-ਲਕਸ਼ਮੀਕਾਂਤਾ ਚਾਵਲਾ

ਸੰਨ 2019 ਇਕ ਪੱਖੋਂ ਬਹੁਤ ਮਹੱਤਵਪੂਰਨ ਰਿਹਾ। ਮਹਾਂਪੁਰਖਾਂ ਨੂੰ ਯਾਦ ਕੀਤਾ, ਉਨ੍ਹਾਂ ਦੇ ਪੁਰਬ ਮਨਾਏ, ਬਹੁਤ ਵੱਡੇ-ਵੱਡੇ ਉਤਸਵ ਮਨਾਏ ਅਤੇ ਸਭ ਤੋਂ ਵੱਡੀ ਗੱਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਭਾਰਤ ਦੇ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ-ਦੀਦਾਰੇ ਕਰਨ ਦਾ ਸ਼ੁਭ ਅਵਸਰ ਪ੍ਰਾਪਤ ਕਰ ਸਕੇ। ਬਹੱਤਰ ਸਾਲ ਪਹਿਲਾਂ ਭਾਰਤ ਦੀ ਆਜ਼ਾਦੀ ਦੇ ਨਾਲ ਹੀ ਅਸੀਂ ਬਾਬਾ ਨਾਨਕ ਦੀ ਇਸ ਪਵਿੱਤਰ ਕਰਮ ਭੂਮੀ ਦੇ ਦਰਸ਼ਨਾਂ ਤੋਂ ਵਿਰਵੇ ਹੋ ਗਏ ਸਾਂ। ਲਗਾਤਾਰ ਇਹ ਅਰਦਾਸ ਹੁੰਦੀ ਰਹੀ ਕਿ ਅਸੀਂ ਉਨ੍ਹਾਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਕਰ ਸਕੀਏ ਜਿੱਥੇ ਅਸੀਂ ਭਾਰਤ ਦੀ ਵੰਡ ਕਾਰਨ ਨਹੀਂ ਜਾ ਸਕਦੇ ਸਾਂ। ਇਹ ਖ਼ਾਬ ਹਕੀਕਤ ਬਣ ਗਿਆ।

ਭਾਰਤ ਦੇ ਨਾਲ-ਨਾਲ ਪੂਰੇ ਵਿਸ਼ਵ ਵਿਚ ਇਹ ਪੁਰਬ ਮਨਾਇਆ ਗਿਆ। ਆਮ ਲੋਕਾਂ ਦੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਤਕ ਡੇਰਾ ਬਾਬਾ ਨਾਨਕ ਵਿਚ ਕਰਤਾਰਪੁਰ ਜਾਣ ਵਾਲੇ ਪਹਿਲੇ ਜੱਥੇ ਨੂੰ ਵਿਦਾ ਕਰਨ ਪੁੱਜੇ ਸਨ। ਗੁਰਬਾਣੀ ਦਾ ਕੀਰਤਨ ਸਭ ਨੇ ਸਰਵਣ ਕੀਤਾ ਅਤੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਭਾਰਤ ਵਾਸੀਆਂ ਨੇ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਹਾੜਾ ਵੀ ਮਨਾਇਆ। ਸ਼ਰਧਾਂਜਲੀ, ਭਾਸ਼ਣ, ਸੰਕਲਪ ਸਭ ਕੁਝ ਕੀਤਾ ਗਿਆ ਜੋ ਯੁਗਪੁਰਸ਼ਾਂ ਦੇ ਪਵਿੱਤਰ ਦਿਨਾਂ 'ਤੇ ਕੀਤਾ ਜਾਂਦਾ ਹੈ। ਦੁਨੀਆ ਦੇ ਅਨੇਕ ਦੇਸ਼ਾਂ ਵਿਚ ਮਹਾਤਮਾ ਗਾਂਧੀ ਦਾ ਪਿਆਰਾ ਭਜਨ ਗੂੰਜ ਉੱਠਿਆ-'ਵੈਸ਼ਣਵ ਜਨ ਤੋ ਤੈਨੇ ਕਹੀਏ, ਜੋ ਪੀਰ ਪਰਾਈ ਜਾਨੇ ਰੇ...'। ਇਹ ਅਲੱਗ ਗੱਲ ਹੈ ਕਿ ਅੱਜ ਵੈਸ਼ਣਵ ਜਨ ਬਹੁਤ ਘੱਟ ਮਿਲਦੇ ਹਨ ਪਰ ਇਹ ਗੀਤ ਦੁਨੀਆ ਦੇ 50 ਤੋਂ ਵੀ ਜ਼ਿਆਦਾ ਮੁਲਕਾਂ ਵਿਚ ਅਲੱਗ-ਅਲੱਗ ਸੁਰਾਂ ਅਤੇ ਆਵਾਜ਼ਾਂ ਵਿਚ ਗੂੰਜਦਾ ਹੈ। ਅਪ੍ਰੈਲ 2019 ਵਿਚ ਹੀ ਅਸੀਂ ਜਲਿਆਂਵਾਲਾ ਬਾਗ਼ ਦੇ ਬਲੀਦਾਨਾਂ ਦੀ, ਅੰਗਰੇਜ਼ਾਂ ਦੇ ਜ਼ਾਲਮਾਨਾ ਕਾਰਨਾਮਿਆਂ ਦੀ ਸ਼ਤਾਬਦੀ ਵੀ ਮਨਾਈ। ਭਾਰਤ ਦੇ ਉਪ ਰਾਸ਼ਟਰਪਤੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਵਿਚ ਤਸ਼ਰੀਫ਼ ਲਿਆਏ। ਕੀਰਤਨ ਵੀ ਹੋਇਆ ਅਤੇ ਰਾਮ-ਨਾਮ ਦਾ ਮਧੁਰ ਗਾਇਨ ਵੀ। ਭਾਸ਼ਣ ਵੀ ਹੋਏ। ਸੁਰੱਖਿਆ ਬੰਦੋਬਸਤ ਵੀ ਕਾਫ਼ੀ ਮਜ਼ਬੂਤ ਸਨ। ਇਹ ਠੀਕ ਹੈ ਕਿ ਉਸ ਦਿਨ ਜਲਿਆਂਵਾਲਾ ਬਾਗ਼ ਵਿਚ ਸਿਰਫ਼ ਸਿਆਸੀ ਪਾਰਟੀਆਂ ਦੇ ਖ਼ਾਸ ਲੋਕਾਂ ਨੂੰ ਹੀ ਦਾਖ਼ਲ ਹੋਣ ਦਿੱਤਾ ਗਿਆ।

