-ਕਰਨੈਲ ਸਿੰਘ ਐੱਮਏ

ਭਾਰਤ ਦੇ ਪੁਰਾਣੇ ਪ੍ਰੰਪਰਾਵਾਦੀ ਸਾਹਿਤ ਵਿਚ ਸਾਨੂੰ ਕਵੀਆਂ ਜਾਂ ਲਿਖਾਰੀਆਂ ਦਾ ਜੀਵਨ ਬਿਰਤਾਂਤ ਲਿਖਤੀ ਰੂਪ ਵਿਚ ਨਹੀਂ ਮਿਲਦਾ। ਅਸਲ ਵਿਚ ਉਸ ਸਮੇਂ ਸਾਡੇ ਦੇਸ਼ ਵਿਚ ਅਜਿਹੀਆਂ ਜੀਵਨੀਆਂ ਲਿਖਣ ਦਾ ਰਿਵਾਜ ਹੀ ਨਹੀਂ ਸੀ। ਇਹ ਲਿਖਣ ਦੀ ਪ੍ਰੇਰਨਾ ਸਾਨੂੰ ਪੱਛਮ ਤੋਂ ਮਿਲੀ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਤੇ ਹੋਰ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਆਪ ਦਾ ਜਨਮ 27 ਅਗਸਤ 1861 ਈਸਵੀ ਨੂੰ ਨਾਭਾ ਨੇੜੇ ਪਿੰਡ ਸਬਜ ਬਨੇਰਾ ਰਿਆਸਤ ਪਟਿਆਲਾ ਵਿਖੇ ਭਾਈ ਨਰਾਇਣ ਸਿੰਘ ਦੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪੜਦਾਦਾ ਬਾਬਾ ਨੌਧ ਸਿੰਘ ਪਿੰਡ ਪਿੱਥੋ (ਹੁਣ ਜ਼ਿਲ੍ਹਾ ਬਠਿੰਡਾ) ਰਿਆਸਤ ਨਾਭਾ ਦੇ ਚੌਧਰੀ ਸਨ ਅਤੇ ਦਾਦਾ ਬਾਬਾ ਸਰੂਪ ਸਿੰਘ ਬੜੇ ਭਜਨ-ਬੰਦਗੀ ਕਰਨ ਵਾਲੇ ਪੁਰਸ਼ ਸਨ। ਭਾਈ ਕਾਨ੍ਹ ਸਿੰਘ ਦੇ ਦੋ ਛੋਟੇ ਭਰਾ ਭਾਈ ਮੀਹਾਂ ਸਿੰਘ ਤੇ ਭਾਈ ਬਿਸ਼ਨ ਸਿੰਘ ਅਤੇ ਇਕ ਭੈਣ ਬੀਬੀ ਕਾਨ੍ਹ ਕੌਰ ਸੀ ਜੋ ਛੋਟੀ ਉਮਰ ਵਿਚ ਹੀ ਗੁਜ਼ਰ ਗਈ। ਭਾਈ ਸਾਹਿਬ ਨੇ ਡੇਰੇ ਵਿਚ ਪਿਤਾ ਜੀ ਪਾਸੋਂ ਪੰਜਾਬੀ, ਹਿੰਦੀ ਅਤੇ ਸਿੱਖ ਸਾਹਿਤ ਦਾ ਅਧਿਐਨ ਕੀਤਾ। ਜਦੋਂ ਉਹ ਪੰਜ ਸਾਲ ਦੇ ਸਨ ਤਾਂ ਪਿਤਾ ਜੀ ਨੇ ਉਨ੍ਹਾਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾਉਣਾ ਸ਼ੁਰੂ ਕੀਤਾ। ਸੱਤ ਸਾਲ ਦੀ ਉਮਰ ਵਿਚ ਉਹ ਪਾਠ ਕਰਨ ਲੱਗ ਪਏ ਸਨ।

