ਮੇਰਾ ਇਕ ਦੋਸਤ ਜਗਜੀਤ ਸਿੰਘ ਸਿੱਧੂ ਫਿਲਮਾਂ ਵਿਚ ਡਾਇਰੈਕਸ਼ਨ ਦਾ ਕੰਮ ਸਿੱਖਦਾ ਸੀ। ਉਸ ਦਾ ਮੇਰੇ ਘਰ ਆਉਣ-ਜਾਣ ਸੀ। ਉਸ ਨੇ ਮੈਨੂੰ ਵੀ ਬੰਬਈ ਜਾ ਕੇ ਡਾਇਰੈਕਸ਼ਨ ਸਿੱਖਣ ਲਈ ਪ੍ਰੇਰਿਆ ਅਤੇ ਘਰ ਵਾਲੇ ਵੀ ਮੇਰੀ ਜਿੱਦ ਅੱਗੇ ਬਹੁਤਾ ਅੜੇ ਨਾ। ਮੈਂ ਦਸੰਬਰ 1970 ਵਿਚ ਬੰਬਈ ਜਾਣ ਲਈ ਤਿਆਰੀ ਖਿੱਚ ਲਈ।

ਹਰ ਵਿਅਕਤੀ ਕੁਝ ਹੋਰ ਹੀ ਸੋਚਦਾ ਹੈ ਪਰ ਹੁੰਦਾ ਕੁਝ ਹੋਰ ਹੈ। ਸੰਨ 1962 ਵਿਚ ਸਕੂਲ ਵਿਚ ਪੜ੍ਹਦਿਆਂ ਭਾਰਤ-ਪਾਕਿਸਤਾਨ ਦੀ ਵੰਡ ’ਤੇ ਆਧਾਰਤ ਇਕ ਕਹਾਣੀ ‘ਤਰਬੂਜ ਦੇ ਦੋ ਹਿੱਸੇ’ ਹੱਥ ਨਾਲ ਲਿਖ ਕੇ ਪ੍ਰੀਤਲੜੀ ਵਾਲਿਆਂ ਦੇ ਛਪਦੇ ਰਸਾਲੇ ‘ਬਾਲ ਸੰਦੇਸ਼’ ਵਿਚ ਛਪਣ ਲਈ ਭੇਜ ਦਿੱਤੀ। ਕੁਝ ਦਿਨਾਂ ਬਾਅਦ ਮੇਰੇ ਸਕੂਲ ਦੇ ਪਤੇ ’ਤੇ ਪ੍ਰੀਤ ਨਗਰ ਤੋਂ ਖ਼ਤ ਆਇਆ ਕਿ ਮੇਰੀ ਕਹਾਣੀ ਜਲਦੀ ਹੀ ਛਪ ਜਾਵੇਗੀ। ਸਕੂਲ ਦੇ ਪ੍ਰਿੰਸੀਪਲ ਨੇ ਮੈਨੂੰ ਆਪਣੇ ਦਫ਼ਤਰ ਬੁਲਾ ਕੇ ਇਸ ਬਾਰੇ ਸੂਚਿਤ ਕੀਤਾ ਅਤੇ ਨਾਲ ਹੀ ਸ਼ਾਬਾਸ਼ ਦਿੱਤੀ।
ਸਕੂਲ ਦੀ ਪੜ੍ਹਾਈ ਉਪਰੰਤ ਮੇਰੇ ਪਿਤਾ ਜੀ ਦੀ ਸਿਹਤ ਠੀਕ ਨਾ ਹੋਣ ਕਾਰਨ ਮੈਨੂੰ ਉਨ੍ਹਾਂ ਨਾਲ ਦੁਕਾਨ ’ਤੇ ਕੰਮ ਕਰਨਾ ਪਿਆ। ਇਸ ਦੌਰਾਨ ਮੈਨੂੰ ਮੁਹੱਲੇ ਵਿਚ ਹੁੰਦੀ ਰਾਮ ਲੀਲਾ ਲਈ ਗੀਤ ਲਿਖਣ ਦਾ ਮੌਕਾ ਵੀ ਮਿਲਿਆ। ਸਕੂਲ ਦੀ ਪੜ੍ਹਾਈ ਤੱਕ ਮੈਂ ਹਿੰਦੀ ਵੀ ਪੜ੍ਹੀ ਸੀ ਅਤੇ ਪ੍ਰਕਾਸ਼ ਪੰਡਿਤ ਦੇ ਪ੍ਰਕਾਸ਼ਨ ਹਿੰਦ ਪਾਕੇਟ ਬੁੱਕਸ ਦੀਆਂ ਹਿੰਦੀ ਵਿਚ ਛਪੀਆਂ ਮਸ਼ਹੂਰ ਉਰਦੂ ਕਵੀਆਂ ਦੀਆਂ ਰਚਨਾਵਾਂ ਵੀ ਪੜ੍ਹੀਆਂ। ਇੰਜ ਫਿਲਮੀ ਤਰਜ਼ਾਂ ’ਤੇ ਰਾਮ ਲੀਲਾ ਦੇ ਸੀਨਾਂ ਮੁਤਾਬਕ ਮੈਂ ਕੁਝ ਸਾਲ ਹਿੰਦੀ-ਪੰਜਾਬੀ ਵਿਚ ਗੀਤ ਵੀ ਲਿਖਦਾ ਰਿਹਾ।
ਇੰਜ ਹੀ ਅੰਮ੍ਰਿਤਸਰ ਤੋਂ ਛਪਦੇ ‘ਬੀਬਾ ਰਾਣਾ’ ਰਸਾਲੇ ਵਿਚ ਮੇਰਾ ਇਕ ਨਾਵਲ ‘ਪੁਕਾਰ’ ਸ਼ੁਰੂ ਹੋ ਗਿਆ। ਇਹ ਨਾਵਲ ਮੈਂ ਨਾਲੋ-ਨਾਲ ਲਿਖ ਕੇ ਡਾਕ ਰਾਹੀਂ ਭੇਜਦਾ ਸਾਂ। ਇਕ ਵਾਰ ਸਾਰੇ ਪੰਜਾਬ ਦੇ ਗੁਰਦੁਆਰਿਆਂ ਦੀ ਯਾਤਰਾ ’ਤੇ ਜਾਣ ਕਾਰਨ ਮੈਂ ਰਸਤੇ ਵਿਚ ਕੋਟਕਪੂਰੇ ਤੋਂ ਇਕ ਕਿਸ਼ਤ ਉਨ੍ਹਾਂ ਨੂੰ ਭੇਜੀ ਜਿਹੜੀ ਕਿ ਦੇਰੀ ਨਾਲ ਮਿਲਣ ਕਰ ਕੇ ਉਸ ਮਹੀਨੇ ਦੇ ਅੰਕ ਵਿਚ ਛਪ ਨਾ ਸਕੀ। ਰਸਾਲੇ ਦੇ ਮਾਲਕ ਧਨਵੰਤ ਸਿੰਘ ਸੀਤਲ ਨੇ ਮੈਨੂੰ ਖ਼ਤ ਰਾਹੀਂ ਸੂਚਿਤ ਕੀਤਾ ਕਿ ਸਾਰਾ ਨਾਵਲ ਲਿਖ ਕੇ ਅਗੇਤਾ ਭੇਜਿਆ ਜਾਵੇ ਤਾਂ ਜੋ ਇਹ ਲਗਾਤਾਰ ਛਪ ਸਕੇ। ਮੈਂ ਇੰਜ ਨਾ ਕਰ ਸਕਿਆ। ਲਿਹਾਜ਼ਾ ਮੇਰਾ ਨਾਵਲ ਛਪਣਾ ਬੰਦ ਹੋ ਗਿਆ। ਕੁਝ ਚਿਰ ਬਾਅਦ ਇਹ ਰਸਾਲਾ ਵੀ ਬੰਦ ਹੋ ਗਿਆ।
ਮੇਰਾ ਇਕ ਦੋਸਤ ਜਗਜੀਤ ਸਿੰਘ ਸਿੱਧੂ ਫਿਲਮਾਂ ਵਿਚ ਡਾਇਰੈਕਸ਼ਨ ਦਾ ਕੰਮ ਸਿੱਖਦਾ ਸੀ। ਉਸ ਦਾ ਮੇਰੇ ਘਰ ਆਉਣ-ਜਾਣ ਸੀ। ਉਸ ਨੇ ਮੈਨੂੰ ਵੀ ਬੰਬਈ ਜਾ ਕੇ ਡਾਇਰੈਕਸ਼ਨ ਸਿੱਖਣ ਲਈ ਪ੍ਰੇਰਿਆ ਅਤੇ ਘਰ ਵਾਲੇ ਵੀ ਮੇਰੀ ਜਿੱਦ ਅੱਗੇ ਬਹੁਤਾ ਅੜੇ ਨਾ। ਮੈਂ ਦਸੰਬਰ 1970 ਵਿਚ ਬੰਬਈ ਜਾਣ ਲਈ ਤਿਆਰੀ ਖਿੱਚ ਲਈ। ਘਰਦਿਆਂ ਨੇ ਮੈਨੂੰ ਤੁਰਨ ਲੱਗਿਆ 600 ਰੁਪਏ ਦੇ ਦਿੱਤੇ। ਮੇਰੀ ਉਦੋਂ ਮੰਗਣੀ ਹੋਈ ਪਈ ਸੀ। ਸਟੇਸ਼ਨ ’ਤੇ ਮੇਰੇ ਪਿਤਾ ਜੀ ਅਤੇ ਮੇਰੇ ਸਹੁਰਾ ਸਾਹਿਬ ਗੱਡੀ ਚੜ੍ਹਾਉਣ ਲਈ ਆਏ ਸਨ।
ਬੰਬਈ ਜਗਜੀਤ ਸਿੰਘ ਦਾ ਇਕ ਦੋਸਤ ਬਲਬੀਰ ਸਿਕੰਦ (ਪੰਜਾਬੀ ਫਿਲਮ ਅੰਬਰੀ ਦਾ ਪ੍ਰੋਡਿਊਸਰ) ਵੀ ਫਿਲਮ ਸਟਾਰ ਬਣਨ ਦੇ ਚੱਕਰ ਵਿਚ ਸੀ।
ਉਸ ਦੀ ਸਾਂਝ ਫਿਲਮ ਸਟਾਰ ਧਰਮਿੰਦਰ ਦੇ ਰਿਸ਼ਤੇਦਾਰ ਸੁਭਾਸ਼ (ਬਾਅਦ ਵਿਚ ਫਿਲਮ ਐਕਟਰ, ਡਾਇਰੈਕਟਰ, ਪ੍ਰੋਡਿਊਸਰ ਵਰਿੰਦਰ ਦੇ ਨਾਂ ਨਾਲ ਮਸ਼ਹੂਰ ਹੋਏ) ਨਾਲ ਸੀ ਜਿਸ ਕਰਕੇ ਸਾਨੂੰ ਰਹਿਣ ਲਈ ਕੁਰਲਾ ਵਿਖੇ ਫਲੈਟ ਮੁਫ਼ਤ ਵਿਚ ਮਿਲ ਗਿਆ। ਇਹ ਫਲੈਟ ਪਹਿਲਾਂ ਧਰਮਿੰਦਰ ਦਾ ਸੀ ਪਰ ਜਦੋਂ ਉਨ੍ਹਾਂ ਨੇ ਜੁਹੂ ਵਿਖੇ ਬੰਗਲਾ ਖ਼ਰੀਦ ਲਿਆ ਤਾਂ ਉਹ ਪਰਿਵਾਰ ਸਮੇਤ ਓਥੇ ਚਲੇ ਗਏ ਅਤੇ ਫਲੈਟ ਦਾਦਰ ਸਟੂਡੀਓ ਦੇ ਸਾਹਮਣੇ ਗੁਪਤਾ ਸੋਪ ਨਾਂ ਦੇ ਫੈਕਟਰੀ ਮਾਲਕ ਨੇ ਖ਼ਰੀਦ ਲਿਆ ਪਰ ਇਸ ਦਾ ਇਕ ਪੋਰਸ਼ਨ ਆਏ-ਗਏ ਵਾਸਤੇ ਧਰਮਿੰਦਰ ਨੇ ਆਪਣੇ ਕੋਲ ਰੱਖ ਲਿਆ। ਸੋ, ਇਹ ਪੋਰਸ਼ਨ ਸੁਭਾਸ਼ ਨੇ ਬਲਬੀਰ ਸਿਕੰਦ ਨੂੰ ਰਹਿਣ ਲਈ ਦਿਵਾ ਦਿੱਤਾ। ਬਾਅਦ ਵਿਚ ਪਤਾ ਲੱਗਾ ਕਿ ਬਲਬੀਰ ਸਿਕੰਦ ਬੰਬਈ ਆਉਣ ਤੋਂ ਪਹਿਲਾਂ ਬਟਾਲੇ ਉਦਯੋਗਿਕ ਵਿਕਾਸ ਕਮ ਗੁਣ ਛਾਪ ਕੇਂਦਰ ਵਿਚ ਬਤੌਰ ਇੰਸਪੈਕਟਰ ਨੌਕਰੀ ਕਰਦੇ ਰਹੇ ਸਨ।
ਵੈਸੇ ਧਰਮਿੰਦਰ ਦੇ ਵੱਡੇ ਭਰਾ ਅਜੀਤ ਵੀ ਬੰਬਈ ਆਉਣ ਤੋਂ ਪਹਿਲਾਂ ਬਟਾਲੇ ਰੇਲਵੇ ਵਿਭਾਗ ਵਿਚ ਬਤੌਰ ਗੁਡਜ਼ ਕਲਰਕ ਕੰਮ ਕਰਦੇ ਰਹੇ ਸਨ ਅਤੇ ਇੱਥੇ ਉਨ੍ਹਾਂ ਦੇ ਕਈ ਦੋਸਤ ਬਣ ਗਏ ਸਨ। ਮੇਰੀ ਸਾਂਝ ਇਕ ਦੋਸਤ ਨੰਨੀ ਗਿੱਲ (ਸਵਰਗਵਾਸੀ) ਨਾਲ ਸੀ। ਉਹ ਡੇਰਾ ਰੋਡ ਫਾਟਕ ਦੇ ਕੋਲ ਇਕ ਚੁਬਾਰੇ ਵਿਚ ਰਹਿੰਦੇ ਸਨ ਜਿੱਥੇ ਮੇਰਾ ਵੀ ਆਉਣ-ਜਾਣ ਸੀ। ਉਨ੍ਹਾਂ ਨੇ ਮੈਨੂੰ ਬਟਾਲਾ ਦੇ ਸੋਮ ਮਕੈਨਿਕ ਤੋਂ ਅਜੀਤ ਦੇ ਨਾਂ ਚਿੱਠੀ ਲੈ ਦਿੱਤੀ।
ਜਗਜੀਤ ਦੇ ਨਾਲ ਮੈਂ ਧਰਮਿੰਦਰ ਦੇ ਘਰ ਗਿਆ ਅਤੇ ਉਹ ਚਿੱਠੀ ਅਜੀਤ ਜੀ ਨੂੰ ਦਿੱਤੀ। ਉਨ੍ਹਾਂ ਨੇ ਮੈਨੂੰ ਕਿਸੇ ਨਾ ਕਿਸੇ ਡਾਇਰੈਕਟਰ ਸਾਹਿਬ ਨਾਲ ਅਟੈਚ ਕਰਵਾਉਣ ਦਾ ਭਰੋਸਾ ਦਿੱਤਾ। ਧਰਮਿੰਦਰ ਦੀ ਫਿਲਮ ਪ੍ਰੋਡਿਊਸਰ ਡਾਇਰੈਕਟਰ ਅਰਜਨ ਹਿੰਗੋਰਾਨੀ ਨਾਲ ਬੜੀ ਸਾਂਝ ਸੀ। ਉਨ੍ਹਾਂ ਨੇ ਉਸ ਨਾਲ ਗੱਲ ਕੀਤੀ ਤਾਂ ਹਿੰਗੋਰਾਨੀ ਨੇ ਕਿਹਾ ਕਿ ਅਗਲੀ ਫਿਲਮ ਸ਼ੁਰੂ ਹੋਣ ’ਤੇ ਉਹ ਮੈਨੂੰ ਜ਼ਰੂਰ ਬਤੌਰ ਸਹਾਇਕ ਰੱਖ ਲੈਣਗੇ।
