ਇਤਿਹਾਸ ਗਵਾਹ ਹੈ ਕਿ ਅਕਸਰ ਸਿਆਸੀ ਲੀਡਰਾਂ ਵੱਲੋਂ ਹੀ ਜੰਗਾਂ ਦੇ ਫ਼ੈਸਲੇ ਲਏ ਜਾਂਦੇ ਹਨ ਪਰ ਜੰਗਾਂ ਵਿਚ ਲੜਨ ਜਾਂ ਮਰਨ ਵਾਲੇ ਸੈਨਾ ਦੇ ਜਵਾਨਾਂ ਵਿਚ ਉਨ੍ਹਾਂ ਦਾ ਆਪਣਾ ਕੋਈ ਧੀ-ਪੁੱਤ ਸ਼ਾਮਲ ਨਹੀਂ ਹੁੰਦਾ। ਫ਼ੌਜ ਵਿਚ ਭਰਤੀ ਹਮੇਸ਼ਾ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਜਿਵੇਂ ਕਿ ਕਿਸਾਨ ਅਤੇ ਮਜਦੂਰ ਵਰਗ ਦੇ ਲੋਕਾਂ ਦੇ ਪੁੱਤਰ ਹੀ ਹੁੰਦੇ ਹਨ। ਸਿਆਸਤਦਾਨਾਂ ਤੇ ਬਿਊਰੋਕਰੇਟਾਂ ਦੇ ਧੀਆਂ-ਪੁੱਤ ਸੈਨਾ ਵਿਚ ਆਉਣ ਨੂੰ ਕਦੇ ਤਰਜੀਹ ਨਹੀਂ ਦਿੰਦੇ ਸਗੋਂ ਦੇਸ਼-ਵਿਦੇਸ਼ ਵਿਚ ਰਾਜਿਆਂ ਵਰਗੀ ਜ਼ਿੰਦਗੀ ਬਤੀਤ ਕਰਦੇ ਹਨ। ਜਾਂਬਾਜ਼ ਫ਼ੌਜੀ ਜਵਾਨਾਂ ਨੂੰ ਸਲੂਟ ਕਰਨ ਨੂੰ ਦਿਲ ਕਰਦਾ ਹੈ ਜੋ ਰੇਗਿਸਤਾਨਾਂ, ਪਰਬਤਾਂ ਤੇ ਗਲੇਸ਼ੀਅਰਾਂ ਜਿਹੇ ਦੁਰਗਮ ਬਾਰਡਰਾਂ 'ਤੇ ਪੂਰੀ ਤਨਦੇਹੀ ਨਾਲ ਪਹਿਰਾ ਦੇ ਰਹੇ ਹਨ।

ਇਸ ਦੇ ਉਲਟ ਖ਼ੁਦ ਨੂੰ ਅਖੌਤੀ ਦੇਸ਼ ਭਗਤ ਅਖਵਾਉਣ ਵਾਲੇ ਸਿਆਸਤਦਾਨਾਂ ਦੇ ਲਖਤੇ ਜਿਗਰ ਆਪਣੇ ਵਡੇਰਿਆਂ ਵਾਂਗ ਐਸ਼ੋ-ਆਰਾਮ ਕਰਦੇ ਹਨ ਤੇ ਦੇਸ਼ ਦੀ ਰਾਜ ਸੱਤਾ ਭੋਗਦੇ ਹਨ। ਦੇਖਿਆ ਜਾਵੇ ਤਾਂ ਸਹੀ ਮਆਨਿਆਂ ਵਿਚ ਬਾਰਡਰਾਂ ਉੱਤੇ ਖੜ੍ਹੇ ਫ਼ੌਜੀ ਹੀ ਅਸਲੀ ਦੇਸ਼ ਭਗਤ ਹਨ। ਦੇਸ਼ ਦੇ ਜ਼ਿਆਦਾਤਰ ਸਿਆਸਤਦਾਨਾਂ ਨੇ ਨਕਲੀ ਦੇਸ਼ ਭਗਤੀ ਦਾ ਮਖੌਟਾ ਪਾਇਆ ਹੋਇਆ ਹੈ। ਇਨ੍ਹਾਂ ਦੀ ਕਰਨੀ ਅਤੇ ਕਥਨੀ ਵਿਚ ਬੜਾ ਫ਼ਰਕ ਹੁੰਦਾ ਹੈ ਜਦਕਿ ਫ਼ੌਜ ਦੇ ਜਵਾਨਾਂ ਦੀ ਵਫ਼ਾਦਾਰੀ 'ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਕੁਝ ਲੋਕਾਂ ਤੇ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਜਦੋਂ ਤਕ ਸਿਆਸਤਦਾਨਾਂ ਤੇ ਨੌਕਰਸ਼ਾਹਾਂ ਦੇ ਧੀ-ਪੁੱਤ ਫ਼ੌਜ ਵਿਚ ਭਰਤੀ ਨਹੀਂ ਹੁੰਦੇ ਉਦੋਂ ਤਕ ਜੰਗਾਂ ਦਾ ਖ਼ਤਰਾ ਬਰਕਰਾਰ ਰਹੇਗਾ ਕਿਉਂਕਿ ਜੰਗਾਂ ਹਮੇਸ਼ਾ ਮੁਫਾਦਾਂ ਕਾਰਨ ਹੀ ਹੁੰਦੀਆਂ ਹਨ। ਇੱਥੇ ਇਹ ਕਹਾਵਤ ਸੱਚ ਹੁੰਦੀ ਨਜ਼ਰ ਆ ਰਹੀ ਹੈ 'ਜਿਸ ਤਨ ਲਾਗੈ, ਸੋ ਤਨ ਜਾਣੈ'। ਜਦੋਂ ਤਕ ਇਨਸਾਨ ਨੂੰ ਮਾਨਸਿਕ, ਸਰੀਰਕ, ਆਰਥਿਕ ਤੌਰ 'ਤੇ ਦੁੱਖ ਨਹੀਂ ਪੁੱਜਦਾ ਉਦੋਂ ਤਕ ਉਸ ਨੂੰ ਸਭ ਪਾਸੇ ਸਾਰਾ ਕੁਝ ਦਰੁਸਤ ਹੀ ਨਜ਼ਰ ਆਉਂਦਾ ਹੈ। ਅਜਿਹੇ ਲੋਕ ਦੂਜਿਆਂ ਦੀ ਪੀੜਾ ਨੂੰ ਸਹਿਜੇ ਹੀ ਮਹਿਸੂਸ ਨਹੀਂ ਕਰਦੇ। ਇਹ ਵੀ ਇਕ ਪੁਖ਼ਤਾ ਕਾਰਨ ਹੈ ਕਿ ਜਦੋਂ ਲੀਡਰਾਂ ਦੇ ਆਪਣੇ ਬੱਚੇ ਫ਼ੌਜ ਵਿਚ ਜਾਣਗੇ ਤਾਂ ਹੀ ਉਨ੍ਹਾਂ ਨੂੰ ਦੁੱਖ ਅਤੇ ਵਿਛੋੜੇ ਦਾ ਅਹਿਸਾਸ ਹੋਵੇਗਾ। ਇਸ ਨਾਲ ਜਿੱਥੇ ਊਚ-ਨੀਚ ਅਤੇ ਨਾ-ਬਰਾਬਰੀ ਘਟੇਗੀ ਉੱਥੇ ਹੀ ਜੰਗ ਦੇ ਆਸਾਰ ਵੀ ਮਨਫ਼ੀ ਹੋ ਜਾਣਗੇ। ਵੈਸੇ ਵੀ ਜੰਗਾਂ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ। ਮਸਲੇ ਚਾਹੇ ਘਰਾਂ ਦੇ ਹੋਣ ਜਾਂ ਮੁਲਕਾਂ ਦੇ, ਰਲ-ਮਿਲ ਕੇ ਇਕ ਮੇਜ਼ 'ਤੇ ਬੈਠ ਕੇ ਸੁਲਝਾ ਲੈਣੇ ਚਾਹੀਦੇ ਹਨ। ਪਿੱਛੇ ਜਿਹੇ ਭਾਰਤ ਦੀ ਇਕ ਕੇਂਦਰੀ ਮੰਤਰੀ ਨੇ ਆਪਣੀ ਲਾਡਲੀ ਧੀ ਨੂੰ ਸੈਨਾ ਵਿਚ ਭਰਤੀ ਕਰਵਾ ਕੇ ਮਿਸਾਲੀ ਅਤੇ ਸ਼ਲਾਘਾਯੋਗ ਪਹਿਲ ਕੀਤੀ ਹੈ ਜੋ ਹੋਰਨਾਂ ਲਈ ਰਾਹ ਦਸੇਰਾ ਬਣੇਗੀ। ਭਾਰਤ ਵਿਚ ਵੀ ਜੇ ਹੋਰ ਕਈ ਮੁਲਕਾਂ ਦੀ ਤਰ੍ਹਾਂ ਹਰੇਕ ਨਾਗਰਿਕ ਲਈ ਫ਼ੌਜ ਦੀ ਸਿਖਲਾਈ ਲੈਣੀ ਲਾਜ਼ਮੀ ਕਰ ਦਿੱਤੀ ਜਾਵੇ ਤਾਂ ਮੁਲਕ ਵਿਚ ਅਨੁਸ਼ਾਸਨ ਤੇ ਇਮਾਨਦਾਰੀ ਦਾ ਬੋਲਬਾਲਾ ਹੋ ਜਾਵੇਗਾ।

-ਜੱਗਾ ਨਿੱਕੂਵਾਲ ਸੰਪਰਕ : 98154-75019

Posted By: Sunil Thapa