ਕੱਤਕ ਮਹੀਨੇ ਦੀ ਮੱ ਸਿਆ ਨੂੰ ਘਰਾਂ ਤੇ ਬਨੇਰਿਆਂ 'ਤੇ ਦੀਵਿਆਂ ਦੀਆਂ ਕਤਾਰਾਂ ਚੰਦਰਮਾ ਦੀ ਗ਼ੈਰ-ਹਾਜ਼ਰੀ ਮਹਿਸੂਸ ਨਹੀਂ ਹੋਣ ਦਿੰਦੀਆਂ। ਦੀਵਿਆਂ ਜਾਂ ਰੋਸ਼ਨੀਆਂ ਦੇ ਇਸ ਪੁਰਬ ਨੂੰ 'ਦੀਪਾਵਲੀ' ਜਾਂ 'ਦੀਵਾਲੀ' ਕਿਹਾ ਜਾਂਦਾ ਹੈ। ਇਸ ਦਿਨ ਮਰਿਆਦਾ ਪਰਸ਼ੋਤਮ ਸ੍ਰੀਰਾਮ ਚੰਦਰ 14 ਸਾਲਾਂ ਦਾ ਬਣਵਾਸ ਕੱਟ ਕੇ ਅਤੇ ਰਾਵਣ ਦਾ ਵਧ ਕਰਨ ਤੋਂ ਬਾਅਦ ਅਯੁੱਧਿਆ ਵਾਪਸ ਪਰਤੇ ਸਨ ਤਾਂ ਲੋਕਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਆਪਣੇ ਘਰਾਂ 'ਚ ਦੀਪਮਾਲਾ ਕੀਤੀ ਸੀ। ਸਿੱਖ ਧਰਮ ਵਿਚ ਦੀਵਾਲੀ ਨੂੰ ਬੰਦੀ ਛੋੜ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚੋਂ 52 ਰਾਜਿਆਂ ਨੂੰ ਆਜ਼ਾਦ ਕਰਵਾ ਕੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਸਨ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਸਮੁੱਚੇ ਵਿਸ਼ਵ ਤੋਂ ਨਾਨਕ ਨਾਮਲੇਵਾ ਬਾਬੇ ਦੀ ਕਰਮ ਭੂਮੀ ਸੁਲਤਾਨਪੁਰ ਲੋਧੀ ਅਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਏ ਹੋਣ ਕਰਕੇ ਇਸ ਵਾਰ ਦੀਵਾਲੀ ਬੇਹੱਦ ਸ਼ਰਧਾ ਅਤੇ ਉਮਾਹ ਨਾਲ ਮਨਾਈ ਜਾ ਰਹੀ ਹੈ। ਦੁਨੀਆ ਦੇ ਕੋਨੇ-ਕੋਨੇ 'ਚ ਜਗਤ ਗੁਰੂ ਨੂੰ ਯਾਦ ਕਰਨ ਲਈ ਨਗਰ ਕੀਰਤਨ ਸਜਾਏ ਜਾ ਰਹੇ ਹਨ ਅਤੇ ਕੀਰਤਨ ਦਰਬਾਰਾਂ ਦਾ ਆਯੋਜਨ ਹੋ ਰਿਹਾ ਹੈ। ਰਸਭਿੰਨੀ ਨਾਨਕ ਬਾਣੀ ਫ਼ਿਜ਼ਾ 'ਚ ਰਸ ਘੋਲ ਰਹੀ ਹੈ। ਦੀਵਾਲੀ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਲਈ ਵੀਰਵਾਰ ਨੂੰ ਕੌਮਾਂਤਰੀ ਸਰਹੱਦ 'ਤੇ ਹਿੰਦੁਸਤਾਨ ਅਤੇ ਪਾਕਿਸਤਾਨ ਵੱਲੋਂ ਤਵਾਰੀਖ਼ੀ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ ਹਨ। ਅਜਿਹਾ ਕਈ ਦਹਾਕਿਆਂ ਤੋਂ ਸਿੱਖ ਸੰਗਤ ਵੱਲੋਂ ਕੀਤੀ ਜਾਂਦੀ ਅਰਦਾਸ ਕਾਰਨ ਹੀ ਸੰਭਵ ਹੋ ਸਕਿਆ ਹੈ। ਕਹਿੰਦੇ ਹਨ ਕਿ ਸੱਚੇ ਦਿਲੋਂ ਕੀਤੀ ਜਾਂਦੀ ਸਮੂਹਿਕ ਅਰਦਾਸ ਸਚਖੰਡ 'ਚ ਅਵੱਸ਼ ਸੁਣੀ ਜਾਂਦੀ ਹੈ। ਡੇਰਾ ਬਾਬਾ ਨਾਨਕ (ਗੁਰਦਾਸਪੁਰ) ਅਤੇ ਕਰਤਾਰਪੁਰ ਸਾਹਿਬ (ਪਾਕਿਸਤਾਨ) ਦਰਮਿਆਨ ਮਹਿਜ਼ 4.7 ਕਿਲੋਮੀਟਰ ਦਾ ਫ਼ਾਸਲਾ ਹੈ ਜਿਸ ਨੂੰ ਤੈਅ ਕਰਨ ਲਈ ਸੰਗਤ ਨੂੰ ਕਈ ਦਹਾਕਿਆਂ ਦਾ ਸਮਾਂ ਲੱਗ ਗਿਆ। ਦੇਸ਼ ਦੀ ਵੰਡ ਵੇਲੇ ਸਰ ਰੈਡਕਲਿਫ ਨੇ ਹਿੰਦੁਸਤਾਨ ਦਾ ਨਕਸ਼ਾ ਵਿਛਾ ਕੇ ਪੰਜ ਦਰਿਆਵਾਂ ਦੇ ਸਾਂਝੇ ਸੱਭਿਆਚਾਰ ਨੂੰ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਵਿਚ ਵੰਡਣ ਦੀ ਹਿਮਾਕਤ ਕੀਤੀ ਸੀ। ਇਸ ਮਨਹੂਸ ਲਕੀਰ (ਰੈਡਕਲਿੱਫ ਲਾਈਨ) ਦੇ ਬਾਵਜੂਦ ਅੰਬਰ ਵਾਂਗ ਨਾਨਕ, ਬੁੱਲ੍ਹੇਸ਼ਾਹ, ਵਾਰਿਸ, ਪੀਲੂ, ਕਾਦਰਯਾਰ ਅਤੇ ਬਾਬਾ ਫ਼ਰੀਦ ਵਰਗੇ ਕਦੇ ਨਾ ਵੰਡੇ ਗਏ। ਰੈਡਕਲਿੱਫ ਨੂੰ ਇਨ੍ਹਾਂ ਪੀਢੀਆਂ ਸੱਭਿਆਚਾਰਕ ਤੰਦਾਂ ਦਾ ਇਲਮ ਨਹੀਂ ਸੀ। ਉਲਝੀਆਂ ਹੋਈਆਂ ਤੰਦਾਂ ਨੇ ਆਖ਼ਰ ਸੁਲਝਣਾ ਹੀ ਸੀ। ਕਰਤਾਰਪੁਰ ਨਗਰੀ ਦੇ ਗਲ ਰਾਵੀ ਦਾ ਹਾਰ-ਸ਼ਿੰਗਾਰ ਹੈ ਇਸ ਲਈ ਪੰਜਾਬੀ ਦੀ ਸਾਂਝੀ ਲੋਕਧਾਰਾ ਨੂੰ ਰਾਵੀ ਨਾਲੋਂ ਕਿਵੇਂ ਨਿਖੇੜਿਆ ਜਾ ਸਕਦਾ ਹੈ? ਰਾਵੀ ਸਾਡੇ ਲੋਕ ਗੀਤਾਂ ਵਿਚ ਕਲਕਲ ਵਹਿੰਦੀ ਹੈ। ਜਦੋਂ ਰਾਵੀ ਕਰਤਾਰਪੁਰ ਨਗਰੀ ਕੋਲੋਂ ਲੰਘਦੀ ਹੈ ਤਾਂ ਇਸ ਦੀਆਂ ਲਹਿਰਾਂ 'ਚੋਂ ਨਾਨਕਬਾਣੀ ਦਾ ਜਲ-ਤਰੰਗ ਸਾਫ਼ ਸੁਣਾਈ ਦਿੰਦਾ ਹੈ। ਇਸ ਨਗਰੀ ਦੀ ਜ਼ਿਆਰਤ ਕਰਦਿਆਂ ਮਨ ਵਿਸਮਾਦੀ ਹੋ ਜਾਂਦਾ ਹੈ। ਬਾਬਾ ਨਾਨਕ ਜਿਵੇਂ ਖੇਤਾਂ ਵਿਚ ਰਾਹਲਾਂ ਅਤੇ ਸਿਆੜ ਪਾਉਂਦਾ ਮਹਿਸੂਸ ਹੁੰਦਾ ਹੈ। ਹੱਥੀਂ ਕਾਰ ਦਾ ਮਹਾਤਮ ਸਮਝਣ ਲਈ ਕਰਤਾਰਪੁਰ ਦੇ ਮਹਾਤਮ ਨੂੰ ਸਮਝਣਾ ਪਵੇਗਾ। ਅੱਜ ਅਸੀਂ ਹੱਥੀਂ ਕਾਰ ਤੋਂ ਕਿਨਾਰਾ ਕਰ ਕੇ ਆਪਣੇ ਪੈਰਾਂ ਹੇਠ ਭੱਖੜਾ ਬੀਜ ਰਹੇ ਹਾਂ। ਬਾਬਾ ਹਲ ਦੀ ਹੱਥੀ ਫੜ ਕੇ ਖੇਤਾਂ ਨੂੰ ਵਾਹੁੰਦਾ ਹੋਇਆ ਅਕਾਲ ਨਾਲ ਇਕਮਿੱਕ ਹੋ ਜਾਂਦਾ ਸੀ। ਉਸ ਦੇ ਹੱਥਾਂ ਵਿਚ ਕਾਰ ਤੇ ਰਸਨਾ 'ਤੇ ਇਲਾਹੀ ਬਾਣੀ ਸੀ। ਪੰਜਵੇਂ ਨਾਨਕ, ਗੁਰੂ ਅਰਜਨ ਦੇਵ ਜੀ ਨੇ ਫੁਰਮਾਇਆ ਹੈ, ''ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ।'' ਸਿੱਖੀ ਕੇਵਲ 'ਨਾਮ ਸਿਮਰਨ' ਤਕ ਹੀ ਮਹਿਦੂਦ ਨਹੀਂ ਹੈ। ਸਿੱਖ ਧਰਮ ਦੇ ਬਾਨੀ ਨੇ ਤਾਂ 'ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ' ਦਾ ਮੰਤਰ ਬਖਸ਼ਿਆ ਸੀ। ਬਾਬੇ ਨਾਨਕ ਨੂੰ ਇਸੇ ਲਈ ਮਲਕ ਭਾਗੋ ਦੀ ਰੋਟੀ 'ਚੋਂ ਖ਼ੂਨ ਅਤੇ ਭਾਈ ਲਾਲੋ ਦੀ ਰੋਟੀ 'ਚੋਂ ਦੁੱਧ ਟਪਕਦਾ ਦਿਸਦਾ ਸੀ। ਅੱਜ ਮਲਕ ਭਾਗੋਆਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ ਅਤੇ ਕਿਰਤੀ-ਕਿਸਾਨ ਆਪਣੇ ਗਲਾਂ ਵਿਚ ਰੱਸੇ ਪਾ ਕੇ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਅੰਨਦਾਤੇ ਦੀ ਅਜਿਹੀ ਹਾਲਤ ਲਈ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ ਪਰ ਹੱਥੀਂ ਕਾਰ ਦੀ ਬਜਾਏ ਮਸ਼ੀਨਾਂ ਨਾਲ ਬਿਜਾਈ ਤੇ ਵਾਢੀ ਨੇ ਮਿਹਨਤਕਸ਼ਾਂ ਦੇ ਹੱਡੀਂ ਪਾਣੀ ਪਾਇਆ ਹੈ। ਇਸੇ ਲਈ ਘਰਾਂ ਦੇ ਦੀਵੇ ਕਬਰਾਂ 'ਤੇ ਬਲ ਰਹੇ ਹਨ। ਰੱਬ ਕਰੇ ਘਰਾਂ ਨੂੰ ਆਪਣੇ ਹੀ ਘਰਾਂ ਦੇ ਚਿਰਾਗਾਂ ਨਾਲ ਅੱਗ ਨਾ ਲੱਗੇ। ਸ਼ਾਲਾ! ਸਾਡਾ ਕਿਰਤੀ-ਕਿਸਾਨ ਮੁੜ ਆਪਣੀ ਮਿੱਟੀ ਦੀ ਮਹਿਕ ਦਾ ਕਾਇਲ ਹੋਵੇ। ਵਿਦੇਸ਼ਾਂ ਨੂੰ ਘੱਤੀਆਂ ਵਹੀਰਾਂ ਆਪਣੇ ਵਤਨ ਵੱਲ ਮੋੜਾ ਕੱਟਣ। ਅੱਜ 'ਬ੍ਰੇਨ-ਡਰੇਨ ਤੇ ਮਨੀ ਡਰੇਨ' ਨੇ ਪੰਜਾਬ ਨੂੰ ਖੋਖਲਾ ਕਰ ਦਿੱਤਾ ਹੈ। ਨਿਸ਼ਚੇ ਹੀ ਪੰਜਾਬੀ ਵਿਦੇਸ਼ਾਂ ਵਿਚ ਜਿੱਤ ਦੇ ਝੰਡੇ ਗੱਡ ਰਹੇ ਹਨ ਪਰ ਪੰਜਾਬ ਦੇ ਅਣਗਿਣਤ ਪਿੰਡ ਨਿਲਾਮ ਹੋਣ ਕਿਨਾਰੇ ਪੁੱਜ ਗਏ ਹਨ। 'ਇਹ ਪਿੰਡ ਵਿਕਾਊ ਹੈ' ਵਰਗੀਆਂ ਖ਼ਬਰਾਂ ਦੀ ਚਰਚਾ ਲੋਕ ਸਭਾ ਤਕ ਵੀ ਹੋਈ ਹੈ ਪਰ ਇਸ ਦਾ ਠੋਸ ਹੱਲ ਅਜੇ ਤਕ ਨਹੀਂ ਨਿਕਲਿਆ। ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਕਈ ਪਿੰਡਾਂ ਦੇ ਬੇਚਿਰਾਗ਼ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਪਰਵਾਸੀ ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਪੁਰਖਿਆਂ ਦੀ ਜਨਮ ਭੋਇੰ ਅਤੇ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਲਈ ਹੰਭਲਾ ਮਾਰਨ। ਨਸ਼ਿਆਂ ਨੇ ਸਾਡੇ ਛੈਲ-ਛਬੀਲੇ ਗੱਭਰੂਆਂ ਨੂੰ ਘੁਣ ਵਾਂਗ ਖਾਧਾ ਹੈ। ਘਰਾਂ ਦੇ ਲਟਲਟ ਬਲ਼ਦੇ ਚਿਰਾਗ਼ ਬੁਝ ਰਹੇ ਹਨ। ਬੁਰਛਾਗਰਦੀ ਇਕ ਬਲਦਾ ਮਸਲਾ ਹੈ। ਪੰਜਾਬ ਦੇ ਰੌਬਿਨਹੁੱਡ ਤਾਂ ਦੁੱਲਾ ਭੱਟੀ ਵਰਗੇ ਜਾਂਬਾਜ਼ ਸਨ ਜੋ ਗ਼ਰੀਬਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ-ਆਬਰੂ ਦੇ ਰਾਖੇ ਸਨ। ਦੇਸ਼-ਕੌਮ ਦੇ ਇਨ੍ਹਾਂ ਰਖਵਾਲਿਆਂ ਦੀ ਬਦੌਲਤ ਹੀ ਲੋਹੜੀ ਅਤੇ ਦੀਵਾਲੀ ਵਰਗੇ ਤਿਉਹਾਰ ਮਨਾਏ ਜਾਂਦੇ ਹਨ। ਅੱਜ ਬੁਰਛੇ ਇਕ-ਇਕ ਕਰ ਕੇ ਹੱਸਦੇ-ਵਸਦੇ ਘਰਾਂ ਦੇ ਦੀਵੇ ਗੁੱਲ ਕਰ ਰਹੇ ਹਨ। ਬੇਰੁਜ਼ਗਾਰੀ ਚਰਮ ਸੀਮਾ 'ਤੇ ਪੁੱਜ ਚੁੱਕੀ ਹੈ। ਬੇਰੁਜ਼ਗਾਰਾਂ ਅਤੇ ਅਧਿਆਪਕ ਯੂਨੀਅਨਾਂ ਨੇ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਬਲਦੇ ਚਿਰਾਗ਼ਾਂ ਨੂੰ ਬੁਝਾ ਕੇ ਆਪਣਾ ਰੋਸ ਪ੍ਰਗਟ ਕੀਤਾ ਹੈ। ਰੋਸ਼ਨੀ ਦੇ ਉਤਸਵ 'ਤੇ ਕਿਸੇ ਦੇ ਘਰ ਹਨੇਰਾ ਨਹੀਂ ਹੋਣਾ ਚਾਹੀਦਾ। ਸਰਹੱਦਾਂ 'ਤੇ ਸ਼ਹੀਦ ਹੋਏ ਜਵਾਨਾਂ ਦੇ ਨਾਮ ਇਕ-ਇਕ ਦੀਵਾ ਜ਼ਰੂਰ ਜਗਾਈਏ। ਰੱਬ ਕਰੇ ਕਿ ਹਰ ਤਰ੍ਹਾਂ ਦੇ ਝਗੜੇ-ਝੇੜੇ ਖ਼ਤਮ ਹੋਣ ਅਤੇ ਹਰ ਪਾਸੇ ਖ਼ੁਸ਼ੀਆਂ-ਖੇੜੇ ਹੋਣ। ਸ਼ਾਲਾ! ਕੋਈ ਵੀ ਅਣਿਆਈ ਮੌਤੇ ਨਾ ਮਰੇ ਅਤੇ ਕਿਸੇ ਦੇ ਘਰ ਸੱਥਰ ਨਾ ਵਿਛਣ। ਮਸ਼ਾਲਾਂ ਹੋਣ ਜਾਂ ਦੀਵੇ, ਇਹ ਬਲਦੇ ਹੀ ਚੰਗੇ ਹਨ!

Posted By: Sukhdev Singh