-ਦਰਬਾਰਾ ਸਿੰਘ ਕਾਹਲੋਂ

ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜਨੀਤਕ ਗੱਠਜੋੜ ਜਿਸ ਨੂੰ ਕਦੇ ਅਕਾਲੀ ਸਿਆਸਤ ਦੇ ਬਾਬਾ ਬੋਹੜ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨਹੁੰ-ਮਾਸ ਦਾ ਰਿਸ਼ਤਾ ਕਹਿੰਦੇ ਹੁੰਦੇ ਸਨ, 26 ਸਤੰਬਰ 2020 ਤੜੱਕ ਕਰ ਕੇ ਟੁੱਟ ਗਿਆ। ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਗਪਗ 4 ਘੰਟੇ ਚੱਲੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੇਂਦਰ ਸਰਕਾਰ 'ਚੋਂ ਬਾਹਰ ਆਉਣ ਦਾ ਐਲਾਨ ਕੀਤਾ ਤਾਂ ਉਦੋਂ ਦੋਵੇਂ ਧਿਰਾਂ (ਅਕਾਲੀ-ਭਾਜਪਾ) ਪੰਜਾਬ 'ਚ ਇਹ ਰਾਜਨੀਤਕ ਪ੍ਰਭਾਵ ਦਿੰਦੀਆਂ ਵਿਖਾਈ ਦਿੱਤੀਆਂ... 'ਭਲਾ ਹੋਇਆ ਮੇਰਾ ਚਰਖਾ ਟੁੱਟਾ...।' ਅਕਾਲੀ ਦਲ ਆਪਣੀ ਭਾਈਵਾਲੀ ਵਾਲੀ ਐੱਨਡੀਏ ਸਰਕਾਰ ਵੱਲੋਂ ਧੱਕੇ ਨਾਲ ਸੰਸਦ ਵਿਚ ਤਿੰਨ ਕਿਸਾਨ ਵਿਰੋਧੀ ਬਿੱਲ ਅਤੇ ਜੰਮੂ-ਕਸ਼ਮੀਰ ਭਾਸ਼ਾ ਬਿੱਲ 'ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਰੱਖ ਕੇ ਪਾਸ ਕਰਵਾਉਣ ਤੋਂ ਬਹੁਤ ਨਾਰਾਜ਼ ਸੀ।

ਭਾਵੇਂ ਪੰਜਾਬੀ ਸੂਬਾ ਬਣਨ ਤੋਂ ਬਾਅਦ ਸੰਨ 1967 ਅਤੇ 1969 ਵਿਚ ਜਸਟਿਸ ਗੁਰਨਾਮ ਸਿੰਘ, 27 ਮਾਰਚ 1970 ਅਤੇ ਸੰਨ 1977 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਬਣੀਆਂ ਅਕਾਲੀ ਸਰਕਾਰਾਂ ਵਿਚ ਜਨ ਸੰਘ (ਅਜੋਕੀ ਭਾਜਪਾ) ਸ਼ਾਮਲ ਰਹੀ ਸੀ। ਅਜੋਕਾ ਅਕਾਲੀ-ਭਾਜਪਾ ਗੱਠਜੋੜ ਸੰਨ 1996 ਵਿਚ ਉਦੋਂ ਬਣਿਆ ਸੀ ਜਦੋਂ 13 ਦਿਨ ਚੱਲੀ ਵਾਜਪਾਈ ਸਰਕਾਰ ਨੂੰ ਬਗ਼ੈਰ ਕਿਸੇ ਸ਼ਰਤ ਦੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਹ ਇਕ ਵਚਿੱਤਰ ਰਾਜਨੀਤਕ ਗੱਠਜੋੜ ਸੀ। ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਕ ਸ਼ਕਤੀ ਦਾ ਮੁੱਖ ਸਰੋਤ ਜਿੱਥੇ ਧਾਰਮਿਕ ਸੰਸਥਾ ਐੱਸਜੀਪੀਸੀ ਹੈ ਉੱਥੇ ਹੀ ਭਾਜਪਾ ਦੀ ਸਿਆਸੀ ਸ਼ਕਤੀ ਦਾ ਸਰੋਤ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਹੈ। ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਮਾਨ ਨਵੀਂ ਅਤੇ ਨੌਜਵਾਨ ਲੀਡਰਸ਼ਿਪ ਦੇ ਹੱਥਾਂ ਵਿਚ ਆਉਣ ਕਾਰਨ ਦੋਹਾਂ ਸਿਆਸੀ ਪਾਰਟੀਆਂ ਦੇ ਸਬੰਧ ਤਿੜਕਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਦਾ ਵੱਡਾ ਕਾਰਨ ਦੋਹਾਂ ਵਿਚ ਘੱਟੋ-ਘੱਟ ਰਾਜਨੀਤਕ, ਆਰਥਿਕ ਅਤੇ ਪ੍ਰਸ਼ਾਸਕੀ ਲਿਖਤੀ ਦਸਤਾਵੇਜ਼ ਆਧਾਰਿਤ ਪ੍ਰੋਗਰਾਮ ਦਾ ਨਾ ਹੋਣਾ ਸੀ। ਸੰਨ 2007 ਤੋਂ 2017 ਦੇ 10 ਸਾਲਾਂ 'ਚ ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਰਹੀ ਜਿਸ ਵਿਚ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ 'ਤੇ ਆਧਾਰਿਤ ਨਵੀਂ ਲੀਡਰਸ਼ਿਪ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੱਕ ਹੇਠ ਚੰਮ ਦੀਆਂ ਚਲਾਈਆਂ। ਭਾਜਪਾ ਦੇ ਮੰਤਰੀਆਂ ਅਤੇ ਲੀਡਰਸ਼ਿਪ ਦੀ ਪੁੱਛ-ਪ੍ਰਤੀਤ ਨਾਮਾਤਰ ਹੀ ਸੀ। ਇਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਅਤੇ ਦੂਸਰੇ ਤਖ਼ਤ ਸਾਹਿਬਾਨ, ਸਿੱਖ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਅਤੇ ਸਿਧਾਂਤਾਂ ਦੇ ਪਰਖਚੇ ਉਡਾ ਕੇ ਰੱਖ ਦਿੱਤੇ। ਸੱਤਾ ਲਈ ਡੇਰੇਦਾਰਾਂ ਦੀਆਂ ਸਰਦਲਾਂ 'ਤੇ ਨਤਮਸਤਕ ਹੋਣਾ ਸ਼ੁਰੂ ਕਰ ਦਿੱਤਾ। ਸੌਦਾ ਸਾਧ ਨੂੰ ਮਾਫ਼ੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸ਼ਾਂਤਮਈ ਵਿਰੋਧ ਕਰਦੀ ਸੰਗਤ 'ਤੇ ਪੰਜਾਬ ਪੁਲਿਸ ਵੱਲੋਂ ਗੋਲ਼ੀਬਾਰੀ, ਦੋ ਸਿੱਖ ਨੌਜਵਾਨਾਂ ਦੀ ਸ਼ਹੀਦੀ ਆਦਿ ਨੇ ਸਿੱਖ ਪੰਥ ਅਤੇ ਵੋਟਰਾਂ 'ਚ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਖ਼ਤਮ ਕਰ ਦਿੱਤਾ। ਰੇਤ-ਬਜਰੀ, ਕੇਬਲ, ਟਰਾਂਸਪੋਰਟ, ਸ਼ਰਾਬ, ਚਿੱਟਾ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਮਾਫ਼ੀਏ, ਭ੍ਰਿਸ਼ਟਾਚਾਰ ਦੀ ਚਰਮ ਸੀਮਾ ਨੇ ਅਕਾਲੀ-ਭਾਜਪਾ ਲੀਡਰਸ਼ਿਪ ਤੇ ਸਰਕਾਰ ਬਦਨਾਮ ਕਰ ਦਿੱਤਾ ਸੀ।

