-ਰਮਨ ਮੀਰ

ਭਗਵਾਨ ਸ਼੍ਰੀ ਗਣੇਸ਼ ਦੀਆਂ ਮੂਰਤੀਆਂ ਦੇ ਵਿਸਰਜਨ ਦੌਰਾਨ ਦੇਸ਼ ਦੇ ਦੋ ਸੂਬਿਆਂ ਵਿਚ 29 ਵਿਅਕਤੀਆਂ ਦੀ ਮੌਤ ਹੋ ਗਈ। ਭੋਪਾਲ ਦੀ ਖ਼ਤਲਪੁਰਾ ਝੀਲ ਵਿਚ ਦੋ ਕਿਸ਼ਤੀਆਂ 'ਤੇ ਸਵਾਰ 11 ਵਿਅਕਤੀ ਡੁੱਬ ਗਏ। ਇਸੇ ਤਰ੍ਹਾਂ ਮਹਾਰਾਸ਼ਟਰ ਵਿਚ ਅਲੱਗ-ਅਲੱਗ ਜਗ੍ਹਾ 18 ਲੋਕਾਂ ਦੀ ਮੌਤ ਹੋਈ। ਭੋਪਾਲ ਦੇ ਛੋਟੇ ਤਲਾਬ ਵਿਚ ਦੋ ਕਿਸ਼ਤੀਆਂ 'ਤੇ ਲਗਪਗ 17 ਵਿਅਕਤੀ ਸਵਾਰ ਸਨ। ਗਣੇਸ਼ ਜੀ ਦੀ ਮੂਰਤੀ ਲਗਪਗ 12 ਫੁੱਟ ਉੱਚੀ ਸੀ। ਜਦੋਂ ਉਹ ਮੂਰਤੀ ਨੂੰ ਪਾਣੀ ਵਿਚ ਵਿਸਰਜਿਤ ਕਰ ਰਹੇ ਸਨ ਤਾਂ ਇਕ ਕਿਸ਼ਤੀ ਡਾਵਾਂਡੋਲ ਹੋ ਕੇ ਪਲਟ ਗਈ। ਸਭ ਨੇ ਪਾਣੀ ਵਿਚ ਛਾਲਾਂ ਮਾਰ ਦਿੱਤੀਆਂ ਪਰ ਇਕ-ਇਕ ਕਰ ਕੇ ਸਾਰੇ ਡੁੱਬ ਗਏ। ਫਿਰ ਦੂਸਰੀ ਕਿਸ਼ਤੀ ਵੀ ਮੂਧੀ ਹੋ ਗਈ। ਛੇ ਜਣੇ ਕਿਸੇ ਤਰ੍ਹਾਂ ਤੈਰ ਕੇ ਬਾਹਰ ਆਏ।

ਇਸ ਸਭ ਲਈ ਅਸੀਂ ਕਿਸ ਨੂੰ ਕਸੂਰਵਾਰ ਮੰਨਾਂਗੇ। ਪ੍ਰਸ਼ਾਸਨ ਨੂੰ ਜਿਸ ਨੇ ਦੋ ਛੋਟੀਆਂ ਕਿਸ਼ਤੀਆਂ 'ਤੇ 12 ਫੁੱਟ ਤੋਂ ਉੱਚੀ ਮੂਰਤੀ ਲਿਜਾਣ ਦੀ ਆਗਿਆ ਦਿੱਤੀ ਜਾਂ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਇਸ ਤਰ੍ਹਾਂ ਵਿਸਰਜਨ ਦਾ ਫ਼ੈਸਲਾ ਲਿਆ। ਇਸ ਲਾਪਰਵਾਹੀ ਲਈ ਜ਼ਿੰਮੇਵਾਰ ਭਾਵੇਂ ਕੋਈ ਵੀ ਹੋਵੇ ਪਰ ਜਾਨੀ ਨੁਕਸਾਨ ਤਾਂ ਹੋ ਹੀ ਚੁੱਕਾ ਹੈ। ਜਿਹੜੇ ਸ਼ਰਧਾਲੂਆਂ ਦੀ ਜਾਨ ਗਈ, ਉਹ ਤਾਂ ਗਣਪਤੀ ਨੂੰ ਬੜੇ ਚਾਵਾਂ ਨਾਲ ਲਿਆਏ ਸਨ ਕਿ ਉਨ੍ਹਾਂ ਦੇ ਸਾਰੇ ਦੁੱਖ ਦੂਰ ਹੋਣਗੇ ਪਰ ਹੋਇਆ ਉਲਟ ਅਤੇ ਉਨ੍ਹਾਂ ਦੇ ਘਰਾਂ 'ਚ ਮਾਤਮ ਛਾ ਗਿਆ।

ਆਸਥਾ 'ਤੇ ਕੋਈ ਸਵਾਲ ਨਹੀਂ ਪਰ ਇਕ ਵੀ ਇਨਸਾਨ ਦਾ ਬੇਮੌਤ ਮਰ ਜਾਣਾ ਠੀਕ ਨਹੀਂ ਹੈ। ਅੱਜ ਵਿਚਾਰ ਕਰਨ ਦੀ ਲੋੜ ਹੈ ਕਿ ਕਦੋਂ ਤਕ ਇਸ ਤਰ੍ਹਾਂ ਬੇਕਸੂਰ ਮਰਦੇ ਰਹਿਣਗੇ। ਕਿਉਂ ਨਾ ਅਸੀਂ ਆਪਣੀ ਆਸਥਾ ਨੂੰ ਕਾਇਮ ਰੱਖਦੇ ਹੋਏ ਕੁਝ ਅਜਿਹੇ ਕਦਮ ਚੁੱਕੀਏ ਜਿਨ੍ਹਾਂ ਸਦਕਾ ਮੁੜ ਕਦੇ ਇਹੋ ਜਿਹੇ ਹਾਦਸੇ ਵਾਪਰਨ ਹੀ ਨਾ।

ਗਣੇਸ਼ ਉਤਸਵ ਨਾਲ ਜੁੜਿਆ ਇਕ ਹੋਰ ਗੰਭੀਰ ਮਸਲਾ ਮੂਰਤੀਆਂ ਵਿਚ ਪੀਓਪੀ ਦੇ ਇਸਤੇਮਾਲ ਦਾ ਹੈ ਜੋ ਇਸ ਹਾਦਸੇ ਤੋਂ ਘੱਟ ਭਿਆਨਕ ਨਹੀਂ। ਪੀਓਪੀ ਪਾਣੀ ਵਿਚ ਪਹੁੰਚਦੇ ਹੀ ਜ਼ਹਿਰੀਲਾ ਹੋ ਜਾਂਦਾ ਹੈ। ਪਾਣੀ ਨਾਲ ਰਲ ਕੇ ਇਹ ਮੁਲਾਇਮ ਚਿੱਟੇ ਤੇ ਚਿਪਚਿਪੇ ਜਿਪਸਮ ਵਿਚ ਬਾਦਲ ਜਾਂਦਾ ਹੈ। ਪੀਓਪੀ ਦੀ ਰਹਿੰਦ-ਖੂੰਹਦ 17 ਸਾਲ ਤਕ ਪਾਣੀ ਵਿਚ ਮੌਜੂਦ ਰਹਿੰਦੀ ਹੈ। ਇਸ ਕਾਰਨ ਪਾਣੀ ਵਿਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਮਿਆਰ ਘਟਦਾ ਹੈ ਅਤੇ ਪਾਣੀ ਵਿਚਲੇ ਜੀਵ-ਜੰਤੂਆਂ ਦੀ ਮੌਤ ਹੋ ਜਾਂਦੀ ਹੈ। ਇਸ ਜ਼ਹਿਰ ਕਾਰਨ ਕਿੰਨੀਆਂ ਹੀ ਪ੍ਰਜਾਤੀਆਂ ਲੋਪ ਹੋ ਚੁੱਕੀਆਂ ਹਨ। ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਮਿੱਟੀ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਸਨ। ਕੁਦਰਤੀ ਰੰਗਾਂ ਦਾ ਇਸਤੇਮਾਲ ਹੁੰਦਾ ਸੀ। ਫਿਰ ਹੌਲੀ-ਹੌਲੀ ਪਲਾਸਟਰ ਆਫ ਪੈਰਿਸ, ਲੋਹੇ ਦੀਆਂ ਸਲਾਖਾਂ, ਪੋਲਿਸਟਰ ਦੇ ਕੱਪੜੇ, ਪਲਾਸਟਿਕ ਅਤੇ ਸਿੰਥੈਟਿਕ ਰੰਗਾਂ ਦਾ ਇਸਤੇਮਾਲ ਹੋਣ ਲੱਗਾ। ਪੀਓਪੀ ਸਸਤਾ ਹੈ, ਜਲਦੀ ਸੁੱਕਦਾ ਹੈ ਅਤੇ ਉਸ ਦੀ ਚਮਕ ਵੀ ਜ਼ਿਆਦਾ ਹੁੰਦੀ ਹੈ। ਉਂਜ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਮਿੱਟੀ ਦੀਆਂ ਮੂਰਤੀਆਂ ਹੀ ਬਣਾਈਆਂ ਜਾਣ।

