ਆਪਣੇ ਖਾਤੇ ’ਤੇ ਬਹੁ-ਪਰਤੀ ਪ੍ਰਮਾਣਿਕਤਾ (ਟੂ-ਸਟੈੱਪ ਅਥੈਂਟੀਕੇਸ਼ਨ) ਲਗਾ ਕੇ ਰੱਖੋ। ਇਹ ਇਕ ਅੱਡ ਕੋਡ ਜਾਂ ਫੋਨ ਰਾਹੀਂ ਲਾਗਇਨ ਕਰਨ ਲਈ ਸੁਰੱਖਿਆ ਦੀ ਵਾਧੂ ਪਰਤ ਦਿੰਦੀ ਹੈ। ਆਨਲਾਈਨ ਬੈਂਕਿੰਗ ਜਾਂ ਖ਼ਰੀਦਦਾਰੀ ਸਮੇਂ ਸੁਰੱਖਿਅਤ ਨੈੱਟਵਰਕ ਕਨੈਕਸ਼ਨ ਤੇ ਵੀਪੀਐੱਨ ਦੀ ਵਰਤੋਂ ਕਰੋ। ਜਨਤਕ ਵਾਈ-ਫਾਈ ਦੀ ਵਰਤੋਂ ਤੋਂ ਗੁਰੇਜ਼ ਕਰੋ। ਸੁਰੱਖਿਅਤ ਤੇ ਸਹੀ ਵੈੱਬਸਾਈਟਾਂ ਹੀ ਖੋਲ੍ਹੋ।

ਹਰ ਸਾਲ ਤੀਹ ਨਵੰਬਰ ਨੂੰ ਦੁਨੀਆ ਭਰ ਵਿਚ ‘ਇੰਟਰਨੈੱਟ ਸੁਰੱਖਿਆ ਦਿਵਸ’ ਮਨਾਇਆ ਜਾਂਦਾ ਹੈ ਤਾਂ ਜੋ ਡਿਜੀਟਲ ਦੁਨੀਆ ਵਿਚ ਸੁਰੱਖਿਆ ਅਤੇ ਨਿੱਜੀ ਡਾਟਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ। ਇਹ ਦਿਨ ਲੋਕਾਂ, ਸੰਸਥਾਵਾਂ ਅਤੇ ਸਰਕਾਰਾਂ ਨੂੰ ਸਾਈਬਰ ਹਮਲਿਆਂ, ਡਾਟਾ ਚੋਰੀ ਅਤੇ ਆਨਲਾਈਨ ਧੋਖਾਧੜੀ ਤੋਂ ਬਚਾਅ ਲਈ ਸੁਰੱਖਿਆ ਦੇ ਕਦਮ ਚੁੱਕਣ ਲਈ ਪ੍ਰੇਰਿਤ ਕਰਦਾ ਹੈ। ਇਸ ਦਾ ਮੁੱਖ ਉਦੇਸ਼ ਇੰਟਰਨੈੱਟ ਨੂੰ ਹਰ ਉਮਰ ਦੇ ਵਰਤੋਂਕਾਰ ਲਈ ਸੁਰੱਖਿਅਤ ਤੇ ਭਰੋਸੇਯੋਗ ਬਣਾਉਣਾ ਹੈ।
ਇਸ ਦਿਨ ਦੀ ਸ਼ੁਰੂਆਤ 1988 ਵਿਚ ਕੰਪਿਊਟਰ ਸੁਰੱਖਿਆ ’ਤੇ ਧਿਆਨ ਕੇਂਦਰਿਤ ਕਰਨ ਲਈ ਹੋਈ ਸੀ ਪਰ ਹੌਲੀ-ਹੌਲੀ ਸਮੇਂ ਦੀ ਅਹਿਮੀਅਤ ਅਨੁਸਾਰ ਇਸ ਦਾ ਵਿਸਥਾਰ ‘ਇੰਟਰਨੈੱਟ ਸੁਰੱਖਿਆ’ ਤੱਕ ਹੋ ਗਿਆ। ਤੀਹ ਨਵੰਬਰ ਨੂੰ ਇਹ ਦਿਨ ਇਸ ਲਈ ਚੁਣਿਆ ਗਿਆ ਤਾਂ ਜੋ ਨਵੇਂ ਸਾਲ ਦੇ ਆਖ਼ਰੀ ਮਹੀਨੇ ’ਚ ਲੋਕ ਆਪਣੀਆਂ ਸਾਲ ਭਰ ਦੀਆਂ ਆਨਲਾਈਨ ਗਤੀਵਿਧੀਆਂ ਤੇ ਡਾਟਾ ਸੁਰੱਖਿਆ ’ਤੇ ਵਿਚਾਰ ਕਰ ਸਕਣ। ਇਸ ਦਿਨ ਦੁਨੀਆ ਭਰ ’ਚ ਵਰਕਸ਼ਾਪਾਂ, ਸੈਮੀਨਾਰਾਂ ਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਤਾਂ ਜੋ ਮਜ਼ਬੂਤ ਪਾਸਵਰਡ, ਟੂ-ਫੈਕਟਰ ਪ੍ਰਮਾਣੀਕਰਨ ਤੇ ਸਾਈਬਰ ਧੋਖਾਧੜੀ ਤੋਂ ਬਚਣ ਦੇ ਤਰੀਕੇ ਸਾਂਝੇ ਕੀਤੇ ਜਾ ਸਕਣ। ਇਸ ਦਿਨ ਦਾ ਮੰਤਵ ਕੰਪਿਊਟਰ ਤੇ ਇੰਟਰਨੈੱਟ ਦੇ ਵਰਤੋਂਕਾਰਾਂ ਵਿਚ ਤਕਨਾਲੋਜੀ ਨੂੰ ਜ਼ਿੰਮੇਵਾਰੀ ਨਾਲ ਵਰਤਣ ਦੀ ਜਾਗਰੂਕਤਾ ਪੈਦਾ ਕਰਨਾ ਹੈ। ਇਹ ਦਿਵਸ ਸਾਨੂੰ ਆਨਲਾਈਨ ਵਿਹਾਰ ’ਤੇ ਵਿਚਾਰ ਕਰਨ ਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਨੂੰ ਯਕੀਨੀ ਬਣਾਉਣ ਦਾ ਚੇਤਾ ਕਰਵਾਉਂਦਾ ਹੈ। ਇਸ ਮੌਕੇ ਸਾਨੂੰ ਸਾਈਬਰ ਖ਼ਤਰਿਆਂ ਦੇ ਸਫਲ ਖਿਡਾਰੀ ਬਣਨ ਅਤੇ ਆਨਲਾਈਨ ਖ਼ਤਰਿਆਂ ਤੋਂ ਬਚਣ ਦੀ ਪ੍ਰੇਰਨਾ ਮਿਲਦੀ ਹੈ। ਇਸ ਦਿਨ ਕੌਮਾਂਤਰੀ ਆਨਲਾਈਨ ਮੰਚਾਂ ਰਾਹੀਂ ਡਿਜੀਟਲ ਚੌਗਿਰਦਾ ਸਿਰਜ ਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਜਾਂਦਾ ਹੈ। ਅਸੀਂ ਕੰਪਿਊਟਰ, ਇੰਟਰਨੈੱਟ,ਸਮਾਰਟਫੋਨ,ਮਸਨੂਈ ਬੁੱਧੀ (ਏਆਈ) ਆਦਿ ਤਕਨੀਕਾਂ ਦੀ ਵਰਤੋਂ ਰੋਜ਼ਮੱਰਾ ਦੀ ਜ਼ਿੰਦਗੀ ’ਚ ਕਰਦੇ ਹਾਂ। ਨਵੀਂ ਤਕਨਾਲੋਜੀ ਨਾਲ ਸਾਡੀਆਂ ਸੁੱਖ-ਸੁਵਿਧਾਵਾਂ ’ਚ ਵਾਧਾ ਹੋਇਆ ਹੈ ਤੇ ਅਸੀਂ ਸੰਸਾਰ ਨੂੰ ਇਕ ਛੋਟਾ ਡਿਜੀਟਲ ਪਿੰਡ ਬਣਾਉਣ ਵਿਚ ਸਫਲ ਹੋਏ ਹਾਂ। ਸੋਸ਼ਲ ਮੀਡੀਆ ਰਾਹੀਂ ਦੇਸ਼-ਵਿਦੇਸ਼ ਦੇ ਅਨੇਕ ਵਿਸ਼ਿਆਂ ਬਾਰੇ ਸਾਨੂੰ ਘਰ ਬੈਠਿਆਂ ਜਾਣਕਾਰੀ ਹਾਸਲ ਹੋ ਰਹੀ ਹੈ ਪਰ ਇਸ ਦੇ ਦੂਜੇ ਪੱਖ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।
‘ਯੂਕੇ ਸੇਫਰ ਇੰਟਰਨੈੱਟ ਸੈਂਟਰ’ ਦੀ ਰਿਪੋਰਟ ਮੁਤਾਬਕ ਅਜੋਕੇ ਨੌਜਵਾਨ ਸਾਈਬਰ ਮੀਡੀਆ ’ਤੇ ਗੁਮਰਾਹਕੁਨ ਸਮੱਗਰੀ ’ਚ ਫਸ ਰਹੇ ਹਨ ਜਿਸ ਕਾਰਨ ਉਨ੍ਹਾਂ ਦੀ ਮਾਨਸਿਕ ਸਿਹਤ ’ਤੇ ਭੈੜਾ ਅਸਰ ਪੈ ਰਿਹਾ ਹੈ। ਸੰਯੁਕਤ ਰਾਸ਼ਟਰ ਚਿਲਡਰਨਜ਼ ਫੰਡ (ਯੂਨੀਸੈਫ) ਨੇ ਬੱਚਿਆਂ ਦੀ ਆਨਲਾਈਨ ਭਾਗੀਦਾਰੀ ’ਤੇ ਚਿੰਤਾ ਪ੍ਰਗਟਾਈ ਹੈ। ਸਾਈਬਰ ਧੱਕੇਸ਼ਾਹੀ, ਸਾਈਬਰ ਸੁਰੱਖਿਆ, ਨਿੱਜੀ ਲੁਕਾਅ ਤੇ ਪਛਾਣ ਆਦਿ ਕੁਝ ਅਜਿਹੇ ਪਹਿਲੂ ਹਨ ਜਿਨ੍ਹਾਂ ਬਾਰੇ ਬੱਚਿਆਂ, ਨੌਜਵਾਨਾਂ, ਅਧਿਆਪਕਾਂ ਤੇ ਮਾਪਿਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਮਸ਼ੀਨੀ ਸਿਆਣਪ ਆਧਾਰਤ ਚੈਟ-ਜੀਪੀਟੀ ਵਰਗੇ ਚੈਟਬੌਟ ਤੇ ਹੋਰ ਚਲਾਕ ਸਾਫਟਵੇਅਰ ਵਿਕਸਤ ਹੋਣ ਨਾਲ ਮਨੁੱਖ ਵੱਲੋਂ ਨਵੀਂ ਕਿਸਮ ਦੇ ਅਪਰਾਧਾਂ ਦੀ ਗ੍ਰਿਫ਼ਤ ’ਚ ਆਉਣ ਦੀਆਂ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਹਨ। ਸਾਨੂੰ ਡੀਪ ਫੇਕ ਰਾਹੀਂ ਜਾਅਲੀ ਆਡੀਓ ਤੇ ਵੀਡੀਓ ਕਲਿੱਪ ਆਉਂਦੇ ਹਨ ਜੋ ਕਿਸੇ ਦੀ ਹੂਬਹੂ ਨਕਲ ਕਰਦੇ ਹਨ। ਇਹ ਲੋਕਾਂ ਨੂੰ ਬਦਨਾਮ ਕਰਨ, ਨੁਕਸਾਨ ਪਹੁੰਚਾਉਣ, ਠੱਗੀ ਤੇ ਜ਼ਬਰਦਸਤੀ ਕਰਨ ਲਈ ਵਰਤੇ ਜਾਂਦੇ ਹਨ। ਕਈ ਸਾਈਬਰ ਅਪਰਾਧੀ ਚਾਲਕ-ਰਹਿਤ ਗੱਡੀਆਂ ਨੂੰ ਹਥਿਆਰ ਵਜੋਂ ਵਰਤਦੇ ਹਨ। ਮਸਨੂਈ ਬੁੱਧੀ ਰਾਹੀਂ ਬਾਖ਼ੂਬੀ ਬਣਾਏ ਸੁਨੇਹੇ ਸਾਨੂੰ ਭਰੋਸੇਮੰਦ ਤੇ ਤਸੱਲੀਬਖ਼ਸ਼ ਲੱਗਦੇ ਹਨ। ਇਹ ਸੁਨੇਹੇ ਬਣਾ ਕੇ ਈਮੇਲ ਅਤੇ ਸੋਸ਼ਲ ਮੀਡੀਆ ਰਾਹੀਂ ਇਸ ਕਦਰ ਭੇਜੇ ਜਾਂਦੇ ਹਨ ਕਿ ਅਗਲਾ ਅਸਲੀ-ਨਕਲੀ ਵਿਚਲਾ ਫ਼ਰਕ ਲੱਭਣ ਦੇ ਅਸਮਰੱਥ ਹੋ ਜਾਂਦਾ ਹੈ। ਕਈ ਲਿੰਕ ਸਾਨੂੰ ਕਲਿੱਕ ਕਰਨ ’ਤੇ ਮਜਬੂਰ ਕਰਦੇ ਹਨ ਤੇ ਅਸੀਂ ਕਿਸੇ ਸੁਰੱਖਿਅਤ ਤੇ ਲੋਟੂ ਵੈੱਬਸਾਈਟ ਦੇ ਦਰਵਾਜ਼ੇ ’ਤੇ ਬਿਨਾਂ ਬੁਲਾਏ ਮਹਿਮਾਨ ਵਾਂਗ ਦਸਤਕ ਦੇਣ ਚਲੇ ਜਾਂਦੇ ਹਾਂ।
ਮਸ਼ੀਨੀ ਸਿਆਣਪ ਆਧਾਰਤ ਆਵਾਜਾਈ ਪ੍ਰਣਾਲੀ, ਚਾਲਕ ਰਹਿਤ ਗੱਡੀਆਂ, ਗੱਡੀ ਠਹਿਰਾਅ ਵਿਵਸਥਾ, ਡਾਕਟਰੀ ਮਸ਼ੀਨਾਂ, ਚੈਟਬੌਟਾਂ ਲਈ ਖ਼ੁਦ ਏਆਈ ਹੀ ਖ਼ਤਰੇ ਦੀ ਘੰਟੀ ਸਾਬਿਤ ਹੋ ਸਕਦੀ ਹੈ। ਸਾਈਬਰ ਅਪਰਾਧੀ ਜੇਕਰ ਏਆਈ ਆਧਾਰਤ ਮਸ਼ੀਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਤਾਂ ਇਸ ਦੇ ਬੜੇ ਭਿਆਨਕ ਸਿੱਟੇ ਨਿਕਲਣਗੇ। ਸਾਈਬਰ ਅਪਰਾਧੀ ਮਸ਼ੀਨੀ ਸਿਆਣਪ ਨੂੰ ਆਧਾਰ ਬਣਾ ਕੇ ਵਰਤੋਂਕਾਰਾਂ ਦੇ ਡਾਟੇ ਦਾ ਵੱਡਾ ਜ਼ਖ਼ੀਰਾ ਇਕੱਠਾ ਕਰ ਸਕਦੇ ਹਨ ਤੇ ਫਿਰ ਉਸ ਦਾ ਵਿਸ਼ਲੇਸ਼ਣ ਕਰ ਕੇ ਫਿਰੌਤੀ ਮੰਗਣ ਤੇ ਡਾਟੇ ਦੀ ਦੁਰਵਰਤੋਂ ਕਰਨ ਵਾਲੇ ਪ੍ਰੋਗਰਾਮ ਬਣਾ ਸਕਦੇ ਹਨ। ਮਸ਼ੀਨੀ ਸਿਆਣਪ ਨਾਲ ਲੈਸ ਮਸ਼ੀਨੀ ਲੇਖਕ ਅਜਿਹੀਆਂ ਜਾਅਲੀ ਖ਼ਬਰਾਂ ਲਿਖ ਸਕਦੇ ਹਨ ਜੋ ਮੌਜੂਦਾ ਹਾਲਾਤ ਵਿਚ ਆਮ ਬੰਦੇ ਲਈ ਬਿਲਕੁਲ ਅਸਲ ਲੱਗ ਸਕਦੀਆਂ ਹਨ। ਮਸ਼ੀਨੀ ਸਿਆਣਪ ਪ੍ਰਤੀ ਅਗਾਊਂ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ ਪਰ ਸਾਨੂੰ ਇਸ ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨ ਲਈ ਹੁਣ ਤੋਂ ਸੁਚੇਤ ਹੋਣਾ ਪਵੇਗਾ ਤੇ ਇੱਥੇ ਦਿੱਤੇ ਕੁਝ ਨੁਕਤੇ ਧਿਆਨ ਵਿਚ ਰੱਖਣੇ ਪੈਣਗੇ। ਪਾਸਵਰਡ ਤਾਕਤਵਰ ਰੱਖੋ, ਸਮੇਂ-ਸਮੇਂ ’ਤੇ ਇਸ ਨੂੰ ਬਦਲਦੇ ਰਹੋ। ਇਸ ਨੂੰ ਲੁਕਾ ਕੇ ਰੱਖੋ। ਪਾਸਵਰਡ ਮੈਨੇਜਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਹੜਾ ਪਾਸਵਰਡ ਬਣਾਉਣ ਤੇ ਉਸ ਨੂੰ ਸਾਂਭਣ ਦੇ ਕੰਮ ਆਉਂਦਾ ਹੈ। ਆਪਣੇ ਖਾਤੇ ’ਤੇ ਬਹੁ-ਪਰਤੀ ਪ੍ਰਮਾਣਿਕਤਾ (ਟੂ-ਸਟੈੱਪ ਅਥੈਂਟੀਕੇਸ਼ਨ) ਲਗਾ ਕੇ ਰੱਖੋ। ਇਹ ਇਕ ਅੱਡ ਕੋਡ ਜਾਂ ਫੋਨ ਰਾਹੀਂ ਲਾਗਇਨ ਕਰਨ ਲਈ ਸੁਰੱਖਿਆ ਦੀ ਵਾਧੂ ਪਰਤ ਦਿੰਦੀ ਹੈ। ਆਨਲਾਈਨ ਬੈਂਕਿੰਗ ਜਾਂ ਖ਼ਰੀਦਦਾਰੀ ਸਮੇਂ ਸੁਰੱਖਿਅਤ ਨੈੱਟਵਰਕ ਕਨੈਕਸ਼ਨ ਤੇ ਵੀਪੀਐੱਨ ਦੀ ਵਰਤੋਂ ਕਰੋ। ਜਨਤਕ ਵਾਈ-ਫਾਈ ਦੀ ਵਰਤੋਂ ਤੋਂ ਗੁਰੇਜ਼ ਕਰੋ। ਸੁਰੱਖਿਅਤ ਤੇ ਸਹੀ ਵੈੱਬਸਾਈਟਾਂ ਹੀ ਖੋਲ੍ਹੋ।
