ਸੋਨੀਆ ਗਾਂਧੀ ਨੂੰ ਇਕ ਵਾਰ ਫਾਰ ਕਾਂਗਰਸ ਦੀ ਕਮਾਂਡ ਸੰਭਾਲਣਾ ਇਸ ਪਾਰਟੀ ਦੀ ਗਾਂਧੀ ਪਰਿਵਾਰ 'ਤੇ ਨਿਰਭਰਤਾ ਨੂੰ ਤਾਂ ਦਰਸਾਉਂਦਾ ਹੀ ਹੈ ਤੇ ਇਹ ਵੀ ਦੱਸਦਾ ਹੈ ਕਿ ਉਸ ਲਈ ਇਸ ਪਰਿਵਾਰ ਤੋਂ ਬਾਹਰ ਕਿਸੇ ਹੋਰ ਦੀ ਲੀਡਰਸ਼ਿਪ ਨੂੰ ਸਵੀਕਾਰ ਕਰਨਾ ਕਿੰਨਾ ਮੁਸ਼ਕਲ ਹੈ।

ਇਸ 'ਚ ਸ਼ੱਕ ਹੈ ਕਿ ਅੰਤਰਿਮ ਪ੍ਰਧਾਨ ਵਜੋਂ ਸੋਨੀਆ ਗਾਂਧੀ ਦੀ ਚੋਣ ਨਾਲ ਕਾਂਗਰਸ ਦਾ ਸੰਕਟ ਸੱਚਮੁੱਚ ਦੂਰ ਹੋ ਸਕੇਗਾ। ਸੱਚ ਤਾਂ ਇਹ ਹੈ ਕਿ ਰਾਹੁਲ ਗਾਂਧੀ ਵੱਲੋਂ ਪ੍ਰਧਾਨਗੀ ਛੱਡਣ ਤੋਂ ਬਾਅਦ ਜਿਸ ਤਰ੍ਹਾ ਪਾਰਟੀ ਤਕਰੀਬਨ ਢਾਈ ਮਹੀਨੇ ਤਕ ਬੇਯਕੀਨੀ ਦੇ ਮਾਹੌਲ 'ਚ ਫਸੀ ਰਹੀ ਤੇ ਫਿਰ ਸੋਨੀਆ ਗਾਂਧੀ 'ਤੇ ਹੀ ਉਸ ਦੀ ਆਸ ਟਿਕੀ, ਉਸ ਨਾਲ ਇਸ ਦੀ ਕਮਜ਼ੋਰੀ ਹੋਰ ਜ਼ਿਆਦਾ ਸਪੱਸ਼ਟ ਰੂਪ 'ਚ ਸਾਹਮਣੇ ਆਈ ਹੈ। ਕਾਂਗਰਸ ਇਹ ਕਹਿ ਸਕਦੀ ਹੈ ਕਿ ਸੋਨੀਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਹੀ ਬਣਾਇਆ ਗਿਆ ਹੈ ਪਰ ਇਸ ਨਾਲ ਕਿਤੇ ਨਾ ਕਿਤੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਗਾਂਧੀ ਪਰਿਵਾਰ ਬਗ਼ੈਰ ਪਾਰਟੀ ਦਾ ਗੁਜ਼ਾਰਾ ਨਹੀਂ।

ਇਸ ਫ਼ੈਸਲੇ ਜ਼ਰੀਏ ਕਾਂਗਰਸ ਦਾ ਅੱਗੇ ਵਧ ਸਕਣਾ ਮੁਸ਼ਕਲ ਹੀ ਹੈ। ਅਜਿਹਾ ਲੱਗਦਾ ਹੈ ਕਿ ਕਾਂਗਰਸ ਘੁੰਮ-ਫਿਰ ਕੇ ਉੱਥੇ ਹੀ ਪਹੁੰਚ ਗਈ ਹੈ, ਜਿੱਥੋਂ ਚੱਲੀ ਸੀ। ਬਿਹਤਰ ਹੋਵੇਗਾ ਕਿ ਅੱਗੇ ਵਧਣ ਲਈ ਕਾਂਗਰਸ ਪਹਿਲਾਂ ਇਹ ਤੈਅ ਕਰ ਲਵੇ ਕਿ ਉਸ 'ਚ ਗਾਂਧੀ ਪਰਿਵਾਰ ਦੀ ਅਗਵਾਈ ਤੋਂ ਬਿਨਾਂ ਅੱਗੇ ਵਧਣ ਦੀ ਸਮਰੱਥਾ ਹੈ ਜਾਂ ਨਹੀਂ?

