ਭਾਰਤ ਨੂੰ ਅੰਗਰੇਜ਼ਾਂ ਦੀ ਲੰਬੀ ਗ਼ੁਲਾਮੀ ਤੋਂ ਆਜ਼ਾਦ ਹੋਇਆਂ 73 ਸਾਲ ਹੋ ਗਏ ਹਨ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਭਗਤਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਨ ਪਰ ਹੁਣ ਦੇਸ਼ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਅਸੀਂ ਅਜੇ ਵੀ ਗ਼ੁਲਾਮੀ ਦੇ ਦੌਰ 'ਚੋਂ ਗੁਜ਼ਰ ਰਹੇ ਹਾਂ।

ਭਾਰਤੀ ਸੰਵਿਧਾਨ 'ਚ ਬੇਸ਼ੱਕ ਨਾਗਰਿਕਾਂ ਨੂੰ ਆਪਣੇ ਫ਼ਰਜ਼ ਨਿਭਾਉਂਦੇ ਹੋਏ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਦਾ ਵੀ ਹੱਕ ਦਿੱਤਾ ਹੋਇਆ ਹੈ ਪਰ ਕੀ ਅਸਲ ਮਾਅਨਿਆਂ ਵਿਚ ਅਸੀਂ ਆਪਣੇ ਅਧਿਕਾਰਾਂ ਨੂੰ ਮਾਣ ਰਹੇ ਹਾਂ? ਇਹ ਵੱਡਾ ਸਵਾਲ ਹੈ। ਸਮੇਂ ਦੀਆਂ ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰਾਂ ਜਨਤਾ ਵੱਲੋਂ ਹੀ ਬਣਾਈਆਂ ਜਾਂਦੀਆਂ ਹਨ ਅਤੇ ਜਨਤਾ ਵੱਲੋਂ ਹੀ ਮਿਟਾਈਆਂ ਵੀ ਜਾਂਦੀਆਂ ਹਨ। ਇਸ ਲਈ ਮੁਸ਼ਕਲ ਘੜੀ ਵਿਚ ਜਨਤਾ ਦਾ ਸਹਾਰਾ ਬਣਨਾ ਚਾਹੀਦਾ ਹੈ ਅਤੇ ਉਸ ਦੇ ਹੱਕਾਂ ਦੀ ਬਹਾਲੀ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ।

ਅੱਜ ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਭੁੱਖਮਰੀ ਦਾ ਸ਼ਿਕਾਰ ਹੋ ਰਹੀ ਹੈ। ਗ਼ਰੀਬੀ 'ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਜਿੱਥੇ ਇਕ ਪਾਸੇ ਅੱਤ ਦਰਜੇ ਦੀ ਗ਼ਰੀਬੀ ਹੈ, ਉੱਥੇ ਹੀ ਅੱਤ ਦਰਜੇ ਦੇ ਅਮੀਰਾਂ ਦੁਆਰਾ ਗ਼ਰੀਬਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਫਿਰ ਬਰਾਬਰੀ ਦਾ ਅਧਿਕਾਰ ਕਿੱਥੇ ਗਿਆ? ਅੱਜ ਵੀ ਗ਼ਰੀਬ ਗੁਲਾਮੀ ਭਰੀ ਜ਼ਿੰਦਗੀ ਬਸਰ ਕਰ ਰਹੇ ਹਨ। ਅਜਿਹਾ ਨਹੀਂ ਹੈ ਕਿ ਸਰਕਾਰਾਂ ਦੇ ਖ਼ਜ਼ਾਨੇ ਖ਼ਾਲੀ ਹਨ ਪਰ ਪੈਸਾ ਖ਼ਰਚ ਕਰਨ ਦਾ ਸਿਸਟਮ ਆਮ ਜਨਤਾ ਦੀ ਸਮਝ ਤੋਂ ਬਾਹਰ ਹੈ। ਨੇਤਾ ਆਪਣੇ ਉੱਤੇ ਤਾਂ ਅੰਨ੍ਹੇਵਾਹ ਖ਼ਰਚਾ ਕਰਦੇ ਹਨ ਪਰ ਜਨਤਾ ਲਈ ਖ਼ਜ਼ਾਨੇ ਖ਼ਾਲੀ ਦਿਖਾਏ ਜਾਂਦੇ ਹਨ। ਅਸਲ ਵਿਚ ਸਰਕਾਰਾਂ ਗ਼ਰੀਬਾਂ ਨੂੰ ਗ਼ਰੀਬ ਹੀ ਰੱਖਣਾ ਚਾਹੁੰਦੀਆਂ ਹਨ।

ਗ਼ਰੀਬੀ ਹੀ ਗ਼ੁਲਾਮੀ ਹੈ ਅਤੇ ਗ਼ੁਲਾਮ ਨੂੰ ਕਿਸੇ ਸਮੇਂ ਵੀ ਖ਼ਰੀਦਿਆ ਜਾ ਸਕਦਾ ਹੈ। ਅੱਜ ਦੇਸ਼ ਦਾ ਹਰ ਵਰਗ ਦੁਖੀ ਹੈ। ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਬੇਰੁਜ਼ਗਾਰ ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ। ਸਰਕਾਰਾਂ ਵੱਲੋਂ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕ ਖੋਹੇ ਜਾ ਰਹੇ ਹਨ। ਜੇ ਇਹ ਵਰਗ ਆਪਣੇ ਹੱਕਾਂ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਪੁਲਿਸ ਦੁਆਰਾ ਉਨ੍ਹਾਂ 'ਤੇ ਲਾਠੀਆਂ ਵਰ੍ਹਾਈਆਂ ਜਾਂਦੀਆਂ ਹਨ। ਅਜਿਹਾ ਮੰਜ਼ਰ ਦੇਖ ਕੇ ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਕਾਂਡ ਦੀ ਯਾਦ ਆ ਜਾਂਦੀ ਹੈ। ਉਸ ਸਮੇਂ ਅਸੀਂ ਅੰਗਰੇਜ਼ ਹਕੂਮਤ ਦੇ ਗ਼ੁਲਾਮ ਸਾਂ ਪਰ ਅੱਜ ਅਸੀਂ ਆਜ਼ਾਦ ਭਾਰਤ ਵਿਚ ਆਪਣੀ ਹੀ ਹਕੂਮਤ ਦੇ ਗ਼ੁਲਾਮ ਹਾਂ।

ਵਿਰੋਧੀ ਰਾਜਨੀਤਕ ਪਾਰਟੀਆਂ ਬੇਸ਼ੱਕ ਸੱਤਾਧਾਰੀ ਪਾਰਟੀ ਦਾ ਰੱਜ ਕੇ ਵਿਰੋਧ ਕਰਨ ਪਰ ਜਿੱਥੇ ਉਨ੍ਹਾਂ ਦੇ ਤਨਖ਼ਾਹ-ਭੱਤੇ ਵਧਾਉਣ ਦੀ ਗੱਲ ਆਉਂਦੀ ਹੈ, ਉੱਥੇ ਸਭ ਇਕ ਹੋ ਜਾਂਦੇ ਹਨ। ਸਰਕਾਰਾਂ ਵੱਲੋਂ ਮੁਲਾਜ਼ਮਾਂ ਦੇ ਤਨਖ਼ਾਹ-ਭੱਤੇ ਬੰਦ ਕਰਨ ਜਾਂ ਘੱਟ ਕਰਨ ਲਈ ਹੁਕਮ ਤੁਰੰਤ ਜਾਰੀ ਕਰ ਦਿੱਤੇ ਜਾਂਦੇ ਹਨ ਕਿਉਂਕਿ ਉਹ ਗ਼ੁਲਾਮ ਹਨ। ਜੇ ਉਹ ਸਰਕਾਰ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ ਤਾਂ ਤਾਕਤ ਦੀ ਵਰਤੋਂ ਕਰਦਿਆਂ ਉਨ੍ਹਾਂ ਦੀ ਆਵਾਜ਼ ਨੂੰ ਦੱਬ ਦਿੱਤਾ ਜਾਂਦਾ ਹੈ। ਇੰਜ ਲੱਗਦਾ ਹੈ ਕਿ ਅਸੀਂ ਆਜ਼ਾਦ ਦੇਸ਼ ਦੇ ਗ਼ੁਲਾਮ ਹਾਂ।

ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ। ਸੰਪਰਕ : 98885-09053

Posted By: Sunil Thapa