ਜਿਨ੍ਹਾਂ ਬਲੀਦਾਨੀਆਂ ਦੇ ਖ਼ੂਨ ਨਾਲ ਜਲਿਆਂਵਾਲਾ ਬਾਗ਼ ਦੀ ਭੂਮੀ ਸਿੰਜੀ ਗਈ ਸੀ, ਉਨ੍ਹਾਂ ਦੇ ਵੰਸ਼ਜ ਬਹੁਤ ਘੱਟ ਦਿਖਾਈ ਦਿੱਤੇ। ਸੰਭਵ ਤੌਰ 'ਤੇ ਕਿਸੇ ਨੂੰ ਦਾਖ਼ਲ ਹੋਣ ਦੀ ਆਗਿਆ ਵੀ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੇ ਵੰਸ਼ਜਾਂ ਦੀ ਆਵਾਜ਼ ਕਿਸੇ ਨੇ ਸੁਣੀ। ਹੁਣ ਸਵਾਲ ਇਹ ਹੈ ਕਿ ਅਸੀਂ ਸਿਰਫ਼ ਮਨਾਉਂਦੇ ਹੀ ਕਿਉਂ ਹਾਂ, ਅਪਣਾਉਂਦੇ ਕਿਉਂ ਨਹੀਂ। ਗੁਰੂ ਨਾਨਕ ਦੇਵ ਜੀ ਨੇ ਇਹ ਸੰਦੇਸ਼ ਦਿੱਤਾ ਸੀ ਕਿ ਸਭ ਜੀਵਾਂ ਵਿਚ ਇਕ ਹੀ ਈਸ਼ਵਰ ਹੈ। ਉਸੇ ਲਾਲ ਦੀ ਲਾਲੀ ਕਣ-ਕਣ ਵਿਚ ਹੈ। ਉਪਦੇਸ਼ ਇਹ ਵੀ ਮਿਲਿਆ ਸੀ ਕਿ ਕੋਈ ਵੈਰੀ ਨਹੀਂ, ਕੋਈ ਬੇਗਾਨਾ ਨਹੀਂ।

ਸੰਸਾਰ ਵਿਚ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ਅਰਥਾਤ ਮਿਹਨਤ ਕਰੋ, ਵੰਡ ਕੇ ਖਾਓ ਅਤੇ ਨਾਮ ਸਿਮਰਨ ਕਰੋ, ਇਹ ਸੰਦੇਸ਼ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ ਪਰ ਅੱਜ ਹੈਰਾਨੀ ਹੁੰਦੀ ਹੈ ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਲੇ ਕੁਝ ਅਜਿਹੇ ਸੂਬੇ ਵੀ ਹਨ ਜਿਨ੍ਹਾਂ ਦੇ ਹੁਕਮਰਾਨ ਉਸ ਜੋਤੀ ਨੂੰ ਨਹੀਂ ਦੇਖਦੇ ਜੋ ਈਸ਼ਵਰ ਦਾ ਨੂਰ ਹਰ ਜੀਵ ਵਿਚ, ਜੜ੍ਹ ਵਿਚ, ਚੇਤਨ ਵਿਚ ਮੌਜੂਦ ਹੈ। ਕੇਹੀ ਤ੍ਰਾਸਦੀ ਹੈ ਕਿ ਜਿਸ ਧਰਤੀ 'ਤੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਜਿੱਥੇ ਉਨ੍ਹਾਂ ਨੇ 'ਨਾ ਕੋਈ ਵੈਰੀ, ਨਾ ਬੇਗਾਨਾ' ਦਾ ਸੰਦੇਸ਼ ਦਿੱਤਾ ਅਤੇ ਇਹ ਵੀ ਕਿਹਾ ਕਿ ਜੋ ਮਨੁੱਖ ਪਸ਼ੂ-ਪੰਛੀਆਂ ਦਾ ਰੱਤ ਅਰਥਾਤ ਖ਼ੂਨ ਪੀਂਦੇ ਹਨ, ਉਨ੍ਹਾਂ ਦੀ ਆਤਮਾ ਕਿੱਦਾਂ ਪਵਿੱਤਰ ਹੋ ਸਕਦੀ ਹੈ। ਉਸੇ ਪੰਜਾਬ ਵਿਚ 112 ਬੁੱਚੜਖਾਨੇ ਸਰਕਾਰ ਕੋਲ ਰਜਿਸਟਰਡ ਹਨ ਪਰ ਨਾਜਾਇਜ਼ ਕਿੰਨੇ ਹਨ, ਇਸ ਦੀ ਕੋਈ ਗਿਣਤੀ ਨਹੀਂ। ਮੈਨੂੰ ਹੈਰਾਨੀ ਹੁੰਦੀ ਹੈ ਕਿ ਉਪਰੋਕਤ ਸੰਸਥਾ ਨੂੰ ਇਹ ਚਿੰਤਾ ਹੈ ਕਿ ਲਾਇਸੈਂਸਸ਼ੁਦਾ ਬੁੱਚੜਖਾਨਿਆਂ ਵਿਚ ਵੀ ਪਸ਼ੂਆਂ ਨੂੰ ਬੇਹੱਦ ਬੇਰਹਿਮੀ ਨਾਲ ਜਾਨੋਂ ਮਾਰਿਆ ਜਾਂਦਾ ਹੈ। ਇਹ ਚਿੰਤਾ ਕਿਉਂ ਨਹੀਂ ਕਿ ਪਸ਼ੂ ਕਿਉਂ ਮਾਰੇ ਜਾਂਦੇ ਹਨ। ਪ੍ਰਸ਼ਨ ਇਹ ਵੀ ਹੈ ਕਿ ਕੀ ਮਹਾਤਮਾ ਗਾਂਧੀ ਅਤੇ ਜਲਿਆਂਵਾਲਾ ਬਾਗ਼ ਦੇ ਬਲੀਦਾਨ ਕਿਸੇ ਇਕ ਸੂਬੇ ਜਾਂ ਦੇਸ਼ ਦੇ ਹਨ।

ਜਿਸ ਦੇਸ਼ ਵਿਚ ਭਗਵਾਨ ਮਹਾਵੀਰ ਨੇ ਅਹਿੰਸਾ ਪਰਮ ਧਰਮ ਦਾ ਸੰਦੇਸ਼ ਦਿੱਤਾ, ਮਹਾਤਮਾ ਬੁੱਧ ਹੋਏ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਜੋ ਧਰਤੀ ਵਿਸ਼ਵ ਤਕ ਸੰਦੇਸ਼ ਦੇਣ ਵਾਲੀ ਬਣੀ, ਉਸ ਦੇਸ਼ ਵਿਚ ਇਕ ਅਨੁਮਾਨ ਅਨੁਸਾਰ ਇਕ ਲੱਖ ਤੋਂ ਵੀ ਵੱਧ ਬੁੱਚੜਖਾਨੇ ਹਨ। ਪਸ਼ੂ ਹਿਤੈਸ਼ੀ ਸੰਗਠਨ 'ਪੀਪਲ ਫਾਰ ਦਿ ਐਥੀਕਲ ਟਰੀਟਮੈਂਟ ਆਫ ਐਨੀਮਲਜ਼ ਇੰਡੀਆ' ਦੀ ਰਿਲੀਜ਼ ਅਨੁਸਾਰ ਦੇਸ਼ ਵਿਚ ਨਾਜਾਇਜ਼ ਬੁੱਚੜਖਾਨਿਆਂ ਦੀ ਗਿਣਤੀ ਤੀਹ ਹਜ਼ਾਰ ਤੋਂ ਵੱਧ ਹੈ।

ਦਸ ਸੂਬਿਆਂ ਵਿਚ ਸਰਕਾਰੀ ਆਗਿਆ ਲੈ ਕੇ ਗਊ ਹੱਤਿਆ ਕੀਤੀ ਜਾਂਦੀ ਹੈ। ਅਸੀਂ ਕਿਸ ਤਰ੍ਹਾਂ ਦੁਨੀਆ ਨੂੰ ਇਹ ਕਹਾਂਗੇ ਕਿ ਅਸੀਂ ਹੀ ਅਹਿੰਸਾ ਪਰਮ ਧਰਮ ਦਾ ਉਪਦੇਸ਼ ਦੁਨੀਆ ਨੂੰ ਦਿੱਤਾ ਅਤੇ ਇਸ ਨੂੰ ਆਪਣਾ ਰਾਸ਼ਟਰੀ ਆਦਰਸ਼ ਵੀ ਬਣਾਇਆ। ਦੇਖੋ ਆਪਾ-ਵਿਰੋਧ, ਇਕ ਪਾਸੇ ਸਵੇਰੇ ਪੰਜਾਬ ਦੇ ਗੁਰਦੁਆਰਿਆਂ 'ਚੋਂ ਪਵਿੱਤਰ ਬਾਣੀ ਗੂੰਜਦੀ ਹੈ, ਮੰਦਰਾਂ ਵਿਚ ਆਰਤੀ ਹੁੰਦੀ ਹੈ, ਉਸੇ ਪੰਜਾਬ ਵਿਚ 112 ਰਜਿਸਟਰਡ ਅਤੇ ਪਤਾ ਨਹੀਂ ਕਿੰਨੇ ਹੀ ਗ਼ੈਰ-ਕਾਨੂੰਨੀ ਬੁੱਚੜਖਾਨਿਆਂ ਵਿਚ ਕੱਟੇ ਜਾ ਰਹੇ ਹਜ਼ਾਰਾਂ ਜੀਵਾਂ ਦੀਆਂ ਚੀਕਾਂ ਵੀ ਸੁਣਾਈ ਦਿੰਦੀਆਂ ਹਨ। ਜਿਸ ਗੁਰੂ ਪ੍ਰੰਪਰਾ ਦੇ ਨਾਮ 'ਤੇ ਤੰਬਾਕੂ ਸੇਵਨ ਤਕ ਦੀ ਮਨਾਹੀ ਹੈ, ਉਸੇ ਸੂਬੇ ਵਿਚ ਸਰਕਾਰਾਂ ਦੀ ਬੇੜੀ ਸ਼ਰਾਬ ਦੀ ਕਮਾਈ ਸਹਾਰੇ ਪਾਰ ਲੱਗਦੀ ਹੈ। ਗਾਂਧੀ ਜੀ ਨੇ ਵੀ ਤਾਂ ਸ਼ਰਾਬ ਅਤੇ ਵਿਦੇਸ਼ੀ ਮਾਲ ਦਾ ਵਿਰੋਧ ਕੀਤਾ ਸੀ। ਗਊ ਹੱਤਿਆ ਦੇ ਉਹ ਸਖ਼ਤ ਵਿਰੋਧੀ ਸਨ ਅਤੇ ਆਜ਼ਾਦੀ ਤੋਂ ਬਾਅਦ ਪਹਿਲੇ ਘੰਟੇ ਵਿਚ ਹੀ ਗਊ ਹੱਤਿਆ ਅਤੇ ਸ਼ਰਾਬਬੰਦੀ ਦੀ ਗੱਲ ਕਹਿੰਦੇ ਸਨ। ਹੁਣ ਦਿਨ-ਦਿਹਾੜੇ ਤਾਂ ਮਨਾ ਲਏ ਪਰ ਸੰਦੇਸ਼ ਨਹੀਂ ਅਪਣਾਇਆ।

ਗ੍ਰੰਥਾਂ ਵਿਚ ਲਿਖਿਆ ਹੈ ਕਿ ਜੋ ਮਨ, ਬਾਣੀ, ਕਰਮ ਤੋਂ ਸਮਾਨ ਵਿਵਹਾਰ ਕਰਦਾ ਹੈ, ਉਹੀ ਸੰਤ ਹੈ, ਨਹੀਂ ਤਾਂ ਦਾਨਵ। ਤਾਂ ਕੀ ਮੰਨਿਆ ਜਾਵੇ ਕਿ ਮਹਾਪੁਰਖਾਂ ਦੇ ਉਪਦੇਸ਼ ਇਨ੍ਹਾਂ ਸਰਕਾਰਾਂ ਨੇ ਸਿਰਫ਼ ਭਾਸ਼ਣ ਦੇਣ ਲਈ ਹੀ ਰੱਖੇ ਹੋਏ ਹਨ? ਗਾਂਧੀ ਜੀ ਦੀ ਮੂਰਤੀ, ਉਨ੍ਹਾਂ ਦੀਆਂ ਯਾਦਗਾਰਾਂ ਸਿਰਫ਼ 2 ਅਕਤੂਬਰ ਅਤੇ 30 ਜਨਵਰੀ ਨੂੰ ਹੀ ਕੁਝ ਫੁੱਲ ਚੜ੍ਹਾਉਣ ਲਈ ਰਾਖਵੀਆਂ ਕਰ ਲਈਆਂ ਗਈਆਂ ਹਨ? ਅਫ਼ਸੋਸ ਕਿ ਅਸੀਂ ਮੰਨਦੇ ਹਾਂ, ਅਪਣਾਉਂਦੇ ਨਹੀਂ। ਜਦ ਤਕ ਅਸੀਂ ਅਪਣਾਵਾਂਗੇ ਨਹੀਂ, ਉਦੋਂ ਤਕ ਦੇਸ਼, ਸਮਾਜ ਅਤੇ ਸੰਸਾਰ ਦਾ ਭਲਾ ਵੀ ਨਹੀਂ ਕਰ ਸਕਾਂਗੇ। ਜਿੱਥੇ ਸਾਨੂੰ ਇਹ ਉਪਦੇਸ਼ ਮਿਲਿਆ-ਪਵਨ ਗੁਰੂ, ਪਾਣੀ ਪਿਤਾ ਅਤੇ ਮਾਤਾ ਧਰਤੀ ਹੈ, ਉਸੇ ਭਾਰਤ ਵਿਚ ਅਸੀਂ ਹਵਾ, ਪਾਣੀ ਨੂੰ ਜ਼ਹਿਰੀਲਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਭਾਵੀ ਪੀੜ੍ਹੀਆਂ ਲਈ ਨਾ ਅਸੀਂ ਪਾਣੀ ਸੁਰੱਖਿਅਤ ਰੱਖ ਰਹੇ ਹਾਂ, ਨਾ ਹੀ ਹਵਾ। ਮੇਰਾ ਤਾਂ ਇਹ ਮੰਨਣਾ ਹੈ ਕਿ ਆਪਣੇ ਅਵਤਾਰਾਂ, ਮਹਾਪੁਰਖਾਂ ਦੇ ਦਿੱਤੇ ਉਪਦੇਸ਼ ਨੂੰ ਜੀਵਨ ਵਿਚ ਧਾਰਨ ਕਰਨਾ ਹੀ ਸੱਚੀ ਅਰਾਧਨਾ ਹੈ। ਆਮ ਜਨਤਾ ਉਨ੍ਹਾਂ ਨੇਤਾਵਾਂ ਤੋਂ ਜ਼ਿਆਦਾ ਚੰਗੀ ਹੈ ਜੋ ਸਟੇਜਾਂ 'ਤੇ ਭਾਸ਼ਣ ਦਿੰਦੇ ਹਨ ਅਤੇ ਫਿਰ ਬੁੱਚੜਖਾਨੇ ਚਲਾਉਣ ਦੀ ਆਗਿਆ ਦਿੰਦੇ ਹਨ, ਸ਼ਰਾਬਖਾਨੇ ਦੀ ਕਮਾਈ ਨਾਲ ਸਰਕਾਰੀ ਸਹੂਲਤਾਂ ਮਾਣਦੇ ਹਨ। ਜਲਿਆਂਵਾਲਾ ਬਾਗ਼ ਦੇ ਸ਼ਹੀਦ ਵੀ ਅੱਜ ਦੇਸ਼ ਤੋਂ ਪੁੱਛਦੇ ਹਨ ਕਿ ਸਿਰਫ਼ 19 ਅਪ੍ਰੈਲ ਨੂੰ ਜਲਿਆਂਵਾਲਾ ਬਾਗ਼ ਵਿਚ ਕੀਰਤਨ ਕਰਵਾ ਕੇ ਅਤੇ ਸਲਾਮੀ ਲੈ-ਦੇ ਕੇ ਹੀ ਸ਼ਹੀਦਾਂ ਪ੍ਰਤੀ ਜ਼ਿੰਮੇਵਾਰੀ ਪੂਰੀ ਹੋ ਗਈ?

