ਆਤਮਾ ਦੀ ਸੂਖ਼ਮਤਾ ਦੇ ਨਾਲ ਦਿਲ ਦੀ ਸ਼ੁੱਧੀ, ਸਰੀਰ ਦੀ ਸਫ਼ਾਈ, ਸ਼ਖ਼ਸੀਅਤ ਦੀ ਸੂਖ਼ਮਤਾ, ਨਿਮਰਤਾ, ਏਕਤਾ ਤੇ ਭਾਈਚਾਰੇ ਦੀ ਭਾਵਨਾ 'ਚ ਅੱਲ੍ਹਾ ਪ੍ਰਤੀ ਪ੍ਰੇਮ ਤੇ ਮਹਿਮਾ ਲਈ ਉਸ ਦਾ ਧੰਨਵਾਦ ਤੇ ਸ਼ੁਕਰਾਨਾ ਅਦਾ ਕਰਨ ਦਾ ਨਾਂ ਹੈ ਈਦ। ਈਦ ਸ਼ਬਦ ਦੀ ਉਤਪਤੀ ਅਰਬੀ ਸ਼ਬਦ 'ਓਦ' ਤੋਂ ਹੋਈ ਹੈ, ਜਿਸ ਦਾ ਅਰਥ ਹੈ 'ਵਾਪਸੀ'। ਇਹ ਦਿਨ ਹਰ ਸਾਲ ਵਾਪਸ ਆਉਂਦਾ ਹੈ, ਇਸ ਲਈ ਇਸ ਨੂੰ ਈਦ ਕਿਹਾ ਜਾਂਦਾ ਹੈ। ਸਪੇਨ ਦੇ ਸੂਫ਼ੀ ਦਾਰਸ਼ਨਿਕ ਇਬਨ ਅਲ ਅਰਬੀ ਅਨੁਸਾਰ ਇਹ ਹਰ ਸਾਲ ਖ਼ੁਸ਼ੀ ਦੀ ਨਵੀਂ ਧਾਰਨਾ ਨਾਲ ਪਰਤਦੀ ਹੈ, ਇਸ ਲਈ ਇਸ ਨੂੰ ਈਦ (ਖ਼ੁਸ਼ੀ) ਕਹਿੰਦੇ ਹਨ। ਪਵਿੱਤਰ ਕੁਰਾਨ 'ਚ ਈਦ ਦਾ ਇਕ ਜਗ੍ਹਾ ਜ਼ਿਕਰ ਹੈ, ਜਿਸ 'ਚ ਹਜ਼ਰਤ ਈਸਾ ਮਸੀਹ ਦੀ ਪ੍ਰਾਰਥਨਾ ਦਾ ਜ਼ਿਕਰ ਹੈ-'ਈਸਾ ਇਬਨ ਮਰੀਅਮ (ਉਨ੍ਹਾਂ 'ਤੇ ਸ਼ਾਂਤੀ ਹੋਵੇ) ਨੇ ਕਿਹਾ, ਹੇ ਅੱਲ੍ਹਾ! ਸਾਡੇ ਪ੍ਰਭੂ! ਸਾਨੂੰ ਆਕਾਸ਼ ਤੋਂ ਭੋਜਨ (ਰਿਜ਼ਕ) ਭੇਜੋ। ਇਹ ਸਾਰੇ ਲੋਕਾਂ ਲਈ ਇਕ ਦਾਅਵਤ ਹੈ ਤੇ ਇਕ ਨਿਸ਼ਾਨੀ (ਈਦ) ਹੈ।' ਮਾਨਤਾ ਹੈ ਕਿ ਈਦ ਦੀ ਸ਼ੁਰੂਆਤ ਪੈਗੰਬਰ ਦੇ ਨਾਗਰਿਕ ਜੀਵਨ ਦੇ ਸ਼ੁਰੂਆਤੀ ਦਿਨਾਂ 'ਚ ਹੋਈ ਸੀ। ਹਜ਼ਰਤ ਅਨਸ ਦੇ ਹਵਾਲੇ ਨਾਲ ਇਕ ਹਦੀਸ 'ਚ ਦੱਸਿਆ ਗਿਆ ਹੈ ਕਿ ਮਦੀਨਾ ਦੇ ਲੋਕ ਤਿਉਹਾਰਾਂ ਦੇ ਰੂਪ 'ਚ ਦੋ ਦਿਨ ਮਨਾਉਂਦੇ ਸਨ, ਜਿਸ 'ਚ ਉਹ ਕੁਝ ਖੇਡਾਂ ਖੇਡਿਆ ਕਰਦੇ ਸਨ। ਨਬੀ ਨੇ ਉਨ੍ਹਾਂ ਤੋਂ ਪੁੱਛਿਆ, 'ਇਨ੍ਹਾਂ ਦੋਵੇਂ ਤਿਉਹਾਰਾਂ ਨੂੰ ਮਨਾਉਣ ਦੀ ਅਸਲੀਅਤ ਕੀ ਹੈ?' ਤਾਂ ਪੈਗੰਬਰ ਨੇ ਫੁਰਮਾਇਆ, 'ਅੱਲ੍ਹਾ ਤਾਅਲਾ ਨੇ ਤੁਹਾਡੇ ਲਈ ਇਨ੍ਹਾਂ ਦੋ ਤਿਉਹਾਰਾਂ ਦੇ ਬਦਲੇ 'ਚ ਦੋ ਬਿਹਤਰ ਦਿਨ, ਈਦ-ਉਲ ਅਜ਼ਹਾ ਤੇ ਈਦ-ਉਲ-ਫ਼ਿਤਰ ਦੇ ਦਿਨ ਨਿਯੁਕਤ ਕੀਤੇ ਹਨ।' ਇਹ ਤਿਉਹਾਰ ਆਪਣੇ ਅਨੁਯਾਈਆਂ ਦੀਆਂ ਕੁਦਰਤੀ ਜ਼ਰੂਰਤਾਂ ਨੂੰ ਵੀ ਪੂਰਾ ਕਰਦਾ ਹੈ। ਜਿਉਂ ਹੀ ਰਮਜ਼ਾਨ ਦਾ ਪਵਿੱਤਰ ਮਹੀਨਾ ਸਮਾਪਤ ਹੁੰਦਾ ਹੈ, ਸ਼ਵਾਲ ਦੇ ਪਹਿਲੇ ਦਿਨ ਈਦ-ਉਲ-ਫ਼ਿਤਰ ਦੇ ਰੂਪ 'ਚ ਆਤਮਿਕ ਜਿੱਤ ਦਾ ਦਿਨ ਚੜ੍ਹਦਾ ਹੈ ਤੇ ਜਗਤ 'ਚ ਉਜਾਲਾ ਫੈਲ ਜਾਂਦਾ ਹੈ। ਈਦ ਦੀ ਨਮਾਜ਼ ਦਾ ਪ੍ਰਮਾਣ ਹਦੀਸਾਂ 'ਚ ਮਿਲਦਾ ਹੈ। ਹਨਾਫ਼ੀਆਂ ਅਨੁਸਾਰ ਈਦ ਦੀ ਨਮਾਜ਼ ਹਰ ਉਸ ਸ਼ਖ਼ਸ ਲਈ ਜ਼ਰੂਰੀ ਹੁੰਦੀ ਹੈ, ਜਿਸ ਲਈ ਜ਼ੁੰਮੇ ਦੀ ਨਮਾਜ਼ ਜ਼ਰੂਰੀ ਹੈ। ਈਦ ਦੀ ਨਮਾਜ਼ ਆਬਾਦੀ ਦੇ ਬਾਹਰ ਖੁੱਲ੍ਹੇ ਮੈਦਾਨ 'ਚ ਯਾਨੀ ਈਦਗਾਹ 'ਚ ਅਦਾ ਕਰਨਾ ਸੁੰਨਤ ਮੰਨਿਆ ਗਿਆ ਹੈ। ਮਸਜਿਦ 'ਚ ਵੀ ਨਮਾਜ਼ ਅਤਾ ਕੀਤੀ ਜਾ ਸਕਦੀ ਹੈ ਪਰ ਕੋਰੋਨਾ ਮਹਾਮਾਰੀ ਕਾਰਨ ਲਾਗ ਤੋਂ ਬਚਣ-ਬਚਾਉਣ ਲਈ ਫਿਲਹਾਲ ਮਸਜਿਦ 'ਚ ਸਮੂਹਿਕ ਰੂਪ 'ਚ ਨਮਾਜ਼ ਪੜ੍ਹਨਾ ਉੱਚਿਤ ਨਹੀਂ ਹੈ, ਜੋ ਇਸਲਾਮ ਧਰਮ, ਦੇਸ਼ ਦੇ ਕਾਨੂੰਨ ਤੇ ਮੌਜੂਦਾ ਆਫ਼ਤ ਅਨੁਸਾਰ ਬਿਲਕੁਲ ਉੱਚਿਤ ਹੈ। ਮਨੁੱਖ ਜਾਤੀ ਦੀ ਸਮੂਹਿਕ ਸੁਰੱਖਿਆ ਸਮੂਹਿਕ ਨਮਾਜ਼ ਤੋਂ ਜ਼ਿਆਦਾ ਜ਼ਰੂਰੀ ਹੈ।

-ਗੁਲਾਮ ਰਸੂਲ ਦੇਹਲਵੀ।

Posted By: Jagjit Singh