-ਪਿਰਥੀਪਾਲ ਸਿੰਘ ਮਾੜੀਮੇਘਾ

ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਦਾ ਅੱਜ ਬਲਿਦਾਨ ਦਿਵਸ ਹੈ। ਉਨ੍ਹਾਂ ਦਾ ਜਨਮ 23 ਜੁਲਾਈ 1906 ਨੂੰ ਅਲੀਰਾਜਪੁਰ (ਐੱਮਪੀ) ਦੇ ਨੇੜੇ ਪਿੰਡ ‘ਭਾਵਰਾ’ ਵਿਚ ਪਿਤਾ ਸੀਤਾਰਾਮ ਤਿਵਾੜੀ ਅਤੇ ਮਾਤਾ ਜਗਰਾਨੀ ਦੇ ਘਰ ਹੋਇਆ ਸੀ। ਨਾ-ਮਿਲਵਰਤਨ ਲਹਿਰ ’ਚ ਸ਼ਾਮਲ ਹੋਣ ਕਾਰਨ ਅੰਗਰੇਜ਼ਾਂ ਨੇ ਚੰਦਰ ਸ਼ੇਖਰ ਨੂੰ ਗਿ੍ਫ਼ਤਾਰ ਕਰ ਲਿਆ ਸੀ। ਅਦਾਲਤ ਵਿਚ ਪੇਸ਼ੀ ਸਮੇਂ ਜੱਜ ਨੇ ਪੁੱਛਿਆ, ‘‘ਤੇਰਾ ਨਾਮ ਕੀ ਹੈ?’’ ਜਵਾਬ ਮਿਲਿਆ ‘ਆਜ਼ਾਦ’। ਤੇਰੇ ਬਾਪ ਦਾ ਨਾਂ ਕੀ ਹੈ? ਤਾਂ ਉਨ੍ਹਾਂ ਕਿਹਾ ‘ਭਾਰਤ’। ਤੇਰਾ ਘਰ ਕਿੱਥੇ ਹੈ? ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ‘ਜੇਲ੍ਹਖਾਨਾ’। ਜੱਜ ਨੇ ਉਨ੍ਹਾਂ ਨੂੰ ਪੰਦਰਾਂ ਬੈਂਤਾਂ ਦੀ ਕਠੋਰ ਸਜ਼ਾ ਦਿੱਤੀ। ਬੈਂਤ ਵੱਜਣ ਨਾਲ ਉਨ੍ਹਾਂ ਦੇ ਪਿੰਡੇ ’ਚੋਂ ਲਹੂ ਦੀਆਂ ਧਤੀਰੀਆਂ ਵਗ ਪਈਆਂ ਅਤੇ ਚਮੜੀ ਉੱਖੜ ਗਈ ਪਰ ਆਪ ਨੇ ਸੀ ਤਕ ਨਾ ਕੀਤੀ ਅਤੇ ਇਕ ਅਣਖੀਲਾ ਕ੍ਰਾਂਤੀਕਾਰੀ ਹੋਣ ਦਾ ਸਬੂਤ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਦਾ ਨਾਮ ਆਜ਼ਾਦ ਪ੍ਰਸਿੱਧ ਹੋ ਗਿਆ। ਮਹਾਤਮਾ ਗਾਂਧੀ ਵੱਲੋਂ ਨਾ-ਮਿਲਵਰਤਨ ਅੰਦੋਲਨ ਵਾਪਸ ਲੈਣ ਕਾਰਨ ਨੌਜਵਾਨਾਂ ਦੇ ਹਿਰਦਿਆਂ ਵਿਚ ਉਨ੍ਹਾਂ ਪ੍ਰਤੀ ਘੋਰ ਨਿਰਾਸ਼ਾ ਪੈਦਾ ਹੋ ਗਈ ਅਤੇ ਚੰਦਰ ਸ਼ੇਖਰ ਸਮੇਤ ਕਈ ਨੌਜਵਾਨ ਕ੍ਰਾਂਤੀਕਾਰੀ ਦਲ ਵਿਚ ਸ਼ਾਮਲ ਹੋ ਗਏ। ਉਸ ਵੇਲੇ ਕ੍ਰਾਂਤੀਕਾਰੀ ਦਲ ਦੀ ਅਗਵਾਈ ਸ਼ਚਿੰਦਰ ਨਾਥ ਸਨਿਆਲ ਕਰ ਰਹੇ ਸਨ।

