ਲਾਸਾਨੀ ਕੁਰਬਾਨੀਆਂ ਸਦਕਾ ਹੋਂਦ 'ਚ ਆਈ ਸਿੱਖ ਕੌਮ ਦੀ ਮਹਾਨ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਤਾਬਦੀ ਮਨਾਉਣ ਵੇਲੇ ਪੰਥ ਵੰਡਿਆ ਹੋਇਆ ਪ੍ਰਤੀਤ ਹੁੰਦਾ ਹੈ। ਇਕ ਸਮਾਂ ਸੀ ਜਦੋਂ ਸੰਗਤ , ਸਿੱਖਾਂ ਦੇ ਪੋਪ ਮੰਨੇ ਜਾਣ ਵਾਲੇ ਜਥੇਦਾਰ ਅਕਾਲ ਤਖ਼ਤ ਦੇ ਕਿਸੇ ਵੀ ਆਦੇਸ਼ ਜਾਂ ਹੁਕਮ ਦੀ ਅਦੂਲੀ ਕਰਨਾ ਵੱਡਾ ਗੁਨਾਹ ਸਮਝਦੀ ਸੀ।

ਅਕਾਲ ਤਖ਼ਤ ਦੀ ਫ਼ਸੀਲ ਤੋਂ ਜਾਰੀ ਹੁੰਦਾ ਕੋਈ ਵੀ ਹੁਕਮਨਾਮਾ ਅੱਖਾਂ ਮੁੰਦ ਕੇ ਪ੍ਰਵਾਨ ਕਰ ਲਿਆ ਜਾਂਦਾ ਸੀ। ਪੰਦਰਾਂ ਨਵੰਬਰ 1920 ਨੂੰ ਮੀਰੀ-ਪੀਰੀ ਦੀ ਮਹਾਨ ਸੰਸਥਾ ਵੱਲੋਂ ਜਾਰੀ ਹੋਏ ਆਦੇਸ਼ ਮੁਤਾਬਕ ਗੁਰਧਾਮਾਂ ਦੀ ਸੇਵਾ-ਸੰਭਾਲ ਲਈ ਪੰਥ ਪ੍ਰਸਤਾਂ ਦੀ ਇਕੱਤਰਤਾ ਹੋਈ। ਇਹ ਉਹ ਬਿਖਮ ਘੜੀ ਸੀ ਜਦੋਂ ਅੰਗਰੇਜ਼ਾਂ ਦੇ ਹੱਥਠੋਕੇ ਮਹੰਤ/ਪੁਜਾਰੀ ਗੁਰਧਾਮਾਂ 'ਤੇ ਕਾਬਿਜ਼ ਸਨ। ਲੋਭੀ ਤੇ ਦੰਭੀ ਮਹੰਤਾਂ ਦਾ ਇਹ ਕਬਜ਼ਾ ਸਿੱਖ ਰਾਜ ਦੇ ਪਤਨ ਪਿੱਛੋਂ ਹੋਇਆ ਸੀ।

ਦੂਜੀ ਇਤਿਹਾਸਕ ਇਕੱਤਰਤਾ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੁਲਾਈ ਗਈ ਜਿਸ 'ਚੋਂ ਪੰਥ ਦੇ ਹਰਾਵਲ ਦਸਤਾ, ਸ਼੍ਰੋਮਣੀ ਅਕਾਲੀ ਦਲ ਨੇ ਜਨਮ ਲਿਆ। ਹਰਾਵਲ ਦਸਤਾ, ਸਿਰਲੱਥ ਨੌਜਵਾਨਾਂ ਦੀ ਇਸ ਟੁਕੜੀ ਨੂੰ ਕਿਹਾ ਜਾਂਦਾ ਹੈ ਜੋ ਫ਼ੌਜ ਦੇ ਅੱਗੇ-ਅੱਗੇ ਚੱਲਦੀ ਹੈ। ਸਿੱਖ ਤਵਾਰੀਖ਼ ਮੁਤਾਬਕ ਗੁਰਦੁਆਰਾ ਸੁਧਾਰ ਲਹਿਰ ਦਾ ਹਾਸਲ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੀ ਜਨਮ-ਦਾਤੀ ਹੈ ਜਿਸ ਨੇ ਗੁਰਧਾਮਾਂ ਦੇ ਨਾਲ-ਨਾਲ ਦੇਸ਼ ਦੀ ਆਜ਼ਾਦੀ ਲਈ ਵੀ ਮਹਾਨ ਯੋਗਦਾਨ ਪਾਇਆ ਸੀ। ਸੁਨਹਿਰੀ ਇਤਿਹਾਸ ਰਚਣ ਵਾਲੀ ਸੰਸਥਾ ਦੀ ਸ਼ਤਾਬਦੀ ਜਾਹੋ-ਜਲਾਲ ਨਾਲ ਮਨਾਉਣ ਲੱਗਿਆਂ ਪੰਥ ਨੂੰ ਇਕ ਮੰਚ 'ਤੇ ਇਕੱਠੇ ਹੋਣਾ ਚਾਹੀਦਾ ਸੀ।

