ਪਹਿਲਾਂ ਵਿਆਹ ਵੱਡੇ-ਵੱਡੇ ਮੈਰਿਜ ਪੈਲੇਸਾਂ, ਰੈਸਟੋਰੈਂਟਾਂ ਵਿਚ ਹੁੰਦੇ ਸਨ ਜਿਨ੍ਹਾਂ 'ਤੇ ਲੱਖਾਂ ਰੁਪਏ ਖ਼ਰਚ ਕਰ ਦਿੱਤੇ ਜਾਂਦੇ ਸਨ। ਹੁਣ ਪਿਛਲੇ ਦੋ ਮਹੀਨਿਆਂ ਤੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੂਬੇ ਵਿਚ ਲੱਗੇ ਲਾਕਡਾਉੂਨ ਅਤੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਬਹੁਤ ਸਖ਼ਤੀ ਕੀਤੀ ਜਾ ਰਹੀ ਹੈ। ਵਿਆਹ ਵੀ ਪੈਲੇਸਾਂ, ਹੋਟਲਾਂ, ਧਰਮਸ਼ਾਲਾਵਾਂ ਵਿਚ ਨਹੀਂ ਹੁੰਦੇ। ਸਿਰਫ਼ ਪੰਜ ਬੰਦੇ (ਪਰਿਵਾਰ ਦੇ ਜੀਅ) ਹੀ ਲੜਕੀ ਨੂੰ ਵਿਆਹ ਕੇ ਲੈ ਆਉਂਦੇ ਹਨ। ਸਾਦਗੀ ਭਰੇ ਵਿਆਹਾਂ ਅਤੇ ਭੋਗ ਸਮਾਗਮਾਂ ਨੇ ਪਹਿਲਾਂ ਹੀ ਆਰਥਿਕ ਸੰਕਟ ਝੱਲ ਰਹੇ ਪੰਜਾਬ ਦੇ ਲੋਕਾਂ ਨੂੰ ਨਵਾਂ ਰਾਹ ਦਿਖਾਇਆ ਹੈ। ਸਾਦੇ ਢੰਗ ਨਾਲ ਹੁੰਦੇ ਵਿਆਹਾਂ ਨੇ ਦਰਸਾ ਦਿੱਤਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਵਿਆਹਾਂ 'ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾਣ। ਸਮਾਜ ਵਿਚ ਫੌਕੀ ਟੌਹਰ ਅਤੇ ਸ਼ਰੀਕੇ 'ਚ ਨੱਕ ਰੱਖਣ ਵਾਸਤੇ ਜ਼ਮੀਨਾਂ ਗਹਿਣੇ ਧਰ ਕੇ, ਕਰਜ਼ਾ ਚੁੱਕ ਕੇ ਵਿਆਹ ਕੀਤੇ ਜਾਣ, ਇਹ ਠੀਕ ਨਹੀਂ। ਘੱਟ ਇਕੱਠਾਂ ਅਤੇ ਬਗ਼ੈਰ ਲੱਖਾਂ ਰੁਪਏ ਖ਼ਰਚਿਆਂ ਵੀ ਰੀਤੀ-ਰਿਵਾਜ਼ਾਂ ਤੇ ਰਸਮਾਂ ਨਾਲ ਹਰ ਖ਼ੁਸ਼ੀ ਸਾਂਝੀ ਕੀਤੀ ਜਾ ਸਕਦੀ ਹੈ। ਵਿਆਹ-ਸ਼ਾਦੀਆਂ ਅਤੇ ਭੋਗਾਂ ਸਮੇਂ ਫ਼ਜ਼ੂਲ ਰਸਮਾਂ ਕਾਰਨ ਸਮਾਜ ਦਾ ਇਕ ਵੱਡਾ ਤਬਕਾ ਭਾਰੀ ਕਰਜ਼ੇ ਦੇ ਬੋਝ ਥੱਲੇ ਦੱਬ ਚੁੱਕਾ ਹੈ। ਕੋਰੋਨਾ ਕਾਲ ਦੌਰਾਨ ਕਈ ਵਿਆਹ ਬਿਨਾਂ ਕਿਸੇ ਸ਼ੋਰ-ਸ਼ਰਾਬੇ, ਦਾਜ-ਦਹੇਜ ਅਤੇ ਮੀਟ-ਸ਼ਰਾਬ ਤੋਂ ਨੇਪਰੇ ਚਾੜ੍ਹੇ ਜਾ ਰਹੇ ਹਨ। ਇਹ ਚੰਗੀ ਗੱਲ ਹੈ ਕਿ ਲੋਕ 'ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ' ਵਾਲੀ ਸੁਚੱਜੀ ਗੱਲ 'ਤੇ ਅਮਲ ਕਰਨ ਲੱਗੇ ਹਨ। ਅਖ਼ਬਾਰਾਂ 'ਚ ਕੁਝ ਖ਼ਬਰਾਂ ਪੜ੍ਹਨ ਨੂੰ ਮਿਲ ਰਹੀਆਂ ਹਨ ਕਿ ਫਲਾਣੇ ਪਿੰਡ-ਸ਼ਹਿਰ 'ਚ 500 ਜਾਂ 1100 ਰੁਪਏ ਖ਼ਰਚ ਕੇ ਹੀ ਵਿਆਹ ਹੋ ਗਿਆ। ਕਈ ਸ਼ਹਿਰਾਂ 'ਚ ਤਾਂ ਗ਼ਰੀਬੀ ਦੀ ਮਾਰ ਝੱਲ ਰਹੇ ਪਰਿਵਾਰਾਂ ਦੇ ਲੜਕੇ-ਲੜਕੀਆਂ ਦੇ ਵਿਆਹਾਂ ਦਾ ਖ਼ਰਚਾ ਪੁਲਿਸ ਮੁਲਾਜ਼ਮਾਂ ਨੇ ਕੀਤਾ। ਸਾਦੇ ਵਿਆਹ ਕਰਨ ਕਰ ਕੇ ਮਾਪਿਆਂ ਦੇ ਲੱਖਾਂ ਰੁਪਏ ਬਚ ਗਏ। ਕੋਰੋਨਾ ਕਾਲ ਦੌਰਾਨ ਹੋਏ ਆਪਣੇ ਸਸਤੇ ਵਿਆਹਾਂ ਨੂੰ ਜੋੜੇ ਸਾਰੀ ਜ਼ਿੰਦਗੀ ਨਹੀਂ ਭੁੱਲਣਗੇ। ਉਹ ਜਦੋਂ ਵੀ ਵਰ੍ਹੇਗੰਢ ਮਨਾਉਣਗੇ ਤਾਂ ਇਹ ਗੱਲਾਂ ਜ਼ਰੂਰ ਕਰਿਆ ਕਰਨਗੇ ਕਿ ਸਾਡੇ ਵਿਆਹ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਫੈਲੀ ਹੋਈ ਸੀ। ਕਈ ਲੜਕੇ ਵੀ ਵਰ੍ਹੇਗੰਢ ਮੌਕੇ ਜਾਂ ਹੋਰ ਕਿਸੇ ਰਿਸ਼ਤੇਦਾਰ, ਦੋਸਤ-ਮਿੱਤਰ ਦੇ ਵਿਆਹ ਸਮੇਂ ਆਪ ਵੀ ਇਹ ਗੱਲ ਬੜੇ ਮਾਣ ਨਾਲ ਆਪਣੇ ਦੋਸਤਾਂ, ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਕਹਿਣਗੇ ਕਿ ਮੈਂ ਮੋਟਰਸਾਈਕਲ 'ਤੇ ਵਿਆਹ ਕੇ ਲਿਆਇਆ ਸਾਂ ਜਾਂ ਮੇਰੇ ਵਿਆਹ 'ਤੇ ਮੰਮੀ-ਪਾਪਾ, ਚਾਚਾ-ਚਾਚੀ, ਭੈਣ-ਭਰਾ ਕੁੱਲ ਪੰਜ ਬੰਦੇ ਹੀ ਗਏ ਸਨ। ਸਾਦੇ ਵਿਆਹ ਕਰਨ ਤੇ ਕਰਵਾਉਣ ਦੀ ਕੋਈ ਰੀਸ ਨਹੀਂ। ਇਹ ਬਹੁਤ ਚੰਗੀ ਤੇ ਸਿਹਤਮੰਦ ਪਿਰਤ ਹੈ। ਇਸ ਲਈ ਸਾਦੇ ਵਿਆਹਾਂ ਨੂੰ ਤਰਜੀਹ ਦਿਓ ਅਤੇ ਕੋਰੋਨਾ ਕਾਲ ਤੋਂ ਬਾਅਦ ਵੀ ਇਸੇ ਪਿਰਤ 'ਤੇ ਬੜੀ ਸ਼ਿੱਦਤ ਨਾਲ ਅਮਲ-ਦਰਾਮਦ ਕਰਦੇ ਰਹੋ।

-ਕਰਨੈਲ ਸਿੰਘ ਐੱਮਏ, ਜਮਾਲਪੁਰ (ਲੁਧਿਆਣਾ)।

Posted By: Jagjit Singh