ਭਾਈ ਕਾਨ੍ਹ ਸਿੰਘ ਦੇ ਪਹਿਲੇ ਉਸਤਾਦ ਭਾਈ ਭੂਪ ਸਿੰਘ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਤੇ ਗੁਰਮੁਖੀ ਪੜ੍ਹਾਈ। ਜਦੋਂ ਉਹ 20 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਨ ਵਿਚ ਫ਼ਾਰਸੀ ਅਤੇ ਅੰਗਰੇਜ਼ੀ ਪੜ੍ਹਨ ਦਾ ਸ਼ੌਕ ਜਾਗਿਆ। ਉਨ੍ਹਾਂ ਦੇ ਭਾਈ ਭੂਪ ਸਿੰਘ ਤੋਂ ਇਲਾਵਾ ਹੋਰ ਵੀ ਉਸਤਾਦ ਸਨ। ਇਨ੍ਹਾਂ ਵਿਚ ਬਾਵਾ ਕਲਿਆਣ ਦਾਸ, ਪੰਡਿਤ ਸ੍ਰੀਧਰ, ਭਾਈ ਰਾਮ ਸਿੰਘ, ਭਾਈ ਭਗਵਾਨ ਸਿੰਘ ਦੁੱਗ, ਭਾਈ ਸੰਤ ਸਿੰਘ ਸ਼ਾਮਲ ਸਨ। ਜਿਨ੍ਹਾਂ ਪਾਸੋਂ ਉਨ੍ਹਾਂ ਨੇ ਸੰਗੀਤ, ਫ਼ਾਰਸੀ, ਸੰਸਕ੍ਰਿਤ, ਅੰਗਰੇਜ਼ੀ ਆਦਿ ਦਾ ਗਿਆਨ ਹਾਸਲ ਕੀਤਾ। ਸੰਨ 1883 ਵਿਚ ਜਦੋਂ ਉਨ੍ਹਾਂ ਦੀ ਉਮਰ 22 ਸਾਲ ਦੀ ਹੋਈ ਤਾਂ ਆਪ ਲਾਹੌਰ ਪੁੱਜੇ। ਲਾਹੌਰ ਵਿਚ ਉਨ੍ਹਾਂ ਨੇ ਗੁਰਮਤਿ ਸਬੰਧੀ ਪੰਜ ਗ੍ਰੰਥਾਂ ਦਾ ਸੰਪਾਦਨ ਸ਼ੁਰੂ ਕੀਤਾ ਅਤੇ ਅਨੇਕਾਂ ਹੀ ਪੁਸਤਕਾਂ ਪੜ੍ਹੀਆਂ। ਲਾਹੌਰ ਵਿਚ ਆਪ ਦੋ ਸਾਲ ਰਹੇ ਅਤੇ ਫਿਰ ਵਾਪਸ ਨਾਭੇ ਆ ਗਏ। ਹੁਣ ਮਾਤਾ-ਪਿਤਾ ਉਨ੍ਹਾਂ ਦੇ ਵਿਆਹ ਬਾਰੇ ਸੋਚਣ ਲੱਗੇ। ਉਨ੍ਹਾਂ ਦਾ ਪਹਿਲਾ ਵਿਆਹ ਪਿੰਡ ਧੂਰੇ ਰਿਆਸਤ ਪਟਿਆਲਾ ਅਤੇ ਦੂਜਾ ਵਿਆਹ ਮੁਕਤਸਰ ਵਿਖੇ ਹੋਇਆ। ਦੋਵਾਂ ਪਤਨੀਆਂ ਦੇ ਸਵਰਗ ਸਿਧਾਰਨ ਮਗਰੋਂ ਉਨ੍ਹਾਂ ਦਾ ਤੀਜਾ ਵਿਆਹ ਪਿੰਡ ਰਾਮਗੜ੍ਹ ਜ਼ਿਲ੍ਹਾ ਪਟਿਆਲਾ ਵਿਖੇ ਬਸੰਤ ਕੌਰ ਨਾਲ ਹੋਇਆ।

1888 ਵਿਚ ਟਿੱਕਾ ਰਿਪੁਦਮਨ ਸਿੰਘ ਨੂੰ ਪੜ੍ਹਾਉਣ ਦਾ ਕੰਮ ਉਨ੍ਹਾਂ ਦੇ ਜ਼ਿੰਮੇ ਲਾਇਆ। ਵਿਆਹ ਤੋਂ ਬਾਅਦ ਉਹ ਮਹਾਰਾਜਾ ਹੀਰਾ ਸਿੰਘ ਨਾਭਾ ਕੋਲ ਆ ਕੇ ਮੁਨਸ਼ੀ ਲੱਗ ਗਏ। ਮਹਾਰਾਜਾ ਹੀਰਾ ਸਿੰਘ ਵਿਦਵਾਨਾਂ ਦੇ ਬੜੇ ਕਦਰਦਾਨ ਸਨ ਅਤੇ ਚੰਗੇ-ਮੰਦੇ ਆਦਮੀ ਨੂੰ ਸਹਿਜੇ ਹੀ ਪਰਖ ਲੈਂਦੇ ਸਨ। ਉਨ੍ਹਾਂ 1892 ਵਿਚ ਭਾਈ ਕਾਨ੍ਹ ਸਿੰਘ ਨੂੰ ਪ੍ਰਾਈਵੇਟ ਸਕੱਤਰ ਮੁਕੱਰਰ ਕੀਤਾ। ਇਸ ਤੋਂ ਥੋੜ੍ਹੇ ਚਿਰ ਪਿੱਛੋਂ ਹੀ ਸਿਟੀ ਮੈਜਿਸਟ੍ਰੇਟ, ਡਿਪਟੀ ਕਮਿਸ਼ਨਰ ਅਤੇ ਬਾਵਲ (ਮੰਤਰੀ) ਦੇ ਅਹੁਦੇ 'ਤੇ ਵੀ ਰਹੇ। ਉਹ ਜਿਸ ਵੀ ਕੰਮ 'ਤੇ ਲੱਗੇ, ਉਸ ਨੂੰ ਬੜੀ ਤਨਦੇਹੀ ਨਾਲ ਨਿਭਾਇਆ। ਉਨ੍ਹਾਂ ਨੇ 1903 ਵਿਚ ਖ਼ਾਲਸਾ ਕਾਲਜ ਦਾ ਪੱਕਾ ਪ੍ਰਬੰਧ ਕਰਨ ਲਈ 21 ਲੱਖ ਰੁਪਏ ਦਾ ਫੰਡ ਇਕੱਤਰ ਕੀਤਾ। ਮਿਸਟਰ ਮੈਕਾਲਿਫ ਵਰਗੇ ਅੰਗਰੇਜ਼ ਨੂੰ ਉਨ੍ਹਾਂ ਨੇ ਬੜੀ ਮਿਹਨਤ ਨਾਲ ਸਿੱਖ ਧਰਮ ਤੇ ਸਿੱਖ ਇਤਿਹਾਸ ਪੜ੍ਹਾਇਆ ਅਤੇ ਉਨ੍ਹਾਂ ਤੋਂ 'ਸਿੱਖ ਰਿਲੀਜਨ' (ਸਿੱਖ ਧਰਮ) ਪੁਸਤਕ ਲਿਖਵਾਈ। ਪੱਖੋਵਾਲ ਦੇ ਮੁਕੱਦਮੇ ਦੀ ਪੈਰਵੀ ਲਈ 1907, 1908 ਤੇ 1910 ਵਿਚ ਉਹ ਲੰਡਨ ਗਏ। ਵਲਾਇਤ ਦੀਆਂ ਇਨ੍ਹਾਂ ਫੇਰੀਆਂ ਦੌਰਾਨ ਉਨ੍ਹਾਂ ਦੋ ਕੰਮਾਂ 'ਤੇ ਜਿੱਤ ਪ੍ਰਾਪਤ ਕੀਤੀ। ਪਹਿਲਾ ਰਿਆਸਤ ਨਾਭਾ ਦੀ ਅਪੀਲ ਦਾ ਫ਼ੈਸਲਾ ਸੀ ਅਤੇ ਦੂਜਾ ਮੈਕਾਲਿਫ ਦੀ 'ਸਿੱਖ ਧਰਮ' ਨਾਂ ਦੀ ਪੁਸਤਕ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਵੱਲੋਂ ਛਾਪ ਕੇ ਛੇ ਜਿਲਦਾਂ ਵਿਚ ਪ੍ਰਕਾਸ਼ਿਤ ਹੋਣਾ ਸੀ।

