-ਲਾਲ ਸਿੰਘ

ਜਦੋਂ ਅੰਗਰੇਜ਼ੀ ਹਕੂਮਤ ਦੀ ਸਮੁੰਦਰਾਂ ’ਚ ਸਰਦਾਰੀ ਨੂੰ ਨਿੱਕੀ ਜਿਹੀ ਨਵੀਂ-ਨਵੀਂ ਕੰਪਨੀ ਸਿੰਦੀਆ ਸਟੀਮ ਨੈਵੀਗੇਸ਼ਨ ਨੇ ਚੁਣੌਤੀ ਦਿੱਤੀ, ਉਹ ਦਿਨ 5 ਅਪ੍ਰੈਲ 1919 ਸੀ ਤੇ ਉਹ ਭਾਰਤੀ ਸਾਗਰੀ ਇਤਿਹਾਸ ਦਾ ਬੁਨਿਆਦੀ ਦਿਨ ਬਣ ਗਿਆ। ਇਸ ਤੋਂ ਪਹਿਲਾਂ ਦੀਆਂ ਕੰਪਨੀਆਂ ਫੇਲ੍ਹ ਹੋ ਚੁੱਕੀਆਂ ਸਨ ਕਿਉਂਕਿ ਅੰਗਰੇਜ਼ ਬਿਲਕੁਲ ਨਹੀਂ ਸਨ ਚਾਹੁੰਦੇ ਕਿ ਕੋਈ ਭਾਰਤੀ ਉੱਦਮ ਇਸ ਖੇਤਰ ਵਿਚ ਯਤਨਸ਼ੀਲ ਹੋਵੇ ਪਰ ਗੁਜਰਾਤ ਦੇ ਸਿਰਕੱਢ ਵਪਾਰੀ ਵਾਲ ਚੰਦ ਹੀਰਾ ਚੰਦ, ਨਰੋਤਮ ਮੋਰਾਰਜੀ ਅਤੇ ਕਿਲਾ ਚੰਦ ਦੇਵ ਚੰਦ ਤਿੰਨਾਂ ਨੇ ਰਲ ਕੇ ਇਸ ਖੇਤਰ ’ਚ ਛਾਲ ਮਾਰੀ ਤੇ ਕੰਪਨੀ ਸ਼ੁਰੂ ਕਰ ਦਿੱਤੀ, ਜਿਸ ਕੋਲ ਕੇਵਲ ਇਕ ਹੀ ਜਹਾਜ਼ ਸੀ। ਇਹੋ ਜਹਾਜ਼ ਪਹਿਲਾਂ ਕੈਨੇਡਾ ਦੀ ਪੈਸੇਫਿਕ ਰੇਲਵੇ ਕੰਪਨੀ ਦੀ ਮਲਕੀਅਤ ਆਰਐੱਮਐੱਸ ਐੱਮਪ੍ਰੈੱਸ ਦੇ ਨਾਂ ਹੇਠ ਪਹਿਲੀ ਆਲਮੀ ਜੰਗ ਦੌਰਾਨ ਤੁਰਦੇ-ਫਿਰਦੇ ਹਸਪਤਾਲ ਵਜੋਂ ਵਰਤਿਆ ਜਾ ਰਿਹਾ ਸੀ। ਇਸੇ ਜਹਾਜ਼ ਨੂੰ ਕੰਪਨੀ ਨੇ ਖ਼ਰੀਦ ਕੇ, ਕੁਝ ਅਦਲਾ-ਬਦਲੀ ਕਰ ਕੇ ਨਵੇਂ ਨਾਂ ਐੱਸਐੱਸ ਲੋਇਲਟੀ ਤਹਿਤ ਢੋਆ-ਢੁਆਈ ਦਾ ਕੰਮ ਸ਼ੁਰੂ ਕੀਤਾ। ਵਲੈਤ ਵਿਚ ਬਣੇ ਇਸ ਜਹਾਜ਼ ਵਿਚ 700 ਯਾਤਰੀ ਤੇ ਬਹੁਤ ਸਾਰਾ ਵਪਾਰਕ ਸਾਮਾਨ ਲੱਦਿਆ ਜਾ ਸਕਦਾ ਸੀ। ਕੰਪਨੀ ਦੇ ਇਸ ਜਹਾਜ਼ ਦੇ ਪਹਿਲੇ ਫੇਰੇ ਲਈ ਹੀ ਸਭ ਟਿਕਟਾਂ ਵਿਕ ਗਈਆਂ ਸਨ ਤੇ ਲੌਇਲਟੀ ਨੇ ਬੜੀ ਸਫ਼ਲਤਾ ਨਾਲ ਆਪਣਾ ਆਉਣਾ-ਜਾਣਾ ਸੰਪੰਨ ਕੀਤਾ। ਬੇਸ਼ੱਕ ਆਉਂਦੀ ਵਾਰੀ ਇਸ ਬੇੜੇ ਨੂੰ ਨਾ ਕੋਈ ਸਵਾਰੀ ਤੇ ਨਾ ਸਾਮਾਨ ਮਿਲਿਆ ਤੇ ਇਹ ਖ਼ਾਲੀ ਹੀ ਆਇਆ। ਅੰਗਰੇਜ਼ਾਂ ਦੀਆਂ ਸਾਰੀਆਂ ਕੋਝੀਆਂ ਚਾਲਾਂ ਦੇ ਬਾਵਜੂਦ ਨਵੇਂ ਉੱਦਮੀਆਂ ਦਾ ਹੌਂਸਲਾ ਬੁਲੰਦ ਰਿਹਾ। ਉਨ੍ਹਾਂ ਨੇ ਆਪਣਾ ਸਾਰਾ ਬੇੜਾ ਮੁਕੰਮਲ ਕਰ ਲਿਆ ਤੇ ਸਾਰਾ ਧਿਆਨ ਕੇਵਲ ਸਾਮਾਨ ਢੋਣ ’ਤੇ ਹੀ ਕੇਂਦਰਿਤ ਕਰੀ ਰੱਖਿਆ ਤਾਂ ਕਿ ਅੰਗਰੇਜ਼ਾਂ ਦੀ ਪੁਰਾਣੀ ਸਥਾਪਤ ਕੀਤੀ ਸਵਾਰੀਆਂ ਲਿਜਾਣ ਵਾਲੀ ਜਹਾਜ਼ੀ ਕੰਪਨੀ, ਪੀਅਂੈਡਓ ਕੰਪਨੀ ਨਾਲ ਕੋਈ ਵਿਗਾੜ ਦੀ ਸੰਭਾਵਨਾ ਹੀ ਨਾ ਰਹੇ ਪਰ ਇਸ ਤਰ੍ਹਾਂ ਕਰਨ ਨਾਲ ਕੰਪਨੀ ’ਤੇ ਆਰਥਿਕ ਬੋਝ ਬਹੁਤ ਵੱਧ ਗਿਆ ਅਤੇ ਕੰਪਨੀ ਸੰਕਟ ਵਿਚ ਆ ਗਈ ਕਿਉਂਕਿ ਕਈ ਰੂਟਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਘਾਟੇ ਵਾਲੇ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹੋਏ ਸਨ। ਕੰਪਨੀ ਦੇ ਇੰਜੀਨੀਅਰਿੰਗ ਅਤੇ ਫਲੋਟਿੰਗ ਸਟਾਫ ਦੇ ਮਿਲਵਰਤਨ ਸਦਕਾ ਤੇ ਆਪਣੇ ਦ੍ਰਿੜ੍ਹ ਇਰਾਦੇ ਕਾਰਨ ਕੰਪਨੀ ਕਾਮਯਾਬੀ ਦੀਆਂ ਸਿਖ਼ਰਾਂ ਛੂਹਣ ਲੱਗੀ। ਇੰਜੀਨੀਅਰਿੰਗ ਸਟਾਫ ਨੇ ਤਾਂ ਤਨਖ਼ਾਹਾਂ ਵਿਚ ਕਟੌਤੀ ਦੀ ਵੀ ਪੇਸ਼ਕਸ਼ ਕੀਤੀ। ਕੰਪਨੀ ਦਾ ਚੇਅਰਮੈਨ ਵਾਲ ਚੰਦ ਬੜਾ ਦੂਰਅੰਦੇਸ਼ ਸੀ ਤੇ ਸਮਝਦਾ ਸੀ ਕਿ ਸਮੁੰਦਰੀ ਢੋਆ-ਢੁਆਈ ਦੇ ਖੇਤਰ ਵਿਚ ਕਈ ਨਵੀਨਤਾਵਾਂ ਲਈ ਰਾਹ ਖੁੱਲ੍ਹਾ ਹੈ। ਇਸ ਦੀ ਮੰਗ ਵੀ ਆਉਣ ਵਾਲੇ ਸਮੇਂ ਵਿਚ (1950 ਤੋਂ ਬਾਅਦ) ਵੱਧਣੀ ਯਕੀਨੀ ਸੀ। ਭਾਵੇਂ ਮੁਕਾਬਲਾ ਅੰਤਾਂ ਦਾ ਸੀ ਪਰ ਕੰਪਨੀ ਨੇ ਇਸ ਦਿਸ਼ਾ ਵਿਚ ਕਈ ਸੌਦਿਆਂ ’ਤੇ ਦਸਤਖ਼ਤ ਕਰ ਦਿੱਤੇ। ਇਸ ਤਰ੍ਹਾਂ ਕਰਨ ਨਾਲ ਦੇਸ਼ ਵਿਚ ਜਹਾਜ਼ਸਾਜ਼ੀ ਦੇ ਕੰਮ ਦੀਆਂ ਸੰਭਾਵਨਾਵਾਂ ਵੱਧ ਗਈਆਂ ਤੇ ਜਲਦੀ ਹੀ ਸਿੰਦੀਆ ਸ਼ਿਪਿੰਗ ਯਾਰਡ ਹੋਂਦ ਵਿਚ ਆ ਗਿਆ ਜੋ ਕਿ ਬਾਅਦ ਵਿਚ ਹਿੰਦੁਸਤਾਨ ਸ਼ਿਪਿੰਗ ਯਾਰਡ ਬਣ ਗਿਆ ਤੇ ਦੇਸ਼ ਵਿਚ ਤਿਆਰ ਹੋਣ ਵਾਲਾ ਪਹਿਲਾ ਜਹਾਜ਼ ਜਲਉਸ਼ਾ ਯਾਰਡ ਤੋਂ ਸਮੁੰਦਰ ਵਿਚ ਠੇਲ੍ਹਿਆ ਗਿਆ। ਸਿੰਦੀਆ ਕੰਪਨੀ ਦੇ ਸਾਰੇ ਜਹਾਜ਼ਾਂ ਦੇ ਨਾਵਾਂ ਤੋਂ ਪਹਿਲਾਂ ‘ਜਲ’ ਅਗੇਤਰ ਜ਼ਰੂਰ ਹੁੰਦਾ ਸੀ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਕੰਪਨੀ ਦਾ ਵਪਾਰ ਅਮਰੀਕਾ, ਯੂਰਪ, ਕੈਨੇਡਾ, ਆਸਟ੍ਰੇਲੀਆ ਤਕ ਫੈਲ ਗਿਆ ਤੇ ਕੰਪਨੀ ਦੀ ਸਮੇਂ ਦੀ ਪਾਬੰਦੀ ਵੇਖ ਕੇ ਚਾਰੇ ਪਾਸੇ ਧੁੰਮਾਂ ਪੈ ਗਈਆਂ। ਕੰਪਨੀ ਦਾ ਨਾਂ ਬਣ ਗਿਆ। ਕਲਕੱਤੇ ਤੋਂ ਲੈ ਕੇ ਅਮਰੀਕਾ ਦੀਆਂ ਮਹਾਨ ਝੀਲਾਂ (ਗਰੇਟ ਲੇਕਸ) ਤਕ ਦਾ ਰੂਟ ਸਭ ਤੋਂ ਵੱਧ ਲਾਭ ਦੇਣ ਵਾਲਾ ਬਣ ਗਿਆ। ਉਸ ਤੋਂ ਬਾਅਦ ਜਹਾਜ਼ੀ ਅਫ਼ਸਰਾਂ ਦੀ ਸਿੱਖਿਆ-ਸਿਖਲਾਈ ਨੂੰ ਲੈ ਕੇ ਟਰੇਨਿੰਗ ਸਟਾਫ ਟੀ.ਐੱਸ.ਡਫਰਿਨ ਸਥਾਪਤ ਹੋਇਆ ਜੋ ਬਾਅਦ ਵਿਚ ਡੀਐੱਮਈਟੀ ਯਾਨੀ ਸਮੁੰਦਰੀ ਸਿੱਖਿਆ ਦਾ ਨਿਰਦੇਸ਼ਾਲਾ ਬਣ ਗਿਆ। ਹੋਰ ਵੀ ਕਈ ਖੋਜ ਸੰਸਥਾਵਾਂ ਬਣ ਗਈਆਂ ਜਿਵੇਂ ਇੰਡੀਅਨ ਮੈਰਿਟਾਈਮ ਯੂਨੀਵਰਸਿਟੀ (ਚੇਨਈ) ਅਤੇ ਮੈਰੀਨ ਖੋਜ ਸੰਸਥਾ (ਐੱਮਈਆਰਈ ਕਲਕੱਤਾ)। ਮੈਨੂੰ ਯਾਦ ਹੈ ਕਿ ਦੁਨੀਆ ਦੀ ਸਰਵਉੱਚ ਮੁਲਾਂਕਣ ਸੰਸਥਾ ਲੋਇਡਜ਼ ਰਜਿਸਟਰ ਆਫ ਸ਼ਿਪਸ ਅਤੇ ਹੋਰ ਕਈ ਸਰਕਾਰੀ ਸਰਵੇਖਣ ਸਿੰਦੀਆ ਕੰਪਨੀ ਨੂੰ ਬੜੀ ਚੰਗੀ ਨਜ਼ਰ ਨਾਲ ਵੇਖਦੇ ਸਨ। ਜਲਦੀ ਹੀ ਨਵੀਆਂ ਕੰਪਨੀਆਂ ਜਿਵੇਂ ਸ਼ਿਪਿੰਗ ਕਾਰਪੋਰੇਸ਼ਨ, ਗਰੇਟ ਈਸਟਰਨ, ਇੰਡੀਆ ਸਟੀਮਸ਼ਿਪ ਕੰਪਨੀ ਆਦਿ ਆ ਗਈਆਂ ਜਿਨ੍ਹਾਂ ਵਿਚ ਕੰਮ ਕਰਨ ਵਾਲੇ ਅਫ਼ਸਰ ਜ਼ਿਆਦਾਤਰ ਸਿੰਦੀਆ ਤੋਂ ਹੀ ਲਏ ਹੁੰਦੇ ਸਨ। ਇਸ ਤਰ੍ਹਾਂ ਇਹ ਵਪਾਰ ਸਿਖਰਾਂ ’ਤੇ ਪਹੁੰਚ ਗਿਆ। ਬੰਬਈ ਵਿਚ ਸਥਿਤ ਸਿੰਦੀਆ ਹਾਊਸ (ਬੈਲਰਡ ਅਸਟੇਟ) ਉਸ ਪੁਰਾਣੇ ਸੁਨਹਿਰੀ ਸਮੇਂ ਦੀ ਯਾਦਗਾਰ ਹੈ ਜਦੋਂ ਇਸ ਕੰਪਨੀ ਨੇ ਆਪਣਾ ਬੇੜਾ ਵੇਚ ਦਿੱਤਾ ਅਤੇ ਕੰਮ ਸਮੇਟ ਦਿੱਤਾ। ਇਸੇ ਤਰ੍ਹਾਂ ਬੰਬਈ ਦਾ ਵਾਲ ਚੰਦ ਹੀਰਾ ਨੰਦ ਮਾਰਗ ਵੀ ਉਸ ਦੂਰਅੰਦੇਸ਼ ਦੀ ਯਾਦ ਦਿਵਾਉਂਦਾ ਹੈ।

ਮੋਬਾਈਲ ਨੰ. : 98157-94319

Posted By: Jagjit Singh