-ਸੁਖਮਿੰਦਰ ਬਾਗ਼ੀ

ਭਾਵੇਂ ਅਸੀਂ 21ਵੀਂ ਸਦੀ ਵਿਚ ਵਿਚਰ ਰਹੇ ਹਾਂ ਪਰ ਬੌਧਿਕ ਪੱਖੋਂ ਅਸੀਂ ਅੱਜ ਵੀ ਪੱਥਰ ਯੁੱਗ ਦੇ ਹੀ ਵਾਸੀ ਹਾਂ। ਮੜ੍ਹੀਆਂ 'ਤੇ ਮੱਥੇ ਟੇਕਣ ਵਾਲਿਆਂ ਵਿਚ ਉੱਚ ਪੜ੍ਹੇ-ਲਿਖੇ ਲੋਕ ਵੀ ਦੇਖੇ ਜਾ ਸਕਦੇ ਹਨ। ਵਿਸ਼ਵਾਸ ਅਤੇ ਅੰਧਵਿਸ਼ਵਾਸ ਵਿਚਲੇ ਫ਼ਰਕ ਨੂੰ ਅਸੀਂ ਆਸਥਾ ਦਾ ਨਾਂ ਦੇ ਦਿੱਤਾ ਹੈ। ਇਕ ਸ਼ਬਦ 'ਧਾਰਮਿਕ ਭਾਵਨਾਵਾਂ' ਦੀ ਅਜਿਹੀ ਖੋਜ ਕਰ ਲਈ ਹੈ ਜਿਸ ਦੀ ਆੜ ਹੇਠ ਝੂਠ ਦਾ ਧੰਦਾ ਖ਼ੂਬ ਪ੍ਰਫੁੱਲਿਤ ਹੋ ਰਿਹਾ ਹੈ। ਪਿਛਲੇ 36-37 ਸਾਲਾਂ ਤੋਂ ਤਰਕਸ਼ੀਲ ਸੁਸਾਇਟੀ ਮਨੁੱਖ ਨੂੰ ਅੰਧਵਿਸ਼ਵਾਸ ਵਿੱਚੋਂ ਕੱਢਣ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ ਪਰ ਇਸ ਦਾ ਹਨੇਰਾ ਐਨਾ ਗੂੜ੍ਹਾ ਹੈ ਕਿ ਉਸ ਦੀ ਕੋਸ਼ਿਸ਼ ਸਿਰਫ਼ ਇਕ ਜੁਗਨੂੰ ਬਣ ਕੇ ਰਹਿ ਗਈ ਹੈ। ਜੋ ਪਲ ਭਰ ਲਈ ਹਨੇਰੇ ਵਿਚ ਟਿਮਟਿਮਾਉਂਦਾ ਹੈ, ਫਿਰ ਉਸੇ ਹਨੇਰੇ ਦਾ ਹਿੱਸਾ ਬਣ ਜਾਂਦਾ ਹੈ। ਤਰਕਸ਼ੀਲਾਂ ਨੂੰ ਲੋਕਾਂ ਅੱਗੇ ਰੋਲ ਮਾਡਲ ਤਾਂ ਰੱਖਣਾ ਹੀ ਪੈਣਾ ਹੈ। ਉਹ ਵਿਆਹ-ਸ਼ਾਦੀਆਂ ਸਮੇਤ ਮਰਨਿਆਂ-ਪਰਨਿਆਂ 'ਤੇ ਆਪਣਾ ਮਾਡਲ ਲੋਕਾਂ ਅੱਗੇ ਰੱਖ ਸਕਦੇ ਹਨ। ਉਨ੍ਹਾਂ ਨੂੰ ਪੁਰਾਤਨ ਰਸਮੋਂ-ਰਿਵਾਜ਼ਾਂ ਦਾ ਵਿਰੋਧ ਕਰ ਕੇ ਆਪਣੇ ਤਰਕਸ਼ੀਲ ਢੰਗ-ਤਰੀਕੇ ਅਪਣਾਉਣੇ ਚਾਹੀਦੇ ਹਨ ਤਾਂ ਹੀ ਲੋਕ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝ ਸਕਣਗੇ।

ਜਿਵੇਂ ਸਿਆਣੇ ਕਹਿੰਦੇ ਹਨ ਕਿ ਅਫ਼ਵਾਹ ਨੂੰ ਨਾ ਕਿਸੇ ਹਵਾ ਦੀ ਅਤੇ ਨਾ ਹੀ ਕਿਸੇ ਕੰਧਾੜੇ ਦੀ ਲੋੜ ਪੈਂਦੀ ਹੈ। ਅੰਧਵਿਸ਼ਵਾਸੀ ਦੇ ਕੰਨ ਵਿਚ ਕੋਈ ਵਲੇਲ ਪਏ ਉਹ ਪਹਿਲਾਂ ਘਰ, ਫਿਰ ਮੁਹੱਲੇ, ਸ਼ਹਿਰ ਹੁੰਦੀ ਹੋਈ ਪੂਰੇ ਦੇਸ਼ ਵਿਚ ਜੰਗਲ ਦੀ ਅੱਗ ਵਾਂਗ ਫੈਲ ਜਾਂਦੀ ਹੈ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਮੋਬਾਈਲ ਨਹੀਂ ਹੁੰਦੇ ਸਨ ਅਤੇ ਅਖ਼ਬਾਰਾਂ ਰਾਹੀਂ ਹੀ ਖ਼ਬਰਾਂ ਦਾ ਪਤਾ ਲੱਗਦਾ ਸੀ। ਪੀਲੀ ਪੱਤਰਕਾਰੀ ਵੀ ਬਹੁਤ ਘੱਟ ਸੀ। ਹੁਣ ਤਾਂ ਜਦੋਂ ਦੀ ਇੰਟਰਨੈੱਟ ਕਰਾਂਤੀ ਆਈ ਹੈ, ਪੀਲੀ ਪੱਤਰਕਾਰੀ ਨੇ ਵੀ ਆਪਣਾ ਜਾਲ ਵਿਛਾ ਲਿਆ ਹੈ। ਮਿੰਟਾਂ-ਸਕਿੰਟਾਂ ਵਿਚ ਹੀ ਪੂਰੀ ਦੁਨੀਆ 'ਚ ਅਫ਼ਵਾਹਾਂ ਫੈਲਾਈਆਂ ਜਾ ਸਕਦੀਆਂ ਹਨ। ਜਦੋਂ ਤਰਕਸ਼ੀਲ ਸੁਸਾਇਟੀ ਨਵੀਂ-ਨਵੀਂ ਹੋਂਦ ਵਿਚ ਆਈ ਸੀ ਤਾਂ ਬਹੁਤ ਸਾਰੇ ਲੋਕ ਇਸ ਨਾਲ ਜੁੜ ਗਏ ਸਨ। ਇਕ ਪੱਤਰਕਾਰ ਨੇ ਅਖ਼ਬਾਰ ਵਿਚ ਖ਼ਬਰ ਲਗਵਾ ਦਿੱਤੀ ਕਿ ਇਕ ਪਿੰਡ ਵਿਚ ਨਵੀਂ ਬਣੀ ਟੈਲੀਫੋਨ ਐਕਸਚੇਂਜ ਵਿਚ ਭੂਤਨੀ ਦੀਆਂ ਝਾਂਜਰਾਂ ਦੀ ਛਣਕਾਰ ਪੈਂਦੀ ਹੈ। ਮਾਛੀਵਾੜਾ ਬਲਾਕ ਵਿਚ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨੂੰ ਜਦੋਂ ਇਸ ਖ਼ਬਰ ਦਾ ਪਤਾ ਲੱਗਾ ਤਾਂ ਉਹ ਪਿੰਡ ਨੇੜੇ ਹੋਣ ਕਾਰਨ ਇਸ ਦੀ ਪੜਤਾਲ ਕਰਨ ਲਈ ਮੈਂ ਅਤੇ 5-6 ਹੋਰ ਮੈਂਬਰ ਉਸ ਪਿੰਡ ਗਏ। ਪਿੰਡ ਵਿਚ ਇਸ ਦੀ ਪੜਤਾਲ ਕਰਦਿਆਂ ਨੂੰ ਸਾਨੂੰ ਦੁਪਹਿਰ ਹੋ ਗਈ। ਅਖ਼ੀਰ ਸਾਨੂੰ ਪਤਾ ਲੱਗ ਗਿਆ ਕਿ ਇਹ ਗੱਲ ਉਸ ਪੇਂਟਰ ਨੇ ਫੈਲਾਈ ਹੈ ਜੋ ਉਸ ਬਿਲਡਿੰਗ ਨੂੰ ਰੰਗ-ਰੋਗਨ ਕਰ ਰਿਹਾ ਸੀ। ਉਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਖਾੜਕੂਵਾਦ ਦੀਆਂ ਗਰਮ ਹਵਾਵਾਂ ਚੱਲ ਰਹੀਆਂ ਸਨ। ਪੰਜ-ਸੱਤ ਓਪਰੇ ਬੰਦੇ ਇਕੱਠੇ ਹੋ ਕੇ ਕਿਸੇ ਬੇਗਾਨੇ ਪਿੰਡ ਵਿਚ ਫਿਰਨਾ ਖਾਲਾ ਜੀ ਦਾ ਵਾੜਾ ਨਹੀਂ ਸੀ। ਉਸ ਪਿੰਡ ਵਿਚ ਪੁਲਿਸ ਦੀ ਚੌਕੀ ਵੀ ਸੀ। ਫਿਰ ਕੀ ਸੀ, ਸਾਡੀ ਖ਼ੋਜ ਵੀ ਅਫ਼ਵਾਹ ਦਾ ਰੂਪ ਧਾਰਨ ਕਰ ਗਈ ਅਤੇ ਸਾਨੂੰ ਚੌਕੀ ਬੁਲਾ ਲਿਆ ਗਿਆ ਪਰ ਚੌਕੀ ਇੰਚਾਰਜ ਬਹੁਤ ਸਮਝਦਾਰ ਸੀ। ਜਦੋਂ ਅਸੀਂ ਉਸ ਨੂੰ ਆਪਣੇ ਅਤੇ ਭੂਤਨੀ ਦੇ ਝਾਂਜਰਾਂ ਛਣਕਾਉਣ ਬਾਰੇ ਦੱਸਿਆ ਤਾਂ ਉਹ ਸਾਡੇ ਨਾਲ ਬਹੁਤ ਹੀ ਹਲੀਮੀ ਨਾਲ ਪੇਸ਼ ਆਇਆ। ਇਕ ਆਦਮੀ ਸ਼ਾਇਦ ਉਹ ਉਸ ਪਿੰਡ ਦਾ ਪਟਵਾਰੀ ਸੀ, ਉਹ ਵੀ ਤੁਰਦਾ-ਫਿਰਦਾ ਚੌਕੀ ਆ ਗਿਆ। ਉਸ ਨੂੰ ਹੱਥ ਦਾ ਅੰਗੂਠਾ ਗ਼ਾਇਬ ਕਰਨ ਦਾ ਇਕ ਟਰਿੱਕ ਆਉਂਦਾ ਸੀ। ਉਸ ਨੇ ਵੀ ਸਾਨੂੰ ਕਾਫ਼ੀ ਭੰਬਲਭੂਸੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਸਾਡੀਆਂ ਤਰਕਸੰਗਤ ਦਲੀਲਾਂ ਅੱਗੇ ਬਹੁਤੀ ਦੇਰ ਟਿਕ ਨਾ ਸਕਿਆ ਅਤੇ ਹਾਰ ਮੰਨ ਗਿਆ। ਅਖ਼ੀਰ ਉਸ ਪੇਂਟਰ ਨੂੰ ਬੁਲਾਇਆ ਗਿਆ ਪਰ ਉਹ ਬਹੁਤ ਡਰ ਗਿਆ ਸੀ। ਉਸ ਨੂੰ ਸਮਝਾਇਆ ਗਿਆ ਕਿ ਤੈਨੂੰ ਕੁਝ ਨਹੀਂ ਹੋਣ ਦਿੰਦੇ ਪਰ ਸੱਚ-ਸੱਚ ਬੋਲੀਂ। ਉਸ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਬਾਹਰ ਬਰਾਂਡੇ ਵਿਚ ਆਰਾਮ ਕਰ ਰਿਹਾ ਸੀ ਅਤੇ ਅੱਧ ਸੁੱਤੇ ਸਮੇਂ ਉਸ ਨੂੰ ਝਾਂਜਰਾਂ ਛਣਕਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਸਾਰੇ ਕਮਰਿਆਂ ਵਿਚ ਦੇਖਿਆ ਪਰ ਕੋਈ ਵੀ ਨਹੀਂ ਸੀ। ਉਹ ਕਾਫ਼ੀ ਡਰ ਗਿਆ ਸੀ। ਦੋ ਕੁ ਦਿਨਾਂ ਬਾਅਦ ਉਹ ਫਿਰ ਬਾਹਰ ਬਰਾਂਡੇ ਵਿਚ ਪਿਆ ਸੀ। ਉਹੀ ਆਵਾਜ਼ ਫਿਰ ਉਸ ਦੇ ਕੰਨ੍ਹਾਂ ਵਿਚ ਪਈ। ਉਹ ਭੱਜ ਕੇ ਅੰਦਰ ਗਿਆ, ਫਿਰ ਉੱਥੇ ਕੋਈ ਨਹੀਂ ਸੀ। ਉਸ ਨੇ ਦੱਸਿਆ ਕਿ ਫਿਰ ਉਸ ਨੇ ਇਹ ਗੱਲ ਫੈਲਾ ਦਿੱਤੀ ਕਿ ਟੈਲੀਫੋਨ ਐਕਸਚੇਂਜ ਵਿਚ ਭੂਤਨੀ ਝਾਂਜਰਾਂ ਛਣਕਾਉਂਦੀ ਫਿਰ ਰਹੀ ਹੈ। ਅਸੀਂ ਫਿਰ ਸੋਚਿਆ ਕਿ ਇੰਜ ਕਿਵੇਂ ਹੋ ਸਕਦਾ। ਅਖ਼ੀਰ ਵਿਚ ਗੱਲ ਸਾਡੇ ਸਮਝ ਆ ਗਈ ਕਿ ਕੋਈ ਨਵੀਂ ਵਿਆਹੀ ਵਹੁਟੀ ਜਾਂ ਉਸ ਪਿੰਡ ਦੀ ਕੋਈ ਕੁੜੀ ਉੱਥੋਂ ਦੀ ਲੰਘੀ ਹੋਵੇਗੀ ਅਤੇ ਉਸ ਦੀਆਂ ਪੰਜੇਬਾਂ ਵਿਚ ਕੁਝ ਜ਼ਿਆਦਾ ਘੁੰਗਰੂ ਪਾਏ ਹੋਣਗੇ ਜੋ ਛਣਕ ਰਹੇ ਹੋਣਗੇ। ਦੋ-ਤਿੰਨ ਦਿਨਾਂ ਮਗਰੋਂ ਵਾਪਸੀ ਸਮੇਂ ਵੀ ਅਜਿਹਾ ਹੀ ਹੋਇਆ ਹੋਵੇਗਾ। ਇਸ ਪੇਂਟਰ ਨੇ ਬਾਹਰ ਨਿਕਲ ਕੇ ਵੇਖਣ ਦੀ ਬਜਾਏ ਅੰਦਰ ਕਮਰਿਆਂ ਵਿਚ ਝਾਂਜਰਾਂ ਦੀ ਛਣਕਾਰ ਪਾਉਣ ਵਾਲੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੋਵੇਗਾ ਜਿਸ ਕਾਰਨ ਅੰਦਰ ਕੁਝ ਨਹੀਂ ਲੱਭ ਸਕਿਆ। ਉਸ ਨੇ ਇਸ ਨੂੰ ਭੂਤਨੀ ਦੀਆਂ ਝਾਂਜਰਾਂ ਛਣਕਾਉਣ ਦੀ ਗੱਲ ਸਮਝ ਲਿਆ ਅਤੇ ਅਫ਼ਵਾਹ ਫੈਲਾ ਦਿੱਤੀ। ਕਿਉਂਕਿ ਬਚਪਨ ਤੋਂ ਹੀ ਸਾਡੇ ਮਨਾਂ ਅੰਦਰ ਭੂਤ-ਭੂਤਨੀਆਂ ਦਾ ਡਰ ਭਰਿਆ ਹੁੰਦਾ ਹੈ ਅਤੇ ਅਸੀਂ ਛੇਤੀ ਹੀ ਹਰੇਕ ਗੱਲ ਨੂੰ ਇਨ੍ਹਾਂ ਨਾਲ ਜੋੜ ਲੈਂਦੇ ਹਾਂ। ਜੇ ਉਹ ਪੱਤਰਕਾਰ ਵੀ ਅਜਿਹੀ ਖ਼ੋਜ ਕਰਦਾ ਤਾਂ ਝਾਂਜਰਾਂ ਛਣਕਾਉਂਦੀ ਭੂਤਨੀ ਦੀ ਇਹ ਅਫ਼ਵਾਹ ਨਾ ਫੈਲਦੀ। ਮਨੁੱਖ ਨੂੰ ਅਫ਼ਵਾਹਾਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ। ਅਫ਼ਵਾਹਾਂ ਹੀ ਦੇਸ਼ ਦੀਆਂ ਮੁੱਖ ਦੁਸ਼ਮਣ ਹਨ ਜੋ ਹੱਸਦੇ-ਵਸਦੇ ਪਰਿਵਾਰਾਂ ਅਤੇ ਦੇਸ਼ ਨੂੰ ਮਲੀਆਮੇਟ ਕਰਨ ਵਿਚ ਸਕਿੰਟ ਨਹੀਂ ਲਾਉਂਦੀਆਂ।

-ਮੋਬਾਈਲ ਨੰ. : 94173-94805

Posted By: Sukhdev Singh