ਇਹ ਠੀਕ ਹੈ ਕਿ ਕਾਂਗਰਸ ਦਾ ਗਾਂਧੀ ਪਰਿਵਾਰ ਤੋਂ ਵੱਖ ਹੋਣਾ ਆਸਾਨ ਨਹੀਂ ਤੇ ਇਸ ਦੀ ਹੋਂਦ ਦਾ ਆਧਾਰ ਹੀ ਇਹ ਪਰਿਵਾਰ ਹੈ ਪਰ ਜਦੋਂ ਖ਼ੁਦ ਰਾਹੁਲ ਗਾਂਧੀ ਨੇ ਕਹਿ ਦਿੱਤਾ ਸੀ ਕਿ ਗਾਂਧੀ ਪਰਿਵਾਰ ਤੋਂ ਬਾਹਰ ਦੇ ਕਿਸੇ ਵਿਅਕਤੀ ਨੂੰ ਅਗਵਾਈ ਸੌਂਪੀ ਜਾਣੀ ਚਾਹੀਦੀ ਹੈ ਤਾਂ ਇਹ ਜ਼ਰੂਰੀ ਹੋ ਜਾਂਦਾ ਸੀ ਕਿ ਪਾਰਟੀ ਉਸੇ ਦਿਸ਼ਾ 'ਚ ਅੱਗੇ ਵੱਧਦੀ। ਇਹ ਅਜੀਬ ਤ੍ਰਾਸਦੀ ਹੈ ਕਿ ਕਾਂਗਰਸ ਗਾਂਧੀ ਪਰਿਵਾਰ ਦੇ ਰੂਪ 'ਚ ਜਿਸ ਨੂੰ ਆਪਣੀ ਤਾਕਤ ਸਮਝਦੀ ਹੈ, ਉਹ ਹੀ ਉਸ ਦੀ ਕਮਜ਼ੋਰੀ ਵੀ ਹੈ। ਇਸੇ ਤਾਕਤ ਤੇ ਕਮਜ਼ੋਰੀ ਕਾਰਨ ਕਾਂਗਰਸ ਗਾਂਧੀ ਪਰਿਵਾਰ ਨੂੰ ਲੈ ਕੇ ਆਪਣੀ ਦੁਵਿਧਾ ਤੋਂ ਉੱਭਰਦੀ ਨਹੀਂ। ਨਿਰਾਸ਼ਾਜਨਕ ਇਹ ਹੈ ਕਿ ਕਾਂਗਰਸ ਦੀ ਇਸ ਦੁਵਿਧਾ ਦਾ ਨੁਕਸਾਨ ਦੇਸ਼ ਨੂੰ ਵੀ ਚੁੱਕਣਾ ਪੈ ਰਿਹਾ ਹੈ। ਇਕ ਮਜ਼ਬੂਤ ਵਿਰੋਧੀ ਧਿਰ ਦੀ ਆਪਣੀ ਭੂਮਿਕਾ ਨਿਭਾਉਣ ਲਈ ਕਾਂਗਰਸ ਨੂੰ ਸਭ ਤੋਂ ਪਹਿਲਾਂ ਲੀਡਰਸ਼ਿਪ ਦੇ ਸਵਾਲ ਨੂੰ ਹੱਲ ਕਰਨਾ ਹੋਵੇਗਾ ਤਾਂ ਕਿ ਪਾਰਟੀ ਨੂੰ ਸਹੀ ਦਿਸ਼ਾ ਮਿਲੇ।

ਰਾਹੁਲ ਗਾਂਧੀ ਨੇ ਪ੍ਰਧਾਨਗੀ ਛੱਡਣ ਦੇ ਨਾਲ ਹੀ ਪਾਰਟੀ ਦੇ ਨੇਤਾਵਾਂ ਨੂੰ ਇਹ ਮੌਕਾ ਦਿੱਤਾ ਸੀ ਕਿ ਉਹ ਨਵੀਂ ਲੀਡਰਸ਼ਿਪ ਦੀ ਤਲਾਸ਼ ਕਰਨ ਪਰ ਉਹ ਇਸ ਦੀ ਜੁਅੱਰਤ ਨਹੀਂ ਕਰ ਸਕੇ ਕਿਉਂਕਿ ਪਾਰਟੀ ਦੇ ਵੱਡੇ ਨੇਤਾ ਇਕਜੁੱਟ ਨਹੀਂ ਤੇ ਉਹ ਵੀ ਸ਼ਕਤੀ ਕੇਂਦਰ ਦੇ ਇਰਦ-ਗਿਰਦ ਘੁੰਮਣ ਦੀ ਉਸੇ ਬਿਮਾਰੀ ਦੀ ਲਪੇਟ 'ਚ ਆ ਗਏ ਹਨ, ਜਿਸ ਨਾਲ ਕਦੇ ਵਰਕਰ ਗ੍ਰਸਤ ਹੋਇਆ ਕਰਦੇ ਸਨ।

ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਸੋਨੀਆ ਗਾਂਧੀ ਦੀ ਥਾਂ ਕੋਈ ਗ਼ੈਰ ਗਾਂਧੀ ਕਾਂਗਰਸ ਪ੍ਰਧਾਨ ਬਣਦਾ ਤਾਂ ਕਾਂਗਰਸ 'ਚ ਧੜੇਬੰਦੀ ਪੈਦਾ ਹੋ ਜਾਣੀ ਸੀ। ਮੌਜੂਦਾ ਮਾਹੌਲ 'ਚ ਪਾਰਟੀ ਨੇ ਜੇ ਮਜ਼ਬੂਤੀ ਨਾਲ ਅੱਗੇ ਵੱਧਣਾ ਹੈ ਤਾਂ ਉਸ ਨੂੰ ਆਪਣੀ ਰੀਤੀ-ਨੀਤੀ 'ਤੇ ਮਜ਼ਬੂਤ ਫ਼ੈਸਲਿਆਂ ਲਈ ਤਿਆਰ ਰਹਿਣਾ ਹੋਵੇਗਾ।

Posted By: Jagjit Singh