ਇਸ ਮਸਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਵਾਤਾਵਰਨ ਨੂੰ ਬਚਾਉਣਾ ਸਾਡੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ। ਇਸੇ ਤੋਂ ਪ੍ਰੇਰਿਤ ਹੋ ਕੇ ਗਣੇਸ਼ ਉਤਸਵ ਵਿਚ ਹੁਣ ਈਕੋ ਫਰੈਂਡਲੀ ਗਣਪਤੀ ਬਣਾਏ ਜਾ ਰਹੇ ਹਨ। ਕਈ ਘਰਾਂ ਵਿਚ ਬੱਚੇ ਮਿੱਟੀ ਲਿਆ ਕੇ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਂਦੇ ਹਨ। ਉਨ੍ਹਾਂ 'ਤੇ ਕੁਦਰਤੀ ਰੰਗਾਂ ਦਾ ਇਸਤੇਮਾਲ ਕੀਤਾ ਜਾਣ ਲੱਗਾ ਹੈ। ਤਰ੍ਹਾਂ-ਤਰ੍ਹਾਂ ਦੇ ਉਪਰਾਲਿਆਂ ਨਾਲ ਵਾਤਾਵਰਨ ਨੂੰ ਬਚਾਉਣ ਦਾ ਅੰਦੋਲਨ ਚੱਲ ਰਿਹਾ ਹੈ।

ਅੱਜ ਜ਼ਰੂਰਤ ਹੈ ਇਸ ਅੰਦੋਲਨ ਨੂੰ ਘਰ-ਘਰ ਲਿਜਾਣ ਦੀ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਇਕ ਇੰਜੀਨੀਅਰ ਦਾ ਵੀ ਜ਼ਿਕਰ ਕੀਤਾ ਸੀ ਜੋ ਇਕ ਖ਼ਾਸ ਤਰ੍ਹਾਂ ਦੀ ਮਿੱਟੀ ਇਕੱਠੀ ਕਰ ਕੇ ਲੋਕਾਂ ਨੂੰ ਹਰ ਸਾਲ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਦੀ ਸਿਖਲਾਈ ਦਿੰਦਾ ਹੈ। ਫਿਰ ਉਨ੍ਹਾਂ ਮੂਰਤੀਆਂ ਨੂੰ ਉਹ ਲੋਕ ਘਰ ਵਿਚ ਛੋਟੀ ਜਿਹੀ ਬਾਲਟੀ ਵਿਚ ਪਾਣੀ ਪਾ ਕੇ ਵਿਸਰਜਿਤ ਕਰਦੇ ਹਨ। ਮੂਰਤੀਆਂ ਪਾਣੀ ਵਿਚ ਘੁਲ ਜਾਂਦੀਆਂ ਹਨ। ਫਿਰ ਉਸ ਪਾਣੀ ਨੂੰ ਪੌਦਿਆਂ 'ਤੇ ਸੁੱਟ ਦਿੰਦੇ ਹਨ। ਇੰਜ ਮੂਰਤੀ ਦਾ ਵਿਸਰਜਨ ਵੀ ਹੋ ਜਾਂਦਾ ਹੈ ਅਤੇ ਵਾਤਾਵਰਨ ਵੀ ਖ਼ਰਾਬ ਨਹੀਂ ਹੁੰਦਾ। ਧਾਰਮਿਕ ਮਰਿਆਦਾ ਵੀ ਬਰਕਰਾਰ ਰਹਿੰਦੀ ਹੈ।

ਇਸ ਵਿਚ ਕੋਈ ਦੋ-ਰਾਇ ਨਹੀਂ ਕਿ ਸਾਡੇ ਮੁਲਕ ਵਿਚ ਵਾਤਾਵਰਨ ਸਬੰਧੀ ਲੋਕਾਂ ਵਿਚ ਜਾਗਰੂਕਤਾ ਵਧੀ ਹੈ। ਵਾਤਾਵਰਨ ਨੂੰ ਲੈ ਕੇ ਕਈ ਚੰਗੇ ਕਦਮ ਚੁੱਕੇ ਗਏ ਹਨ ਪਰ ਹਾਲੇ ਵੀ ਕਈ ਜਗ੍ਹਾ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਸਾਡੇ ਨਦੀ-ਨਾਲੇ ਪ੍ਰਦੂਸ਼ਿਤ ਕੀਤੇ ਜਾ ਰਹੇ ਹਨ। ਕੁਝ ਮਹੀਨੇ ਪਹਿਲਾਂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਇਕ ਤਲਾਬ ਨੂੰ ਡੂੰਘਾ ਕੀਤਾ ਜਾਣਾ ਸੀ। ਤਲਾਬ ਦਾ ਪਾਣੀ ਕੱਢਿਆ ਗਿਆ। ਸਾਰੇ ਇਹ ਦੇਖ ਕੇ ਹੈਰਾਨ ਰਹਿ ਗਏ ਕਿ 8 ਮਹੀਨੇ ਪਹਿਲਾਂ ਵਿਸਰਜਿਤ ਕੀਤੀ ਗਈ ਗਣੇਸ਼ ਜੀ ਦੀ ਮੂਰਤੀ ਉਵੇਂ ਦੀ ਉਵੇਂ ਸਤ੍ਹਾ 'ਤੇ ਪਈ ਹੋਈ ਸੀ। ਇਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦੇ ਕਿੰਨੇ ਹੋਰ ਤਲਾਬ, ਨਦੀਆਂ ਅਤੇ ਝੀਲਾਂ ਸਾਲ ਦਰ ਸਾਲ ਪੀਓਪੀ ਦੀਆਂ ਮੂਰਤੀਆਂ ਕਾਰਨ ਪ੍ਰਦੂਸ਼ਿਤ ਹੋ ਰਹੀਆਂ ਹਨ।

ਭਗਵਾਨ ਸ਼੍ਰੀ ਗਣੇਸ਼ ਦੀ ਮੂਰਤੀ ਵਿਸਰਜਿਤ ਕਰਨ ਪਿੱਛੇ ਇਕ ਮਾਨਤਾ ਇਹ ਵੀ ਹੈ ਕਿ ਜਦੋਂ ਮਹਾਰਿਸ਼ੀ ਵੇਦ ਵਿਆਸ ਨੇ ਉਨ੍ਹਾਂ ਨੂੰ ਮਹਾਭਾਰਤ ਦੀ ਕਥਾ ਸੁਣਾਈ ਤਾਂ ਉਨ੍ਹਾਂ ਨੇ ਅੱਖਾਂ ਬੰਦ ਕਰ ਲਈਆਂ। ਜਦੋਂ ਦਸ ਦਿਨ ਬਾਅਦ ਅੱਖਾਂ ਖੋਲ੍ਹੀਆਂ ਤਾਂ ਉਨ੍ਹਾਂ ਦਾ ਸਰੀਰ ਤਪ ਰਿਹਾ ਸੀ। ਮਹਾਰਿਸ਼ੀ ਵੇਦ ਵਿਆਸ ਨੇ ਉਨ੍ਹਾਂ ਨੂੰ ਆਪਣੇ ਆਸ਼ਰਮ ਦੇ ਕੁੰਡ ਵਿਚ ਇਸ਼ਨਾਨ ਕਰਵਾਇਆ ਜਿਸ ਸਦਕਾ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਘੱਟ ਹੋਇਆ ਸੀ। ਇਸੇ ਲਈ ਗਣੇਸ਼ ਚਤੁਰਥੀ ਤੋਂ 10 ਦਿਨ ਬਾਅਦ ਅਨੰਤ ਚਤੁਰਦਸ਼ੀ 'ਤੇ ਗਣੇਸ਼ ਜੀ ਦੀਆਂ ਮੂਰਤੀਆਂ ਦਾ ਵਿਸਰਜਨ ਕੀਤਾ ਜਾਂਦਾ ਹੈ। ਇੱਥੇ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਵਿਸਰਜਨ ਨਾਲ ਅਸੀਂ ਕੀ ਹਾਸਲ ਕਰ ਰਹੇ ਹਾਂ। ਗਣੇਸ਼ ਜੀ ਦੀ ਮੂਰਤੀ ਦੇ ਵਿਸਰਜਨ ਤੋਂ ਇਕ ਹੋਰ ਸਿੱਖਿਆ ਮਿਲਦੀ ਹੈ ਕਿ ਇਹ ਸਰੀਰ ਮਿੱਟੀ ਦਾ ਬਣਿਆ ਹੈ ਅਤੇ ਇਸ ਨੇ ਇਕ ਦਿਨ ਮਿੱਟੀ ਵਿਚ ਹੀ ਮਿਲ ਜਾਣਾ ਹੈ। ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਕੈਮੀਕਲਜ਼ ਯੁਕਤ ਮੂਰਤੀਆਂ ਦਾ ਵਿਸਰਜਨ ਬਿਲਕੁਲ ਨਾ ਕਰੀਏ।

-ਮੋਬਾਈਲ ਨੰ. : 98885-11579

Posted By: Sukhdev Singh