25 ਦਸੰਬਰ 1911 ਨੂੰ ਮਹਾਰਾਜਾ ਹੀਰਾ ਸਿੰਘ ਦਾ ਦੇਹਾਂਤ ਹੋ ਗਿਆ। ਰਿਆਸਤ ਨਾਭਾ ਦੀ ਨੌਕਰੀ ਖ਼ਤਮ ਹੋਣ ਉਪਰੰਤ 1912 ਵਿਚ ਭਾਈ ਸਾਹਿਬ ਨੇ ਕਸ਼ਮੀਰ ਜਾ ਕੇ ਸਿੱਖ ਸਾਹਿਤ ਦੇ ਆਧਾਰ 'ਤੇ 'ਗੁਰ ਸ਼ਬਦ ਰਤਨਾਕਰ ਮਹਾਨ ਕੋਸ਼' ਲਿਖਣਾ ਸ਼ੁਰੂ ਕੀਤਾ ਜੋ 14 ਸਾਲ ਦੀ ਸਖ਼ਤ ਘਾਲਣਾ ਤੋਂ ਬਾਅਦ 1926 ਵਿਚ ਪੂਰਾ ਹੋਇਆ ਅਤੇ 1930 ਵਿਚ ਦਰਬਾਰ ਪਟਿਆਲਾ ਵੱਲੋਂ ਛਪ ਕੇ ਪ੍ਰਕਾਸ਼ਿਤ ਹੋਇਆ। ਇਸ ਦੀ ਛਪਾਈ 'ਤੇ ਉਸ ਸਮੇਂ ਸਰਕਾਰ ਦੇ 51000 ਰੁਪਏ ਖ਼ਰਚ ਆਏ ਸਨ। ਇਹ ਗ੍ਰੰਥ 3338 ਪੰਨਿਆਂ ਦੀਆਂ ਵੱਡੀਆਂ-ਵੱਡੀਆਂ ਚਾਰ ਜਿਲਦਾਂ ਵਿਚ ਛਪਿਆ। ਇਸ ਦਾ ਮੁੱਲ ਉਸ ਸਮੇਂ 110 ਰੁਪਏ ਸੀ ਜਿਸ ਕਰਕੇ ਆਮ ਗਾਹਕਾਂ ਲਈ ਇਸ ਨੂੰ ਖ਼ਰੀਦਣਾ ਮੁਸ਼ਕਲ ਸੀ। ਇਹ ਮੁਸ਼ਕਲ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਨੇ ਨਵੇਂ ਢੰਗ ਨਾਲ ਇਸ ਦੀ ਛਪਾਈ ਕਰ ਕੇ ਹੱਲ ਕਰ ਦਿੱਤੀ। ਅੱਜਕੱਲ੍ਹ ਨੈਸ਼ਨਲ ਬੁੱਕ ਸ਼ਾਪ ਦਿੱਲੀ, ਭਾਸ਼ਾ ਵਿਭਾਗ ਪੰਜਾਬ ਪਟਿਆਲਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਤ ਲਾਇਬ੍ਰੇਰੀ ਦਾ ਨਾਂ ਵੀ 'ਭਾਈ ਕਾਨ੍ਹ ਸਿੰਘ ਨਾਭਾ' ਨੂੰ ਸਮਰਪਿਤ ਹੈ। ਯੂਨੀਵਰਸਿਟੀ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ ਦਿਨ ਹਰ ਸਾਲ 'ਕਿਤਾਬ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਭਾਈ ਸਾਹਿਬ ਉੱਚੇ ਸੋਹਣੇ, ਸੁਨੱਖੇ ਤੇ ਤੰਦਰੁਸਤ ਵਿਅਕਤੀ ਸਨ। ਉਹ ਜੋ ਗੱਲ ਕਰਦੇ, ਬੜੀ ਸੋਚ=ਸਮਝ ਕੇ ਅਤੇ ਥੋੜ੍ਹੇ ਸ਼ਬਦਾਂ ਵਿਚ ਕਰਦੇ ਸਨ। ਉਨ੍ਹਾਂ ਦੇ ਸੁਭਾਅ ਵਿਚ ਮਿਠਾਸ ਸੀ। ਉਨ੍ਹਾਂ ਦੀ ਲਿਖਤ ਬੜੀ ਸਾਫ਼ ਤੇ ਸ਼ੁੱਧ ਹੁੰਦੀ ਸੀ। ਸੰਗੀਤ ਦੇ ਚੰਗੇ ਪਾਰਦਰਸ਼ੀ ਵਿਦਵਾਨ ਹੋਣ ਕਰਕੇ ਉਹ ਕਈ ਵੱਡੇ-ਵੱਡੇ ਸੰਗੀਤ ਦਰਬਾਰਾਂ ਦੇ ਪ੍ਰਧਾਨ ਵੀ ਰਹੇ। ਮਹਾਰਾਜਾ ਨਾਭਾ ਨੇ ਉਨ੍ਹਾਂ ਦਾ ਉਪਨਾਮ 'ਨੀਤੀ' ਰੱਖਿਆ ਹੋਇਆ ਸੀ। ਭਾਈ ਸਾਹਿਬ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ ਹੈ। ਉਨ੍ਹਾਂ ਨੇ ਰਾਜ ਧਰਮ ਨਾਟਕ, ਭਾਵਾਰਥ ਦੀਪਿਕਾ ਟੀਕਾ, ਹਮ ਹਿੰਦੂ ਨਹੀਂ, ਗੁਰਮਤਿ ਸੁਧਾਕਰ, ਸਮੱਸਿਆ ਪੂਰਤੀ, ਗੁਰਮਤਿ ਮਾਰਤੰਡ, ਗੁਰ ਮਹਿਮਾ ਸੰਗ੍ਰਹਿ, ਅਨੇਕਾਰਥ ਕੋਸ਼, ਨਾਮ ਮਾਲਾ ਕੋਸ਼, ਗੁਰਮਤਿ ਪ੍ਰਭਾਕਰ, ਠੱਠ ਲੀਲਾ, ਬਾਗੜੀਆਂ ਦਾ ਇਤਿਹਾਸ, ਹਨੂਮਾਨ ਨਾਟਕ, ਮਹਾਨ ਕੋਸ਼, ਗੁਰੂ ਗਿਰਾ ਕਸੌਟੀ, ਪਹਾੜ ਯਾਤਰਾ, ਵਲਾਇਤ ਯਾਤਰਾ, ਸ਼ਰਾਬ ਨਿਖੇਧ, ਇਕ ਜੋਤਿਸ਼ ਗ੍ਰੰਥ ਆਦਿ ਪੁਸਤਕਾਂ ਦੀ ਰਚਨਾ ਕੀਤੀ। ਭਾਈ ਸਾਹਿਬ ਦਾ ਸਭ ਤੋਂ ਮਹੱਤਪੂਰਨ ਗ੍ਰੰਮ 'ਮਹਾਨ ਕੋਸ਼' ਹੈ। ਇਸ ਦਾ ਅਸਲ ਨਾਂ 'ਗੁਰ ਸ਼ਬਦ ਰਤਨਾਕਰ' ਜਾਂ 'ਇਨਸਾਈਕਲੋਪੀਡੀਆ ਆਫ ਸਿੱਖਇਜ਼ਮ' ਹੈ। ਆਪ ਨੂੰ 3 ਅਪ੍ਰੈਲ 1931 ਨੂੰ ਅੰਮ੍ਰਿਤਸਰ ਵਿਖੇ ਹੋਈ ਸਿੱਖ ਐਜੂਕੇਸ਼ਨਲ ਕਾਨਫਰੰਸ ਦਾ ਚੀਫ਼ ਖ਼ਾਲਸਾ ਦੀਵਾਨ ਵੱਲੋਂ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਹ ਵਿੱਦਿਅਕ ਦੇ ਨਾਲ-ਨਾਲ ਪੰਥਕ ਸੇਵਾ ਵੀ ਕਰਦੇ ਰਹੇ। ਸੰਨ 1930 ਵਿਚ ਗੁਰਦੁਆਰਾ ਮਾਲ ਟੇਕੜੀ ਨਾਂਦੇੜ (ਦੱਖਣ) ਦਾ ਝਗੜਾ ਵੀ ਭਾਈ ਕਾਨ੍ਹ ਸਿੰਘ ਦੇ ਜੀਵਨ ਵਿਚ ਬੜੀ ਅਹਿਮੀਅਤ ਰੱਖਦਾ ਹੈ। ਭਾਈ ਸਾਹਿਬ ਨੇ ਧਾਰਮਿਕ, ਭਾਈਚਾਰਕ, ਸਾਹਿਤਕ ਅਤੇ ਵਿੱਦਿਅਕ ਖੇਤਰ ਵਿਚ ਜੋ ਸੇਵਾ ਕੀਤੀ, ਉਹ ਸ਼ਲਾਘਾਯੋਗ ਸੀ। ਉਹ ਉੱਘੇ ਖੋਜੀ, ਵਿਦਵਾਨ ਤੇ ਲਿਖਾਰੀ ਸਨ। ਸੰਨ 1930 ਤੋਂ 1938 ਤਕ ਲਗਾਤਾਰ ਅੱਠ ਸਾਲ ਉਨ੍ਹਾਂ ਨੇ ਪੁਸਤਕਾਂ ਦੀ ਸੋਧ-ਸੁਧਾਈ ਤੇ ਘਰੇਲੂ ਜੀਵਨ ਵੱਲ ਵਧੇਰੇ ਧਿਆਨ ਦਿੱਤਾ। ਸਤਾਈ ਨਵੰਬਰ 1936 ਨੂੰ ਉਨ੍ਹਾਂ ਦੇ ਛੋਟੇ ਭਰਾ ਬਿਸ਼ਨ ਸਿੰਘ ਦਾ ਕੁਝ ਸਮਾਂ ਬਿਮਾਰ ਰਹਿਣ ਮਗਰੋਂ ਸਵਰਗਵਾਸ ਹੋ ਗਿਆ। ਇਸ ਤੋਂ 7 ਕੁ ਮਹੀਨੇ ਬਾਅਦ ਦੂਜਾ ਭਰਾ ਭਾਈ ਮੀਹਾਂ ਸਿੰਘ 17 ਜੂਨ 1937 ਨੂੰ ਵਿਛੋੜਾ ਦੇ ਗਿਆ। ਭਾਈ ਕਾਨ੍ਹ ਸਿੰਘ ਨਾਭਾ 77 ਸਾਲ ਦੀ ਉਮਰ ਭੋਗ ਕੇ ਬਿਨਾਂ ਕਿਸੇ ਬਿਮਾਰੀ ਦੇ 23 ਨਵੰਬਰ 1938 ਈਸਵੀ ਨੂੰ ਨਾਭਾ ਵਿਖੇ ਸਦੀਵੀ ਵਿਛੋੜਾ ਦੇ ਗਏ।

ਮੋਬਾਈਲ ਨੰ. : 98552-40552

Posted By: Rajnish Kaur