ਅਫ਼ਸੋਸ! ਸੰਨ 1999 'ਚ ਸਿੱਖ ਪੰਥ ਦੀ ਸਾਜਨਾ ਦੀ ਤ੍ਰੈ-ਸ਼ਤਾਬਦੀ ਤੋਂ ਲੈ ਕੇ ਹੁਣ ਤਕ ਜਿੰਨੀਆਂ ਵੀ ਸ਼ਤਾਬਦੀਆਂ ਮਨਾਈਆਂ ਗਈਆਂ, ਉਸ ਵੇਲੇ ਪੰਥ ਖੇਰੂੰ-ਖੇਰੂੰ ਰਿਹਾ। ਖਾਨਾਜੰਗੀ ਕਾਰਨ ਵਿਰੋਧੀ ਦਲਾਂ ਦੇ ਨੇਤਾ ਇਕ-ਦੂਜੇ ਨੂੰ ਠਿੱਬੀਆਂ ਲਾਉਂਦੇ ਰਹੇ। ਸਿਰ ਦੇ ਦੇ ਹਾਸਲ ਕੀਤੀਆਂ ਦਸਤਾਰਾਂ ਦੀ ਬੇਅਦਬੀ ਨੇ ਸਿੱਖ ਦਰਦਮੰਦਾਂ ਨੂੰ ਉਦਾਸ ਕਰ ਦਿੱਤਾ। ਮਹੰਤਾਂ ਕੋਲੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਵਾਲੇ ਖ਼ੁਦ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਹਥਿਆਉਣ ਲਈ ਹਰ ਹਰਬਾ ਵਰਤਦੇ ਰਹੇ। ਨਿਸ਼ਠਾਵਾਨ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਧਰਮ 'ਤੇ ਸਿਆਸਤ ਭਾਰੀ ਹੋਣ ਕਾਰਨ ਸ਼ਰਧਾਲੂਆਂ ਦੇ ਦਿਲਾਂ ਨੂੰ ਠੇਸ ਪੁੱਜਣੀ ਕੁਦਰਤੀ ਵਰਤਾਰਾ ਸੀ।

ਸਿੰਘ ਸਾਹਿਬਾਨ (ਤਖ਼ਤਾਂ ਦੇ ਜਥੇਦਾਰ) ਸਮੇਂ-ਸਮੇਂ ਕੌਮ ਦੀ ਅਗਵਾਈ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਰ ਹੁਕਮਨਾਮੇ ਨੂੰ ਸੰਗਤ ਅਕਾਲ ਪੁਰਖ ਦਾ ਹੁਕਮ ਸਮਝ ਕੇ ਮੰਨਦੀ ਰਹੀ। ਇੱਕੀਵੀਂ ਸਦੀ ਵਿਚ ਉਨ੍ਹਾਂ ਦੇ ਹੁਕਮਨਾਮਿਆਂ/ਆਦੇਸ਼ਾਂ 'ਤੇ ਕਿੰਤੂ-ਪ੍ਰੰਤੂ ਹੋਣੇ ਅਸਲੋਂ ਨਵਾਂ ਵਰਤਾਰਾ ਹੈ। ਮੁਤਵਾਜ਼ੀ ਜਥੇਦਾਰ ਥਾਪਣੇ ਵੀ ਨਵੀਂ ਪਿਰਤ ਹੈ ਜੋ ਖਾਨਾਜੰਗੀ ਦਾ ਹਾਸਲ ਕਹੀ ਜਾ ਸਕਦੀ ਹੈ। ਵਿਰੋਧੀ ਦਲ ਇਲਜ਼ਾਮ ਲਗਾਉਂਦੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਲਿਫ਼ਾਫ਼ਿਆਂ 'ਚੋਂ ਨਿਕਲਦੇ ਹਨ ਜੋ ਪੰਜਾਬ ਦੇ ਤਿੰਨਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਨਿਯੁਕਤ ਕਰਦੇ ਹਨ।

ਮੁਤਵਾਜ਼ੀ ਅਰਬੀ ਮੂਲ ਦੇ ਸ਼ਬਦ 'ਤਵਾਜ਼ੀ' ਤੋਂ ਬਣਿਆ ਹੈ ਜਿਸ ਦਾ ਅਰਥ ਇਕ-ਦੂਜੇ ਤੋਂ ਬਰਾਬਰ ਫ਼ਾਸਲੇ 'ਤੇ ਰਹਿਣ ਵਾਲਾ ਹੈ।

ਭਾਵ, ਅਖਸ਼ਾਂਸ਼, ਸਮਾਨਾਂਤਰ ਰੇਖਾ ਜਾਂ ਸਥਿਤੀ। ਜਥੇਦਾਰ ਦਰਅਸਲ ਸਰਬਰਾਹ ਮੰਨੇ ਜਾਂਦੇ ਹਨ ਜਿਨ੍ਹਾਂ ਨੇ ਕੌਮ ਨੂੰ ਅਗਵਾਈ ਦੇਣੀ ਹੁੰਦੀ ਹੈ। ਸਮਾਨਾਂਤਰ ਰੇਖਾਵਾਂ ਵਾਂਗ ਜਥੇਦਾਰ ਤੇ ਮੁਤਵਾਜ਼ੀ ਜਥੇਦਾਰ ਇਕ-ਦੂਜੇ ਦੇ ਬਰਾਬਰ ਖੜ੍ਹੇ ਹਨ। ਦਰਿਆਵਾਂ ਦੇ ਕਿਨਾਰਿਆਂ ਵਾਂਗ, ਸਮਾਨਾਂਤਰ ਰੇਖਾਵਾਂ ਕਦੇ ਨਹੀਂ ਮਿਲਦੀਆਂ। ਮਹਾਨ ਸਿੱਖ ਸੰਸਥਾ ਦੀ ਸ਼ਤਾਬਦੀ ਵੇਲੇ ਸਮਾਨਾਂਤਰ ਆਦੇਸ਼/ਹੁਕਮਨਾਮੇ ਜਾਰੀ ਹੋਣ ਕਾਰਨ ਕੌਮ ਭੰਬਲਭੂਸੇ ਵਿਚ ਪਈ ਹੋਈ ਹੈ। ਅਜਿਹੀ ਸਥਿਤੀ ਦਰਅਸਲ ਸਿੱਖ ਸੰਸਥਾਵਾਂ ਨੂੰ ਨਿੱਜੀ ਹਿੱਤਾਂ ਲਈ ਵਰਤਣ ਦੀ ਕੋਸ਼ਿਸ਼ ਕਰਕੇ ਹੋਈ ਹੈ।

