-ਨਿਰਮਲ ਜੌੜਾ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੇਡ ਡਾਇਰੈਕਟਰ ਡਾ. ਪਰਮਿੰਦਰ ਸਿੰਘ ਆਹਲੂਵਾਲੀਆ ਦੇ ਵਿਛੋੜੇ ਦੀ ਖ਼ਬਰ ਨੇ ਦਿਲੋ-ਦਿਮਾਗ ਨੂੰ ਸੁੰਨ ਕਰ ਦਿੱਤਾ। ਹੱਥੀਂ ਤੋਰ ਕੇ ਵੀ ਸੱਚ ਨਹੀਂ ਆ ਰਿਹਾ ਕਿ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਸ਼ਖ਼ਸ ਹੱਸਦਾ-ਖੇਡਦਾ ਇਸ ਤਰ੍ਹਾਂ ਇਕਦਮ ਅਲਵਿਦਾ ਕਹਿ ਕੇ ਤੁਰ ਗਿਆ ਪਰ ਬਾਬਾ ਫ਼ਰੀਦ ਦੇ ਕਹਿਣ ਵਾਂਗ ਕੇਲ ਕਰੇਂਦੀ ਜ਼ਿੰਦਗੀ ਨੂੰ ਰੱਬ ਦੇ ਅਚਿੰਤੇ ਬਾਜ਼ ਕਦੋਂ ਪੈ ਜਾਣ, ਕੌਣ ਜਾਣਦਾ ਹੈ? ਡਾ. ਪਰਮਿੰਦਰ ਸਿੰਘ ਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਕੁਸ਼ਲ ਪ੍ਰਬੰਧਕ ਸਨ ਜਿਨ੍ਹਾਂ ਦੀ ਅਗਵਾਈ ਵਿਚ ਪਿਛਲੇ ਪੰਜਾਂ ਸਾਲਾਂ ਦੌਰਾਨ ਪੰਜਾਬ ਯੂਨੀਵਰਸਿਟੀ ਨੇ ਵਿਦਿਆਰਥੀ-ਖੇਡਾਂ ਵਿਚ ਕਈ ਮੀਲ ਪੱਥਰ ਕਾਇਮ ਕੀਤੇ। ਇਸੇ ਸਮੇਂ ਦੌਰਾਨ ਖੇਡਾਂ ਦੇ ਖੇਤਰ ਵਿਚ ਦੇਸ਼ ਦੀ ਸਰਬਉੱਚ 'ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ' ਕਈ ਦਹਾਕਿਆਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਹਿੱਸੇ ਆਈ, ਉਹ ਵੀ ਲਗਾਤਾਰ ਦੋ ਸਾਲ। ਇਸ ਤੋਂ ਪਹਿਲਾਂ ਇਹ ਟਰਾਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਲਗਾਤਾਰ ਕਈ ਸਾਲ ਜਿੱਤੀ ਸੀ। ਇਹ ਟਰਾਫੀ ਉੱਘੇ ਆਜ਼ਾਦੀ ਘੁਲਾਟੀਏ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਨਾਮ 'ਤੇ ਸ਼ੁਰੂ ਕੀਤੀ ਗਈ ਸੀ ਜੋ

ਖੇਡਾਂ ਵਿਚ ਸਰਬਉੱਚ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਹੈ।

ਭਾਰਤ ਸਰਕਾਰ ਵੱਲੋਂ ਇਸੇ ਸਾਲ ਸ਼ੁਰੂ ਕੀਤਾ 'ਖੇਲੋ ਇੰਡੀਆ' ਅੰਤਰ ਯੂਨੀਵਰਸਿਟੀ ਖੇਡ ਮੁਕਾਬਲਾ ਵੀ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਪੀਯੂ ਨੇ ਜਿੱਤਿਆ। ਖੰਨਾ ਲਾਗੇ ਪਿੰਡ ਕਲਾਲ ਮਾਜਰਾ ਦਾ ਜੰਮਪਲ ਡਾ. ਪਰਮਿੰਦਰ ਸਿੰਘ ਰੂਹਦਾਰ ਬੰਦਾ ਸੀ। ਮੇਰੇ ਲਈ ਪੰਜਾਬ ਯੂਨੀਵਰਸਿਟੀ ਵਿਚ ਸਹਿਕਰਮੀ ਦੇ ਨਾਲ-ਨਾਲ ਵੱਡੇ ਭਰਾਵਾਂ ਵਰਗਾ ਦੋਸਤ ਸੀ ਜੀਹਦਾ ਹਰ ਵੇਲੇ ਮੈਨੂੰ ਆਸਰਾ ਸੀ, ਸਹਾਰਾ ਸੀ। ਉਹ ਹਰ ਦੁੱਖ-ਸੁੱਖ 'ਚ ਮੇਰੇ ਨਾਲ ਆ ਖੜ੍ਹਾ ਹੁੰਦਾ ਸੀ। ਯੁਵਕ ਭਲਾਈ ਵਿਭਾਗ ਦੀਆਂ ਗਤੀਵਿਧੀਆਂ 'ਚ ਉਸ ਦੀ ਰਾਇ ਅਤੇ ਯੋਗਦਾਨ ਵੱਡਮੁੱਲਾ ਰਿਹਾ। ਅਸੀਂ ਇਕ-ਦੂਜੇ ਨੂੰ ਜੋ ਕਹਿਣਾ, ਜਦੋਂ ਕਹਿਣਾ ਸਿਰ ਮੱਥੇ ਕਰਦੇ ਸਾਂ।

ਸਾਦਗੀ ਦੇ ਨਾਲ-ਨਾਲ ਡਾ. ਪਰਮਿੰਦਰ ਸਿੰਘ ਨੂੰ ਦ੍ਰਿੜ੍ਹਤਾ, ਸਮਰਪਣ ਅਤੇ ਸਹਿਜ ਵਰਗੇ ਬੇਸ਼ਕੀਮਤੀ ਗੁਣਾਂ ਨੇ ਅਮੀਰੀ ਬਖ਼ਸ਼ੀ ਹੋਈ ਸੀ ਜਿਸ ਕਾਰਨ ਉਹ ਜ਼ਿੰਦਗੀ ਦੇ ਸ਼ਾਹ ਅਸਵਾਰ ਬਣੇ ਰਹੇ। ਉਹ ਦੁਨਿਆਵੀ ਸਮੀਕਰਨਾਂ ਤੋਂ ਉੱਪਰ ਉੱਠ ਕੇ ਮਿੱਤਰ ਪਿਆਰਿਆਂ ਨਾਲ ਵਰਤਣ ਵਾਲੇ ਸਾਫ਼ ਦਿਲ ਸ਼ਖ਼ਸ ਸੀ। ਮੇਰੇ ਸਮੇਤ ਕਈਆਂ ਲਈ ਉਹ ਰਾਹ ਦਸੇਰਾ ਸੀ। ਆਪਣੇ ਫ਼ਰਜ਼ਾਂ ਅਤੇ ਜ਼ਿੰਮੇਵਾਰੀ 'ਤੇ ਪਹਿਰਾ ਦੇਣ 'ਚ ਉਸ ਦੀ ਨਿਪੁੰਨਤਾ ਬਾਕਮਾਲ ਸੀ। ਕੰਮ ਸੱਭਿਆਚਾਰ ਦੇ ਅਸੂਲਾਂ ਵਾਲੇ ਡਾ. ਪਰਮਿੰਦਰ ਸਿੰਘ ਲਗਨ ਅਤੇ ਮਿਹਨਤ ਸਦਕਾ ਇਸ ਮੁਕਾਮ 'ਤੇ ਪਹੁੰਚੇ ਹੋਣ ਕਾਰਨ ਜ਼ਮੀਨੀ ਹਕੀਕਤਾਂ ਤੋਂ ਵੀ ਵਾਕਿਫ਼ ਸਨ। ਇਸੇ ਲਈ ਉਹ ਦੂਜਿਆਂ ਦੀਆਂ ਮਜਬੂਰੀਆਂ-ਲਾਚਾਰੀਆਂ ਨੂੰ ਵੀ ਸਮਝਦੇ ਸਨ। ਉਹ ਰੁਤਬਿਆਂ-ਅਹੁਦਿਆਂ ਤੋਂ ਮੁਕਤ ਭਾਵਨਾਵਾਂ ਦੀਆਂ ਤੰਦਾਂ ਨਾਲ ਬੱਝਿਆ ਹੋਇਆ ਇਨਸਾਨ ਸੀ। ਇਕ ਅਧਿਆਪਕ ਤੋਂ ਲੈ ਕੇ ਯੂਨੀਵਰਸਿਟੀ ਅਧਿਕਾਰੀ ਤਕ ਪਹੁੰਚਦਿਆਂ ਉਸ ਨੇ ਜ਼ਿੰਦਗੀ ਨੂੰ ਪੜ੍ਹਿਆ, ਤਲਖ ਸਮਿਆਂ ਦਾ ਟਾਕਰਾ ਕੀਤਾ ਪਰ ਇਮਾਨਦਾਰੀ ਅਤੇ ਮਿਹਨਤ ਨੂੰ ਹੀ ਆਪਣਾ ਹਥਿਆਰ ਬਣਾ ਕੇ ਰੱਖਿਆ।

ਉਸ ਨਾਲ ਗੱਲਾਂ ਕਰਦਿਆਂ ਜੋ ਅਪਣੱਤ ਅਤੇ ਹੱਲਾਸ਼ੇਰੀ ਮਿਲਦੀ ਉਹ ਦੁਨਿਆਵੀ ਪ੍ਰਾਪਤੀਆਂ ਤੋਂ ਕਈ ਗੁਣਾ ਕੀਮਤੀ ਹੁੰਦੀ। ਕਈ ਵਾਰ ਜੇ ਉਹ ਖ਼ੁਦ ਕਿਸੇ ਉਲਝਣ ਵਿਚ ਹੁੰਦੇ ਜਾਂ ਗੱਲਾਂ ਕਰਦਿਆਂ ਕਦੇ ਉਦਾਸ ਹੋ ਵੀ ਜਾਂਦੇ ਤਾਂ ਕੁਦਰਤ ਅਤੇ ਰੱਬ ਵਿਚਲਾ ਵਿਸ਼ਵਾਸ ਉਨ੍ਹਾਂ ਨੂੰ ਅੰਦਰੋਂ ਧਰਵਾਸ ਦਿੰਦਾ। ਉਹ ਨਾ ਆਪ ਡੋਲਦੇ ਤੇ ਨਾ ਡੋਲਣ ਦਿੰਦੇ। ਮੈਂ ਜਦੋਂ ਕਿਸੇ ਸਮੱਸਿਆ ਕਾਰਨ ਗਮਗੀਨ ਹੋਣਾ ਜਾਂ ਕਿਸੇ ਝਮੇਲੇ ਵਿਚ ਹੋਣਾ ਤਾਂ ਉਨ੍ਹਾਂ ਕੋਲ ਚਲੇ ਜਾਣਾ। ਛੋਟੀ ਉਮਰ ਵਿਚ ਉਨ੍ਹਾਂ ਕੋਲ ਵੱਡਾ ਤਜਰਬਾ ਸੀ। ਉਹ ਬੋਲਣ 'ਚ ਸੰਜਮੀ ਸੀ ਪਰ ਉਨ੍ਹਾਂ ਦੇ ਬੋਲ ਕੀਮਤੀ ਹੁੰਦੇ, ਕਾਹਲੇ ਨਹੀਂ ਸਨ। ਹਮੇਸ਼ਾ ਤਹੱਮਲ 'ਚ ਰਹਿੰਦੇ। ਉਨ੍ਹਾਂ ਦਾ ਧੀਰਜ ਹੀ ਉਨ੍ਹਾਂ ਦੀ ਸ਼ਕਤੀ ਸੀ। 'ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ' ਉਮਰ ਦੇ ਥੋੜ੍ਹੇ ਜਿਹੇ ਸਮੇਂ ਨੂੰ ਸੰਭਲ ਕੇ ਵਰਤਦਿਆਂ ਉਨ੍ਹਾਂ ਜ਼ਿੰਦਗੀ ਦੇ ਪਲ-ਪਲ ਨੂੰ ਇਸ ਤਰ੍ਹਾਂ ਲੇਖੇ ਲਾਇਆ ਕਿ ਵੱਡੀਆਂ ਪ੍ਰਾਪਤੀਆਂ ਦੇ ਨਾਲ-ਨਾਲ ਪਰਿਵਾਰਕ ਕਬੀਲਦਾਰੀਆਂ ਛੋਟੀ ਉਮਰੇ ਕਿਓਂਟ ਲਈਆਂ। ਉਹ ਪਰਿਵਾਰ ਅਤੇ ਨੌਕਰੀ ਦੇ ਇਮਤਿਹਾਨਾਂ 'ਚੋਂ ਪਾਸ ਹੁੰਦੇ ਗਏ। ਉਨ੍ਹਾਂ ਨਾਲ ਵਿਚਰਦਿਆਂ ਮੈਨੂੰ ਹਮੇਸ਼ਾ ਅਹਿਸਾਸ ਹੋਇਆ ਕਿ ਵੱਡੀਆਂ ਪ੍ਰਾਪਤੀਆਂ ਹੋਣ ਦੇ ਬਾਵਜੂਦ ਬੰਦੇ ਦੇ ਪੈਰ ਧਰਤੀ ਉੱਤੇ ਹੀ ਰਹਿਣੇ ਚਾਹੀਦੇ ਹਨ ਤਾਂ ਹੀ ਬੰਦਾ ਵੱਡਾ ਰਹਿੰਦਾ ਹੈ। ਅਸਮਾਨੀਂ ਉਡਾਰੀ ਭਰਦਿਆਂ ਜੇ ਪੱਬ ਆਪਣੀ ਮਿੱਟੀ ਨਾਲ ਜੁੜੇ ਰਹਿਣ ਤਾਂ ਬੰਦਾ ਅਸਮਾਨ 'ਚ ਡੋਲਦਾ ਨਹੀਂ।

ਇਸੇ ਕਾਰਨ ਉਹ ਕਲਾਲ ਮਾਜਰੇ ਜਾਣਾ ਨਹੀਂ ਸਨ ਭੁੱਲਦੇ। ਆਪਣੇ ਪਿੰਡ ਦੀ ਮਿੱਟੀ ਦੀ ਮਹਿਕ ਉਨ੍ਹਾਂ ਦੇ ਸਾਹਾਂ 'ਚ ਵਸੀ ਸੀ। ਇਕ ਦਿਨ ਮੈਂ ਕਿਹਾ ' ਕੋਈ ਫਲੈਟ ਵਗੈਰਾ ਖ਼ਰੀਦਲੋ ਚੰਡੀਗੜ੍ਹ ਵਿਚ।' ਅੱਗੋਂ ਆਖਣ ਲੱਗੇ, 'ਬਾਪੂ ਵਾਲਾ ਘਰ ਈ ਠੀਕ ਆ। ਪਿੰਡ ਰਹਾਂਗੇ ਜਾ ਕੇ।' ਉਨ੍ਹਾਂ ਦੀ ਮੌਤ ਉਪਰੰਤ ਪੂਰੀ ਤਰ੍ਹਾਂ ਝੰਜੋੜੇ ਗਏ ਉਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਦਿਲਮੋਹਨ ਕੌਰ, ਬੇਟੇ ਪ੍ਰੋ. ਰੌਬਨ ਇੰਦਰਪ੍ਰੀਤ, ਛੋਟੇ ਭਰਾ ਰਵੀ, ਧੀ ਜੈਸਮੀਨ ਅਤੇ ਪਰਿਵਾਰ ਨੇ ਇਸ ਅੱਤ ਦੇ ਦੁਖਦਾਈ ਤਲਖ ਸਮੇਂ ਵਿਚ ਉਨ੍ਹਾਂ ਦੀ ਰੂਹ ਦੇ ਹਾਣ ਦਾ ਫ਼ੈਸਲਾ ਲਿਆ ਤੇ ਉਨ੍ਹਾਂ ਨੂੰ ਪਿੰਡ ਦੀ ਮਿੱਟੀ ਦੇ ਸਪੁਰਦ ਕਰ ਦਿੱਤਾ। ਮਿੱਟੀ ਦੇ ਪੁੱਤ ਨੂੰ ਬਜ਼ੁਰਗਾਂ ਦੀ ਗੋਦ 'ਚ ਸਮਾਅ ਦਿੱਤਾ, ਨਹੀਂ ਤਾਂ ਬੁੱਢੇ ਬਾਰੇ ਮਾਸਟਰ ਕੁਲਦੀਪ ਸਿੰਘ ਅਤੇ ਮਾਤਾ ਸਿਮਰਜੀਤ ਕੌਰ ਨੂੰ ਚੰਡੀਗੜ੍ਹ ਜਾ ਕੇ ਆਪਣੇ ਜਿਗਰ ਦੇ ਟੁਕੜੇ ਤੇ ਲਾਡਲੇ ਪੁੱਤ ਨੂੰ ਤੋਰਨਾ ਕਹਿਰ ਉੱਤੇ ਇਕ ਹੋਰ ਕਹਿਰ ਵਾਂਗ ਜਾਪਣਾ ਸੀ।

ਡਾ. ਪਰਮਿੰਦਰ ਸਿੰਘ ਦੇ ਵਿਛੋੜੇ 'ਤੇ ਸਨੇਹੀਆਂ-ਪਿਆਰਿਆਂ ਦੇ ਵਗਦੇ ਹੰਝੂ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਨਿਮਰਤਾ ਅਤੇ ਹਲੀਮੀ ਬੰਦੇ ਨੂੰ ਲੋਕ ਮਨਾਂ 'ਚ ਵਸਦੇ ਰਹਿਣਯੋਗ ਬਣਾਉਂਦੀ ਆ। ਪੰਜਾਬ ਯੂਨੀਵਰਸਿਟੀ ਦੇ ਨਾਲ-ਨਾਲ ਮੈਨੂੰ ਨਿੱਜੀ ਤੌਰ 'ਤੇ ਉਨ੍ਹਾਂ ਦੇ ਵਿਛੋੜੇ ਕਾਰਨ ਵੱਡਾ ਘਾਟਾ ਪਿਆ ਹੈ ਜੋ ਪੂਰਾ ਨਹੀਂ ਹੋ ਸਕਦਾ। ਮੇਰੇ ਲਈ ਇਹ ਦੁੱਖ ਅਕਹਿ ਅਤੇ ਅਸਹਿ ਹੈ। ਉੱਨੀ ਅਕਤੂਬਰ ਨੂੰ ਕਲਾਲ ਮਾਜਰੇ ਦੇ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਹੋਵੇਗੀ ਪਰ ਰਾਂਗਲੇ ਸੱਜਣ ਦੀਆਂ ਯਾਦਾਂ ਅਤੇ ਨਸੀਹਤਾਂ ਸਦਾ ਸਾਡੇ ਅੰਗ-ਸੰਗ ਰਹਿਣਗੀਆਂ ਕਿਉਂਕਿ ਮੋਹਵੰਤੇ ਸੱਜਣ ਕਦੋਂ ਨਿਕਲਦੇ ਆ ਦਿਲਾਂ 'ਚੋਂ।-ਮੋਬਾਈਲ ਨੰ. : 98140-78799

-response0jagran.com

Posted By: Sunil Thapa