-ਰਾਜੀਵ ਸਚਾਨ


ਅਮਰੀਕੀ ਸੰਸਦ ਦੀ ਇਕ ਕਮੇਟੀ ਵੱਲੋਂ ਫੇਸਬੁੱਕ ਤੇ ਟਵਿੱਟਰ ਦੇ ਸੀਈਓ ਮਾਰਕ ਜ਼ੁਕਰਬਰਗ ਅਤੇ ਜੈਕ ਡੋਰਸੀ ਨੂੰ ਇਕ ਵਾਰ ਫਿਰ ਤਲਬ ਕੀਤਾ ਗਿਆ। ਇਸ ਤੋਂ ਪਹਿਲਾਂ ਅਕਤੂਬਰ ਵਿਚ ਵੀ ਉਨ੍ਹਾਂ ਨੂੰ ਤਲਬ ਕੀਤਾ ਗਿਆ ਸੀ। ਉਦੋਂ ਉਨ੍ਹਾਂ ਦੇ ਨਾਲ ਗੂਗਲ ਦੇ ਸੀਈਓ ਸੁੰਦਰ ਪਿਚਾਈ ਵੀ ਸਨ।

ਉਸ ਦੌਰਾਨ ਉਨ੍ਹਾਂ ਨੂੰ ਅਤੇ ਖ਼ਾਸ ਤੌਰ 'ਤੇ ਜੈਕ ਡੋਰਸੀ ਨੂੰ ਖ਼ਾਸੀ ਫਟਕਾਰ ਲਗਾਈ ਗਈ ਸੀ ਕਿਉਂਕਿ ਟਵਿੱਟਰ ਨੇ ਜੋਅ ਬਾਇਡਨ ਵਿਰੁੱਧ 'ਨਿਊਯਾਰਕ ਪੋਸਟ' ਨੂੰ ਆਪਣੀ ਇਕ ਖ਼ਬਰ ਸਾਂਝੀ ਕਰਨ ਤੋਂ ਰੋਕ ਦਿੱਤਾ ਸੀ। ਟਵਿੱਟਰ ਕੋਲ ਕਿਉਂਕਿ ਅਜਿਹਾ ਕਰਨ ਦਾ ਕੋਈ ਠੋਸ ਆਧਾਰ ਨਹੀਂ ਸੀ, ਇਸ ਲਈ ਉਸ ਨੇ ਮਾਫ਼ੀ ਮੰਗ ਕੇ 'ਨਿਊਯਾਰਕ ਪੋਸਟ' ਦੀ ਉਕਤ ਖ਼ਬਰ ਵਿਰੁੱਧ ਚੁੱਕੇ ਗਏ ਮਨਮਾਨੇ ਕਦਮ ਨੂੰ ਵਾਪਸ ਲੈ ਲਿਆ ਸੀ।