ਸਿਰਨਾਵਾਂ ਪੱਟੀ ਉੱਤੇ ਐੱਚਟੀਟੀਪੀਐੱਸ ਪ੍ਰੋਟੋਕਾਲ ਅਤੇ ਤਾਲੇ ਦੇ ਚਿੰਨ੍ਹ ਨੂੰ ਯਕੀਨੀ ਬਣਾਓ। ਆਪ੍ਰੇਟਿੰਗ ਸਿਸਟਮ ਜਿਵੇਂ ਕਿ ਵਿੰਡੋਜ਼, ਐਂਡਰਾਇਡ ਆਦਿ ਨੂੰ ਸਮੇਂ-ਸਮੇਂ ’ਤੇ ਅਪਡੇਟ ਕਰਦੇ ਰਹੋ। ਹਮੇਸ਼ਾ ਖ਼ਰੀਦੇ ਹੋਏ ਸਾਫਟਵੇਅਰਾਂ ਨੂੰ ਹੀ ਤਰਜੀਹ ਦਿਉ। ਕਰੈਕ ਸੰਸਕਰਨ ਸੁਰੱਖਿਆ ਲਈ ਖ਼ਤਰਾ ਹੋ ਸਕਦੇ ਹਨ। ਪ੍ਰਾਈਵੈਸੀ ਸਬੰਧੀ ਸਥਾਪਨਾਵਾਂ ਅਤੇ ਨੀਤੀਆਂ ਨੂੰ ਪੜ੍ਹ-ਸਮਝ ਕੇ ਹੀ ਪ੍ਰਵਾਨ ਕਰੋ। ਅਣ-ਪਛਾਤੀਆਂ ਵੈੱਬਸਾਈਟਾਂ ਸਾਨੂੰ ਅਸੁਰੱਖਿਅਤ ਥਾਵਾਂ ’ਤੇ ਲਿਜਾ ਸਕਦੀਆਂ ਹਨ। ਇਸ ਕਾਰਨ ਇਨ੍ਹਾਂ ’ਤੇ ਕਲਿੱਕ ਨਾ ਕਰੋ। ਬੈਂਕਾਂ ਤੇ ਖ਼ਰੀਦਦਾਰੀ ਵਾਲੀਆਂ ਵੈੱਬਸਾਈਟਾਂ ਦੇ ਨਾਂ ਸਿਰਨਾਵਾਂ ਪੱਟੀ ’ਤੇ ਸਿੱਧੇ ਭਰ ਕੇ ਖੋਲ੍ਹੋ। ਗੂਗਲ ਰਾਹੀਂ ਖੋਜਣ ਉਪਰੰਤ ਜ਼ਰੂਰੀ ਨਹੀਂ ਕਿ ਤੁਹਾਡੇ ਵੱਲੋਂ ਕਲਿੱਕ ਕੀਤਾ ਗਿਆ ਲਿੰਕ ਸਹੀ ਨਿਕਲੇ। ਕਈ ਲੋਕ ਨਕਲੀ ਵੈੱਬਸਾਈਟਾਂ ’ਤੇ ਆਪਣਾ ਪਾਸਵਰਡ ਦੱਸ ਬਹਿੰਦੇ ਹਨ ਜਿਸ ਨਾਲ ਨੁਕਸਾਨ ਹੋ ਸਕਦਾ ਹੈ। ਬੈਂਕਾਂ ਦੀਆਂ ਅਸਲ ਵਾਂਗ ਨਜ਼ਰ ਆਉਣ ਵਾਲੀਆਂ ਵੈੱਬਸਾਈਟਾਂ ’ਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਡਾਊਨਲੋਡ ਕਰਨ ਸਮੇਂ ਸਾਵਧਾਨ ਰਹੋ। ਸਾਈਬਰ ਅਪਰਾਧੀ ਬੜੀ ਚਲਾਕੀ ਨਾਲ ਤੁਹਾਨੂੰ ਖ਼ਤਰਨਾਕ ਪ੍ਰੋਗਰਾਮ ਡਾਊਨਲੋਡ ਕਰਵਾ ਸਕਦੇ ਹਨ ਜਿਸ ਵਿਚਲਾ ਖ਼ਤਰਨਾਕ ਸਾਫਟਵੇਅਰ (ਮਾਲਵੇਅਰ) ਸਾਡੇ ਕੰਪਿਊਟਰ ਵਿਚਲੀ ਜਾਣਕਾਰੀ ਚੁਰਾ ਲੈਂਦਾ ਹੈ। ਆਨਲਾਈਨ ਖ਼ਰੀਦਦਾਰੀ ਸਿਰਫ਼ ਨਾਮੀ ਕੰਪਨੀਆਂ ਤੋਂ ਹੀ ਕਰੋ। ਇੰਟਰਨੈੱਟ ਉੱਤੇ ਜਾਣਕਾਰੀ ਸੋਚ-ਸਮਝ ਕੇ ਪਾਓ। ਇਕ ਵਾਰ ਸਾਂਝੀ ਕੀਤੀ ਜਾਣਕਾਰੀ ਨੂੰ ਹਟਾਉਣ ਦਾ ਕੋਈ ਬਟਨ ਨਹੀਂ।
ਪਹਿਲੀ ਵਾਰ ਸਿੱਧਾ ਆਨਲਾਈਨ ਮਿਲਣ ਵਾਲੇ ਦੋਸਤਾਂ ’ਤੇ ਭਰੋਸਾ ਨਾ ਕਰੋ। ਜ਼ਰੂਰੀ ਨਹੀਂ ਕਿ ਆਨਲਾਈਨ ਮਿਲਣ ਵਾਲਾ ਵਿਅਕਤੀ ਉਹੀ ਹੈ ਜਿਸ ਦੀ ਉਸ ਨੇ ਪ੍ਰੋਫਾਈਲ ਜਾਂ ਦਿਖਾਵਟੀ ਤਸਵੀਰ (ਡੀਪੀ) ਲਾਈ ਹੋਈ ਹੈ। ਸੋਸ਼ਲ ਮੀਡੀਆ ਉੱਤੇ ਕਈ ਮੁੰਡੇ-ਕੁੜੀਆਂ ਆਪਣਾ ਨਾਂ, ਲਿੰਗ ਤੇ ਹੁਲੀਆ ਬਦਲ ਕੇ ਖਾਤਾ ਚਲਾ ਰਹੇ ਹਨ। ਆਪਣੇ ਕੰਪਿਊਟਰ ’ਚ ਇਕ ਤਸੱਲੀਬਖ਼ਸ਼ ਐਂਟੀਵਾਇਰਸ ਪਾ ਕੇ ਰੱਖੋ ਤੇ ਸਮੇਂ-ਸਮੇਂ ’ਤੇ ਉਸ ਨੂੰ ਅਪਡੇਟ ਕਰਦੇ ਰਹੋ। ਕਈ ਬ੍ਰਾਊਜ਼ਰ ਜਿਵੇਂ ਕਿ ਮੌਜ਼ੀਲਾ ਫਾਇਰਫੌਕਸ ਆਦਿ ਸਾਨੂੰ ਮਾਸਟਰ ਪਾਸਵਰਡ ਰੱਖਣ ਦੀ ਸਹੂਲਤ ਦਿੰਦੇ ਹਨ। ਇਹ ਸੁਰੱਖਿਅਤ ਹੁੰਦਾ ਹੈ ਤੇ ਇਸ ਨੂੰ ਵਰਤਣ ਨਾਲ ਸਾਡਾ ਵੱਖ-ਵੱਖ ਖਾਤਿਆਂ ਦੇ ਪਾਸਵਰਡ ਯਾਦ ਰੱਖਣ ਦਾ ਮਸਲਾ ਹੱਲ ਹੋ ਜਾਂਦਾ ਹੈ। ਕਦੇ ਵੀ ਡਾਰਕ ਵੈੱਬ ’ਤੇ ਨਾ ਜਾਓ। ਇਹ ਸਾਡੇ ਨਿੱਜੀ ਲੁਕਾਅ ਅਤੇ ਸੁਰੱਖਿਆ ਲਈ ਖ਼ਤਰਾ ਸਾਬਿਤ ਹੋ ਸਕਦੀ ਹੈ। ਪੈੱਨ ਡਰਾਈਵ ਜਾਂ ਹੋਰ ਸਟੋਰੇਜ ਯੰਤਰਾਂ ਨੂੰ ਕੰਪਿਊਟਰ ’ਚ ਵਰਤਣ ਤੋਂ ਪਹਿਲਾਂ ਐਂਟੀਵਾਇਰਸ ਸਾਫਟਵੇਅਰ ਰਾਹੀਂ ਸਕੈਨ ਕਰ ਲਓ। ਆਪਣੇ ਕੰਪਿਊਟਰ ਜਾਂ ਲੈਪਟਾਪ ਦੇ ਕੈਮਰੇ ਤੇ ਮਾਈਕ ਨੂੰ ਬੰਦ ਕਰ ਕੇ ਜਾਂ ਢਕ ਕੇ ਰੱਖੋ ਤੇ ਲੋੜ ਪੈਣ ’ਤੇ ਹੀ ਇਨ੍ਹਾਂ ਨੂੰ ਚਾਲੂ ਕਰੋ। ਸਾਈਬਰ ਸੁਰੱਖਿਆ ਅਤੇ ਅਪਰਾਧਾਂ ਦੇ ਨਵੇਂ ਰੁਝਾਨਾਂ ਬਾਰੇ ਲਗਾਤਾਰ ਖ਼ਬਰਾਂ ਪੜ੍ਹਦੇ ਰਹੋ। ਸੁਰੱਖਿਆ ਲਈ ਮਸ਼ੀਨੀ ਸਿਆਣਪ ਆਧਾਰਤ ਸਾਫਟਵੇਅਰਾਂ ਦੀ ਵਰਤੋਂ ਕਰੋ। ਇਨਸਾਨੀ ਸੁੱਖ-ਸੁਵਿਧਾ ਲਈ ਵਿਕਸਤ ਕੀਤੀ ਹਰੇਕ ਤਕਨਾਲੋਜੀ ਬਿਪਤਾਵਾਂ ਦਾ ਕਾਰਨ ਵੀ ਬਣਦੀ ਹੈ। ਵੱਡਾ ਸਵਾਲ ਇਹ ਹੈ ਕਿ ਕੀ ਨਵੀਂ ਤਕਨਾਲੋਜੀ ਮਨੁੱਖ ’ਤੇ ਸਾਈਬਰ ਸੰਸਾਰ ਨਾਲ ਜੁੜਨ ਕਾਰਨ ਪੈ ਰਹੇ ਮਾਨਸਿਕ ਦਬਾਅ ਨੂੰ ਘਟਾਏਗੀ। ਕੀ ਮਸ਼ੀਨੀ ਸਿਆਣਪ ਪੰਜਾਬ ਦੇ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਉਤਾਂਹ ਚੁੱਕਣ ’ਚ ਮਦਦ ਕਰੇਗੀ। ਕੀ ਇਹ ਸਾਨੂੰ ਪਲੀਤ ਹੋ ਰਹੇ ਚੌਗਿਰਦੇ ਨੂੰ ਹਰਿਆ-ਭਰਿਆ ਤੇ ਸਵੱਛ ਬਣਾਉਣ ’ਚ ਕੋਈ ਭੂਮਿਕਾ ਨਿਭਾਏਗੀ। ਇਹ ਸਾਨੂੰ ਸੰਤੁਲਿਤ ਤੇ ਕੁਦਰਤੀ ਖ਼ੁਰਾਕ ਦੇਣ ’ਚ ਕੀ ਮਾਅਰਕਾ ਮਾਰੇਗੀ। ਸਾਨੂੰ ਕੰਪਿਊਟਰੀ ਦੁਨੀਆ ਦੇ ਸੋਹਲੇ ਗਾਉਣ ਦੇ ਨਾਲ-ਨਾਲ ਇਸ ਨਾਲ ਪੈਣ ਵਾਲੇ ਮਾੜੇ ਪ੍ਰਭਾਵਾਂ ਪ੍ਰਤੀ ਅੱਜ ਤੋਂ ਹੀ ਚੇਤੰਨ ਹੋਣਾ ਪਵੇਗਾ।
-ਡਾ. ਸੀ.ਪੀ. ਕੰਬੋਜ
-(ਪੰਜਾਬੀ ਯੂਨੀਵਰਸਿਟੀ, ਪਟਿਆਲਾ)।