ਨਤੀਜਾ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਨਮੋਸ਼ੀ ਭਰੀ ਹਾਰ ਅਤੇ ਵਿਰੋਧੀ ਧਿਰ ਦਾ ਰੁਤਬਾ ਖੁੱਸਣ ਵਜੋਂ ਨਿਕਲਿਆ। ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ 14 ਅਤੇ ਭਾਜਪਾ ਨੂੰ ਸਿਰਫ਼ ਤਿੰਨ ਸੀਟਾਂ ਹੀ ਮਿਲੀਆਂ। ਲੋਕ ਸਭਾ ਚੋਣਾਂ 2019 ਵਿਚ ਅਕਾਲੀ ਦਲ ਮੀਆਂ-ਬੀਬੀ 2 ਅਤੇ ਭਾਜਪਾ ਨੂੰ ਵੀ ਦੋ ਸੀਟਾਂ ਮਿਲੀਆਂ। ਦੂਸਰੇ ਪਾਸੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਜਿਉਂ-ਜਿਉਂ ਤਾਕਤਵਰ ਹੁੰਦੀ ਗਈ, ਵੱਡੇ ਬਹੁਮਤ ਨਾਲ ਕੇਂਦਰ ਵਿਚ ਦੂਜੀ ਵਾਰ ਸੱਤਾ ਪ੍ਰਾਪਤ ਕਰਨ ਵਿਚ ਸਫਲ ਹੋਈ, ਉਸ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੂੰਹ ਤਾਂ ਲਾਉਣਾ ਦੂਰ ਦੀ ਗੱਲ, ਹਰ ਰਾਜਨੀਤਕ ਮਰਹਲੇ 'ਤੇ ਨੀਵਾਂ ਵਿਖਾਉਣਾ ਸ਼ੁਰੂ ਕਰ ਦਿੱਤਾ। ਮੋਦੀ ਲੀਡਰਸ਼ਿਪ ਨੇ ਅਕਾਲੀ ਦਲ ਅਤੇ ਉਸ ਦੀ ਲੀਡਰਸ਼ਿਪ ਦਾ ਉਹੀ ਹਾਲ ਕੀਤਾ ਜੋ ਉਸ ਨੇ ਮਹਾਰਾਸ਼ਟਰ ਵਿਚ ਸ਼ਿਵ ਸੈਨਾ, ਕਰਨਾਟਕ ਵਿਚ ਜਨਤਾ ਦਲ (ਐੱਸ), ਬਿਹਾਰ ਵਿਚ ਜੇਡੀਯੂ, ਹਰਿਆਣਾ 'ਚ ਇਨੈਲੋ, ਯੂਪੀ 'ਚ ਸਪਾ ਅਤੇ ਬਸਪਾ, ਜੰਮੂ-ਕਸ਼ਮੀਰ ਵਿਚ ਪੀਡੀਪੀ ਆਦਿ ਦਾ।ਕੀਤਾ। ਮੋਦੀ ਸਰਕਾਰ ਨੇ ਜਿੱਥੇ ਦੂਜੇ ਕਈ ਰਾਜਾਂ ਨੂੰ ਆਰਥਿਕ ਪੈਕੇਜ ਦਿੱਤੇ ਉੱਥੇ ਹੀ ਪੰਜਾਬ ਨੂੰ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਨਾ ਹੀ ਅਜੋਕੀ ਕੈਪਟਨ ਅਮਰਿੰਦਰ ਸਰਕਾਰ ਵੇਲੇ ਇਕ ਧੇਲਾ ਵੀ ਦਿੱਤਾ। ਪੰਜਾਬ ਸਮੇਤ ਪੂਰੇ ਦੇਸ਼ ਵਿਚ 86 ਪ੍ਰਤੀਸ਼ਤ ਕਿਸਾਨ ਢਾਈ-ਤਿੰਨ ਏਕੜ ਦੇ ਮਾਲਕ ਰਹਿ ਗਏ ਹਨ। ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਆੜ੍ਹਤੀਆਂ, ਖੇਤ, ਮੰਡੀਕਰਨ ਅਤੇ ਢੋਆ-ਢੁਆਈ ਮਜ਼ਦੂਰਾਂ ਦਾ ਰੁਜ਼ਗਾਰ ਖੋਹਣ ਲਈ ਲਿਆਂਦੇ ਤਿੰਨ ਆਰਡੀਨੈਂਸਾਂ ਵੇਲੇ, ਫਿਰ ਸੰਸਦ ਵਿਚ ਬਿੱਲਾਂ ਵਜੋਂ ਪੇਸ਼ ਕਰਨ ਵੇਲੇ ਅਕਾਲੀ ਦਲ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ। ਉਲਟਾ ਤਾਨਾਸ਼ਾਹੀ ਦਬਾਅ ਰਾਹੀਂ ਉਸ ਨੂੰ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਣ, ਸ਼ਾਂਤ ਕਰਨ, ਕੇਂਦਰ ਵਿਰੋਧੀ ਕਿਸਾਨ ਰੋਹ ਨਾਲ ਨਜਿੱਠਣ ਲਈ ਕਿਹਾ ਗਿਆ। ਪੂਰੀ ਅਕਾਲੀ ਲੀਡਰਸ਼ਿਪ ਨੇ ਤਿੰਨਾਂ ਕਿਸਾਨ ਮਾਰੂ ਬਿੱਲਾਂ ਦੀ ਪੈਰਵੀ ਕਰਦਿਆਂ ਐੱਮਐੱਸਪੀ ਜਾਰੀ ਰਹਿਣ ਦੇ ਸੋਹਲੇ ਗਾਏ। ਜਦੋਂ ਜਾਗ੍ਰਿਤ ਅਤੇ ਰੋਹ ਵਿਚ ਆਏ ਕਿਸਾਨਾਂ ਅਤੇ ਜਥੇਬੰਦੀਆਂ ਨੇ ਬਾਦਲ ਪਿੰਡ ਘੇਰ ਲਿਆ ਤਾਂ ਲੋਕ ਸ਼ਕਤੀ ਦੀ ਤਾਬ ਨਾ ਸਹਿੰਦੇ ਹੋਏ ਪੰਜਾਬ 'ਚ ਮੂੰਹ ਰੱਖਣ ਲਈ ਸੰਸਦ 'ਚ ਡਟ ਕੇ ਇਨ੍ਹਾਂ ਬਿੱਲਾਂ ਦਾ ਵਿਰੋਧ ਕੀਤਾ ਤੇ ਆਪਣੇ ਇੱਕੋ-ਇਕ ਮੰਤਰੀ ਤੋਂ ਅਸਤੀਫ਼ਾ ਦਿਵਾ ਲਿਆ। ਪੰਜਾਬ 'ਚ ਮਦਨ ਮੋਹਨ ਮਿੱਤਲ, ਮਾਸਟਰ ਮੋਹਨ ਲਾਲ, ਤਰੁਣ ਚੁੱਘ ਵਰਗੇ ਭਾਜਪਾ ਆਗੂ ਪਹਿਲਾਂ ਹੀ ਰਾਜ 'ਚ ਅਕਾਲੀ ਦਲ ਦੇ ਕਮਜ਼ੋਰ ਹੋਣ, ਅਕਾਲੀ ਦਲ 'ਚੋਂ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ 'ਚ ਅਕਾਲੀ ਦਲ ਟਕਸਾਲੀ, ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਅਕਾਲੀ ਦਲ ਡੈਮੋਕ੍ਰੈਟਿਕ ਬਣਨ ਕਾਰਨ ਭਾਜਪਾ ਨੂੰ ਗੱਠਜੋੜ 'ਚ ਵੱਡੇ ਭਰਾ ਅਤੇ 59:58 ਰੇਸ਼ੋ ਨਾਲ ਚੋਣਾਂ ਲੜਨ ਦੀਆਂ ਟਾਹਰਾਂ ਮਾਰਨ ਲੱਗੇ। ਪੰਜਾਬ ਵਿਚ ਕਿਸਾਨ ਜਥੇਬੰਦੀਆਂ ਅਕਾਲੀ ਆਗੂਆਂ ਨੂੰ ਕਾਲੀਆਂ ਝੰਡੀਆਂ ਵਿਖਾਉਣ ਲੱਗੀਆਂ।