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਲੱਗਿਆਂ ਕਈ ਉਮੀਦਵਾਰ ਇਸ ਸੰਸਥਾ ਨੂੰ ਸਿਆਸਤ ਦਾ ਪ੍ਰਵੇਸ਼ ਦੁਆਰ ਸਮਝ ਲੈਂਦੇ ਹਨ। ਇਸ ਸੰਸਥਾ ਨੇ ਪੰਜਾਬ ਨੂੰ ਛੇ ਮੁੱਖ ਮੰਤਰੀ ਦਿੱਤੇ ਹਨ ਜਿਨ੍ਹਾਂ ਵਿਚ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ, ਪ੍ਰਤਾਪ ਸਿੰਘ ਕੈਰੋਂ, ਗਿਆਨ ਸਿੰਘ ਰਾੜੇਵਾਲਾ, ਜਸਟਿਸ ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ ਅਤੇ ਪ੍ਰਕਾਸ਼ ਸਿੰਘ ਬਾਦਲ ਸ਼ਾਮਲ ਹਨ। ਅਮੀਰ ਵਿਰਾਸਤ ਵਾਲੀ ਇਸ ਸੰਸਥਾ ਦਾ ਰਸਾਤਲ ਵੱਲ ਜਾਣਾ ਮੰਦਭਾਗੀ ਗੱਲ ਹੈ ਜਿਸ ਲਈ ਸਾਰੀਆਂ ਧਿਰਾਂ ਨੂੰ ਸਿਰ ਜੋੜ ਕੇ ਮੰਥਨ ਕਰਨ ਦੀ ਲੋੜ ਹੈ। ਸ਼ਤਾਬਦੀ ਸਮਾਗਮ ਵੇਲੇ ਜਥੇਦਾਰ ਅਕਾਲ ਤਖ਼ਤ ਵੱਲੋਂ ਦਿੱਤੀ ਤਕਰੀਰ 'ਤੇ ਵੀ ਕਿੰਤੂ-ਪ੍ਰੰਤੂ ਹੋ ਰਹੇ ਹਨ।

ਉਨ੍ਹਾਂ 'ਤੇ ਪੰਥ ਦੀ ਇਕ ਧਿਰ ਦੇ ਪੱਖ ਵਿਚ ਭੁਗਤਣ ਦੇ ਇਲਜ਼ਾਮ ਲੱਗ ਰਹੇ ਹਨ। ਵਿਰੋਧੀ ਅਕਾਲੀ ਦਲਾਂ/ਜਥੇਬੰਦੀਆਂ ਨੇ ਉਨ੍ਹਾਂ 'ਤੇ ਸਵਾਲਾਂ ਦੀ ਬੁਛਾੜ ਲਗਾ ਦਿੱਤੀ ਹੈ। 'ਕੇਂਦਰ ਨੂੰ ਈਵੀਐੱਮ ਦੀ ਸਰਕਾਰ' ਕਹਿਣਾ ਕਈਆਂ ਨੂੰ ਅਟਪਟਾ ਲੱਗਿਆ ਹੈ। ਅਜਿਹੀ ਬਿਆਨਬਾਜ਼ੀ ਸਿਆਸਤਦਾਨਾਂ ਦੇ ਮੂੰਹੋਂ ਤਾਂ ਜਚਦੀ ਹੈ, ਕਿਸੇ ਸਿੰਘ ਸਾਹਿਬ ਦੇ ਮੁਖਾਰਬਿੰਦ 'ਚੋਂ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬਾਰੇ ਉਨ੍ਹਾਂ ਵੱਲੋਂ ਦਿੱਤੇ ਗਏ ਆਪਾ-ਵਿਰੋਧੀ ਬਿਆਨਾਂ ਕਾਰਨ ਵੀ ਉਨ੍ਹਾਂ ਦੀ ਉੱਚ ਪਦਵੀ 'ਤੇ ਹਰਫ਼ ਆਇਆ ਹੈ। ਬਿਹਤਰ ਹੁੰਦਾ ਜੇ ਸਿੰਘ ਸਾਹਿਬ ਨਸ਼ਿਆਂ ਵਰਗੀਆਂ ਨਾਮੁਰਾਦ ਅਲਾਮਤਾਂ 'ਤੇ ਖੁੱਲ੍ਹ ਕੇ ਬੋਲਦੇ ਜਿਨ੍ਹਾਂ ਕਰਕੇ ਗੁਰੂਆਂ-ਪੀਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ 'ਉੜਤਾ ਪੰਜਾਬ' ਵਰਗਾ ਲਕਬ ਮਿਲਿਆ ਹੈ। ਸ਼ਤਾਬਦੀ ਦੇ ਅਵਸਰ 'ਤੇ ਸ਼੍ਰੋਮਣੀ ਕਮੇਟੀ ਵਰਗੀ ਗੌਰਵਮਈ ਸੰਸਥਾ ਨੂੰ ਨਿਘਾਰ ਤੋਂ ਰੋਕਣ ਲਈ ਕੋਈ ਪੁਖਤਾ ਸੰਦੇਸ਼ ਦਿੰਦੇ ਤਾਂ ਚੰਗਾ ਸੀ।