ਬਾਅਦ ਵਿਚ ਅਜੀਤ ਜੀ ਨੇ ਸਾਨੂੰ ਜਗਦੇਵ ਭਾਂਬਰੀ ਕੋਲ ਭੇਜਿਆ ਜਿਨ੍ਹਾਂ ਨੇ ਹੇਮਾ ਮਾਲਿਨੀ ਦੀ ਪ੍ਰੋਡਕਸ਼ਨ ਲਈ ‘ਸ਼ਰਾਫਤ ਛੋੜ ਦੀ ਮੈਨੇ’ ਨਾਂ ਦੀ ਫਿਲਮ ਡਾਇਰੈਕਟ ਕੀਤੀ ਸੀ। ਉਨ੍ਹਾਂ ਨੇ ਵੀ ਕਿਹਾ ਕਿ ਇਹ ਫਿਲਮ ਤਾਂ ਕੰਪਲੀਟ ਹੋ ਗਈ ਹੈ। ਨਵੀਂ ਫਿਲਮ ਸ਼ੁਰੂ ਹੋਣ ਵਿਚ ਤਿੰਨ-ਚਾਰ ਮਹੀਨੇ ਲੱਗਣਗੇ। ਉਦੋਂ ਮੈਂ ਉਨ੍ਹਾਂ ਨੂੰ ਮਿਲਾਂ।
ਬਟਾਲੇ ਹੀ ਸਾਡੇ ਮੁਹੱਲੇ ਵਿਚ ਵਰਿਆਮ ਸਿੰਘ ਨਾਂ ਦੇ ਮੇਰੇ ਪਿਤਾ ਜੀ ਦੇ ਇਕ ਦੋਸਤ ਰਹਿੰਦੇ ਸਨ। ਫਿਲਮ ਸੰਗੀਤਕਾਰ ਹੰਸ ਰਾਜ ਬਹਿਲ ਦੀ ਪਤਨੀ ਉਨ੍ਹਾਂ ਦੀ ਧਰਮ ਦੀ ਭੈਣ ਬਣੀ ਹੋਈ ਸੀ। ਇਹ ਰਿਸ਼ਤਾ ਹਿੰਦ-ਪਾਕਿ ਵੰਡ ਤੋਂ ਪਹਿਲਾਂ ਪਾਕਿਸਤਾਨ ਵਿਚ ਬਣਿਆ ਸੀ। ਉਨ੍ਹਾਂ ਵੀ ਮੈਨੂੰ ਪੱਤਰ ਦਿੱਤਾ ਸੀ ਜੋ ਮੈਂ ਲੈ ਕੇ ਉਨ੍ਹਾਂ ਕੋਲ ਵੀ ਗਿਆ। ਉਨ੍ਹੀਂ ਦਿਨੀਂ ਉਨ੍ਹਾਂ ਦੀ ਪ੍ਰੋਡਕਸ਼ਨ ਐੱਨ.ਸੀ.ਫਿਲਮ ਦੇ ਬੈਨਰ ਹੇਠ ‘ਦੋ ਆਂਖੇ’ ਨਾਂ ਦੀ ਫਿਲਮ ਬਣ ਰਹੀ ਸੀ ਜਿਸ ਦੇ ਡਾਇਰੈਕਟਰ ਫਿਲਮ ਸਟਾਰ ਰਾਖੀ ਦੇ ਪਹਿਲੇ ਪਤੀ ਅਜੇ ਬਿਸਵਾਸ ਸਨ। ਬਹਿਲ ਸਾਹਿਬ ਨੇ ਵੀ ਕਿਹਾ ਕਿ ਮੈਂ ਤਿੰਨ-ਚਾਰ ਮਹੀਨੇ ਉਡੀਕਾਂ। ਫਾਈਨਾਂਸ ਦਾ ਪ੍ਰਬੰਧ ਹੋਣ ’ਤੇ ਉਹ ਮੁੜ ਸ਼ੂਟਿੰਗ ਸ਼ੁਰੂ ਕਰਨਗੇ ਅਤੇ ਉਦੋਂ ਮੈਨੂੰ ਸਹਾਇਕ ਵਜੋਂ ਨਾਲ ਰੱਖ ਲੈਣਗੇ।
ਜਗਜੀਤ ਸਿੰਘ ਨੂੰ ਵੀ ਮੇਰੇ ਵਾਂਗ ਗੀਤ ਲਿਖਣ ਦਾ ਸ਼ੌਕ ਸੀ। ਉਹ ਜਿਸ ਸੰਗੀਤਕਾਰ ਕੋਲ ਜਾਂਦੇ ਤਾਂ ਉਸ ਨੂੰ ਕਹਿੰਦੇ ਸੀ ਕਿ ਉਨ੍ਹਾਂ ਦਾ ਪੰਜਾਬ ਤੋਂ ਇਕ ਦੋਸਤ ਪੰਜਾਬੀ ਵਿਚ ਫਿਲਮ ਬਣਾਉਣੀ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਬਤੌਰ ਸੰਗੀਤਕਾਰ ਲਿਆ ਜਾਵੇਗਾ। ਉਸ ਨੂੰ ਆਸ ਸੀ ਕਿ ਉਹ ਉਸ ਨੂੰ ਆਪਣੀ ਕਿਸੇ ਫਿਲਮ ਵਿਚ ਗੀਤ ਲਿਖਣ ਦਾ ਮੌਕਾ ਦੇਣਗੇ ਪਰ ਕਿਸੇ ਨੇ ਉਸ ਨੂੰ ਗੀਤ ਲਿਖਣ ਦਾ ਮੌਕਾ ਨਾ ਦਿੱਤਾ। ਆਖ਼ਰ ਅਪ੍ਰੈਲ 1971 ਵਿਚ ਵਾਢੀਆਂ ਦਾ ਬਹਾਨਾ ਬਣਾ ਕੇ ਜਗਜੀਤ ਸਿੰਘ ਪੰਜਾਬ ਮੁੜ ਆਇਆ। ਕਮਰਾ ਮੁਫ਼ਤ ਮਿਲਣ ਕਰਕੇ ਰੋਟੀ ਦਾ ਖ਼ਰਚਾ ਮੈਨੂੰ ਹੀ ਕਰਨਾ ਪੈਂਦਾ ਸੀ ਜਿਸ ਕਰਕੇ ਨਾਲ ਲਿਆਂਦੇ ਪੈਸੇ ਮੁੱਕ ਗਏ। ਘਰਦਿਆਂ ਨੇ ਮੁੜ ਸਿਰਫ਼ ਓਨੇ ਪੈਸੇ ਹੀ ਭੇਜੇ ਜਿਨ੍ਹਾਂ ਨਾਲ ਮੈਂ ਵਾਪਸ ਘਰ ਆ ਸਕਿਆ।
ਭਾਵੇਂ ਬਾਅਦ ਵਿਚ ਇਕ ਪੰਜਾਬੀ ਫਿਲਮ ‘ਚੰਨੀ’ ਵਿਚ ਮੈਨੂੰ ਵੀ ਗੀਤ ਲਿਖਣ ਦਾ ਮੌਕਾ ਮਿਲਿਆ ਅਤੇ ਜਗਜੀਤ ਸਿੰਘ ਨੇ ਵੀ ‘ਰਾਂਝਣ ਮੇਰਾ ਯਾਰ’ ਫਿਲਮ ਡਾਇਰੈਕਟ ਵੀ ਕੀਤੀ ਅਤੇ ਉਸ ਦੇ ਗੀਤ ਵੀ ਲਿਖੇ ਪਰ ਮੇਰੇ ਮਨ ਵਿਚ ਇਹ ਹਿਰਖ ਸਦਾ ਰਿਹਾ ਕਿ ਜੇਕਰ ਮੈਂ ਬੰਬਈ ’ਚ ਤਿੰਨ-ਚਾਰ ਮਹੀਨੇ ਹੋਰ ਟਿਕ ਜਾਂਦਾ ਜਾਂ ਬਾਅਦ ਵਿਚ ਅਜੀਤ ਜੀ, ਜਗਦੇਵ ਭਾਂਬਰੀ, ਹੰਸ ਰਾਜ ਬਹਿਲ ਨਾਲ ਤਾਲਮੇਲ ਰੱਖਦਾ ਤਾਂ ਅੱਜ ਮੈਂ ਵੀ ਫਿਲਮ ਡਾਇਰੈਕਟਰ ਹੁੰਦਾ ਪਰ ਸਿਆਣੇ ਆਖਦੇ ਹਨ ਕਿ ‘ਜੇ’ ਕਦੇ ਹੱਥ ਨਹੀਂ ਆਉਂਦੀ।
-ਅਜੀਤ ਕਮਲ
-ਮੋਬਾਈਲ : 94173-76895