ਉਹ ਹਥਿਆਰਬੰਦ ਸੰਘਰਸ਼ ਨਾਲ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾ ਕੇ ਲੁੱਟ-ਖਸੁੱਟ ਤੋਂ ਰਹਿਤ ਤੇ ਬਰਾਬਰਤਾ ਵਾਲਾ ਸਮਾਜ ਸਿਰਜਣਾ ਚਾਹੁੰਦੇ ਸਨ। ਹਥਿਆਰਾਂ ਦੀ ਲੋੜ ਪੂਰੀ ਕਰਨ ਵਾਸਤੇ ਉਨ੍ਹਾਂ ਨੂੰ ਪੈਸੇ ਦੀ ਲੋੜ ਸੀ। ਇਸ ਘਾਟ ਨੂੰ ਪੂਰਾ ਕਰਨ ਲਈ ਕ੍ਰਾਂਤੀਕਾਰੀਆਂ ਨੇ 9 ਅਗਸਤ 1925 ਨੂੰ ਕਾਕੋਰੀ ਰੇਲਵੇ ਸਟੇਸ਼ਨ ਤੋਂ ਥੋੜ੍ਹਾ ਜਿਹਾ ਅੱਗੇ ਰੇਲਗੱਡੀ ਰੋਕ ਕੇ ਇੰਗਲੈਂਡ ਨੂੰ ਲਿਜਾਇਆ ਜਾ ਰਿਹਾ ਖ਼ਜ਼ਾਨਾ ਲੁੱਟ ਲਿਆ।

ਅੰਗਰੇਜ਼ਾਂ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਤੇ ਉਹ ਸੋਚਣ ਲੱਗ ਪਏ ਕਿ ਜੇ ਕ੍ਰਾਂਤੀਕਾਰੀ ਗਿ੍ਰਫ਼ਤਾਰ ਨਾ ਕੀਤੇ ਗਏ ਤਾਂ ਹਿੰਦੁਸਤਾਨ ਵਿਚ ਬਗਾਵਤ ਹੋ ਜਾਵੇਗੀ ਅਤੇ ਉਹ ਸਾਡੇ ਤੋਂ ਜਾਂਦਾ ਰਹੇਗਾ। ਅੰਗਰੇਜ਼ਾਂ ਨੇ ਬਹੁਤ ਸਖ਼ਤੀ ਕਰ ਦਿੱਤੀ ਅਤੇ ਕ੍ਰਾਂਤੀਕਾਰੀਆਂ ਦਾ ਖੁਰਾ-ਖੋਜ ਲੱਭਣ ਲੱਗ ਪਏ। ਸਾਰੇ ਕ੍ਰਾਂਤੀਕਾਰੀ ਫੜੇ ਗਏ ਪਰ ਚੰਦਰ ਸ਼ੇਖਰ ਮਰਦੇ ਦਮ ਤਕ ਪੁਲਿਸ ਦੇ ਹੱਥ ਨਾ ਆਇਆ।

ਉਸ ਨੇ ਸਹੁੰ ਖਾਧੀ ਹੋਈ ਸੀ ਕਿ ਉਹ ਜਿਊਂਦੇ ਜੀਅ ਪੁਲਿਸ ਦੇ ਹੱਥ ਨਹੀਂ ਆਵੇਗਾ। ਅੰਗਰੇਜ਼ਾਂ ਨੇ ਉਸ ਨੂੰ ਫੜਾਉਣ ਵਾਸਤੇ ਤੀਹ ਹਜ਼ਾਰ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਜੋ ਉਸ ਵੇਲੇ ਬੜੀ ਵੱਡੀ ਰਕਮ ਸੀ। ਚੰਦਰ ਸ਼ੇਖਰ ਬ੍ਰਹਮਚਾਰੀ ਦੇ ਭੇਸ ਵਿਚ ਝਾਂਸੀ ਦੇ ਨਜ਼ਦੀਕ ਸਤਾਰ ਨਦੀ ਦੇ ਕੋਲ ਇਕ ਝੁੱਗੀ ਵਿਚ ਰਹਿਣ ਲੱਗ ਪਏ। ਕਾਫ਼ੀ ਸਮਾਂ ਉਹ ਝੁੱਗੀ ਕ੍ਰਾਂਤੀਕਾਰੀਆਂ ਦੀ ਸਰਗਰਮੀ ਦਾ ਕੇਂਦਰ ਬਣੀ ਰਹੀ।

ਚੰਦਰ ਸ਼ੇਖਰ ਨੇ ਕ੍ਰਾਂਤੀਕਾਰੀ ਦਲ ਨੂੰ ਮੁੜ ਸੰਗਠਿਤ ਕਰਨ ਲਈ ਭਗਤ ਸਿੰਘ ਤੇ ਸੁਖਦੇਵ, ਵਿਜੈ ਕੁਮਾਰ, ਸਵਿ ਵਰਮਾ, ਸੁਰਿੰਦਰ ਪਾਂਡੇ ਤੇ ਕੁੰਦਨ ਲਾਲ ਨਾਲ ਸੰਪਰਕ ਕੀਤਾ। ਭਗਤ ਸਿੰਘ ਦੀ ਅਗਵਾਈ ਹੇਠ 8-9 ਸਤੰਬਰ 1928 ਨੂੰ ਦੇਸ਼ ਭਰ ਦੇ ਕ੍ਰਾਂਤੀਕਾਰੀਆਂ ਨੇ ਦਿੱਲੀ ਦੇ ਪੁਰਾਣੇ ਕਿਲੇ੍ਹ ਦੇ ਖੰਡਰਾਂ ਵਿਚ ਮੀਟਿੰਗ ਕਰ ਕੇ ਭਗਤ ਸਿੰਘ ਨੂੰ ਕੇਂਦਰੀ ਪੱਧਰ ’ਤੇ ਤਾਲਮੇਲ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਅਤੇ ਚੰਦਰ ਸ਼ੇਖਰ ਨੂੰ ਕ੍ਰਾਂਤੀਕਾਰੀ ਦਲ ਦਾ ਸੈਨਾਪਤੀ ਥਾਪਿਆ ਗਿਆ।

ਤੀਹ ਅਕਤੂਬਰ 1928 ਨੂੰ ਲਾਹੌਰ ਵਿਖੇ ਨੌਜਵਾਨ ਭਾਰਤ ਸਭਾ ਵੱਲੋਂ ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਰੋਹ ਭਰਪੂਰ ਮਾਰਚ ਦੀ ਅਗਵਾਈ ਲਾਲਾ ਲਾਜਪਤ ਰਾਏ ਨੇ ਕੀਤੀ। ਨੌਜਵਾਨਾਂ ਦੇ ਵਿਸ਼ਾਲ ਇਕੱਠ ਅਤੇ ਰੋਹ ਨੂੰ ਅੰਗਰੇਜ਼ ਹਾਕਮ ਸਹਾਰ ਨਾ ਸਕੇ। ਉਨ੍ਹਾਂ ਨੇ ਲਾਠੀਚਾਰਜ ਕਰ ਦਿੱਤਾ। ਲਾਲਾ ਜੀ ਸਖ਼ਤ ਫੱਟੜ ਹੋ ਗਏ ਅਤੇ 17 ਨਵੰਬਰ 1928 ਨੂੰ ਉਨ੍ਹਾਂ ਦੀ ਮੌਤ ਹੋ ਗਈ।

ਕ੍ਰਾਂਤੀਕਾਰੀਆਂ ਨੇ ਚੰਦਰ ਸ਼ੇਖਰ ਦੀ ਅਗਵਾਈ ਹੇਠ ਜਾਬਰ ਅੰਗਰੇਜ਼ ਅਫ਼ਸਰ ਸਾਂਡਰਸ ਨੂੰ ਦਿਨ-ਦਿਹਾੜੇ ਮੌਤ ਦੇ ਘਾਟ ਉਤਾਰ ਕੇ ਲਾਲਾ ਜੀ ਦੇ ਕਤਲ ਦਾ ਬਦਲਾ ਲਿਆ। ਸਾਰੇ ਪਾਸੇ ਹਾਹਾਕਾਰ ਮਚ ਗਈ। ਫੜੇ ਜਾਣ ਤੋਂ ਬਚਣ ਲਈ ਚੰਦਰ ਸ਼ੇਖਰ, ਭਗਤ ਸਿੰਘ ਤੇ ਰਾਜਗੁਰੂ ਦੁਰਗਾ ਭਾਬੀ ਦੀ ਮਦਦ ਨਾਲ ਲਾਹੌਰ ਤੋਂ ਸੁਰੱਖਿਅਤ ਨਿਕਲਣ ਵਿਚ ਕਾਮਯਾਬ ਹੋ ਗਏ।

ਕ੍ਰਾਂਤੀਕਾਰੀ ਦਿੱਲੀ ਵਿਖੇ ਇਕੱਤਰ ਹੋਏ ਅਤੇ ਚੰਦਰ ਸ਼ੇਖਰ ਦੀ ਪ੍ਰਧਾਨਗੀ ਹੇਠ ਇਸ ਬਾਰੇ ਵੀ ਚਰਚਾ ਹੋਈ ਕਿ ਆਜ਼ਾਦੀ ਦੇ ਅੰਦੋਲਨ ਨੂੰ ਕੁਚਲਣ ਵਾਸਤੇ ਵਾਇਸਰਾਏ ਜ਼ਬਰਦਸਤੀ ‘ਪਬਲਿਕ ਸੇਫਟੀ ਬਿੱਲ’ ਅਤੇ ‘ਟਰੇਡ ਡਿਸਪਿਊਟ ਬਿੱਲ’ ਦਿੱਲੀ ਅਸੈਂਬਲੀ ਵਿਚ ਪਾਸ ਕਰਾਉਣ ਲਈ ਬਜ਼ਿੱਦ ਹੈ। ਇਸ ਲਈ ਅਸੈਂਬਲੀ ਵਿਚ ਧਮਾਕਾ ਕਰ ਕੇ ਇਨ੍ਹਾਂ ਕਾਨੂੰਨਾਂ ਨੂੰ ਰੋਕਿਆ ਜਾਵੇ ਅਤੇ ਬੋਲੇ ਹਾਕਮਾਂ ਨੂੰ ਹਿੰਦੁਸਤਾਨ ਦੇ ਲੋਕਾਂ ਦੀ ਆਵਾਜ਼ ਸੁਣਾਈ ਜਾਵੇ।

ਇਸ ਕਾਰਜ ਲਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਅਸੈਂਬਲੀ ਹਾਲ ਵਿਚ ਬੰਬ ਸੁੱਟੇ ਅਤੇ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਸਾਮਰਾਜਵਾਦ ਮੁਰਦਾਬਾਦ’ ਦੇ ਰੋਹ ਭਰਪੂਰ ਨਾਅਰੇ ਮਾਰਦਿਆਂ ਹੋਇਆਂ ਗਿ੍ਰਫ਼ਤਾਰੀ ਦੇ ਦਿੱਤੀ।