ਵਿਰੋਧੀ ਪਾਰਟੀਆਂ ਅਤੇ ਸੱਤਾਧਾਰੀ ਕਾਂਗਰਸ ਕਿਸਾਨੀ ਨਾਲ ਧੋਖਾ ਕਰਨ ਦਾ ਪ੍ਰਾਪੇਗੰਡਾ ਕਰਨ ਲੱਗੀਆਂ। ਨੌਜਵਾਨਾਂ, ਬੁੱਧੀਜੀਵੀਆਂ, ਗਾਇਕਾਂ, ਸਾਹਿਤਕਾਰਾਂ, ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦੇ ਕਿਸਾਨੀ ਪਿੱਛੇ ਲਾਮਬੰਦ ਹੋਣ ਅਤੇ ਜਾਟ ਸਭਾ ਦੇ ਪ੍ਰਧਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨੀ ਦੇ ਕੇਂਦਰ ਵਿਰੋਧੀ ਸੰਘਰਸ਼ ਦੀ ਅਗਵਾਈ ਕਰਨ ਦੇ ਫ਼ੈਸਲੇ ਕਾਰਨ ਪੰਜਾਬ ਅੰਦਰ ਆਪਣੇ ਪੈਰਾਂ ਹੇਠੋਂ ਜਨਤਕ, ਪੰਥਕ ਤੇ ਕਿਸਾਨੀ ਹਮਾਇਤ ਖਿਸਕਣ ਦੇ ਡਰੋਂ ਅਕਾਲੀ ਦਲ ਕੋਲ ਐੱਨਡੀਏ ਅਤੇ ਭਾਜਪਾ ਨੂੰ ਅਲਵਿਦਾ ਕਹਿਣ ਤੋਂ ਇਲਾਵਾ ਕੋਈ ਰਾਹ ਨਹੀਂ ਸੀ ਬਚਿਆ। ਅਕਾਲੀ ਦਲ ਬਾਦਲ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਪੰਜਾਬ ਵਿਚ ਭਾਜਪਾ ਸਿਰਫ਼ ਲੀਡਰਾਂ ਦਾ ਟੋਲਾ ਬਣ ਕੇ ਰਹਿ ਗਈ ਹੈ ਜਿਸ ਨੂੰ ਕੋਈ ਜਨਤਕ ਹਮਾਇਤ ਨਹੀਂ ਰਹੀ। ਅਕਾਲੀ ਦਲ ਨੂੰ ਜਨਤਕ, ਪੰਥਕ ਤੇ ਕਿਸਾਨਾਂ ਦਾ ਭਰੋਸਾ ਮੁੜ ਹਾਸਲ ਕਰਨ 'ਚ ਇਕ-ਦੋ ਦਹਾਕੇ ਲੱਗ ਜਾਣਗੇ।

-(ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)।

-ਸੰਪਰਕ : +1 2898 292929

Posted By: Jagjit Singh