ਉਸ ਸਮੇਂ ਜੈਕ ਡੋਰਸੀ ਉਕਤ ਕਮੇਟੀ ਦੇ ਅਜਿਹੇ ਸਵਾਲਾਂ ਦੇ ਵੀ ਜਵਾਬ ਨਹੀਂ ਦੇ ਸਕੇ ਸਨ ਕਿ ਉਹ ਕਿਸ ਆਧਾਰ 'ਤੇ ਰਾਸ਼ਟਰਪਤੀ ਟਰੰਪ ਦੇ ਟਵੀਟ ਨੂੰ ਗ਼ਲਤ ਸੂਚਨਾ ਕਹਿ ਕੇ 'ਲੇਬਲ' ਕਰ ਦਿੰਦੇ ਹਨ ਪਰ ਈਰਾਨ ਦੇ ਅਯਾਤੁੱਲਾ ਖੋਮਿਨੀ ਦੇ ਉਨ੍ਹਾਂ ਟਵੀਟਾਂ ਵਿਰੁੱਧ ਕੁਝ ਨਹੀਂ ਕਰਦੇ ਜਿਨ੍ਹਾਂ ਵਿਚ ਉਹ ਇਜ਼ਰਾਈਲ ਵਿਰੁੱਧ ਹਿੰਸਾ ਦਾ ਇਸਤੇਮਾਲ ਕਰਨ ਦੀ ਧਮਕੀ ਦੇ ਰਹੇ ਹੁੰਦੇ ਹਨ। ਟਵਿੱਟਰ ਵੱਲੋਂ ਅਜੇ ਤਕ ਇਸ ਸਵਾਲ ਦਾ ਵੀ ਜਵਾਬ ਨਹੀਂ ਦਿੱਤਾ ਗਿਆ ਕਿ ਉਸ ਨੇ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਦੇ ਉਸ ਟਵੀਟ ਨੂੰ ਮਹਿਜ਼ ਹਟਾਇਆ ਹੀ ਕਿਉਂ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਮੁਸਲਮਾਨਾਂ ਨੂੰ ਫਰਾਂਸ ਦੇ ਲੱਖਾਂ ਲੋਕਾਂ ਦਾ ਕਤਲ ਕਰਨ ਦਾ ਅਧਿਕਾਰ ਹੈ। ਆਮ ਤੌਰ 'ਤੇ ਟਵਿੱਟਰ ਹਿੰਸਾ ਦੀ ਅਜਿਹੀ ਖੁੱਲ੍ਹੀ ਵਕਾਲਤ ਕਰਨ ਵਾਲਿਆਂ ਦੇ ਅਕਾਊਂਟ ਮੁਲਤਵੀ ਕਰ ਦਿੰਦਾ ਹੈ ਪਰ ਕੋਈ ਨਹੀਂ ਜਾਣਦਾ ਕਿ ਉਸ ਨੇ ਮਹਾਤਿਰ ਨੂੰ ਕਿਉਂ ਬਖ਼ਸ਼ ਦਿੱਤਾ ਅਤੇ ਉਹ ਵੀ ਉਦੋਂ ਜਦ ਫਰਾਂਸ ਦੇ ਇਕ ਮੰਤਰੀ ਨੇ ਉਨ੍ਹਾਂ ਦੇ ਅਕਾਊਂਟ ਨੂੰ ਮੁਲਤਵੀ ਕਰਨ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਹੱਤਿਆ ਦੇ ਸੱਦੇ ਵਿਚ ਟਵਿੱਟਰ ਦੀ ਭਾਗੀਦਾਰੀ ਦਾ ਸਬੂਤ ਹੋਵੇਗਾ। ਇਸ ਦੇ ਬਾਵਜੂਦ ਟਵਿੱਟਰ ਦੇ ਕੰਨ 'ਤੇ ਜੂੰ ਨਹੀਂ ਸਰਕੀ।

ਸੋਸ਼ਲ ਮੀਡੀਆ ਕੰਪਨੀਆਂ ਅਤੇ ਖ਼ਾਸ ਤੌਰ 'ਤੇ ਟਵਿੱਟਰ, ਫੇਸਬੁੱਕ ਦਾ ਮਨਮਰਜ਼ੀ ਵਾਲਾ ਵਤੀਰਾ ਨਵਾਂ ਨਹੀਂ ਹੈ। ਇਨ੍ਹਾਂ ਕੰਪਨੀਆਂ ਨੇ ਵੱਖ-ਵੱਖ ਦੇਸ਼ਾਂ ਲਈ ਅਲੱਗ-ਅਲੱਗ ਮਾਪਦੰਡ ਅਪਣਾ ਰੱਖੇ ਹਨ। ਹਾਲਾਂਕਿ ਇਨ੍ਹਾਂ ਕੰਪਨੀਆਂ ਨੂੰ ਚੀਨ ਨੇ ਆਪਣੇ ਇੱਥੇ ਵੜਨ ਨਹੀਂ ਦਿੱਤਾ ਹੈ ਪਰ ਚੀਨ ਸਰਕਾਰ ਅਤੇ ਉਸ ਦੇ ਨੇਤਾ ਇਨ੍ਹਾਂ ਦੇ ਪਲੇਟਫਾਰਮ 'ਤੇ ਸਰਗਰਮ ਹਨ ਅਤੇ ਕਈ ਵਾਰ ਤਾਂ ਇਤਰਾਜ਼ਯੋਗ ਟਿੱਪਣੀਆਂ ਵੀ ਕਰਦੇ ਰਹਿੰਦੇ ਹਨ। ਕਿਸੇ ਨੂੰ ਨਹੀਂ ਪਤਾ ਕਿ ਜਿਸ ਚੀਨ ਨੇ ਫੇਸਬੁੱਕ ਤੇ ਟਵਿੱਟਰ ਸਮੇਤ ਹੋਰ ਸੋਸ਼ਲ ਮੀਡੀਆ ਕੰਪਨੀਆਂ 'ਤੇ ਪਾਬੰਦੀ ਲਾਈ ਹੋਈ ਹੈ, ਉਸ ਪ੍ਰਤੀ ਉਹ ਇੰਨਾ ਨਰਮ ਰੁਖ਼ ਕਿਉਂ ਅਪਣਾ ਰਹੀਆਂ ਹਨ? ਜਿਵੇਂ-ਜਿਵੇਂ ਸੋਸ਼ਲ ਮੀਡੀਆ ਕੰਪਨੀਆਂ ਦੀ ਜਵਾਬਦੇਹੀ ਦੀ ਜ਼ਰੂਰਤ ਵੱਧ ਰਹੀ ਹੈ, ਤਿਵੇਂ-ਤਿਵੇਂ ਉਹ ਹੋਰ ਗ਼ੈਰ-ਜ਼ਿੰਮੇਵਾਰ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ ਕੰਪਨੀਆਂ ਦੇ ਅਜਿਹੇ ਬੇ-ਮੁਹਾਰਾ ਵਤੀਰੇ ਦਾ ਸ਼ਿਕਾਰ ਭਾਰਤ ਨੂੰ ਵੀ ਹੋਣਾ ਪੈ ਰਿਹਾ ਹੈ।

ਪਿੱਛੇ ਜਿਹੇ ਜਿਸ ਬ੍ਰਿਟਿਸ਼ ਸਲਾਹਕਾਰ ਫਰਮ ਕੈਂਬਰਿਜ ਐਨਾਲਿਟਿਕਾ ਵੱਲੋਂ ਫੇਸਬੁੱਕ ਦੇ ਪੰਜ ਕਰੋੜ ਲੋਕਾਂ ਦਾ ਡਾਟਾ ਚੋਰੀ ਕਰ ਕੇ ਉਸ ਦਾ ਸਿਆਸੀ ਇਸਤੇਮਾਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਦੀਆਂ ਸੇਵਾਵਾਂ ਲੈਣ ਦਾ ਦੋਸ਼ ਕਾਂਗਰਸ 'ਤੇ ਵੀ ਲੱਗਾ ਸੀ ਅਤੇ ਭਾਜਪਾ 'ਤੇ ਵੀ। ਜਦ ਅਮਰੀਕਾ ਵਿਚ ਇਸ ਮਾਮਲੇ ਨੇ ਬਹੁਤ ਤੂਲ ਫੜੀ ਅਤੇ ਮਾਰਕ ਜ਼ੁਕਰਬਰਗ ਨੂੰ ਉੱਥੋਂ ਦੀ ਸੰਸਦ ਵਿਚ ਤਲਬ ਕੀਤਾ ਗਿਆ ਤਾਂ ਉਨ੍ਹਾਂ ਨੇ ਮਾਫ਼ੀ ਮੰਗ ਕੇ ਖਹਿੜਾ ਛੁਡਾ ਲਿਆ।

ਫੇਸਬੁੱਕ ਦੀ ਵਜ੍ਹਾ ਨਾਲ ਦੁਨੀਆ ਦੇ ਕਈ ਦੇਸ਼ਾਂ ਵਿਚ ਦੰਗੇ ਭੜਕ ਚੁੱਕੇ ਹਨ ਅਤੇ ਉਸ ਨੇ ਕਈ ਦੇਸ਼ਾਂ ਦੀਆਂ ਚੋਣਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਪਰ ਇਸ ਤਰ੍ਹਾਂ ਦੇ ਹਰੇਕ ਮਾਮਲਿਆਂ ਵਿਚ ਜ਼ੁਕਰਬਰਗ ਹਰ ਵਾਰ ਮਾਫ਼ੀ ਮੰਗ ਕੇ ਬਚ ਨਿਕਲੇ ਹਨ। ਇਸ ਵਿਚ ਸ਼ੱਕ ਨਹੀਂ ਕਿ ਸੋਸ਼ਲ ਮੀਡੀਆ ਕੰਪਨੀਆਂ ਨੇ ਲੋਕਾਂ ਨੂੰ ਜਿੱਥੇ ਆਪਣੀ ਗੱਲ ਕਹਿਣ, ਸੰਵਾਦ ਕਰਨ ਦੀ ਸਹੂਲੀਅਤ ਦਿੱਤੀ ਹੈ, ਓਥੇ ਹੀ ਸ਼ਾਸਨ-ਪ੍ਰਸ਼ਾਸਨ ਨੂੰ ਵੀ ਆਪਣੀ ਗੱਲ ਜਨਤਾ ਤਕ ਪਹੁੰਚਾਉਣ ਦੀ ਸਹੂਲਤ ਦਿੱਤੀ ਹੈ ਪਰ ਇਸ ਵਿਚ ਵੀ ਦੋ ਰਾਇ ਨਹੀਂ ਕਿ ਉਨ੍ਹਾਂ ਦੇ ਪਲੇਟਫਾਰਮ ਅੱਧੀ-ਅਧੂਰੀ, ਇਕਤਰਫ਼ਾ, ਨਿਰਮੂਲ ਅਤੇ ਝੂਠੀਆਂ ਖ਼ਬਰਾਂ ਦੇ ਸਭ ਤੋਂ ਵੱਡੇ ਗੜ੍ਹ ਵੀ ਹਨ। ਸੋਸ਼ਲ ਮੀਡੀਆ ਲੋਕਾਂ ਨੂੰ ਆਪਣੀਆਂ ਗੱਲਾਂ ਦੂਜਿਆਂ ਤਕ ਪਹੁੰਚਾਉਣ ਵਿਚ ਜਿੰਨਾ ਮਦਦਗਾਰ ਹੈ, ਓਨਾ ਹੀ ਝੂਠ ਅਤੇ ਨਫ਼ਰਤ ਫੈਲਾਉਣ ਦਾ ਜ਼ਰੀਆ ਵੀ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ਕੰਪਨੀਆਂ ਜ਼ਾਹਰਾ ਤੌਰ 'ਤੇ ਇਹ ਦਾਅਵਾ ਕਰਦੀਆਂ ਹਨ ਕਿ ਉਹ ਫ਼ਰਜ਼ੀ ਖ਼ਬਰਾਂ ਨਾਲ ਸਿੱਝਣ ਦਾ ਕੰਮ ਕਰਦੀਆਂ ਹਨ ਪਰ ਹਕੀਕਤ ਇਸ ਦੇ ਉਲਟ ਹੈ।

ਇਨ੍ਹਾਂ ਕੰਪਨੀਆਂ ਵੱਲੋਂ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਨਫ਼ਰਤੀ ਗੱਲਾਂ ਦੇ ਵਿਰੁੱਧ ਹਨ ਪਰ ਨਫ਼ਰਤ ਫੈਲਾਉਣ ਦਾ ਕੰਮ ਉਨ੍ਹਾਂ ਜ਼ਰੀਏ ਹੀ ਕੀਤਾ ਜਾਂਦਾ ਹੈ। ਟਵਿੱਟਰ 'ਤੇ ਘੋਰ ਇਤਰਾਜ਼ਯੋਗ, ਨਫ਼ਰਤ ਫੈਲਾਉਣ ਵਾਲੇ ਗਾਲੀ-ਗਲੋਚ ਵਾਲੇ ਹੈਸ਼ਟੈਗ ਸਮੇਂ ਦੇ ਨਾਲ ਵੱਧਦੇ ਜਾ ਰਹੇ ਹਨ। ਦਸ-ਵੀਹ ਲੋਕ ਠਾਣ ਲੈਣ ਤਾਂ ਉਹ ਮਿਲ ਕੇ ਕਿਸੇ ਦੇ ਵੀ ਖ਼ਿਲਾਫ਼ ਕਿੰਨਾ ਵੀ ਭੱਦਾ-ਹੋਛਾ ਹੈਸ਼ਟੈਗ ਟਰੈਂਡ ਕਰਾ ਸਕਦੇ ਹਨ। ਟਵਿੱਟਰ ਅਜਿਹੇ ਲੋਕਾਂ ਵਿਰੁੱਧ ਕੁਝ ਨਹੀਂ ਕਰਦਾ। ਇਕ ਤੋਂ ਬਾਅਦ ਇਕ ਅਧਿਐਨ ਇਹੀ ਦੱਸ ਰਹੇ ਹਨ ਕਿ ਸੋਸ਼ਲ ਮੀਡੀਆ ਕੰਪਨੀਆਂ ਫ਼ਰਜ਼ੀ ਖ਼ਬਰਾਂ ਅਤੇ ਨਫ਼ਰਤੀ ਬਿਆਨਾਂ ਨੂੰ ਰੋਕਣ ਲਈ ਕੁਝ ਨਹੀਂ ਕਰ ਰਹੀਆਂ ਹਨ।

ਸੋਸ਼ਲ ਮੀਡੀਆ ਕੰਪਨੀਆਂ ਦੀ ਮਨਮਾਨੀ ਕਿਸ ਤਰ੍ਹਾਂ ਵੱਧਦੀ ਜਾ ਰਹੀ ਹੈ, ਇਸ ਦੀ ਤਾਜ਼ਾ ਮਿਸਾਲ ਹੈ ਟਵਿੱਟਰ ਵੱਲੋਂ ਅਜੇ ਹਾਲ ਹੀ ਵਿਚ ਲੇਹ ਦੀ ਭੂਗੋਲਿਕ ਸਥਿਤੀ ਚੀਨ ਵਿਚ ਦਿਖਾਇਆ ਜਾਣਾ। ਇਸ 'ਤੇ ਭਾਰਤ ਸਰਕਾਰ ਵੱਲੋਂ ਇਤਰਾਜ਼ ਕੀਤੇ ਜਾਣ 'ਤੇ ਟਵਿੱਟਰ ਨੇ ਕਿਹਾ ਕਿ ਉਹ ਭਾਰਤ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹੈ।

