-ਪ੍ਰਿੰਸੀਪਲ ਵਿਜੈ ਕੁਮਾਰ

ਤਿਉਹਾਰਾਂ ਦੇ ਦਿਨਾਂ ਵਿਚ ਮੈਨੂੰ ਆਪਣੇ ਇਕ ਬਹੁਤ ਹੀ ਖ਼ਾਸ ਰਿਸ਼ਤੇਦਾਰ ਦੇ ਘਰ ਜਾਣ ਦਾ ਮੌਕਾ ਮਿਲਿਆ। ਤਿਉੁਹਾਰ ਦਾ ਦਿਨ ਹੋਣ ਕਰਕੇ ਧੀਆਂ, ਨੂੰਹਾਂ, ਪੁੱਤਰ ਅਤੇ ਜਵਾਈ ਸਾਰੇ ਪਰਿਵਾਰ ਵਿਚ ਮੌਜੂਦ ਸਨ। ਮੈਂ ਤੇ ਮੇਰੀ ਪਤਨੀ ਦਸ ਪੰਦਰਾਂ ਮਿੰਟ ਘਰ ਦੇ ਦਰਵਾਜ਼ੇ 'ਤੇ ਲੱਗੀ ਘੰਟੀ ਮਾਰਦੇ ਰਹੇ ਪਰ ਕੋਈ ਵੀ ਦਰਵਾਜ਼ਾ ਖੋਲ੍ਹਣ ਨਹੀਂ ਆਇਆ। ਦਰਵਾਜ਼ਾ ਖੁੱਲ੍ਹਣ ਵਿਚ ਦੇਰੀ ਹੋਣ ਕਾਰਨ ਮੈਂ ਸੋਚਿਆ ਕਿ ਘਰੇ ਕੋਈ ਨਹੀਂ ਹੋਣਾ। ਅਸੀ ਮੁੜਨ ਹੀ ਲੱਗੇ ਸਾਂ ਕਿ ਇਕ ਬਜ਼ੁਰਗ ਨੇ ਦਰਵਾਜ਼ਾ ਖੋਲ੍ਹਿਆ। ਅਸੀਂ ਦੋਵਾਂ ਨੇ ਪੈਰੀਂ ਹੱਥ ਲਗਾ ਕੇ ਪੁੱਛਿਆ-'ਅੰਕਲ ਜੀ! ਕੀ ਗੱਲ ਬੱਚੇ ਬਾਹਰ ਗਏ ਹੋਏ ਨੇ?' ਬਜ਼ੁਰਗ ਨੇ ਸ਼ਰਮਸਾਰ ਜਿਹਾ ਹੋ ਕੇ ਅੱਗੋਂ ਕਿਹਾ-'ਨਹੀਂ, ਨਹੀਂ। ਸਾਰੇ ਅੰਦਰ ਹੀ ਹਨ। ਆਓ ਅੰਦਰ ਲੰਘ ਆਓ।' ਅਸੀਂ ਮਹਿਮਾਨਾਂ ਵਾਲੇ ਕਮਰੇ ਵਿਚ ਬੈਠ ਗਏ। ਦਸ-ਪੰਦਰਾਂ ਮਿੰਟ ਫਿਰ ਕੋਈ ਨਹੀਂ ਆਇਆ। ਇਕ ਨੂੰਹ ਪੰਦਰਾਂ ਮਿੰਟ ਬਾਅਦ ਕੰਨਾਂ ਵਿਚ ਈਅਰਫੋਨ ਫਸਾਈ ਪਾਣੀ ਦੇ ਗਲਾਸ ਲੈ ਕੇ ਆਈ। ਅੱਧੇ ਕੁ ਘੰਟੇ ਬਾਅਦ ਸਾਨੂੰ ਚਾਹ ਦਾ ਕੱਪ ਨਸੀਬ ਹੋਇਆ। ਸਾਰੀਆਂ ਧੀਆਂ ਨੂੰਹਾਂ ਆਪੋ-ਆਪਣੇ ਕਮਰੇ ਵਿਚ ਮੋਬਾਈਲਾਂ 'ਤੇ ਲੱਗੀਆਂ ਹੋਈਆਂ ਸਨ। ਅੰਕਲ-ਆਂਟੀ ਨੇ ਆਪਣਾ ਮਨ ਫਰੋਲਦਿਆਂ ਹੋਇਆ ਆਖਿਆ, 'ਬੇਟਾ ਕੀ ਕਰੀਏ! ਸਾਰਾ-ਸਾਰਾ ਦਿਨ ਮੋਬਾਈਲ ਵਿਚ ਵੜੀਆਂ ਰਹਿੰਦੀਆਂ ਹਨ। ਮੋਬਾਈਲ ਤੋਂ ਜਦੋਂ ਮਨ ਭਰ ਜਾਂਦਾ ਹੈ ਤਾਂ ਟੈਲੀਵਿਜ਼ਨ 'ਤੇ ਸੀਰੀਅਲ ਲੱਗ ਜਾਂਦੇ ਹਨ।