ਜਿਸ ਆਜ਼ਾਦੀ ਲਈ ਭਾਰਤ ਦੇ ਹਜ਼ਾਰਾਂ ਬੇਟੇ-ਬੇਟੀਆਂ ਸੂਲੀ ਚੜ੍ਹੇ, ਕਾਲੇ ਪਾਣੀ ਦੀਆਂ ਕਾਲ ਕੋਠੜੀਆਂ ਵਿਚ ਸੰਘਰਸ਼ ਕਰਦੇ ਰਹੇ, ਆਜ਼ਾਦ ਹਿੰਦ ਫ਼ੌਜ ਦੀ ਅਗਵਾਈ ਵਿਚ ਜੀਵਨ ਬਲੀਦਾਨ ਕਰਦੇ, ਆਜ਼ਾਦੀ ਦੀ ਉਡੀਕ ਕਰਦੇ ਹੀ ਚੱਲ ਵਸੇ, ਉਸ ਦੇਸ਼ ਵਿਚ ਜੇ ਅੱਜ ਵੀ ਨਿਆਂ ਲੈਣ ਲਈ ਤਿੰਨ-ਤਿੰਨ ਪੀੜ੍ਹੀਆਂ ਨੂੰ ਸੰਘਰਸ਼ ਕਰਨਾ ਪੈਂਦਾ ਹੈ, ਥਾਣਿਆਂ ਵਿਚ ਸੱਤਾਧਾਰੀਆਂ ਦੀ ਨੱਕ ਹੇਠ ਥਰਡ ਡਿਗਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਇਸ ਨੂੰ ਤ੍ਰਾਸਦੀ ਨਹੀਂ ਤਾਂ ਹੋਰ ਕੀ ਕਹਾਂਗੇ? ਵੀਹ ਕਰੋੜ ਲੋਕਾਂ ਨੂੰ ਭੁੱਖੇ ਸੌਣਾ ਪੈਂਦਾ ਹੈ।

ਲੱਖਾਂ ਬੱਚੇ ਕੁਪੋਸ਼ਣ ਕਾਰਨ ਜੀਵਨ ਦਾ ਪੰਜਵਾਂ ਵਰ੍ਹਾ ਵੀ ਨਹੀਂ ਦੇਖ ਪਾਉਂਦੇ। ਔਰਤਾਂ ਨਾਲ ਪੱਖਪਾਤ ਅੱਜ ਵੀ ਸਮਾਜ ਅਤੇ ਧਰਮ ਦੇ ਠੇਕੇਦਾਰ ਕਰ ਰਹੇ ਹਨ। ਸਰੀਰਕ ਸ਼ੋਸ਼ਣ ਵੀ ਔਰਤਾਂ ਨੂੰ ਸਹਾਰਨਾ ਪੈਂਦਾ ਹੈ, ਉੱਥੇ ਇਹ ਕਿੱਦਾਂ ਸਵੀਕਾਰ ਕਰ ਲਿਆ ਜਾਵੇ ਕਿ ਉਨ੍ਹਾਂ ਮਹਾਪੁਰਖਾਂ ਦਾ ਸੁਪਨਾ ਪੂਰਾ ਹੋ ਗਿਆ ਹੈ ਜੋ ਭਾਰਤ ਦੀ ਉਸ ਆਜ਼ਾਦੀ ਨੂੰ ਦੇਖਣਾ ਚਾਹੁੰਦੇ ਸਨ ਜਿੱਥੇ ਭੁੱਖ, ਭੈਅ, ਬੇਕਾਰੀ ਅਤੇ ਪੱਖਪਾਤ ਨਾ ਹੋਵੇ। ਮੁੱਕਦੀ ਗੱਲ ਇਹ ਕਿ ਮਹਾਪੁਰਖਾਂ, ਗੁਰੂਆਂ, ਅਵਤਾਰਾਂ ਦੇ ਸੁਨੇਹਿਆਂ ਨੂੰ ਜੀਵਨ ਵਿਚ ਉਤਾਰੀਏ। ਉਨ੍ਹਾਂ ਨੂੰ ਸਿਰਫ਼ ਭਾਸ਼ਣਾਂ ਅਤੇ ਸਟੇਜਾਂ ਦੀ ਸ਼ੋਭਾ ਨਾ ਬਣਾਈਏ। ਇਸ ਨਾਲੋਂ ਤਾਂ ਆਮ ਲੋਕ ਚੰਗੇ ਹਨ ਜੋ ਸ਼ਰਧਾ ਨਾਲ ਪ੍ਰਭੂ ਦਾ ਨਾਮ-ਸਿਮਰਨ ਕਰਦੇ ਹਨ। ਮਿਹਨਤ ਕਰ ਕੇ ਕਮਾਈ ਕਰਦੇ ਹਨ ਅਤੇ ਵੰਡ ਕੇ ਛਕਦੇ ਹਨ।

-(ਲੇਖਿਕਾ ਭਾਜਪਾ ਦੀ ਸੀਨੀਅਰ ਆਗੂ ਅਤੇ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਹੈ)।

-ਮੋਬਾਈਲ ਨੰ. : 94172-76242

Posted By: Rajnish Kaur