ਸੰਸਦ ਦੀ ਇਕ ਕਮੇਟੀ ਨੇ ਉਸ ਦੇ ਇਸ ਜਵਾਬ ਨੂੰ ਨਾਕਾਫ਼ੀ ਦੱਸਿਆ। ਇਹ ਨਾਕਾਫ਼ੀ ਸਾਬਿਤ ਵੀ ਹੋਇਆ। ਟਵਿੱਟਰ ਨੇ ਭਾਰਤੀ ਮਾਨਚਿੱਤਰ ਨੂੰ ਪੂਰੀ ਤਰ੍ਹਾਂ ਸਹੀ ਕਰਨ ਦੀ ਬਜਾਏ ਲੇਹ ਦੀ ਭੂਗੋਲਿਕ ਸਥਿਤੀ ਜੰਮੂ-ਕਸ਼ਮੀਰ ਵਿਚ ਦਿਖਾਉਣੀ ਸ਼ੁਰੂ ਕਰ ਦਿੱਤੀ। ਇਸ 'ਤੇ ਬੀਤੇ 9 ਨਵੰਬਰ ਨੂੰ ਉਸ ਨੂੰ ਨੋਟਿਸ ਦੇ ਕੇ ਇਹ ਪੁੱਛਿਆ ਗਿਆ ਕਿ ਕਿਉਂ ਨਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ? ਕੀ ਟਵਿੱਟਰ ਸੁਧਰਨ ਲਈ ਤਿਆਰ ਹੋਵੇਗਾ? ਕਹਿਣਾ ਔਖਾ ਹੈ ਕਿਉਂਕਿ ਇਹ ਨੋਟਿਸ ਜਾਰੀ ਹੋਣ ਦੇ ਚਾਰ ਦਿਨ ਬਾਅਦ ਉਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਟਵਿੱਟਰ ਅਕਾਊਂਟ ਤੋਂ ਉਨ੍ਹਾਂ ਦੀ ਪ੍ਰੋਫਾਈਲ ਫੋਟੋ ਹਟਾ ਦਿੱਤੀ।

ਜਦ ਇਸ 'ਤੇ ਸਵਾਲ ਉੱਠੇ ਤਾਂ ਕਦੇ ਇਹ ਕਿਹਾ ਗਿਆ ਕਿ ਕਥਿਤ ਕਾਪੀ ਰਾਈਟ ਦਾਅਵੇ ਕਾਰਨ ਅਜਿਹਾ ਹੋਇਆ ਅਤੇ ਕਦੇ ਇਹ ਕਿ ਗ਼ਲਤੀ ਨਾਲ ਅਜਿਹਾ ਹੋ ਗਿਆ ਸੀ, ਹੁਣ ਸੁਧਾਰ ਦਿੱਤਾ ਗਿਆ ਹੈ। ਪਤਾ ਨਹੀਂ ਸੱਚ ਕੀ ਹੈ, ਪਰ ਇਕ ਧਾਰਨਾ ਇਹ ਵੀ ਹੈ ਕਿ ਟਵਿੱਟਰ ਅਜਿਹਾ ਕਰ ਕੇ ਭਾਰਤੀ ਸ਼ਾਸਨ-ਪ੍ਰਸ਼ਾਸਨ ਦੇ ਰੁਖ਼-ਰਵੱਈਏ ਦੀ ਥਾਹ ਲੈਣਾ ਚਾਹ ਰਿਹਾ ਸੀ। ਜੇਕਰ ਸੋਸ਼ਲ ਮੀਡੀਆ ਕੰਪਨੀਆਂ ਮਨਮਰਜ਼ੀ ਕਰਨ ਵਿਚ ਸਮਰੱਥ ਹਨ ਤਾਂ ਇਸ ਦੀ ਇਕ ਵਜ੍ਹਾ ਸਰਕਾਰਾਂ ਦੀ ਢਿੱਲ-ਮੱਠ ਵੀ ਹੈ।

-(ਲੇਖਕ 'ਦੈਨਿਕ ਜਾਗਰਣ' ਵਿਚ ਐਸੋਸੀਏਟ ਐਡੀਟਰ ਹੈ)।

Posted By: Sunil Thapa