-ਤਰੁਣ ਗੁਪਤ

ਹਰ ਸਾਲ 29 ਅਗਸਤ ਨੂੰ ਕੌਮੀ ਖੇਡ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਦੇਸ਼ ਦੇ ਸਭ ਤੋਂ ਮਹਾਨ ਖਿਡਾਰੀਆਂ ’ਚੋਂ ਇਕ ਅਤੇ ਹਾਕੀ ਦੇ ਨਿਰ-ਵਿਵਾਦ ਸਭ ਤੋਂ ਮਹਾਨ ਖਿਡਾਰੀਆਂ ’ਚੋਂ ਇਕ ਹੋਰ ਹਾਕੀ ਦੇ ਉਮਦਾ ਖਿਡਾਰੀ ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ ਨੂੰ ਹੀ ਹੋਇਆ ਸੀ। ਇਹ ਸਹੀ ਹੀ ਹੈ ਕਿ ਉਨ੍ਹਾਂ ਦੇ ਜਨਮ ਦਿਵਸ ਦੇ ਸਬੰਧ ਵਿਚ ਕੌਮੀ ਖੇਡ ਦਿਵਸ ਮਨਾਇਆ ਜਾਵੇ। ਇਸ ਮੌਕੇ ਤਮਾਮ ਰਸਮਾਂ ਨਿਭਾਉਣ ਵਾਲੇ ਪ੍ਰੋਗਰਾਮਾਂ ਤੋਂ ਪਹਿਲਾਂ ਦੇਸ਼ ਵਿਚ ਖੇਡਾਂ ਦੀ ਹਾਲਤ ਦਾ ਮੁਲੰਕਣ ਕਰਨਾ ਸਹੀ ਹੋਵੇਗਾ। ਖੇਡਾਂ ਮਨੁੱਖੀ ਸੰਸਕ੍ਰਿਤੀ ਤੇ ਸੱਭਿਅਤਾ ਦੀਆਂ ਅਟੁੱਟ ਅੰਗ ਹਨ। ਪਹਿਲੀ ਨਜ਼ਰੇ ਖੇਡ ਭਾਵੇਂ ਹੀ ਸਰੀਰਕ ਅਤੇ ਮਾਨਸਿਕ ਮੁਕਾਬਲੇਬਾਜ਼ੀ ਦਾ ਜ਼ਰੀਆ ਲੱਗਦੀਆਂ ਹੋਣ ਪਰ ਅਸਲ ਵਿਚ ਇਹ ਕੁਝ ਲੋੜੀਂਦੀਆਂ ਖ਼ਾਸੀਅਤਾਂ ਨੂੰ ਸਾਕਾਰ ਰੂਪ ਦਿੰਦੀਆਂ ਹਨ। ਅਜਿਹੇ ਵਿਚ ਖੇਡਾਂ ਨੂੰ ਮਨੁੱਖੀ ਹੁਨਰ ਦੀ ਮਿਸਾਲ ਮੰਨਣਾ ਸਹੀ ਹੋਵੇਗਾ।

ਮੌਜੂਦਾ ਦੌਰ ਵਿਚ ਪੱਖਪਾਤ ਅਤੇ ਸਾੜੇ ਵਰਗੇ ਭਾਵ ਜਿੱਥੇ ਜੀਵਨ ਦੇ ਹਰੇਕ ਖੇਤਰ ਨੂੰ ਦੂਸ਼ਿਤ ਕਰ ਰਹੇ ਹਨ, ਉੱਥੇ ਹੀ ਖੇਡਾਂ ਪ੍ਰਵੀਨਤਾ ਅਤੇ ਯੋਗਤਾ ਦਾ ਇੱਕੋ-ਇਕ ਸਾਧਨ ਬਣੀਆਂ ਹੋਈਆਂ ਹਨ। ਮੌਜੂਦਾ ਡਿਜੀਟਲ ਦੌਰ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਚੜ੍ਹਤ ਹੋਣ ਦਾ ਖ਼ਦਸ਼ਾ ਹੈ। ਅੱਜ ਅਜਿਹੇ ਮਾਪਿਆਂ ਦੀ ਭਰਮਾਰ ਹੈ ਜੋ ਇਸ ਸਬੰਧੀ ਫ਼ਿਕਰਮੰਦ ਰਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਖੇਡ ਦੇ ਮੈਦਾਨ ਦੀ ਤੁਲਨਾ ਵਿਚ ਮੋਬਾਈਲ ਅਤੇ ਕੰਪਿਊਟਰ ’ਤੇ ਜ਼ਿਆਦਾ ਖੇਡ ਰਹੇ ਹਨ। ਮੈਦਾਨੀ ਖੇਡਾਂ ਦੇ ਸੁਭਾਵਿਕ ਫ਼ਾਇਦਿਆਂ ਬਾਰੇ ਚਰਚਾ ਦੀ ਜਿੰਨੀ ਜ਼ਰੂਰਤ ਅੱਜ ਹੈ, ਓਨੀ ਸ਼ਾਇਦ ਪਹਿਲਾਂ ਕਦੇ ਨਹੀਂ ਰਹੀ। ਖੇਡਣ-ਕੁੱਦਣ ਵਾਲਾ ਸਮਾਜ ਹੀ ਸਿਹਤ ਤੇ ਤੰਦਰੁਸਤ ਸਮਾਜ ਹੁੰਦਾ ਹੈ। ਵੈਸੇ ਵੀ ਸਿਹਤ ਤੇ ਪ੍ਰਸੰਨਤਾ ਇਕ ਦੂਜੇ ਦੇ ਪੂਰਕ ਹਨ। ਸਿਹਤ ਅਤੇ ਖ਼ੁਸ਼ਹਾਲ ਸਮਾਜ ਦੇ ਨਿਰਮਾਣ ਵਿਚ ਖੇਡਾਂ ਦਾ ਮਹੱਤਵਪੂਰਨ ਯੋਗਦਾਨ ਹੈ। ਵਿਸ਼ਵ ਦੇ ਮੋਹਰੀ ਦੇਸ਼ਾਂ ਦੀ ਕਤਾਰ ਵਿਚ ਸ਼ਾਮਲ ਹੋਣ ਦੀ ਸਾਡੀ ਖ਼ਾਹਿਸ਼ ਹਾਲੇ ਪੂਰੀ ਨਹੀਂ ਹੋਈ ਹੈ। ਇਹ ਸਫ਼ਰ ਜਾਰੀ ਹੈ। ਸਾਡੇ ਆਰਥਿਕ ਵਾਧੇ ਅਤੇ ਫ਼ੌਜੀ ਸਮਰੱਥਾਵਾਂ ਦੇ ਬਾਵਜੂਦ ਕਲਾ, ਸੰਸਕ੍ਰਿਤੀ ਅਤੇ ਖੇਡਾਂ ਵਿਚਲੀ ਸਾਫ਼ਟ ਪਾਵਰ ਦੀ ਅਹਿਮੀਅਤ ਨੂੰ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ। ਜਦ ਤਕ ਅਸੀਂ ਇਨ੍ਹਾਂ ਮੋਰਚਿਆਂ ’ਤੇ ਨਿਰੰਤਰ ਤੌਰ ’ਤੇ ਬਿਹਤਰ ਕਾਰਗੁਜ਼ਾਰੀ ਨਹੀਂ ਦਿਖਾਵਾਂਗੇ, ਉਦੋਂ ਤਕ ਵਿਕਾਸਸ਼ੀਲ ਤੋਂ ਵਿਕਸਤ ਦੇਸ਼ ਬਣਨ ਦੀ ਇਹ ਯਾਤਰਾ ਪੂਰਨ ਨਹੀਂ ਹੋ ਸਕੇਗੀ। ਖੇਡਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਵਿਚ ਦੁਨੀਆ ਨੂੰ ਬਦਲਣ ਦੀ ਤਾਕਤ ਹੁੰਦੀ ਹੈ। ਉਹ ਤਮਾਮ ਅੜਿੱਕਿਆਂ ਨੂੰ ਦੂਰ ਕਰਨ ਦੇ ਨਾਲ ਹੀ ਸਰਹੱਦਾਂ ਨੂੰ ਵੀ ਧੁੰਦਲੀਆਂ ਕਰ ਸਕਦੀਆਂ ਹਨ। ਸਾਡੇ ਅੱਗੇ ਤਮਾਮ ਲਾਜ਼ਮੀ ਚੁਣੌਤੀਆਂ ਦੇ ਇਲਾਵਾ ਇਕ ਮਹੱਤਵਪੂਰਨ ਟੀਚਾ ਇਹ ਵੀ ਹੋਣਾ ਚਾਹੀਦਾ ਹੈ ਕਿ ਅਸੀਂ ਇਕ ਖੇਡ ਸੱਭਿਆਚਾਰ ਵਿਕਸਤ ਕਰਨਾ ਹੈ। ਭਾਰਤੀ ਸਮਾਜ ਨੂੰ ਖੇਡਾਂ ਦੇਖਣ ਵਾਲੇ ਤੋਂ ਖੇਡਾਂ ਖੇਡਣ ਵਾਲੇ ਸਮਾਜ ਵਿਚ ਬਦਲਣਾ ਹੋਵੇਗਾ। ਸਾਨੂੰ ਮਹਿਜ਼ ਸਹਿਭਾਗੀ ਤੋਂ ਅੱਗੇ ਵੱਧ ਕੇ ਖੇਡਾਂ ਵਿਚ ਜਿਤਣ ਦਾ ਮੰਤਰ ਵੀ ਤਲਾਸ਼ਣਾ ਹੋਵੇਗਾ।

ਅੱਜ ਖੇਡਾਂ ਦੀ ਅਹਿਮੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ। ਅਸੀਂ ਅਜਿਹੇ ਤਜਰਬਿਆਂ ਦੇ ਵੀ ਗਵਾਹ ਹਾਂ ਜਦ ਅਸੀਂ ਆਪਣੇ ਕ੍ਰਿਕਟਰਾਂ, ਪਹਿਲਵਾਨਾਂ, ਮੁੱਕੇਬਾਜ਼ਾਂ, ਨਿਸ਼ਾਨੇਬਾਜ਼ਾਂ, ਐਥਲੀਟਾਂ, ਸ਼ਟਲਰਾਂ ਅਤੇ ਸ਼ਤਰੰਜ ਦੇ ਗ੍ਰੈਂਡ ਮਾਸਟਰਾਂ ਦੀ ਕਾਰਗੁਜ਼ਾਰੀ ’ਤੇ ਮਾਣਮੱਤੇ ਮਹਿਸੂਸ ਕਰਦੇ ਹਾਂ। ਹਾਲਾਂਕਿ ਇਕ ਤ੍ਰਾਸਦੀ ਇਹ ਵੀ ਹੈ ਕਿ ਅਜਿਹੇ ਪਲ ਟਾਵੇਂ-ਟਾਵੇਂ ਹੀ ਆਉਂਦੇ ਹਨ। ਇਕ ਕੌੜੀ ਸੱਚਾਈ ਇਹ ਵੀ ਹੈ ਕਿ ਆਪਣੀ ਆਬਾਦੀ ਅਤੇ ਅਰਥਚਾਰੇ ਦੇ ਲਿਹਾਜ਼ ਨਾਲ ਖੇਡਾਂ ਦੇ ਮੋਰਚੇ ’ਤੇ ਅਸੀਂ ਆਪਣੀਆਂ ਸਮਰੱਥਾਵਾਂ ਤੋਂ ਕਾਫ਼ੀ ਘੱਟ ਹਾਂ। ਆਖ਼ਰ ਅਸੀਂ ਕਿਉਂ ਪੱਛੜੇ ਹੋਏ ਹਾਂ? ਪ੍ਰਤਿਭਾਸ਼ੀਲ ਖਿਡਾਰੀਆਂ ਦੀ ਨਿਸ਼ਚਿਤ ਤੌਰ ’ਤੇ ਕੋਈ ਕਮੀ ਨਹੀਂ ਹੈ। ਕੁਝ ਦਹਾਕੇ ਪਹਿਲਾਂ ਤਕ ਸਰੀਰਕ ਸਮਰੱਥਾਵਾਂ ਦੀ ਦ੍ਰਿਸ਼ਟੀ ਨਾਲ ਜ਼ਰੂਰ ਹਾਲਾਤ ਬਹੁਤ ਖ਼ਰਾਬ ਸਨ ਪਰ ਪੋਸ਼ਣ ਦੇ ਮਾਪਦੰਡਾਂ ਵਿਚ ਸੁਧਾਰ ਦੇ ਨਾਲ ਇਹ ਅੜਿੱਕੇ ਕੁਝ ਘਟੇ ਹਨ। ਹਾਲਾਂਕਿ ਜਦ ਖੇਡ ਨਾਲ ਜੁੜੇ ਬੁਨਿਆਦੀ ਢਾਂਚੇ ਦੀ ਵਿਕਸਤ ਦੇਸ਼ਾਂ ਦੇ ਮਾਪਦੰਡਾਂ ਨਾਲ ਤੁਲਨਾ ਕਰਦੇ ਹਾਂ ਤਾਂ ਜ਼ਰੂਰ ਡੂੰਘਾ ਖੱਪਾ ਦਿਖਾਈ ਦਿੰਦਾ ਹੈ। ਸਾਜ਼ੋ-ਸਾਮਾਨ, ਸਿਖਲਾਈ, ਮੈਦਾਨ, ਕੋਚਿੰਗ, ਮੁਕਾਬਲੇਬਾਜ਼ੀ, ਸਰੀਰਕ-ਮਾਨਸਿਕ ਤਿਆਰੀ ਅਤੇ ਦੇਖਭਾਲ ਦੇ ਇਲਾਵਾ ਖੁਰਾਕ ਅਤੇ ਅਜਿਹੇ ਹੀ ਤਮਾਮ ਪੈਮਾਨਿਆਂ ’ਤੇ ਖਸਤਾਹਾਲ ਸਹੂਲਤਾਂ ਕਮਜ਼ੋਰੀ ਬਿਆਨ ਕਰਦੀਆਂ ਹਨ। ਸਰਕਾਰੀ ਨਿਵੇਸ਼ ਵੀ ਕੁਝ ਮੁੱਖ ਖੇਡ ਕੇਂਦਰਾਂ ਤਕ ਸਿਮਟ ਕੇ ਰਹਿ ਗਿਆ ਹੈ। ਦੂਰ-ਦਰਾਡੇ ਦੇ ਕੇਂਦਰ ਅਤੇ ਸਮਾਜ ਦੇ ਲਤਾੜੇ ਹੋਏ ਤਬਕੇ ਇਨ੍ਹਾਂ ਸੋਮਿਆ-ਸਹੂਲਤਾਂ ਤੋਂ ਹਾਲੇ ਤਕ ਵਿਰਵੇ ਹਨ। ਕੌਮਾਂਤਰੀ ਖੇਡਾਂ ਦੇ ਮੁਕਾਬਲੇਬਾਜ਼ੀ ਵਾਲੇ ਮਾਹੌਲ ਵਿਚ ਇਹ ਬੇਹੱਦ ਜ਼ਰੂਰੀ ਹੈ ਕਿ ਪ੍ਰਤਿਭਾਵਾਂ ਨੂੰ ਘੱਟ ਉਮਰ ਵਿਚ ਹੀ ਪਛਾਣ ਕੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਤਰਾਸ਼ਿਆ ਜਾਵੇ। ਕਿਸੇ ਅੱਲ੍ਹੜ ਉਮਰ ਦੇ ਸੰਭਾਵਨਾਵਾਂ ਨਾਲ ਭਰੇ ਖਿਡਾਰੀ ਦੇ ਮਾਪੇ ਅਕਸਰ ਦੁਚਿੱਤੀ ਵਿਚ ਰਹਿੰਦੇ ਹਨ ਕਿ ਲੱਖਾਂ ਵਿਚ ਇਕ ਖਿਡਾਰੀ ਨੂੰ ਹੀ ਸਫਲਤਾ ਮਿਲਦੀ ਹੈ। ਅਜਿਹੇ ਵਿਚ ਉਹ ਭਵਿੱਖ ਬਾਰੇ ਵਿਆਕੁਲ ਰਹਿੰਦੇ ਹਨ। ਮਸਲਨ ਖੇਡਾਂ ਵਿਚ ਲੋੜੀਂਦੀ ਮੁਹਾਰਤ ਲਿਆਉਣ ਲਈ ਜਿਸ ਦੌਰ ਵਿਚ ਬੱਚਾ ਤਿਆਰੀ ਕਰਦਾ ਹੈ ਤਾਂ ਉਸ ਨੂੰ ਅਕਾਦਮਿਕ ਅਤੇ ਹੋਰ ਕੌਸ਼ਲ ਵਿਕਾਸ ਪ੍ਰੋਗਰਾਮਾਂ ਨਾਲ ਸਮਝੌਤਾ ਕਰਨਾ ਪੈ ਸਕਦਾ ਹੈ। ਇਕ ਖ਼ਦਸ਼ਾ ਇਹ ਵੀ ਸਤਾਉਂਦਾ ਹੈ ਕਿ ਜੇ ਗਲਾ-ਵੱਢ ਮੁਕਾਬਲੇਬਾਜ਼ੀ ਅਤੇ ਬੇਯਕੀਨੀ ਕਾਰਨ ਉਮੀਦ ਮੁਤਾਬਕ ਨਤੀਜੇ ਨਹੀਂ ਮਿਲੇ ਉਦੋਂ ਕੀ ਹੋਵੇਗਾ? ਅਜਿਹੇ ਸਵਾਲਾਂ ਦੇ ਕੋਈ ਆਸਾਨ ਜਵਾਬ ਨਹੀਂ ਸਿਵਾਏ ਇਸ ਦੇ ਕਿ ਦੇਸ਼ ਦਾ ਸਮਾਜਿਕ-ਆਰਥਿਕ ਢਾਂਚਾ ਅਜਿਹਾ ਬਣਾਉਣਾ ਹੋਵੇਗਾ ਕਿ ਖੇਡਾਂ ਵਿਚ ਇਮਾਨਦਾਰ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਜਨਤਕ ਜੀਵਨ ਵਿਚ ਵਾਪਸੀ ਦੇ ਵਧੀਆ ਮੌਕੇ ਮਿਲ ਸਕਣ। ਇਸ ਦੇ ਇਲਾਵਾ ਮਾਨਸਿਕਤਾ ਵਿਚ ਵੀ ਤਬਦੀਲੀ ਲਿਆਉਣੀ ਬੇਹੱਦ ਜ਼ਰੂਰੀ ਹੈ। ਸਾਨੂੰ ਸਮਾਜ ਵਿਚ ਖੇਡ ਸੱਭਿਆਚਾਰ ਦਾ ਵਿਕਾਸ ਕਰਨਾ ਹੋਵੇਗਾ ਅਤੇ ਪੰਜ ਸਾਲ ਤੋਂ 75 ਸਾਲ ਦੀ ਉਮਰ ਤਕ ਦੇ ਸਾਰੇ ਲੋਕਾਂ ਨੂੰ ਕੋਈ ਵੀ ਖੇਡ ਖੇਡਣ ਲਈ ਉਤਸ਼ਾਹਿਤ ਕਰਨਾ ਹੋਵੇਗਾ। ਉਪਯੋਗਿਤਾਵਾਦੀ ਨੁਕਤੇ-ਨਜ਼ਰ ਨਾਲ ਹੀ ਕਾਇਆਕਲਪ ਨਹੀਂ ਹੋਣ ਵਾਲਾ। ਖੇਡਾਂ ਨੂੰ ਸਿਰਫ਼ ਇਕ ਕਰੀਅਰ ਵਜੋਂ ਹੀ ਨਹੀਂ ਦੇਖਿਆ ਜਾਣਾ ਚਾਹੀਦਾ। ਇਨ੍ਹਾਂ ਸਦਕਾ ਹੋਣ ਵਾਲੇ ਸਿਹਤ ਸਬੰਧੀ ਲਾਭ, ਪ੍ਰਸੰਨਤਾ ਅਤੇ ਮਨੋਰੰਜਨ ਵੀ ਖੇਡ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਦੇ ਢੁੱਕਵੇਂ ਕਾਰਕ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਇਹ ਵੀ ਯਾਦ ਰਹੇ ਕਿ ਸਿਖ਼ਰ ’ਤੇ ਪੁੱਜਣ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਇਹ ਵੱਡੀ ਸ਼ਰਮਨਾਕ ਗੱਲ ਹੈ ਕਿ ਸਾਡੀ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੂੰ ਵਰਲਡ ਐਂਟੀ ਡੋਪਿੰਗ ਏਜੰਸੀ ਨੇ ਪਾਬੰਦੀਸ਼ੁਦਾ ਕੀਤਾ ਹੋਇਆ ਹੈ। ਡੋਪਿੰਗ ਦੇ ਸੰਤਾਪ ਨਾਲ ਨਜਿੱਠਣ ਲਈ ਅਸੀਂ ਹਾਲੇ ਤਕ ਢੁੱਕਵੇਂ ਕਦਮ ਨਹੀਂ ਚੁੱਕੇ ਹਨ। ਖੇਡਾਂ ਨਿਯਮਾਂ ਅਤੇ ਖੇਡ ਭਾਵਨਾ ਦੇ ਦਾਇਰੇ ਵਿਚ ਹੀ ਹੋਣੀਆਂ ਚਾਹੀਦੀਆਂ ਹਨ। ਖੇਡਾਂ ਵਿਚ ਜਿੰਨੀ ਜਿੱਤ ਮਾਅਨੇ ਰੱਖਦੀ ਹੈ, ਓਨਾ ਹੀ ਮਹੱਤਵਪੂਰਨ ਹੁੰਦਾ ਹੈ ਖੇਡਾਂ ਦੀਆਂ ਕਦਰਾਂ-ਕੀਮਤਾਂ ਨੂੰ ਸੰਭਾਲ ਕੇ ਰੱਖਣਾ। ਪੂਰਾ ਦਮ ਲਗਾ ਕੇ ਖੇਡੋ ਪਰ ਸਹੀ ਤਰੀਕੇ ਨਾਲ। ਖੇਡਾਂ ਦੇ ਪੱਧਰ ਨੂੰ ਅੱਗੇ ਲੈ ਕੇ ਜਾਓ ਪਰ ਲਕਛਮਣ ਰੇਖਾ ਵੀ ਕਦੇ ਨਾ ਲੰਘੋ। ਇਹ ਕੁਝ ਰਵਾਇਤੀ ਪੰਕਤੀਆਂ ਨਹੀਂ ਸਗੋਂ ਅਜਿਹੀਆਂ ਸਤਰਾਂ ਹਨ ਜੋ ਖੇਡ ਸੱਭਿਆਚਾਰ ਨੂੰ ਧਰੂ ਤਾਰੇ ਵਾਂਗ ਚਮਕਾਉਂਦੀਆਂ ਹਨ। ਇਹੋ ਉਹ ਕਾਰਨ ਹਨ ਜਿਨ੍ਹਾਂ ਕਾਰਨ ਅਸੀਂ ਕੋਈ ਖੇਡ ਦੇਖਦੇ ਜਾਂ ਖੇਡਦੇ ਹਾਂ। ਖੇਡ ਵਿਚ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਨਾ ਸਿਰਫ਼ ਵਿਰੋਧੀ ਦੇ ਨਾਲ ਧੋਖਾ ਹੈ ਬਲਕਿ ਉਨ੍ਹਾਂ ਕਰੋੜਾਂ ਖੇਡ ਪ੍ਰਸ਼ੰਸਕਾਂ ਦੇ ਭਰੋਸੇ ਨਾਲ ਛਲ ਵੀ ਹੈ ਜੋ ਭਾਵਨਾਤਮਕ ਰੂਪ ਵਿਚ ਉਨ੍ਹਾਂ ਨਾਲ ਬੱਝੇ ਹੁੰਦੇ ਹਨ।

ਹਰ ਸਾਲ 29 ਅਗਸਤ ਨੂੰ ਮੇਜਰ ਧਿਆਨ ਚੰਦ ਨੂੰ ਭਾਰਤ ਰਤਨ ਦੇਣ ਦੀ ਮੰਗ ਵੀ ਉੱਠਦੀ ਹੈ। ਉਹ ਭਾਰਤ ਦੇ ਸਰਬਉੱਚ ਸਨਮਾਨ ਦੇ ਸਭ ਤੋਂ ਜ਼ਿਆਦਾ ਪਾਤਰ ਵੀ ਹਨ। ਹਾਲਾਂਕਿ ਜੇ ਅਸੀਂ ਖੇਡਾਂ ਵਿਚ ਆਪਣੀਆਂ ਸੰਭਾਵਨਾਵਾਂ ਦੇ ਮੁਤਾਬਕ ਸਫਲਤਾ ਹਾਸਲ ਕਰ ਲੈਂਦੇ ਹਾਂ ਤਾਂ ਇਹ ਇਸ ਦਿੱਗਜ ਖਿਡਾਰੀ ਪ੍ਰਤੀ ਕਿਤੇ ਵੱਧ ਵੱਡੀ ਸ਼ਰਧਾਂਜਲੀ ਹੋਵੇਗੀ। ਸੰਨ 2028 ਦੇ ਓਲੰਪਿਕ ਵਿਚ ਚੋਟੀ ਦੇ 10 ਵਿਚ ਆਉਣਾ, ਸੰਨ 2030 ਵਿਚ ਵਿਸ਼ਵ ਕੱਪ ਫੁੱਟਬਾਲ, ਟੈਨਿਸ ਵਿਚ ਕੁਝ ਗ੍ਰੈਂਡ ਸਲੈਮ ਹਾਸਲ ਕਰਨਾ ਅਤੇ ਕੁਝ ਵੱਡੇ ਗੋਲਫ ਖਿਤਾਬ ਜਿੱਤਣ ਦਾ ਟੀਚਾ ਰੱਖਿਆ ਜਾ ਸਕਦਾ ਹੈ। ਇਹ ਟੀਚਾ ਪਹੁੰਚ ਤੋਂ ਦੂਰ ਭਾਵੇਂ ਲੱਗੇ ਪਰ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਵੈਸੇ ਵੀ ਲੋਕ ਕਹਿੰਦੇ ਹਨ ਕਿ ਕੋਈ ਛੋਟਾ ਟੀਚਾ ਤੈਅ ਕਰਨ ਨਾਲੋਂ ਕਿਤੇ ਬਿਹਤਰ ਹੈ ਕਿ ਟੀਚਾ ਉੱਚਾ ਰੱਖਿਆ ਜਾਵੇ, ਭਾਵੇਂ ਹੀ ਉਸ ਵਿਚ ਸਫਲਤਾ ਕਿੰਨੀ ਵੀ ਕਠਿਨ ਕਿਉਂ ਨਾ ਹੋਵੇ। ‘ਖੇਲੋ ਇੰਡੀਆ, ਜਿੱਤੋ ਇੰਡੀਆ।’

Posted By: Jagjit Singh