ਚੰਦਰ ਸ਼ੇਖਰ ਦੇ ਦਸਤਖ਼ਤਾਂ ਵਾਲੇ ਪੈਂਫਲਟ ਵੀ ਸੁੱਟੇ ਗਏ ਜਿਸ ਵਿਚ ਕ੍ਰਾਂਤੀਕਾਰੀਆਂ ਨੇ ਦੱਸਿਆ ਸੀ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣਾ ਕਿਉਂ ਜ਼ਰੂਰੀ ਹੈ। ਚੰਦਰ ਸ਼ੇਖਰ ਆਜ਼ਾਦ ਭਗਤ ਸਿੰਘ ਤੇ ਬੀਕੇ ਦੱਤ ਨੂੰ ਹਰ ਹਾਲਤ ’ਚ ਜੇਲ੍ਹ ਵਿੱਚੋਂ ਛੁਡਾਉਣਾ ਚਾਹੁੰਦਾ ਸੀ। ਉਸ ਦੀ ਕਮਾਂਡ ਹੇਠ ਕ੍ਰਾਂਤੀਕਾਰੀਆਂ ਨੇ ਉਨ੍ਹਾਂ ਨੂੰ ਛੁਡਾਉਣ ਲਈ ‘ਬੋਰਸਟਲ ਜੇਲ੍ਹ’ ਲਾਹੌਰ ਦੇ ਗੇਟ ਅੱਗੇ ਕਾਰਵਾਈ ਕੀਤੀ ਜਦੋਂ ਭਗਤ ਸਿੰਘ ਤੇ ਬੀਕੇ ਦੱਤ ਨੂੰ ਪੁਲਿਸ ਲਿਜਾ ਰਹੀ ਸੀ ਪਰ ਕਾਮਯਾਬੀ ਨਾ ਮਿਲੀ।

ਚੰਦਰ ਸ਼ੇਖਰ ਨੂੰ ਬੜਾ ਅਫ਼ਸੋਸ ਸੀ ਕਿ ਉਹ ਆਪਣੇ ਸਾਥੀਆਂ ਭਗਤ ਸਿੰਘ ਤੇ ਬੀਕੇ ਦੱਤ ਨੂੰ ਛੁਡਾ ਨਹੀਂ ਸਕੇ। ਇਸ ਮਾਯੂਸੀ ਦੀ ਹਾਲਤ ਵਿਚ ਉਹ ਲਾਹੌਰ ਤੋਂ ਇਲਾਹਾਬਾਦ ਚਲੇ ਗਏ। ਪੁਲਿਸ ਨੇ ਚੰਦਰ ਸ਼ੇਖਰ ਨੂੰ ਗਿ੍ਰਫ਼ਤਾਰ ਕਰਨ ਵਾਸਤੇ ਸੂਹੀਆ ਜਾਲ ਵਿਛਾਏ ਹੋਏ ਸਨ। ਇਕ ਸੂਹੀਏ ਦੀ ਮੁਖ਼ਬਰੀ ’ਤੇ ਪੁਲਿਸ ਨੇ 27 ਫਰਵਰੀ 1931 ਨੂੰ ਚੰਦਰ ਸ਼ੇਖਰ ਨੂੰ ਇਲਾਹਾਬਾਦ ਸ਼ਹਿਰ ਦੇ ਐਲਫਰਡ ਪਾਰਕ ਵਿਚ ਘੇਰ ਲਿਆ ਤੇ ਉਸ ’ਤੇ ਗੋਲ਼ੀਆਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ।

ਉਹ ਸੂਰਮਿਆਂ ਦੀ ਤਰ੍ਹਾਂ ਪੁਲਿਸ ਦਾ ਡਟਵਾਂ ਮੁਕਾਬਲਾ ਕਰਦਾ ਰਿਹਾ। ਜਦ ਚੰਦਰ ਸ਼ੇਖਰ ਕੋਲ ਗੋਲ਼ੀਆਂ ਖ਼ਤਮ ਹੋਣ ਲੱਗੀਆਂ ਤਾਂ ਆਖ਼ਰੀ ਗੋਲ਼ੀ ਉਸ ਨੇ ਆਪਣੇ ਸਿਰ ਵਿਚ ਦਾਗ ਕੇ ਸ਼ਹਾਦਤ ਦਾ ਜਾਮ ਪੀ ਲਿਆ ਅਤੇ ਜਿਊਂਦੇ ਜੀਅ ਅੰਗਰੇਜ਼ਾਂ ਦੇ ਹੱਥ ਨਾ ਆਉਣ ਵਾਲਾ ਵਚਨ ਨਿਭਾ ਦਿੱਤਾ।

-ਮੋਬਾਈਲ ਨੰ. : 98760-78731

Posted By: Jagjit Singh