ਸ਼ਤਾਬਦੀ 'ਕੀ ਖੱਟਿਆ ਤੇ ਕੀ ਗੁਆਇਆ' ਦਾ ਵਿਸ਼ਲੇਸ਼ਣ ਕਰਨ ਦਾ ਮੌਕਾ ਹੈ। ਅਤੀਤ ਦੀਆਂ ਬੱਜਰ ਗ਼ਲਤੀਆਂ ਦੀ ਪੁਣ-ਛਾਣ ਕਰ ਕੇ ਭਵਿੱਖ ਦੀਆਂ ਤਰਕੀਬਾਂ ਸੋਚਣ ਦਾ ਵੇਲਾ ਹੋਣੀਆਂ ਚਾਹੀਦੀਆਂ ਨੇ ਸ਼ਤਾਬਦੀਆਂ। ਨਾਨਕ ਨਾਮਲੇਵਾ ਤਵੱਕੋ ਕਰਦੇ ਹਨ ਕਿ ਸਿੰਘ ਸਾਹਿਬਾਨ ਸਮੁੱਚੀ ਕੌਮ ਦੀ ਮਾਨਸਿਕਤਾ ਦੀ ਤਰਜਮਾਨੀ ਕਰਨ। ਵਾਦ-ਵਿਵਾਦ ਖ਼ਤਮ ਕਰਨ ਲਈ ਸੰਵਾਦ ਦਾ ਰਾਹ ਖੋਲ੍ਹਣ ਲਈ ਪਹਿਲਕਦਮੀ ਕਰਨ।

ਪੰਥ-ਹਿਤੈਸ਼ੀ ਚਾਹੁੰਦੇ ਹਨ ਕਿ ਸਿੰਘ ਸਾਹਿਬਾਨ ਇਸ ਸ਼ਤਾਬਦੀ ਵਰ੍ਹੇ ਦੌਰਾਨ ਸਿਆਸੀ ਤਾਣੇ-ਬਾਣੇ 'ਚ ਉਲਝੇ ਪੰਥ ਨੂੰ ਯੋਗ ਅਗਵਾਈ ਦੇਣ ਤਾਂ ਜੋ ਧਰਮ ਅਤੇ ਸਿਆਸਤ ਦੇ ਗੱਠਜੋੜ ਨੂੰ ਤੋੜ ਕੇ ਸ਼੍ਰੋਮਣੀ ਕਮੇਟੀ ਨੂੰ ਗੁਰੂ-ਆਸ਼ੇ ਮੁਤਾਬਕ ਤੋਰਿਆ ਜਾ ਸਕੇ। ਅਜਿਹਾ ਹੁੰਦਾ ਹੈ ਤਾਂ ਗੁਰੂ ਦੀ ਗੋਲਕ 'ਚੋਂ ਚੱਲ ਰਹੇ ਵਿੱਦਿਅਕ/ਮੈਡੀਕਲ ਅਤੇ ਹੋਰ ਅਦਾਰੇ ਦੇਸ਼ ਤੇ ਕੌਮ ਦੀ ਸੇਵਾ 'ਚ ਅਮੁੱਲਾ ਯੋਗਦਾਨ ਪਾਉਣ ਦੇ ਸਮਰੱਥ ਹੋਣਗੇ।

Posted By: Jagjit Singh