ਜੰਗ-ਏ-ਆਜ਼ਾਦੀ 'ਚ ਪੰਜਾਬੀਆਂ ਦੀਆਂ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਹਨ। ਇਸੇ ਸ਼ੰਘਰਸ਼ ਤਹਿਤ 11 ਜਨਵਰੀ 1915 ਨੂੰ ਕੈਨੇਡਾ ਵਿਚ ਭਾਈ ਮੇਵਾ ਸਿੰਘ ਨੇ ਸ਼ਹੀਦੀ ਪਾਈ। ਆਪ ਦਾ ਜਨਮ ਪਿੰਡ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਸੰਨ 1881 'ਚ ਨੰਦ ਸਿੰਘ ਦੇ ਘਰ ਹੋਇਆ। ਆਪ ਬਹੁਤ ਹੀ ਧਾਰਮਿਕ ਵਿਚਾਰਾਂ ਅਤੇ ਸੇਵਾ ਭਾਵਨਾ ਵਾਲੇ ਗੁਰਸਿੱਖ ਸਨ। ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਦੌਰਾਨ ਰੋਜ਼ੀ-ਰੋਟੀ ਤੇ ਚੰਗੇ ਭਵਿੱਖ ਲਈ ਜਦੋਂ ਪੰਜਾਬੀ ਕੈਨੇਡਾ, ਅਮਰੀਕਾ ਜਾਣ ਲੱਗੇ ਤਾਂ 1906 ਈਸਵੀ ਨੂੰ ਮੇਵਾ ਸਿੰਘ ਵੀ ਰੁਜ਼ਗਾਰ ਵਾਸਤੇ ਵੈਨਕੂਵਰ ਪਹੰਚ ਗਏ। ਹਾਪਕਿਨਸਨ ਨਾਂ ਦਾ ਇਕ ਬਦਨਾਮ ਅੰਗਰੇਜ਼ ਪੁਲਿਸ ਅਫ਼ਸਰ ਜਿਹੜਾ ਪਹਿਲਾਂ ਭਾਰਤ ਵਿਚ ਰਹਿ ਚੱਕਾ ਸੀ, 1909 ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵਿਚ ਜਾ ਲੱਗਾ। ਉਹ ਭਾਰਤੀ ਲੋਕਾਂ ਦੀਆਂ ਸਰਗਰਮੀਆਂ ਦੀ ਸੂਚਨਾ ਅੰਗਰੇਜ਼ ਸਰਕਾਰ ਤਕ ਪਹੁੰਚਾਉਣ ਦਾ ਕੰਮ ਵੀ ਕਰਦਾ ਸੀ। ਉਸ ਦਾ ਜਨਮ ਭਾਰਤ 'ਚ ਹੋਇਆ ਸੀ ਜਿਸ ਦਾ ਪਿਤਾ ਇਕ ਅੰਗਰੇਜ਼ ਅਤੇ ਮਾਂ ਭਾਰਤੀ ਸੀ।

ਉਹ ਕੈਨੇਡਾ ਆਉਣ ਤੋਂ ਪਹਿਲਾਂ ਪੰਜਾਬ ਅਤੇ ਕਲਕੱਤਾ ਪੁਲਿਸ 'ਚ ਰਹਿ ਚੁੱਕਾ ਸੀ। ਗ਼ਦਰ ਪਾਰਟੀ ਦਾ ਗਠਨ ਹੋਣ 'ਤੇ ਇਸ ਨੇ ਸਰਗਰਮੀਆਂ ਵਧਾ ਦਿੱਤੀਆਂ ਸਨ। ਸਤਾਰਾਂ ਜੁਲਾਈ 1914 ਨੂੰ ਜਦੋਂ ਮੇਵਾ ਸਿੰਘ ਕੈਨੇਡਾ ਬਾਰਡਰ 'ਤੇ ਇਕ ਪਿਸਤੌਲ ਤੇ 500 ਕਾਰਤੂਸਾਂ ਸਮੇਤ ਪੁਲਿਸ ਦੇ ਅੜਿੱਕੇ ਆ ਗਿਆ ਤਾਂ ਉਸ ਤੋਂ ਪੁੱਛਗਿਛ ਹੈਂਡ ਮੈਲਕਮ ਤੇ ਹਾਪਕਿਨਸਨ ਨੇ ਕੀਤੀ ਤੇ ਦਬਾਅ ਪਾਇਆ ਗਿਆ ਕਿ ਉਹ ਸਿੱਖ ਆਗੂਆਂ ਖ਼ਿਲਾਫ਼ ਬਿਆਨ ਦੇਵੇ ਪਰ ਮੇਵਾ ਸਿੰਘ ਨੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਮੇਵਾ ਸਿੰਘ ਨੂੰ 50 ਡਾਲਰ ਦਾ ਜੁਰਮਾਨਾ ਕਰ ਕੇ 7 ਅਗਸਤ 1914 ਨੂੰ ਰਿਹਾਅ ਕਰ ਦਿੱਤਾ। ਬਾਬਾ ਗੁਰਦਿੱਤ ਸਿੰਘ ਦੇ ਕਾਮਾਗਾਟਾਮਾਰੂ ਜਹਾਜ਼ ਦੇ ਯਾਤਰੀਆਂ ਨੂੰ ਜਦ ਹਾਪਕਿਨਸਨ ਤੇ ਹੋਰ ਇਮੀਗ੍ਰੇਸ਼ਨ ਅਫ਼ਸਰਾਂ ਨੇ ਕੈਨੇਡਾ ਦੀ ਬੰਦਰਗਾਹ 'ਤੇ ਨਾ ਉਤਰਨ ਦਿੱਤਾ ਤਾਂ ਮੇਵਾ ਸਿੰਘ ਦਾ ਮਨ ਬਹੁਤ ਦੁਖੀ ਹੋਇਆ।

ਖ਼ਾਲਸਾ ਦੀਵਾਨ ਵੈਨਕੂਵਰ ਦੇ ਆਦਮੀ ਜਹਾਜ਼ ਦੇ ਯਾਤਰੀਆਂ ਦੀ ਪੂਰੀ ਮਦਦ ਕਰਦੇ ਰਹੇ ਸਨ ਜਿਸ ਤੋਂ ਹਾਪਕਿਨਸਨ ਬਹੁਤ ਚਿੜਿਆ ਹੋਇਆ ਸੀ। ਉਸ ਦੀ ਯੋਜਨਾ ਅਨੁਸਾਰ 5 ਸਤੰਬਰ 1914 ਨੂੰ ਇਕ ਦਿਨ ਜਦੋਂ ਕਿਸੇ ਸਿੰਘ ਦੇ ਸਸਕਾਰ ਉਪਰੰਤ ਸੰਗਤ ਗੁਰਦੁਆਰਾ ਸਾਹਿਬ ਵਿਖੇ ਪਾਠ ਕਰ ਸੁਣ ਰਹੀ ਸੀ ਤਾਂ ਦਲਾਲ ਬੇਲਾ ਸਿੰਘ ਨੇ ਖ਼ਾਲਸਾ ਦੀਵਾਨ ਵੈਨਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਤੇ ਭਾਈ ਵਤਨ ਸਿੰਘ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਤੇ ਪੁਲਿਸ ਦੀ ਜੀਪ 'ਚ ਦੌੜ ਗਿਆ। ਭਾਈ ਮੇਵਾ ਸਿੰਘ ਨੇ ਪਿਸਤੌਲ ਖ਼ਰੀਦੀ ਤੇ 21 ਅਕਤੂਬਰ 1914 ਨੂੰ ਉਕਤ ਕੇਸ ਦੀ ਸੁਣਵਾਈ ਕਰ ਰਹੀ ਕਚਹਿਰੀ 'ਚ ਹਾਪਕਿਨਸਨ ਨੂੰ ਤਿੰਨ ਗੋਲ਼ੀਆਂ ਮਾਰ ਕੇ ਢੇਰ ਕਰ ਦਿੱਤਾ ਅਤੇ ਗ੍ਰਿਫ਼ਤਾਰੀ ਦੇ ਦਿੱਤੀ। ਮੇਵਾ ਸਿੰਘ ਲੋਪੋਕੇ ਨੂੰ 29 ਅਕਤੂਬਰ 1914 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਉਹ 11 ਜਨਵਰੀ 1915 ਨੂੰ ਸ਼ਹੀਦੀ

ਪਾ ਗਏ।

-ਕੰਵਲਬੀਰ ਸਿੰਘ ਪੰਨੂੰ, ਤਰਨਤਾਰਨ। (98766-98068)

Posted By: Rajnish Kaur