ਸ਼ਹੀਦ ਭਗਤ ਸਿੰਘ ਦੇ ਚਿੰਤਨ ਨੂੰ ਸਮੇਂ-ਸਮੇਂ 'ਤੇ ਅਨੇਕ ਵਿਦਵਾਨਾਂ, ਲੇਖਕਾਂ, ਫਿਲਮ ਨਿਰਮਾਤਾਵਾਂ, ਨੇਤਾਵਾਂ ਤੇ ਸਿਆਸੀ ਪਾਰਟੀਆਂ ਨੇ ਤੋੜ-ਮਰੋੜ ਕੇ ਪੇਸ਼ ਕਰ ਕੇ ਭਰਮ ਵਿਚ ਪਾਉਣ ਦੇ ਯਤਨ ਕੀਤੇ। ਉਸ ਨੂੰ ਕੁਝ ਲੇਖਕਾਂ ਨੇ ਰਾਸ਼ਟਰਵਾਦੀ ਕ੍ਰਾਂਤੀਕਾਰੀ ਜਾਂ ਰੁਮਾਂਟਿਕ ਆਦਰਸ਼ਵਾਦੀ ਕ੍ਰਾਂਤੀਕਾਰੀ ਮੰਨਿਆ ਹੈ। ਭਾਰਤੀ ਜਨਤਾ ਨੇ ਉਸ ਨੂੰ ਹਮੇਸ਼ਾ ਰਾਸ਼ਟਰ ਲਈ ਕੁਰਬਾਨੀ ਕਰਨ ਵਾਲਾ ਨਾਇਕ ਮੰਨਿਆ। ਲਾਤੀਨੀ ਅਮਰੀਕੀ ਵਿਚ ਲੋਕ ਨਾਇਕ ਦਾ ਜਿਹੜਾ ਦਰਜਾ ਚੇ ਗੁਵੇਰਾ ਨੂੰ ਹਾਸਲ ਹੈ, ਉਹ ਭਾਰਤੀ ਖਿੱਤੇ ਵਿਚ ਭਗਤ ਸਿੰਘ ਨੂੰ ਮਿਲਿਆ ਹੋਇਆ ਹੈ। ਦੂਜੇ ਪਾਸੇ ਇਹ ਬੜੀ ਮਾੜੀ ਗੱਲ ਹੈ ਕਿ ਪਾਠ-ਪੁਸਤਕਾਂ ਰਾਹੀਂ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਭਗਤ ਸਿੰਘ ਬਾਰੇ ਭਰਮਾਂ ਵਿਚ ਪਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਹਨ। ਅਨੇਕ ਲੇਖਕਾਂ ਨੇ ਇਤਿਹਾਸਕ ਤੱਥਾਂ ਅਤੇ ਘਟਨਾਵਾਂ ਦੀ ਵਿਆਖਿਆ ਬਿਲਕੁਲ ਨਿਰਾਧਾਰ ਕੀਤੀ ਹੈ। ਉਸ ਦੇ ਚਿੰਤਨ ਦਾ ਸਮੁੱਚਾ ਮੁਲਾਂਕਣ ਕਰਨ ਲਈ ਉਸ ਦੇ ਚਿੰਤਨ ਦੇ ਸਰੋਤਾਂ ਦਾ ਅਧਿਐਨ ਕਰਨਾ ਲਾਜ਼ਮੀ ਹੈ। ਉਹ ਗੰਭੀਰ ਪਾਠਕ ਹੋਣ ਦੇ ਨਾਲ-ਨਾਲ ਬਿਹਤਰੀਨ ਲੇਖਕ ਤੇ ਪੱਤਰਕਾਰ ਵੀ ਸੀ। ਉਸ ਦੇ ਚਿੰਤਨ ਦੇ ਮੌਲਿਕ ਸਰੋਤਾਂ ਵਿਚ ਉਸ ਵੱਲੋਂ ਲਿਖੇ ਗਏ ਅਨੇਕ ਲੇਖ 'ਕਿਰਤੀ', 'ਪ੍ਰਤਾਪ', 'ਪ੍ਰਭਾ', 'ਮਹਾਰਥੀ', 'ਚਾਂਦ' ਅਤੇ 'ਵੰਦੇ ਮਾਤਰਮ' ਵਿਚ ਪ੍ਰਕਾਸ਼ਿਤ ਹੋਏ। ਇਸ ਤੋਂ ਇਲਾਵਾ ਲੈਨਿਨ ਦੇ ਜਨਮ ਦਿਵਸ ਮੌਕੇ ਕਮਿਊਨਿਸਟ ਇੰਟਰਨੈਸ਼ਨਲ ਨੂੰ ਉਨ੍ਹਾਂ ਵੱਲੋਂ ਜੇਲ੍ਹ ਵਿੱਚੋਂ ਭੇਜੀ ਗਈ ਤਾਰ, ਕੌਮ ਦੇ ਨਾਂ ਸੰਦੇਸ਼, ਪੰਜਾਬ ਦੇ ਰਾਜਪਾਲ ਦੇ ਨਾਂ ਪੱਤਰ, ਆਪਣੇ ਪਿਤਾ ਜੀ ਦੇ ਨਾਂ ਪੱਤਰ , ਬੀਕੇ ਦੱਤ ਦੇ ਨਾਂ ਪੱਤਰ , ਡਰੀਮਲੈਂਡ ਪੁਸਤਕ ਦੀ ਭੂਮਿਕਾ, ਐੱਚਐੱਸਆਰਏ ਦਾ ਐਲਾਨਨਾਮਾ, ਨੌਜਵਾਨ ਸਿਆਸੀ ਕਾਰਕੁੰਨਾਂ ਦੇ ਨਾਂ ਪੱਤਰ, 'ਮੈਂ ਨਾਸਤਿਕ ਕਿਉਂ?', ਕ੍ਰਾਂਤੀਕਾਰੀ ਦੁਰਗਾ ਭਾਬੀ ਨੂੰ ਪੱਤਰ ਆਦਿ ਬਹੁਤ ਸਾਰੇ ਮੌਲਿਕ ਸਰੋਤ ਹਨ। ਸਭ ਤੋਂ ਅਹਿਮ ਸਰੋਤ ਜੇਲ੍ਹ ਵਿਚ ਲਿਖੀ 404 ਪੰਨਿਆਂ ਦੀ ਡਾਇਰੀ ਹੈ। ਇਸ ਤੋਂ ਇਲਾਵਾ ਭਗਤ ਸਿੰਘ ਤੇ ਬੀਕੇ ਦੱਤ ਵੱਲੋਂ ਅਦਾਲਤ ਵਿਚ ਅਸੈਂਬਲੀ ਬੰਬ ਕਾਂਡ ਦੀ ਸੁਣਵਾਈ ਵੇਲੇ ਦਿੱਤਾ ਗਿਆ ਲਿਖਤੀ ਬਿਆਨ ਅਹਿਮ ਹੈ। ਇਨ੍ਹਾਂ ਸਾਰੇ ਸਰੋਤਾਂ ਦੇ ਅਧਿਐਨ ਤੋਂ ਬਾਅਦ ਉਸ ਦੀ ਸ਼ਖ਼ਸੀਅਤ ਤੇ ਵਿਚਾਰਧਾਰਾ ਬਾਰੇ ਕੋਈ ਭੁਲੇਖਾ ਨਹੀਂ ਰਹਿ ਜਾਂਦਾ। 'ਖ਼ੂਨ ਦਾ ਬਦਲਾ ਖ਼ੂਨ' ਵਿਚ ਉਸ ਦਾ ਕੋਈ ਵਿਸ਼ਵਾਸ ਨਹੀਂ ਸੀ। 8 ਜੂਨ 1929 ਨੂੰ ਸੈਸ਼ਨ ਜੱਜ ਦੀ ਅਦਾਲਤ 'ਚ ਉਸ ਨੇ ਕਿਹਾ ਸੀ, 'ਉਹ ਮਨੁੱਖੀ ਜੀਵਨ ਨੂੰ ਪਵਿੱਤਰ ਮੰਨਦੇ ਹਨ ਤੇ ਮਨੁੱਖੀ ਜਾਤੀ ਨਾਲ ਉਨ੍ਹਾਂ ਨੂੰ ਬੇਇੰਤਹਾ ਪ੍ਰੇਮ ਹੈ। ਉਹ ਸਿਰਫ਼ ਹਿੰਸਾ ਕਰਨ ਵਾਲੇ ਨਹੀਂ ਤੇ ਨਾ ਹੀ ਪਾਗ਼ਲ ਹਨ। ਸਾਨੂੰ ਪਖੰਡ ਨਾਲ ਨਫ਼ਰਤ ਹੈ। ਅਸੈਂਬਲੀ ਵਿਚ ਬੰਬ ਸੁੱਟ ਕੇ ਖ਼ੂਨ ਵਹਾਉਣਾ ਸਾਡਾ ਉਦੇਸ਼ ਨਹੀਂ ਸਗੋਂ ਬੋਲ਼ਿਆਂ ਨੂੰ ਆਪਣੀ ਗੱਲ ਸੁਣਾਉਣਾ ਤੇ ਸਮਾਂ ਰਹਿੰਦੇ ਚੇਤਾਵਨੀ ਦੇਣਾ ਸੀ।' ਅਸਲ 'ਚ ਉਹ ਕ੍ਰਾਂਤੀਕਾਰੀ ਸਮਾਜਵਾਦੀ ਦਾਰਸ਼ਨਿਕ ਤੇ ਚਿੰਤਕ ਸੀ, ਜਿਸ ਤੋਂ ਅੱਜ ਵੀ ਸੇਧ ਲਈ ਜਾ ਰਹੀ ਹੈ।

-ਪ੍ਰਿੰ. ਡਾ. ਰਾਮਜੀ ਲਾਲ। 81688-10760

Posted By: Rajnish Kaur