-ਹਿਰਦੇ ਨਾਰਾਇਣ ਦੀਕਸ਼ਤ

ਪਾਣੀ ਹੀ ਮਨੁੱਖੀ ਜ਼ਿੰਦਗੀ ਦਾ ਆਧਾਰ ਹੈ। ਚਾਰਲਸ ਡਾਰਵਿਨ ਦੇ ਵਿਕਾਸਵਾਦੀ ਸਿਧਾਂਤ ਅਨੁਸਾਰ ਪਾਣੀ ਨਾਲ ਹੀ ਸ੍ਰਿਸ਼ਟੀ ਦੀ ਉਤਪਤੀ ਹੋਈ। ਪ੍ਰਾਚੀਨ ਯੂਨਾਨੀ ਦਰਸ਼ਨ ਦੇ ਪਿਤਾਮਾ ਥੇਲਸ ਪਾਣੀ ਹੀ ਨੂੰ ਹੀ ਸ੍ਰਿਸ਼ਟੀ ਦਾ ਆਦਿ ਤੱਤ ਮੰਨਦੇ ਸਨ। ਇਸ ਤੋਂ ਹਜ਼ਾਰਾਂ ਸਾਲ ਪਹਿਲਾਂ ਰਿਗਵੇਦ 'ਚ ਪਾਣੀ ਨੂੰ ਸਮੁੱਚੇ ਵਿਸ਼ਵ ਨੂੰ ਜਨਮ ਦੇਣ ਵਾਲੀ ਮਾਂ ਕਿਹਾ ਗਿਆ। ਭਾਰਤ ਦੁਨੀਆ ਦਾ ਪਾਣੀ ਨਾਲ ਭਰਪੂਰ ਦੇਸ਼ ਹੈ ਪਰ ਦੇਸ਼ ਦੇ ਕਈ ਸੂਬਿਆਂ 'ਚ ਅੱਜ ਪੀਣ ਵਾਲੇ ਪਾਣੀ ਦਾ ਸੰਕਟ ਹੈ। ਇਸ ਲਈ ਅੰਦੋਲਨ ਤੇ ਸੰਘਰਸ਼ ਦੇਖਣ ਨੂੰ ਮਿਲ ਰਹੇ ਹਨ।

ਤਕਰੀਬਨ 70-75 ਫ਼ੀਸਦੀ ਘਰਾਂ 'ਚ ਸ਼ੁੱਧ ਪੀਣ ਵਾਲਾ ਪਾਣੀ ਨਹੀਂ ਹੈ। ਛੇ ਕਰੋੜ ਤੋਂ ਜ਼ਿਆਦਾ ਲੋਕ ਫਲੋਰਾਈਡ ਭਰਪੂਰ ਪਾਣੀ ਪੀਣ ਲਈ ਮਜਬੂਰ ਹਨ। ਤਕਰੀਬਨ ਚਾਰ ਕਰੋੜ ਲੋਕ ਹਰ ਸਾਲ ਦੁਸ਼ਿਤ ਪੀਣ ਵਾਲੇ ਪਾਣੀ ਨਾਲ ਬਿਮਾਰ ਹੁੰਦੇ ਹਨ ਤੇ ਇਨ੍ਹਾਂ 'ਚੋਂ ਇਕ ਲੱਖ ਤੋਂ ਜ਼ਿਆਦਾ ਲੋਕ ਮਰ ਜਾਂਦੇ ਹਨ। ਦੇਸ਼ ਦੇ 18-19 ਹਜ਼ਾਰ ਪਿੰਡਾਂ 'ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ। ਦੇਸ਼ 'ਚ ਵਰਖਾ ਨਾਲ ਤਕਰੀਬਨ ਚਾਰ ਹਜ਼ਾਰ ਅਰਬ ਘਣਮੀਟਰ ਪਾਣੀ ਧਰਤੀ 'ਤੇ ਆਉਂਦਾ ਹੈ। ਇਸ 'ਚੋਂ 10 ਤੋਂ 15 ਫ਼ੀਸਦੀ ਹੀ ਵਰਤਿਆ ਜਾਂਦਾ ਹੈ।

ਵਰਖਾ ਦਾ 70 ਤੋਂ 90 ਫ਼ੀਸਦੀ ਪਾਣੀ ਨਦੀਆਂ ਰਸਤੇ ਸਮੁੰਦਰ 'ਚ ਚਲਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ 'ਚ 'ਮਨ ਕੀ ਬਾਤ' ਰਾਹੀਂ ਦੇਸ਼ ਦਾ ਧਿਆਨ ਪਾਣੀ ਦੇ ਸੰਕਟ ਵੱਲ ਖਿੱਚਿਆ ਹੈ। ਉਨ੍ਹਾਂ ਨੇ ਮੀਡੀਆ ਤੇ ਸਮਾਜਿਕ-ਸਭਿਆਚਾਰਕ ਖੇਤਰ ਦੇ ਪਤਵੰਤਿਆਂ ਨੂੰ ਸਵੱਛਤਾ ਮੁਹਿੰਮ ਦੀ ਤਰਜ਼ 'ਤੇ ਪਾਣੀ ਬਚਾਓ ਅੰਦੋਲਨ ਦਾ ਸੱਦਾ ਦਿੱਤਾ ਹੈ।

ਪਾਣੀ ਬਚਾਉਣ ਦੇ ਕੰਮ 'ਚ ਪਹਿਲਾਂ ਹੀ ਕਾਫ਼ੀ ਦੇਰ ਹੋ ਚੁੱਕੀ ਹੈ। ਦੇਸ਼ ਦੀਆਂ ਤਮਾਮ ਨਦੀਆਂ ਸਨਅਤੀ ਪ੍ਰਦੂਸ਼ਣ ਕਾਰਨ ਗੰਧਲੀਆਂ ਹੋ ਚੁੱਕੀਆਂ ਹਨ। ਕੌਮੀ ਰਾਜਧਾਨੀ 'ਚ ਯਮੁਨਾ ਕਾਲੀ ਹੋ ਗਈ ਹੈ। ਇਕ ਸਰਵੇਖਣ ਅਨੁਸਾਰ 325 ਨਦੀਆਂ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ। ਤਕਰੀਬਨ 150 ਨਦੀਆਂ ਸੁੱਕ ਗਈਆਂ ਹਨ। ਉੱਤਰ ਪ੍ਰਦੇਸ਼ ਦੀਆਂ 15 ਤੋਂ ਜ਼ਿਆਦਾ ਨਦੀਆਂ ਸੁੱਕ ਚੁੱਕੀਆਂ ਹਨ। ਬਿਹਾਰ ਤੇ ਮਹਾਰਾਸ਼ਟਰ ਆਦਿ ਦੀਆਂ ਜ਼ਿਆਦਾਤਰ ਨਦੀਆਂ ਅਲੋਪ ਹੋ ਰਹੀਆਂ ਹਨ। ਨਦੀਆਂ ਨੂੰ ਪੁਨਰ ਜੀਵਤ ਕਰਨ ਦੀ ਯੋਜਨਾ 'ਤੇ ਜੰਗੀ ਪੱਧਰ 'ਤੇ ਉਪਰਾਲਿਆਂ ਦੀ ਜ਼ਰੂਰਤ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਿਆਨ ਸਮੁੱਚੇ ਪਾਣੀ ਪ੍ਰਬੰਧਨ 'ਤੇ ਹੈ। ਉਨ੍ਹਾਂ ਨੇ ਪੀਣ ਵਾਲੇ ਪਾਣੀ, ਸਾਫ਼-ਸੁਥਰੇ ਪਾਣੀ ਦੇ ਵਸੀਲੇ ਤੇ ਗੰਗਾ ਯੋਜਨਾ ਦੇ ਵਿਭਾਗਾਂ ਨੂੰ ਮਿਲਾ ਕੇ ਨਵਾਂ 'ਜਲ ਸ਼ਕਤੀ ਮੰਤਰਾਲਾ' ਬਣਾਇਆ ਹੈ। ਤਾਜ਼ਾ ਬਜਟ 'ਚ 'ਜਲ ਸ਼ਕਤੀ' ਨਾਲ ਸਬੰਧਿਤ ਮੱਦ 'ਚ 28261.59 ਕਰੋੜ ਰੱਖਣ ਦਾ ਫ਼ੈਸਲਾ ਸਵਾਗਤਯੋਗ ਹੈ। ਪੀਣ ਵਾਲੇ ਪਾਣੀ ਤੇ ਸਵੱਛਤਾ ਲਈ 2016. 34 ਕਰੋੜ ਰੁਪਏ ਤੇ ਕੌਮੀ ਪੇਂਡੂ ਪੀਣ ਵਾਲੇ ਪਾਣੀ ਮਿਸ਼ਨ ਲਈ 7750 ਕਰੋੜ ਰੁਪਏ ਰੱਖੇ ਗਏ ਹਨ। 'ਹਰ ਘਰ ਜਲ-ਹਰ ਘਰ ਨਲ' ਦੀ ਸਰਕਾਰੀ ਇੱਛਾ ਸ਼ਕਤੀ ਨਾਲ ਉਮੀਦਾਂ ਵਧੀਆਂ ਹਨ ਪਰ ਪਾਣੀ ਦੇ ਸੰਕਟ ਦੇ ਹੱਲ ਲਈ ਸਰਕਾਰੀ ਕੋਸ਼ਿਸ਼ਾਂ ਹੀ ਕਾਫ਼ੀ ਨਹੀਂ ਹੋਣਗੀਆਂ। ਇਸ ਲਈ ਪਾਣੀ ਬਚਾਉਣ ਤੇ ਪਾਣੀ ਦੀ ਸਦਵਰਤੋਂ ਦੀਆਂ ਆਦਤਾਂ ਦਾ ਵਿਕਾਸ ਬਹੁਤ ਜ਼ਰੂਰੀ ਹੈ।

ਪਾਣੀ ਦੀ ਬਰਬਾਦੀ ਤੇ ਪ੍ਰਦੂਸ਼ਣ ਲਈ ਸਾਡੀਆਂ ਆਦਤਾਂ ਜ਼ਿੰਮੇਵਾਰ ਹਨ। ਵਰਤੇ ਗਏ ਪਾਣੀ ਦੀ ਫਿਰ ਤੋਂ ਵਰਤੋਂ ਕਰਨੀ ਚਾਹੀਦੀ ਹੈ। ਅਸੀਂ ਨਹਾਉਣ ਸਮੇਂ ਵੱਡੀ ਮਾਤਰਾ 'ਚ ਪਾਣੀ ਬਰਬਾਦ ਕਰਦੇ ਹਾਂ। ਇਸੇ ਤਰ੍ਹਾਂ ਵਾਟਰ ਪਾਰਕ ਤੋਂ ਲੈ ਕੇ ਗੱਡੀਆਂ ਧੋਣ ਤੇ ਵਾਸ਼ਿੰਗ ਮਸ਼ੀਨ 'ਚ ਅਕਸਰ ਪਾਣੀ ਦੀ ਦੁਰਵਰਤੋਂ ਕਰਦੇ ਹਾਂ। ਦੁਨੀਆ ਦੇ ਕੁਝ ਦੇਸ਼ਾਂ 'ਚ ਵਾਸ਼ ਬੇਸਿਨ ਤੋਂ ਨਿਕਲੇ ਪਾਣੀ ਨੂੰ ਪਾਈਪ ਨਾਲ ਜੋੜ ਕੇ ਪਖ਼ਾਨੇ ਦੀ ਸਫ਼ਾਈ 'ਚ ਵਰਤਿਆ ਜਾਂਦਾ ਹੈ। ਕਾਰ ਜਾਂ ਕੱਪੜੇ ਧੋਣ ਤੇ ਏਅਰ ਕੰਡੀਸ਼ਨਰ 'ਚੋਂ ਨਿੱਕਲੇ ਪਾਣੀ ਨੂੰ ਫਿਰ ਤੋਂ ਵਰਤਣ ਦੀ ਤਕਨੀਕ ਦਾ ਵਿਕਾਸ ਸਮੇਂ ਦੀ ਜ਼ਰੂਰਤ ਹੈ।

ਮੀਂਹ ਦੇ ਪਾਣੀ ਦੀ ਸੰਭਾਲ ਜ਼ਰੂਰੀ ਹੈ। ਹਰੇਕ ਛੱਤ 'ਤੇ ਮੀਂਹ ਦੇ ਪਾਣੀ ਦੀ ਸੰਭਾਲ, ਇਸ ਪਾਣੀ ਦੀ ਵਰਤੋਂ ਤੇ ਬਾਕੀ ਪਾਣੀ ਨੂੰ ਇਕ ਪਾਈਪ ਰਾਹੀਂ ਜ਼ਮੀਨ ਅੰਦਰ ਲਿਜਾਣ ਨਾਲ ਧਰਤੀ ਹੇਠਲੇ ਪਾਣੀ 'ਚ ਵਾਧਾ ਹੋਵੇਗਾ। ਝੀਲ, ਤਲਾਬ ਤੇ ਛੱਪੜ ਖ਼ਤਮ ਹੋ ਗਏ ਹਨ। ਇਕ ਅੰਦਾਜ਼ੇ ਮੁਤਾਬਕ 1947 'ਚ ਤਕਰੀਬਨ 25 ਲੱਖ ਝੀਲਾਂ ਤੇ ਤਲਾਬ ਸਨ। ਇਨ੍ਹਾਂ ਦੀ ਥਾਂ ਘਰ ਤੇ ਬਾਜ਼ਾਰ ਬਣਾਏ ਗਏ, ਜਿਸ ਨਾਲ ਤਲਾਬ ਘਟੇ। ਵਰਖਾ ਦਾ ਪਾਣੀ ਧਰਤੀ ਹੇਠ ਨਹੀਂ ਪਹੁੰਚਦਾ। ਭਾਰਤ ਦੀ ਜਲ ਸਪਲਾਈ ਦਾ ਮੁੱਖ ਸੋਮਾ ਧਰਤੀ ਹੇਠਲਾ ਪਾਣੀ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ 0.3 ਮੀਟਰ ਦੀ ਦਰ ਨਾਲ ਘਟ ਰਿਹਾ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ 256 ਜ਼ਿਲ੍ਹਿਆਂ ਦੇ 1592 ਬਲਾਕਾਂ 'ਚ ਪਾਣੀ ਬਚਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਲਈ ਸਮਾਜਿਕ-ਸਭਿਆਚਾਰਕ ਜਾਗਰੂਕਤਾ ਵੀ ਜ਼ਰੂਰੀ ਹੈ।

ਪ੍ਰਾਚੀਨ ਭਾਰਤ 'ਚ ਜੀਵਨਰਸ ਭਰਪੂਰ ਜਲ ਸੰਸਕ੍ਰਿਤੀ ਸੀ। ਝੀਲਾਂ, ਤਲਾਬਾਂ ਤੇ ਖੂਹਾਂ ਦੀ ਪੂਜਾ ਹੁੰਦੀ ਸੀ। ਨਦੀਆਂ ਨੂੰ ਮਾਤਾ ਦਾ ਦਰਜਾ ਹਾਸਲ ਸੀ। ਵੈਦਿਕ ਕਾਲ 'