ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਅਨੇਕ ਕ੍ਰਾਂਤੀਕਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ ਜਿਨ੍ਹਾਂ ’ਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵੀ ਸ਼ੁਮਾਰ ਹਨ। ਉਨ੍ਹਾਂ ਨੇ ਲੱਖਾਂ ਭਾਰਤੀਆਂ ਦੀ ਸੁੱਤੀ ਚੇਤਨਾ ਨੂੰ ਜਗਾ ਕੇ ਉਨ੍ਹਾਂ ਅੰਦਰ ਗੁਲਾਮੀ ਵਿਰੁੱਧ ਇਨਕਲਾਬੀ ਚੇਤਨਾ ਪੈਦਾ ਕੀਤੀ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ (ਫੈਸਲਾਬਾਦ) ਜ਼ਿਲ੍ਹੇ ਦੇ ਪਿੰਡ ਬੰਗਾ ਵਿਚ ਹੋਇਆ ਸੀ। ਉਨ੍ਹਾਂ ਦਾ ਜੱਦੀ ਘਰ ਭਾਰਤੀ ਪੰਜਾਬ ਦੇ ਨਵਾਂਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਖਟਕੜ ਕਲਾਂ ਪਿੰਡ ਵਿਚ ਸਥਿਤ ਹੈ। ਭਗਤ ਸਿੰਘ ਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿੱਦਿਆਵਤੀ ਸੀ। ਸਰਦਾਰ ਭਗਤ ਸਿੰਘ ਨੂੰ ਦੇਸ਼ ਭਗਤੀ ਦਾ ਜਜ਼ਬਾ ਅਤੇ ਜਨੂੰਨ ਪਰਿਵਾਰਕ ਵਿਰਾਸਤ ’ਚੋਂ ਮਿਲਿਆ ਸੀ। ਸਰਦਾਰ ਭਗਤ ਸਿੰਘ ਦਾ ਦਾਦਾ ਅਰਜਨ ਸਿੰਘ, ਜਲਾਵਤਨ ਚਾਚਾ ਅਜੀਤ ਸਿੰਘ, ਸ਼ਹੀਦ ਸਰਵਨ ਸਿੰਘ, ਰਾਸ਼ਟਰਵਾਦੀ ਪਿਤਾ ਕਿਸ਼ਨ ਸਿੰਘ ਸਾਰੇ ਹੀ ਅੰਗਰੇਜ਼ ਵਿਰੋਧੀ ਹੋਣ ਕਰਕੇ ਬਚਪਨ ਵਿਚ ਹੀ ਉਨ੍ਹਾਂ ਦੇ ਮਨ ਵਿਚ ਵੀ ਅੰਗਰੇਜ਼ੀ ਹਕੂਮਤ ਖ਼ਿਲਾਫ਼ ਨਫ਼ਰਤ ਦੇ ਬੀਜ ਪੁੰਗਰਨ ਲੱਗ ਪਏ ਸਨ। ਉਨ੍ਹਾਂ ਨੇ ਕ੍ਰਾਂਤੀਕਾਰੀ ਜਜ਼ਬੇ ਵਾਲੇ ਕਰਤਾਰ ਸਿੰਘ ਸਰਾਭਾ ਨੂੰ ਆਪਣੀ ਜ਼ਿੰਦਗੀ ਦਾ ਆਦਰਸ਼ ਮੰਨਿਆ। ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ (13 ਅਪ੍ਰੈਲ 1919) ਦਾ ਭਗਤ ਸਿੰਘ ਦੇ ਦਿਲੋ-ਦਿਮਾਗ ’ਤੇ ਇੰਨਾ ਡੂੰਘਾ ਅਸਰ ਹੋਇਆ ਸੀ ਕਿ ਉਨ੍ਹਾਂ ਨੇ ਉੱਥੋਂ ਦੀ ਖ਼ੂਨ ਨਾਲ ਭਿੱਜੀ ਮਿੱਟੀ ਨੂੰ ਇਕ ਸ਼ੀਸ਼ੀ ਵਿਚ ਭਰ ਕੇ ਆਪਣੇ ਕੋਲ ਰੱਖਿਆ ਹੋਇਆ ਸੀ।

ਉਨ੍ਹਾਂ ਦੇ ਭਾਵੀ ਮਨਸੂਬਿਆਂ ਦਾ ਤਾਂ ਉਨ੍ਹਾਂ ਦੇ ਬਚਪਨ ਵੇਲੇ ਤੋਂ ਹੀ ਪਤਾ ਲੱਗ ਗਿਆ ਸੀ ਜਦੋਂ ਉਹ ‘ਦਮੂਕਾਂ’ ਬੀਜਣ ਦੀ ਖੇਡ ਖੇਡ ਰਹੇ ਸਨ। ਸਰਦਾਰ ਭਗਤ ਸਿੰਘ ਸਚਿੰਦਰ ਨਾਥ ਸਨਿਯਾਲ ਨਾਲ ਕੀਤੇ ਪ੍ਰਣ ਮੁਤਾਬਕ ਵਿਆਹ ਦੇ ਸਮਾਜਿਕ ਬੰਧਨ ਵਿਚ ਬੱਝਣ ਦੀ ਥਾਂ ਦੇਸ਼ ਦੀ ਆਜ਼ਾਦੀ ਲਈ ਮੌਤ ਲਾੜੀ ਨੂੰ ਵਿਆਹੁਣਾ ਲੋਚਦੇ ਸਨ। ਇਸ ਕਰਕੇ ਉਹ ਘਰ ਨੂੰ ਤਿਆਗ ਕੇ ਕਾਨਪੁਰ ਚਲੇ ਜਾਂਦੇ ਹਨ। ਇਸ ਘਟਨਾ ਦੇ ਨਾਲ ਹੀ ਭਗਤ ਸਿੰਘ ਦੇ ਇਨਕਲਾਬੀ ਜੀਵਨ ਦਾ ਆਰੰਭ ਹੁੰਦਾ ਹੈ। ਉਹ ਨਵੰਬਰ 1921 ’ਚ ਆਪਣੀ ਦਸਵੀਂ ਦੀ ਪੜ੍ਹਾਈ ਛੱਡ ਕੇ ਮਹਿਜ਼ 14 ਸਾਲ ਦੀ ਉਮਰ ਵਿਚ ਮਹਾਤਮਾ ਗਾਂਧੀ ਦੁਆਰਾ ਰੌਲਟ ਐਕਟ ਖ਼ਿਲਾਫ਼ ਚਲਾਈ ਨਾ-ਮਿਲਵਰਤਨ ਦੀ ਲਹਿਰ ਵਿਚ ਹਿੱਸਾ ਲੈਂਦੇ ਹਨ। ਪਰ ਚੌਰਾ-ਚੌਰੀ ਦੀ ਘਟਨਾ ਤੋਂ ਬਾਅਦ ਮਹਾਤਮਾ ਗਾਂਧੀ ਦਾ ਇਸ ਅੰਦੋਲਨ ਨੂੰ ਵਾਪਸ ਲੈਣ ਦਾ ਫ਼ੈਸਲਾ ਭਗਤ ਸਿੰਘ ਨੂੰ ਪਿੱਠ ਵਿਚ ਖੋਭੀ ਛੁਰੀ ਵਾਂਗ ਲੱਗਦਾ ਹੈ। ਭਗਤ ਸਿੰਘ ਦੇ ਆਦਰਸ਼ਾਂ ਵਿਚ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਤੇ ਕਰਤਾਰ ਸਿੰਘ ਸਰਾਭਾ ਵਰਗੇ ਯੋਧੇ ਸਨ। ਸਰਦਾਰ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਉਨ੍ਹਾਂ ਨੂੰ ਪਲੈਟੋ, ਮਾਰਕਸ, ਲੈਨਿਨ, ਏਂਜਲਜ਼, ਐਮਿਲ, ਡੌਨ ਬਰੀਨ, ਰੂਸੋ, ਸਾਰਲੋਟ ਪਾਰਕਿਨਜ਼ ਮਿਲਮੈਕ ਆਦਿ ਦਾਰਸ਼ਨਿਕਾਂ ਦੀ ਵਿਚਾਰਧਾਰਾ ਨੇ ਬੇਹੱਦ ਪ੍ਰਭਾਵਿਤ ਕੀਤਾ ਅਤੇ ਇਨ੍ਹਾਂ ਦੀਆਂ ਕਿਤਾਬਾਂ ਨੇ ਉਨ੍ਹਾਂ ਦੇ ਚਿੰਤਨ ਵਿਚ ਹੋਰ ਵੀ ਨਿਖਾਰ ਲਿਆਂਦਾ। ਭਗਤ ਸਿੰਘ ਨੂੰ ਮਾਰਚ 1924 ਨੂੰ ਜੈਤੋ ਵੱਲ ਮੋਰਚਾ ਲਾਉਣ ਜਾ ਰਹੇ ਅਕਾਲੀ ਜੱਥੇ ਦੀ ਬੰਗੇ ਪਿੰਡ ਵਿਚ ਸਵਾਗਤ ਦੀ ਜ਼ਿੰਮੇਵਾਰੀ ਮਿਲੀ। ਪਰ ਅੰਗਰੇਜ਼ ਹਕੂਮਤ ਨੇ ਇਹ ਐਲਾਨ ਕਰਵਾ ਦਿੱਤਾ ਸੀ ਕਿ ਇਹ ਜੱਥਾ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਹੈ ਅਤੇ ਇਸ ਦਾ ਕੋਈ ਵੀ ਸਵਾਗਤ ਨਾ ਕਰੇ। ਅੰਗਰੇਜ਼ਾਂ ਦੀ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਅਕਾਲੀ ਜੱਥੇ ਦਾ ਭਰਪੂਰ ਸਵਾਗਤ ਹੀ ਨਹੀਂ ਕੀਤਾ ਬਲਕਿ ਉਨ੍ਹਾਂ ਲਈ ਲੰਗਰ ਸੇਵਾ ਦਾ ਵੀ ਪ੍ਰਬੰਧ ਕੀਤਾ।

ਸਰਦਾਰ ਭਗਤ ਸਿੰਘ ਨੇ ਇਨਕਲਾਬੀ ਲਹਿਰ ਨੂੰ ਧਰਮ ਨਿਰਪੱਖ ਬਣਾਉਣ ਦਾ ਯਤਨ ਕੀਤਾ ਸੀ।

ਉਨ੍ਹਾਂ ਨੇ ਇਨਕਲਾਬੀ ਲਹਿਰ ਨੂੰ ਅੱਗੇ ਵਧਾਉਣ ਲਈ ‘ਇਨਕਲਾਬ ਜ਼ਿੰਦਾਬਾਦ, ਸਮਰਾਜਵਾਦ-ਮੁਰਦਾਬਾਦ’ ਦਾ ਨਵਾਂ ਨਾਅਰਾ ਦਿੱਤਾ ਸੀ। ਜਦੋਂ ਅਕਤੂਬਰ 1928 ਵਿਚ ਸਾਈਮਨ ਕਮਿਸ਼ਨ ਲਾਹੌਰ ਆਇਆ ਤਾਂ ‘ਸਾਈਮਨ ਕਮਿਸ਼ਨ ਵਾਪਸ ਜਾਓ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾ ਕੇ ਉਸ ਦਾ ਵਿਰੋਧ ਕੀਤਾ ਗਿਆ। ਇਸ ਕਮਿਸ਼ਨ ਦਾ ਵਿਰੋਧ ਕਰਦੇ ਲੋਕਾਂ ’ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਜਿਸ ਵਿਚ ਲਾਲਾ ਲਾਜਪਤ ਰਾਏ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਸਦੀਵੀ ਵਿਛੋੜਾ ਦੇ ਗਏ। ਲਾਲਾ ਜੀ ਦੀ ਸ਼ਹੀਦੀ ਤੋਂ ਬਾਅਦ ਭਗਤ ਸਿੰਘ, ਚੰਦਰ ਸ਼ੇਖਰ, ਰਾਜਗੁਰੂ, ਜੈ ਗੋਪਾਲ, ਸੁਖਦੇਵ ਥਾਪਰ ਆਦਿ ਨੇ ਮਿਲ ਕੇ ਦੋਸ਼ੀ ਪੁਲਿਸ ਸੁਪਰਡੈਂਟ ਸਕਾਟ ਨੂੰ ਮਾਰਨ ਦੀ ਯੋਜਨਾ ਬਣਾਈ। ਉਨ੍ਹਾਂ ਨੇ 17 ਦਸੰਬਰ 1928 ਨੂੰ ਭੁਲੇਖੇ ਨਾਲ ਪੁਲਿਸ ਸੁਪਰਡੈਂਟ ਸਕਾਟ ਦੀ ਥਾਂ ਇਕ ਬਿ੍ਰਟਿਸ਼ ਜੂਨੀਅਰ ਪੁਲਿਸ ਅਫ਼ਸਰ ਜੌਹਨ ਸਾਂਡਰਸ ਨੂੰ ਗੋਲ਼ੀਆਂ ਮਾਰ ਕੇ ਮੌਤ ਦੀ ਨੀਂਦ ਸੁਆ ਦਿੱਤਾ। ਇਸ ਕਤਲ ਦੀ ਜ਼ਿੰਮੇਵਾਰੀ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ’ ਨੇ ਆਪਣੇ ਸਿਰ ਲਈ। ਦਿੱਲੀ ਅਸੈਂਬਲੀ ਵਿਚ 8 ਅਪ੍ਰੈਲ 1929 ਨੂੰ ਵਿਵਾਦ ਭਰੇ ‘ਟਰੇਡ ਡਿਸਪਿਊਟ ਬਿੱਲ’ ਅਤੇ ‘ਪਬਲਿਕ ਸੇਫਟੀ ਬਿੱਲ’ ਉੱਪਰ ਬਹਿਸ ਕਰਨ ਅਤੇ ਵੋਟਾਂ ਪਵਾਉਣ ਲਈ ਕਾਂਗਰਸ ਤੇ ਮੁਸਲਿਮ ਲੀਗ ਦੇ ਵੱਡੇ ਨੇਤਾਵਾਂ ਦਾ ਇਕੱਠ ਹੋਇਆ। ਇਸ ਬਿੱਲ ਦੇ ਵਿਰੋਧ ਵਜੋਂ ਭਗਤ ਸਿੰਘ ਅਤੇ ਬੀਕੇ ਦੱਤ ਨੇ ਅਸੈਂਬਲੀ ਹਾਲ ਅੰਦਰ ਦਾਖ਼ਲ ਹੋ ਕੇ ਇਕੱਠ ਵਿਚ ਧੂੰਆਂ ਅਤੇ ਧਮਾਕਾ ਕਰਨ ਵਾਲਾ ਬੰਬ ਸੁੱਟ ਦਿੱਤਾ ਅਤੇ ‘ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ’ ਦੇ ਨਾਅਰੇ ਲਾਉਂਦੇ ਰਹੇ। ਉਨ੍ਹਾਂ ਨੇ ਅਸੈਂਬਲੀ ’ਚ ਬੰਬ ਸੁੱਟਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਸਗੋਂ ਨਾਅਰਿਆਂ ਰਾਹੀਂ ਅੰਗਰੇਜ਼ ਹਕੂਮਤ ਨੂੰ ਵੰਗਾਰਦੇ ਹੋਏ ਗਿ੍ਰਫ਼ਤਾਰ ਹੋਏ। ਅਸੈਂਬਲੀ ਬੰਬ ਕੇਸ ਵਿਚ ਸਰਦਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ।

ਇਸ ਸਜ਼ਾ ਤੋਂ ਬਾਅਦ ਅਦਾਲਤ ਵੱਲੋਂ ਦੋਵਾਂ ਨੂੰ ਸਾਂਡਰਸ ਕਤਲ ਕੇਸ ਦੀ ਸੁਣਵਾਈ ਲਈ ਲਾਹੌਰ ਸੈਂਟਰਲ ਜੇਲ੍ਹ ਵਿਚ ਲਿਆਂਦਾ ਗਿਆ। ਭਗਤ ਸਿੰਘ ਨੇ ਜੇਲ੍ਹ ਵਿਚ ਸਾਥੀਆਂ ਨਾਲ ਮਿਲ ਕੇ ਜੇਲ੍ਹ ਦੇ ਮਾੜੇ ਪ੍ਰਬੰਧ ਤੇ ਉਨ੍ਹਾਂ ਨਾਲ ਕੀਤੇ ਜਾਂਦੇ ਅਣਮਨੁੱਖੀ ਵਿਵਹਾਰ ਵਿਰੁੱਧ ਭੁੱਖ ਹੜਤਾਲ ਵੀ ਕੀਤੀ। ਭਗਤ ਸਿੰਘ ਨੂੰ ਪਤਾ ਸੀ ਕਿ ਅੰਗਰੇਜ਼ ਸਰਕਾਰ ਉਨ੍ਹਾਂ ਨੂੰ ਸਾਂਡਰਸ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਦੇ ਸਕਦੀ ਹੈ। ਇਸ ਲਈ ਇਹ ਕ੍ਰਾਂਤੀਕਾਰੀ ਯੋਧੇ ਮੌਤ ਦੀ ਸਜ਼ਾ ਪਾਉਣ ਲਈ ਉਤਾਵਲੇ ਸਨ। ਜੇਲ੍ਹ ਵਿਚ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੀ ਗਈ ਭੁੱਖ ਹੜਤਾਲ ਨੂੰ ਤੋੜਨ ਲਈ ਅੰਗਰੇਜ਼ ਹਕੂਮਤ ਨੇ ਹਰ ਸੰਭਵ ਕੋਸ਼ਿਸ਼ ਕੀਤੀ ਪਰ ਸਫਲਤਾ ਨਾ ਮਿਲੀ।

ਇਸ ਲੰਬੀ ਭੁੱਖ ਹੜਤਾਲ ’ਚ ਜਤਿੰਦਰ ਨਾਥ ਦਾਸ ਅੰਗਰੇਜ਼ ਸਾਮਰਾਜ ਅੱਗੇ ਤਾਂ ਨਹੀਂ ਹਾਰਦਾ, ਪਰ ਮੌਤ ਅੱਗੇ ਹਾਰ ਗਿਆ। ਸਾਂਡਰਸ ਕਤਲ ਕੇਸ ਵਿਚ ਇਕਪਾਸੜ ਮੁਕੱਦਮਾ ਚਲਾ ਕੇ ਸੁਖਦੇਵ, ਭਗਤ ਸਿੰਘ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਤੇਈ ਮਾਰਚ 1931 ਨੂੰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲਾਹੌਰ ਦੇ ਕਿਲ੍ਹੇ ਵਿਚ ਫਾਂਸੀ ਦੇ ਕੇ ਰਾਤੋ-ਰਾਤ ਪੁਲਿਸ ਅਤੇ ਫ਼ੌਜ ਦੇ ਪਹਿਰੇ ਹੇਠ ਫਿਰੋਜ਼ਪੁਰ ਦੇ ਨੇੜੇ ਸਤਲੁਜ ਦੇ ਕੰਢੇ ’ਤੇ ਲਾਸ਼ਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤਰ੍ਹਾਂ ਅੰਗਰੇਜ਼ ਸਰਕਾਰ ਨੇ ਸਾਜਿਸ਼ ਰਚ ਕੇ ਸਰਦਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਰੀਰਕ ਤੌਰ ’ਤੇ ਤਾਂ ਖ਼ਤਮ ਕਰ ਦਿੱਤਾ ਪਰ ਉਨ੍ਹਾਂ ਦੀ ਇਨਕਲਾਬੀ ਸੋਚ ਤੇ ਵਿਚਾਰਧਾਰਾ ਨੂੰ ਖ਼ਤਮ ਨਹੀਂ ਕਰ ਸਕੀ।

-ਡਾ. ਸੰਦੀਪ ਸਿੰਘ ਮੁੰਡੇ (ਪ੍ਰਿੰਸੀਪਲ)

-(ਪ੍ਰਧਾਨ, ਰਾਜਸਥਾਨ ਪੰਜਾਬੀ ਐਸੋਸੀਏਸ਼ਨ, ਗੰਗਾਨਗਰ) ।

-ਮੋਬਾਈਲ : 94136-52646

Posted By: Jagjit Singh