ਅਸੀਂ ਗੱਲ ਕਰਨ ਨੂੰ ਤਰਸ ਜਾਈਦਾ ਹੈ। ਬੱਚਿਆਂ ਦਾ ਵੀ ਇਹੋ ਹਾਲ ਹੈ। ਜੇਕਰ ਕਿਸੇ ਨੂੰ ਕਹੋ ਤਾਂ ਘਰ ਵਿਚ ਕਲੇਸ਼ ਪੈਂਦਾ ਹੈ। ਆਂਟੀ ਨੇ ਸਾਰਿਆਂ ਨੂੰ ਕਮਰਿਆਂ 'ਚੋਂ ਬੁਲਾ ਕੇ ਲਿਆਂਦਾਂ ਤਾਂ ਕਿਧਰੇ ਜਾ ਕੇ ਸਾਰਿਆਂ ਨਾਲ ਦੁਆ-ਸਲਾਮ ਹੋਈ। ਇਕ ਨੂੰਹ ਨੇ ਤਾਂ ਆਪਣਾ ਪੱਖ ਰੱਖਦਿਆਂ ਕਹਿ ਹੀ ਦਿੱਤਾ, 'ਅੰਕਲ! ਮੈਂ ਆਨਲਾਈਨ ਸ਼ਾਪਿੰਗ ਕਰ ਰਹੀ ਸਾਂ। ਅਸੀਂ ਤੂਹਾਨੂੰ ਵੇਖ ਲਿਆ ਸੀ। ਮੈਂ ਸੋਚਿਆ ਕਿ ਪਹਿਲਾਂ ਚਾਹ-ਪਾਣੀ ਪੀ ਲੈਣ। ਫਿਰ ਮਿਲਦੀ ਹਾਂ ਵਿਹਲੀ ਹੋ ਕੇ।' ਮੈਂ ਕੀ ਕਹਿਣਾ ਸੀ। ਮੈਂ ਹੱਸ ਕੇ ਗੱਲ ਟਾਲ ਦਿੱਤੀ। ਇਹ ਘਰ-ਘਰ, ਹਰ ਅਦਾਰੇ, ਦਫ਼ਤਰ ਅਤੇ ਸਕੂਲਾਂ, ਕਾਲਜਾਂ, ਯੂਨੀਵਰਸਟੀਆਂ ਦੀ ਰਾਮ ਕਹਾਣੀ ਹੈ। ਸਾਡੀ ਜ਼ਿੰਦਗੀ 'ਤੇ ਸੋਸ਼ਲ ਮੀਡੀਆ ਬੁਰੀ ਤਰ੍ਹਾਂ ਭਾਰੂ ਹੁੰਦਾ ਜਾ ਰਿਹਾ ਹੈ। ਅਸੀਂ ਫੇਸਬੁੱਕ, ਵ੍ਹਟਸਐਪ, ਆਨਲਾਈਨ ਸ਼ਾਪਿੰਗ, ਸੈਲਫੀਆਂ ਲੈਣ, ਐਪਸ ਬਣਾਉਣ, ਉਨ੍ਹਾਂ ਦੀ ਵਰਤੋਂ ਕਰਨ, ਫੋਨ 'ਤੇ ਆਪਣੇ ਬੈਂਕ ਖਾਤੇ ਚੈੱਕ ਕਰਨ, ਸਟੇਟਸ ਪਾਉਣ ਅਤੇ ਵੇਖਣ ਵਿਚ ਲੱਗੇ ਰਹਿੰਦੇ ਹਾਂ। ਪਰਿਵਾਰਾਂ ਵਿਚ ਆਪਸੀ ਸੰਵਾਦ ਘਟਦੇ ਜਾ ਰਹੇ ਹਨ। ਕੋਈ ਸਮਾਂ ਸੀ ਜਦੋਂ ਪਰਿਵਾਰਾਂ ਦੇ ਜੀਅ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਜਦੋਂ ਘਰ ਆਉਂਦੇ ਸਨ ਤਾਂ ਸਾਰੇ ਇਕ-ਦੂਜੇ ਨਾਲ ਦੁੱਖ-ਸੁੱਖ ਸਾਂਝਾ ਕਰਦੇ ਸਨ। ਸਾਰੇ ਇਕ-ਦੂਜੇ ਨਾਲ ਜੁੜੇ ਰਹਿੰਦੇ ਸਨ ਪਰ ਸੋਸ਼ਲ ਮੀਡੀਆ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨੇ ਪਰਿਵਾਰਾਂ ਵਿਚ ਇਕਲਾਪਾ ਪੈਦਾ ਕਰ ਦਿੱਤਾ ਹੈ। ਪਰਿਵਾਰਾਂ ਦੀ ਰੌਣਕ ਚੁੱਪ, ਸ਼ਾਂਤ ਵਿਚ ਬਦਲਦੀ ਜਾ ਰਹੀ ਹੈ।

ਅਸੀਂ ਇਕ-ਦੂਜੇ ਨਾਲੋਂ ਟੁੱਟਦੇ ਜਾ ਰਹੇ ਹਾਂ। ਕੁਝ ਦਿਨ ਪਹਿਲਾਂ ਇਕ ਹਸਪਤਾਲ ਦੀ ਅੱਖੀਂ ਵੇਖੀ ਘਟਨਾ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ । ਮੇਰੇ ਬੀਜੀ ਦੇ ਸੱਟ ਲੱਗਣ ਕਾਰਨ ਸਾਨੂੰ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਤਿੰਨ ਦਿਨ ਹਸਪਤਾਲ ਵਿਚ ਉਨ੍ਹਾਂ ਕੋਲ ਆਏ ਉਨ੍ਹਾਂ ਦੇ ਪਰਿਵਾਰਾਂ ਦੇ ਜੀਆਂ ਦਾ ਮਰੀਜ਼ਾਂ ਵੱਲ ਧਿਆਨ ਘੱਟ ਸੀ, ਮੋਬਾਈਲ ਤੇ ਸੋਸ਼ਲ ਮੀਡੀਆ ਵੱਲ ਜ਼ਿਆਦਾ। ਸਾਡੇ ਵਾਲੇ ਕਮਰੇ ਵਿਚ ਮੋਬਾਈਲ 'ਤੇ ਚੱਲ ਰਹੇ ਵੀਡੀਓਜ਼ ਦੀ ਆਵਾਜ਼ ਸੁਣ ਕੇ ਡਿਊੂਟੀ 'ਤੇ ਬੈਠੀ ਨਰਸ ਨੂੰ ਦੋ-ਤਿੰਨ ਵਾਰ ਕਹਿਣਾ ਪਿਆ ਕਿ ਆਪਣੇ ਮੋਬਾਈਲ ਫੋਨ ਬੰਦ ਕਰੋ। ਮਰੀਜ਼ ਪਰੇਸ਼ਾਨ ਹੋ ਰਹੇ ਹਨ। ਪਰ ਮਰੀਜ਼ ਕੋਲ ਬੈਠੇ ਉਸ ਦੀ ਦੇਖਭਾਲ ਕਰਨ ਵਾਲੇ ਜੀਅ ਦਾ ਮਰੀਜ਼ ਵੱਲ ਧਿਆਨ ਘੱਟ ਸੀ ਅਤੇ ਮੋਬਾਈਲ ਵੱਲ ਜ਼ਿਆਦਾ। ਸਾਡੇ ਵਾਲੇ ਕਮਰੇ ਵਿਚ ਇਕ ਬਜ਼ੁਰਗ ਔਰਤ ਇਕੱਲੀ ਹੀ ਸੀ। ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਪੁੱਛਣ 'ਤੇ ਪਤਾ ਲੱਗਾ ਕਿ ਜਦੋਂ ਵੀ ਉਸ ਨੂੰ ਸਮੱਸਿਆ ਹੁੰਦੀ ਹੈ ਤਾਂ ਉਹ ਘਰ ਫੋਨ ਕਰ ਦਿੰਦੀ ਹੈ। ਘਰ ਤੋਂ ਕੋਈ ਨਾ ਕੋਈ ਆ ਜਾਂਦਾ ਹੈ। ਹੁਣ ਤਾਂ ਮੋਬਾਈਲ 'ਤੇ ਗੱਲ ਕਰਨ ਲੱਗਿਆਂ ਇਹ ਡਰ ਲੱਗਿਆ ਰਹਿੰਦਾ ਹੈ ਕਿ ਤੁਹਾਡੇ ਨਾਲ ਗੱਲ ਕਰਨ ਵਾਲਾ ਤੁਹਾਡੀ ਰਿਕਾਰਡਿੰਗ ਹੀ ਨਾ ਕਰ ਰਿਹਾ ਹੋਵੇ। ਮੇਰੇ ਇਕ ਅਧਿਕਾਰੀ ਮਿੱਤਰ ਨੇ ਆਪਣਾ ਡਰ ਸਾਂਝਾ ਕਰਦਿਆਂ ਕਿਹਾ ਕਿ ਹੁਣ ਤਾਂ ਜ਼ਮਾਨਾ ਇਸ ਤਰ੍ਹਾਂ ਦਾ ਆ ਗਿਆ ਹੈ ਕਿ ਦਫ਼ਤਰ ਵਿਚ ਮਿਲਣ ਆਏ ਹਰ ਵਿਅਕਤੀ ਨਾਲ ਗੱਲ ਵੀ ਬੜੀ ਸੋਚ-ਸਮਝ ਕੇ ਕਰਨੀ ਪੈਂਦੀ ਹੈ ਕਿਉਂਕਿ ਕੋਈ ਪਤਾ ਨਹੀ ਕਦੋਂ ਕਿਸ ਨੇ ਰਿਕਾਰਡਿੰਗ ਕਰ ਕੇ ਵੀਡੀਓ ਵਾਇਰਲ ਕਰ ਦੇਣੀ ਹੈ।

ਦੂਰ-ਦੂਰਾਡੇ ਨੌਕਰੀ ਕਰਦੇ ਦੋਵੇਂ ਪੁੱਤਰ ਤਿਉਹਾਰਾਂ ਦੇ ਦਿਨਾਂ ਵਿਚ ਘਰ ਆਏ ਹੋਏ ਸਨ। ਕਹਿਣ ਨੂੰ ਤਾਂ ਅਸੀਂ ਇਕ ਥਾਂ ਬੈਠੇ ਹੋਏ ਸਾਂ ਪਰ ਅਸਲੀਅਤ ਇਹ ਸੀ ਕਿ ਉਹ ਸਾਡੇ ਕੋਲ ਬੈਠੇ ਹੋਏ ਵੀ ਸਾਡੇ ਕੋਲ ਨਹੀਂ ਸਨ। ਦੋਵੇਂ ਆਪੋ-ਆਪਣੇ ਮੋਬਾਈਲ ਵਿਚ ਰਮੇ ਹੋਏ ਸਨ। ਇਕ ਫੇਸਬੁੱਕ 'ਤੇ ਸੀ, ਦੂਜਾ ਕੰਨਾਂ ਨੂੰ ਈਅਰਫੋਨ ਲਗਾ ਕੇ ਆਪਣੀ ਪਸੰਦ ਦਾ ਕੁਝ ਸੁਣ ਰਿਹਾ ਸੀ। ਪਤਨੀ ਨੇ ਉਨ੍ਹਾਂ ਦੇ ਆਉਣ ਤੋਂ ਚਾਰ-ਪੰਜ ਦਿਨ ਪਹਿਲਾਂ ਹੀ ਮੈਨੂੰ ਸਮਝਾ ਦਿੱਤਾ ਸੀ ਕਿ ਉਹ ਕੁਝ ਦਿਨਾਂ ਲਈ ਆਏ ਹਨ। ਉਹ ਜੋ ਮਰਜ਼ੀ ਕਰਨ, ਉਨ੍ਹਾਂ ਨੂੰ ਕੁਝ ਨਹੀਂ ਕਹਿਣਾ। ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕਾਰਨ ਇਸ ਨੇ ਸਾਡੀ ਜ਼ਿੰਦਗੀ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਰੋਜ਼ਮੱਰਾ ਦੇ ਵਰਤਾਰੇ ਨੂੰ ਵਾਚੀਏ ਤਾਂ ਸਾਨੂੰ ਆਪਣੇ-ਆਪ ਇਹ ਮਹਿਸੂਸ ਹੋਣ ਲੱਗੇਗਾ ਕਿ ਅਸੀਂ ਕਿੰਨਾ ਕੁਝ ਗੁਆਉਂਦੇ ਜਾ ਰਹੇ ਹਾਂ। ਸਿਰਫ਼ ਖ਼ੁਦ ਤਕ ਮਹਿਦੂਦ ਹੋਣ ਦੀ ਸਾਡੀ ਆਦਤ ਨੇ ਸਾਡੇ ਰਿਸ਼ਤਿਆਂ ਵਿਚ ਵਖਰੇਵਾਂ ਪੈਦਾ ਕਰ ਦਿੱਤਾ ਹੈ। ਅਸੀਂ ਇਕੱਲੇ ਹੁੰਦੇ ਜਾ ਰਹੇ ਹਾਂ। ਮਨਾਂ ਦੀ ਸਾਂਝ ਸਾਡੇ ਕੋਲੋਂ ਖੁੱਸਦੀ ਜਾ ਰਹੀ ਹੈ। ਸਾਡੇ ਪਰਿਵਾਰਾਂ ਦੇ ਬਜ਼ੁਰਗ ਵਿਚਾਰੇ ਅਤੇ ਬੇਸਹਾਰਾ ਹੋਣ ਲੱਗ ਪਏ ਹਨ। ਬੱਚਿਆਂ ਦੀਆਂ ਆਦਤਾਂ ਖ਼ਰਾਬ ਹੁੰਦੀਆਂ ਜਾ ਰਹੀਆਂ ਹਨ।

ਇਕ ਅਧਿਆਪਕਾ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਹ ਕਦੇ ਵੀ ਸਕੂਲ 'ਚ ਮੋਬਾਈਲ ਲੈ ਕੇ ਨਹੀਂ ਆਉਂਦੀ। ਘਰ ਜਾ ਕੇ ਵੀ ਮੋਬਾਈਲ ਨੂੰ ਉਦੋਂ ਹੀ ਹੱਥ ਲਗਉਂਦੀ ਹਾਂ ਜਦੋਂ ਬੇਹੱਦ ਜ਼ਿਆਦਾ ਲੋੜ ਹੁੰਦੀ ਹੈ। ਮੈਂ ਉਸ ਨੂੰ ਸਵਾਲ ਕੀਤਾ, 'ਮੈਡਮ, ਜੇਕਰ ਤੁਹਡੇ ਘਰ ਵਾਲਿਆਂ ਨੇ ਤੁਹਾਨੂੰ ਕੋਈ ਖ਼ਾਸ ਸੁਨੇਹਾ ਦੇਣਾ ਹੋਵੇ, ਫਿਰ ਤੁਸੀਂ ਕੀ ਕਰੋਗੇ?' ਮੈਡਮ ਵੱਲੋਂ ਦਿੱਤਾ ਗਿਆ ਜਵਾਬ ਬਹੁਤ ਹੀ ਕਮਾਲ ਦਾ ਸੀ। ਉਸ ਨੇ ਕਿਹਾ, 'ਸਰ, ਮੇਰੇ ਪਰਿਵਾਰ ਕੋਲ ਮੇਰੇ ਸਕੂਲ ਦਾ ਲੈਂਡਲਾਈਨ ਨੰਬਰ ਹੈ। ਪਰਿਵਾਰ ਵਾਲੇ ਦੋ-ਚਾਰ ਅਧਿਆਪਕਾਂ ਨੂੰ ਨਿੱਜੀ ਤੌਰ 'ਤੇ ਜਾਣਦੇ ਹਨ। ਉਨ੍ਹਾਂ ਦੇ ਫੋਨ 'ਤੇ ਮੇਰੇ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਮੈਂ ਜਿਸ ਦਿਨ ਦਾ ਮੋਬਾਈਲ ਛੱਡਿਆ ਹੋਇਆ ਹੈ ਉਦੋਂ ਦੀ ਮੇਰੀ ਜ਼ਿੰਦਗੀ ਸੌਖੀ ਹੋ ਗਈ ਹੈ।

-ਮੋਬਾਈਲ ਨੰ. : 98726-97136

Posted By: Jagjit Singh