ਚਾਰ ਸਦੀਆਂ ਪਹਿਲਾਂ ਗੁਰੂ ਰਾਮਦਾਸ ਨਗਰੀ ਸਥਿਤ ਗੁਰੂ ਕੇ ਮਹਿਲ ਵਿਚ ਚਮਤਕਾਰੀ ਬਾਲ ਦਾ ਪ੍ਰਕਾਸ਼ ਹੋਇਆ ਜਿਸ ਨੇ ਦੂਜਿਆਂ ਖ਼ਾਤਰ ਸੀਸ ਅਰਪਿਤ ਕਰ ਕੇ ਕੁਰਬਾਨੀ ਦੀ ਅਦੁੱਤੀ ਇਬਾਰਤ ਲਿਖਣੀ ਸੀ। ਵੱਡਾ ਹੋਇਆ ਤਾਂ ਉਸ ਸਾਹਵੇਂ ‘ਬਾਬਾਣੀਆਂ ਕਹਾਣੀਆਂ’ ਦਾ ਅਮੁੱਲ ਖ਼ਜ਼ਾਨਾ ਸੀ। ਗੁਰੂ ਘਰ ਵਿਚ ਜੰਮੇ-ਪਲੇ ਨੌਵੇਂ ਨਾਨਕ ਦੇ ਮੁਖਾਰਬਿੰਦ ’ਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦਾ ਸ਼ਲੋਕ ‘ਜਉ ਤਉ ਪ੍ਰੇਮ ਖੇਲਣ ਕਾ ਚਾਉ’ ਚੜਿ੍ਹਆ ਹੋਇਆ ਸੀ। ਸ਼ਹੀਦਾਂ ਦੇ ਸਿਰਤਾਜ ਗੁਰੂ ਦਾਦੇ, ਗੁਰੂ ਅਰਜਨ ਦੇਵ ਦੀ ਮਹਾਨ ਕੁਰਬਾਨੀ ਆਪ ਦਾ ਮਾਰਗਦਰਸ਼ਨ ਕਰ ਰਹੀ ਸੀ। ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ‘ਮੀਰੀ-ਪੀਰੀ’ ਦੇ ਅਨੂਠੇ ਸਿਧਾਂਤ ਨੇ ਉਨ੍ਹਾਂ ਨੂੰ ਸੰਤ-ਸਿਪਾਹੀ ਬਣਨ ਦੀ ਪ੍ਰੇਰਨਾ ਦਿੱਤੀ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਸੁੱਤੇ ਪਿੰਡ ਮਾਖੋਵਾਲ ਨੂੰ ਜਗਾਉਣ ਖ਼ਾਤਰ ਗੁਰੂ ਤੇਗ ਬਹਾਦਰ ਜੀ ਨੇ 19 ਜੂਨ 1665 ਨੂੰ ਮੋੜ੍ਹੀ ਗੱਡ ਦਿੱਤੀ। ਅਲਖ ਜਗਾਉਣ ਤੋਂ ਬਾਅਦ ਸ਼ਿਵਾਲਿਕ ਦੇ ਭਾਗ ਖੁੱਲ੍ਹ ਗਏ ਤੇ ਟਿੱਲਿਆਂ ’ਤੇ ਚਮੁਖੀਏ ਚਿਰਾਗ ਬਲਣ ਲੱਗ ਪਏ। ਚੰਨ-ਚਾਨਣੀ ਰਾਤ ਵੇਲੇ ਗੋਸ਼ਿਠਾਂ ਹੁੰਦੀਆਂ, ਲੋਕਾਈ ਦੇ ਦੁੱਖ ਨਿਵਾਰਨ ਲਈ ਬਾਤਾਂ ਪੈਂਦੀਆਂ। ਇਨਕਲਾਬ ਦੀਆਂ ਹਰੀਆਂ ਕਰੂੰਬਲਾਂ ਫੁੱਟਣ ਨਾਲ ਮਾਖੋਵਾਲ ਦੀ ਆਬੋ-ਹਵਾ ਹੀ ਬਦਲ ਗਈ। ਗੁਰੂ ਸਾਹਿਬ ਦੀ ਮਾਤਾ ਦੇ ਨਾਮ ’ਤੇ ਮਾਖੋਵਾਲ ਨੂੰ ਚੱਕ ਨਾਨਕੀ ਕਿਹਾ ਜਾਣ ਲੱਗਾ। ਗੁਰੂ ਗੋਬਿੰਦ ਰਾਏ (ਸਿੰਘ) ਜੀ ਦੇ ਮੁੱਖੋਂ ਆਨੰਦ ਸਾਹਿਬ ਦਾ ਪਾਠ ਸੁਣ ਕੇ ਗੁਰੂ ਤੇਗ ਬਹਾਦੁਰ ਅਨੰਦਿਤ ਹੋ ਗਏ ਤੇ ਉਨ੍ਹਾਂ ਨੇ ‘ਚੱਕ ਨਾਨਕੀ’ ਨੂੰ ਅਨੰਦਪੁਰ ਸਾਹਿਬ ਕਹਿਣਾ ਸ਼ੁਰੂ ਕਰ ਦਿੱਤਾ। ਅਨੰਦਪੁਰ ਸਾਹਿਬ ਦੀ ਬੁੱਕਲ ਵਿਚ ਸਾਡੀ ਅਮੀਰ ਵਿਰਾਸਤ ਛੁਪੀ ਹੋਈ ਹੈ। ਮੁਗ਼ਲ ਹਕੂਮਤ ਦੇ ਸਤਾਏ ਹੋਏ ਕਸ਼ਮੀਰੀ ਬ੍ਰਾਹਮਣ ਫ਼ਰਿਆਦੀ ਬਣ ਕੇ ਇਸ ਨਗਰੀ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿਚ ਆਏ ਸਨ। ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਆਏ ਜਥੇ ਨੇ ਗੁਰੂ ਸਾਹਿਬ ਦੇ ਸਨਮੁੱਖ ਫ਼ਰਿਆਦ ਕੀਤੀ ਕਿ ਜੇ ਕੋਈ ਚਾਰਾ ਨਾ ਕੀਤਾ ਗਿਆ ਤਾਂ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਦਾ ਨਾਮੋ-ਨਿਸ਼ਾਨ ਨਹੀਂ ਬਚੇਗਾ। ਤਿਲਕ-ਜੰਞੂ ਦੇ ਧਾਰਨੀ ਨਾ ਹੋਣ ਦੇ ਬਾਵਜੂਦ ਗੁਰੂ ਜੀ ਕਸ਼ਮੀਰ ਤੋਂ ਆਏ ਜਥੇ ਦੀ ਦਰਦ ਕਹਾਣੀ ਸੁਣ ਕੇ ਪਸੀਜ ਗਏ। ਉਨ੍ਹਾਂ ਨੂੰ ਇਹ ਮਨੁੱਖਤਾ ਤੇ ਮਾਨਵੀ ਅਧਿਕਾਰਾਂ ਖ਼ਿਲਾਫ਼ ਹਮਲਾ ਜਾਪਿਆ। ਕਸ਼ਮੀਰੀ ਜਥੇ ਦਾ ਤਰਕ ਸੀ ਕਿ ਜੇ ਕੋਈ ਵੱਡੀ ਸ਼ਖ਼ਸੀਅਤ ਬਲੀਦਾਨ ਦੇਵੇ ਤਾਂ ਉਨ੍ਹਾਂ ਦਾ ਧਰਮ ਬਚ ਸਕਦਾ ਹੈ। ਪਿਤਾ ਨੂੰ ਗੰਭੀਰ ਮੁਦਰਾ ਵਿਚ ਵੇਖ ਕੇ ਨੌਂ ਸਾਲਾਂ ਦੇ ਗੋਬਿੰਦ ਰਾਏ ਦੇ ਮੂੰਹੋਂ ਫੁਰਨਾ ਫੁਰਿਆ ਕਿ ਉਨ੍ਹਾਂ ਤੋਂ ਮਹਾਨ ਹੋਰ ਕੌਣ ਹੋ ਸਕਦਾ ਹੈ? ਇਸ ਕਥਨ ਤੋਂ ਬਾਅਦ ਗੁਰੂ ਸਾਹਿਬ ਦੇ ਨੈਣਾਂ ਵਿਚ ਇਲਾਹੀ ਚਮਕ ਪੈਦਾ ਹੋਈ। ਸਰਫਰੋਸ਼ੀ ਦੀ ਤਮੰਨਾ ਦਿਲ ਵਿਚ ਲੈ ਕੇ ਉਹ ਸਾਬਤ ਕਦਮੀਂ ਆਪਣੀ ਮੰਜ਼ਿਲ-ਏ-ਮਕਸੂਦ, ਚਾਂਦਨੀ ਚੌਕ ਵੱਲ ਕੂਚ ਕਰ ਗਏ। ਇਸ ਸੀਸ ਦੀ ਆਭਾ ਚੰਨ-ਤਾਰਿਆਂ ਕੋਲੋਂ ਵੀ ਝੱਲੀ ਨਹੀਂ ਸੀ ਜਾ ਰਹੀ। ਰਾਹ ਵਿਚ ਆਉਂਦੇ ਰੁੱਖ-ਮਨੁੱਖ ਇਸ ਅਵੱਲੜੇ ਪਾਂਧੀ ਨੂੰ ਝੁਕ-ਝੁਕ ਸਲਾਮਾਂ ਕਰਦੇ। ਇਹ ਸੀਸ ਜੇ ਕਲਮ ਹੋਣ ਦੀ ਬਜਾਏ ਚਾਂਦਨੀ ਚੌਕ ਵਿਚ ਝੁਕ ਗਿਆ ਤਾਂ ਫਿਰ ਉੱਥੇ ਕਿਸ ਨੇ ਸੀਸ ਝੁਕਾਉਣਾ ਹੈ? ਗੁਰੂ ਸਾਹਿਬ ਮਨਬਚਨੀ ਕਰਦੇ ਹਨ। ਇਸੇ ਸੀਸ ਦੀ ਬਦੌਲਤ ਹੀ ਅਨੰਦਪੁਰ ਨਗਰੀ ’ਚੋਂ ਕ੍ਰਾਂਤੀ ਦੀਆਂ ਚਿਣਗਾਂ ਉੱਠੀਆਂ ਸਨ। ਇਸ ਮਹਾਨ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ‘ਪੰਜ ਸੀਸ’ ਦਸਮੇਸ਼ ਪਿਤਾ ਅੱਗੇ ਅਰਪਿਤ ਹੋਏ ਸਨ। ਖ਼ਾਲਸਾ ਸਿਰਜਨਾ ਦਾ ਸਬੱਬ ਵੀ ਚਾਂਦਨੀ ਚੌਕ ਹੀ ਸੀ। ਇਕ ਸੀਸ ਜ਼ੁਲਮ ਖ਼ਿਲਾਫ਼ ਜਹਾਦ ਵਿੱਢਣ ਦਾ ਅੰਕੁਰ ਬਣਿਆ। ਇਸ ਘਟਨਾ ਨੇ ਸ਼ਿਵਾਲਿਕ ਦੀਆਂ ਪਹਾੜੀਆਂ ’ਤੇ ਮਸ਼ਾਲਾਂ ਬਾਲ ਦਿੱਤੀਆਂ ਸਨ। ਇਸ ਮਹਾਨ ਘਟਨਾ ਨੇ ਨਿਰਬਲ ਲੋਕਾਂ ਵਿਚ ਨਵੀਂ ਰੂਹ ਫੂਕ ਦਿੱਤੀ। ਉਹ ਜ਼ੁਲਮ ਖ਼ਿਲਾਫ਼ ਚੱਟਾਨ ਵਾਂਗ ਖੜ੍ਹ ਗਏ। ਉਨ੍ਹਾਂ ਨੇ ਸੀਸ ਤਲੀ ’ਤੇ ਰੱਖ ਕੇ ਜ਼ੁਲਮ ਦੀ ਜੜ੍ਹ ਪੁੱਟਣ ਦਾ ਹਲਫ਼ ਲੈ ਲਿਆ। ਮੁਗ਼ਲ ਹਕੂਮਤ ਵੇਲੇ ਧਰਤੀ ਪਿਆਸੀ ਸੀ। ਗੁਰੂ ਤੇਗ ਬਹਾਦਰ ਨੇ ਆਪਣਾ ਸੀਸ ਅਰਪਿਤ ਕਰ ਕੇ ਧਰਤੀ ਦੀ ਪਿਆਸ ਬੁਝਾਉਣ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਅਣਗਿਣਤ ਸੂਰਿਆਂ ਨੇ ਆਪਣੀ ਰੱਤ ਡੋਲ੍ਹ ਕੇ ਇਸ ਪਿਆਸ ਨੂੰ ਸਦਾ ਲਈ ਮਿਟਾਉਣ ਦਾ ਅਹਿਦ ਲਿਆ। ਦੱਬੇ-ਕੁਚਲੇ ਲੜ ਕੇ ਮਰਨਾ ਸਿੱਖ ਗਏ ਸਨ। ਨੌਵੇਂ ਨਾਨਕ ਦੀ ਬਾਣੀ ਉਨ੍ਹਾਂ ਲਈ ਰਾਹ-ਦਸੇਰਾ ਸੀ। ‘‘ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ॥’’ ਦੇ ਕਥਨ ਅਨੁਸਾਰ ਆਤਮਿਕ ਬਲ ਤੋਂ ਬਿਨਾਂ ਬੰਧਨ ਨਹੀਂ ਟੁੱਟਦੇ। ਜੰਗ ਦੀ ਮਰਿਆਦਾ ਨੂੰ ਵੀ ਗੁਰੂ ਤੇਗ ਬਹਾਦਰ ਨੇ ਪਰਿਭਾਸ਼ਤ ਕੀਤਾ ਹੈ, ‘‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥’’ ਸਪਸ਼ਟ ਹੈ ਕਿ ਦੂਜਿਆਂ ਨੂੰ ਭੈਅਭੀਤ ਕਰਨ ਵਾਲਾ ਯੋਧਾ ਨਹੀਂ ਹੋ ਸਕਦਾ। ਭੈਅ ਵਿਚ ਰਹਿਣ ਵਾਲਾ ਵੀ ਜਿਊਂਦੀ ਲਾਸ਼ ਸਮਾਨ ਹੁੰਦਾ ਹੈ। ਆਪ ਦੇ ਗੁਰੂ ਦਾਦਾ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ‘‘ਪਹਿਲਾ ਮਰਣੁ ਕਬੂਲਿ ਜੀਵਨ ਕੀ ਛਡਿ ਆਸ’’। ਕੁਦਰਤੀ ਹੈ ਕਿ ਆਪ ਜੀ ਨੂੰ ਕੁਰਬਾਨੀ ਦਾ ਜਜ਼ਬਾ ਵਿਰਾਸਤ ਵਿਚ ਹੀ ਮਿਲਿਆ ਸੀ। ਡਰ ਭਉ ਉਨ੍ਹਾਂ ਦੇ ਇਰਦ-ਗਿਰਦ ਵੀ ਨਹੀਂ ਸੀ। ਤਪ ਤੇ ਤਿਆਗ ਦੀ ਮੂਰਤ ਗੁਰੂ ਸਾਹਿਬ ਦਰਅਸਲ ‘ਧਰਮ ਯੁੱਧ’ ਦੀ ਰੂਪ-ਰੇਖਾ ਤਿਆਰ ਕਰਨ ਪਿੱਛੋਂ ਖ਼ੁਦ ਸਭ ਲਈ ਮਿਸਾਲ ਬਣਨ ਲਈ ਉਤਸੁਕ ਸਨ। ਇਕੱਲੇ ਕਸ਼ਮੀਰੀ ਫ਼ਰਿਆਦੀਆਂ ਦੀ ਪੀੜਾ ਹੀ ਨਹੀਂ ਬਲਕਿ ਹਰ ਮਜ਼ਲੂਮ ਦੇ ਦੁੱਖ ਨਿਵਾਰਨ ਲਈ ਉਨ੍ਹਾਂ ਨੇ ਚਾਂਦਨੀ ਚੌਕ ਦਾ ਰਾਹ ਨਾਪਿਆ ਸੀ। ਇਸੇ ਲਈ ਕਈ ਉਨ੍ਹਾਂ ਦੀ ਕੁਰਬਾਨੀ ਨੂੰ ‘ਹਿੰਦ ਦੀ ਚਾਦਰ’ ਜਾਂ ‘ਧਰਮ ਦੀ ਚਾਦਰ’ ਕਹਿ ਕੇ ਯਾਦ ਕਰਦੇ ਹਨ। ਅਜਿਹੀ ਮਿਸਾਲ ਤਵਾਰੀਖ਼ ਵਿਚ ਨਹੀਂ ਮਿਲਦੀ ਜਦੋਂ ਕਿਸੇ ਨੇ ਦੂਜੇ ਧਰਮ ਲਈ ਕੁਰਬਾਨੀ ਦਿੱਤੀ ਹੋਵੇ। ਇਹ ਕਦਮ ਮਾਨਵਤਾ ਨੂੰ ਇਕ ਲੜੀ ਵਿਚ ਪ੍ਰੋਣ ਵਾਲਾ ਸੀ। ਕਰਤਾਰਪੁਰ ਸਾਹਿਬ ਦੀ ਜੰਗ ਵਿਚ ਤੇਗ ਦੇ ਜੌਹਰ ਵਿਖਾ ਕੇ ‘ਤੇਗ ਬਹਾਦਰ’ ਬਣਨ ਵਾਲਾ ਚਾਂਦਨੀ ਚੌਕ ਵਿਚ ਜ਼ੁਲਮ ਦੀ ਤਲਵਾਰ ਅੱਗੇ ਝੁਕਿਆ ਨਹੀਂ। ਗੁਰੂ ਸਾਹਿਬ ਨੂੰ ਯਰਕਾਉਣ ਲਈ ਭਾਈ ਮਤੀ ਦਾਸ ਜੀ ਨੂੰ ਦੋ ਥਮਲਿਆਂ ਨਾਲ ਬੰਨ੍ਹ ਕੇ ਆਰੇ ਨਾਲ ਚੀਰ ਸੁੱਟਿਆ ਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਉਬਾਲਿਆ ਗਿਆ। ਭਾਈ ਸਤੀ ਦਾਸ ਜੀ ਨੂੰ ਜਿਉਂਦਿਆਂ ਰੂੰ ਵਿਚ ਲਪੇਟ ਕੇ ਅੱਗ ਦੇ ਹਵਾਲੇ ਕਰ ਦਿੱਤਾ। ਔਰੰਗਜ਼ੇਬ ਦੇ ਦਰਬਾਰ ਦਾ ਇਹ ਅਜਬ ਨਜ਼ਾਰਾ ਸਮੇਂ ਨੂੰ ਝੁਣਝੁਣੀ ਦੇਣ ਵਾਲਾ ਸੀ ਪਰ ਇਸ ਦੇ ਬਾਵਜੂਦ ਗੁਰੂ ਤੇਗ ਬਹਾਦਰ ਅਡੋਲ ਰਹੇ। ਉਨ੍ਹਾਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਵਰਤਿਆ ਗਿਆ ਹਰ ਹਰਬਾ ਚਕਨਾਚੂਰ ਹੋ ਗਿਆ। ਸ੍ਰੀ ਦਸਮ ਗ੍ਰੰਥ ਵਿਚ ਦਸਮ ਪਿਤਾ ਫਰਮਾਉਂਦੇ ਹਨ,

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ॥

ਸਾਧਨਿ ਹੇਤਿ ਇਤੀ ਜਿਨਿ ਕਰੀ॥ ਸੀਸ ਦੀਆ ਪਰੁ ਸੀ ਨ ਉਚਰੀ॥

ਧਰਮ ਹੇਤ ਸਾਕਾ ਜਿਨਿ ਕੀਆ॥ ਸੀਸ ਦੀਆ ਪਰ ਸਿਰਰੁ ਨ ਦੀਆ॥

ਆਪਣਾ ਸੀਸ ਅਰਪਿਤ ਕਰਦਿਆਂ ਮੁੱਖੋਂ ਸੀ ਤਕ ਨਾ ਉਚਾਰਨਾ ਕਲਯੁੱਗ ਵਿਚ ਵਾਪਰਿਆ ਅਦੁੱਤੀ ਸਾਕਾ ਸੀ। ਗੁਰੂ ਗੋਬਿੰਦ ਸਿੰਘ ਇਕ ਹੋਰ ਸ਼ਲੋਕ ਵਿਚ ਮੁਗ਼ਲ ਸਾਮਰਾਜ ਨੂੰ ਦਿੱਤੀ ਵੰਗਾਰ ਦਾ ਮਾਰਮਿਕ ਜ਼ਿਕਰ ਕਰਦੇ ਹਨ, ‘‘ਠੀਕਰਿ ਫੇਰਿ ਦਿਲੀਸ ਸਿਰਿ ਪ੍ਰਭ ਪੁਰ ਕੀਯਾ ਪਯਾਨ...(ਭਾਵ, ਨੌਵੇਂ ਨਾਨਕ ਨੇ ਆਪਣਾ ਸਰੀਰ ਰੂਪੀ ਠੀਕਰਾ ਦਿੱਲੀ ਦੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਭੰਨ੍ਹ ਕੇ ਪਰਲੋਕ (ਪਰਮੇਸ਼ਰ ਲੋਕ) ਪਿਆਨਾ ਕੀਤਾ। ਆਪ ਜੇਹੀ ਮਿਸਾਲ ਅੱਜ ਤਕ ਕਿਸੇ ਨੇ ਕਾਇਮ ਨਹੀਂ ਕੀਤੀ। ਇਸ ਸ਼ਹਾਦਤ ਨੇ ਮਾਤਲੋਕ ਵਿਚ ਸੋਗ ਦੀ ਲਹਿਰ ਚਲਾਈ ਤੇ ਹਾਹਾਕਾਰ ਮਚ ਗਈ ਪਰ ਦੇਵ ਲੋਕ ਵਿਚ ਆਪ ਜੀ ਦੀ ਜੈ-ਜੈਕਾਰ ਹੋਈ। ਸਾਹਿਬਜ਼ਾਦੇ ਵੱਲੋਂ ਆਪਣੇ ਗੁਰ-ਪਿਤਾ ਨੂੰ ਸ਼ਬਦਾਂ ਰਾਹੀਂ ਦਿੱਤੀ ਸ਼ਰਧਾਂਜਲੀ ਵੀ ਆਪਣੇ-ਆਪ ਵਿਚ ਅਨੂਠੀ ਮਿਸਾਲ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ’ਚੋਂ ਤਿਆਗ ਅਤੇ ਬਲੀਦਾਨ ਦੇ ਦੀਦਾਰ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਪਦ-ਚਿੰਨ੍ਹਾਂ ’ਤੇ ਚੱਲਦਿਆਂ ਆਪ ਨੇ ਦੇਸ਼-ਦੇਸ਼ਾਂਤਰ ਦੀਆਂ ਉਦਾਸੀਆਂ ਕਰ ਕੇ ਜਨ-ਸੰਪਰਕ ਵਧਾਇਆ ਸੀ। ਹਰ ਵਰਗ ਦੇ ਲੋਕਾਂ ਨੂੰ ਉਨ੍ਹਾਂ ਨੇ ਆਪਣੀ ਗਲਵੱਕੜੀ ਵਿਚ ਲੈ ਕੇ ਜਾਤ-ਪਾਤ ਰਹਿਤ ਸਮਾਜ ਦੀ ਸਿਰਜਣਾ ਕੀਤੀ। ਇਹੀ ਕਾਰਨ ਹੈ ਕਿ 1699 ਦੀ ਵਿਸਾਖੀ ’ਤੇ ਅਨੰਦਪੁਰ ਸਾਹਿਬ ਵਿਚ ਜੁੜੀ ਸੰਗਤ ’ਚੋਂ ਜਿਨ੍ਹਾਂ ਸਿੱਖਾਂ ਨੇ ਗੁਰੂ ਜੀ ਨੂੰ ਆਪਣੇ ਸੀਸ ਭੇਟ ਕੀਤੇ, ਉਹ ਵੱਖ-ਵੱਖ ਜਾਤਾਂ ਤੇ ਵੱਖ-ਵੱਖ ਖੇਤਰਾਂ ’ਚੋਂ ਆਏ ਹੋਏ ਸਨ।

Posted By: Susheel Khanna