ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਜੇ ਪ੍ਰੀਖਿਆ ’ਚ ਵੱਧ ਅੰਕ ਲੈਣ, ਮੈਡੀਕਲ ਅਤੇ ਇੰਜੀਨੀਅਰਿੰਗ ਦੇ ਦਾਖ਼ਲਾ ਟੈਸਟ ਪਾਸ ਕਰਨ ਅਤੇ ਸਿਲੇਬਸ ਨੂੰ ਰੱਟਾ ਲਗਾਉਣ ਦੇ ਨਾਲ-ਨਾਲ ਜੇ ਵਿਦਿਆਰਥੀਆਂ ਨੂੰ ਚੰਗਾ ਇਨਸਾਨ ਬਣਾਉਣ ਲਈ ਉਪਰਾਲੇ ਕੀਤੇ ਜਾਣ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਵਿਦਿਆਰਥੀ ਵਿਚ ਚਰਿੱਤਰ ਨਿਰਮਾਣ, ਸਿਰਜਣਾਤਮਕ ਗੁਣ, ਸਵੈ-ਅਨੁਸ਼ਾਸਨ, ਸਹਿਣਸ਼ੀਲਤਾ, ਸਹਿਯੋਗ ਦੀ ਭਾਵਨਾ, ਮਿਹਨਤ, ਇਮਾਨਦਾਰੀ, ਬਜ਼ੁਰਗਾਂ ਦੀ ਸੇਵਾ, ਚੰਗੀ ਲੀਡਰਸ਼ਿਪ ਦੇ ਗੁਣ, ਸਰੀਰਕ ਅਤੇ ਮਾਨਸਿਕ ਸਿਹਤ ਦੀ ਮਹੱਤਤਾ, ਭਾਰਤੀ ਸੱਭਿਆਚਾਰ ਦਾ ਗਿਆਨ, ਸਮੇਂ ਦੀ ਉੱਚਿਤ ਵਰਤੋਂ, ਨਸ਼ਾ ਮੁਕਤ ਸਮਾਜ ਅਤੇ ਕੁਦਰਤ ਅਤੇ ਵਾਤਾਵਰਨ ਦੀ ਸੰਭਾਲ ਕਰਨ ਵਰਗੇ ਮਨੁੱਖੀ ਗੁਣ ਪੈਦਾ ਕਰਾਂਗੇ ਤਾਂ ਇਸ ਨਾਲ ਜਿੱਥੇ ਅਨੇਕਾਂ ਸਮਾਜਿਕ ਸਮੱਸਿਆਵਾਂ ਹੱਲ ਹੋਣਗੀਆਂ, ਉੱਥੇ ਹੀ ਵਿਦਿਆਰਥੀ ਚੰਗਾ ਇਨਸਾਨ ਬਣੇਗਾ। ਚੰਗਾ ਇਨਸਾਨ ਹਮੇਸ਼ਾ ਸਫਲਤਾ ਦੀਆਂ ਬੁਲੰਦੀਆਂ ’ਤੇ ਪਹੁੰਚਦਾ ਹੈ।

-(ਸਟੇਟ ਅਤੇ ਨੈਸ਼ਨਲ ਐਵਾਰਡੀ, ਪਿ੍ੰਸੀਪਲ ਧਵਨ ਕਾਲੋਨੀ, ਫਿਰੋਜ਼ਪੁਰ ਸ਼ਹਿਰ)।

-ਮੋਬਾਈਲ ਨੰ. : 98154-27554

Posted By: Jagjit Singh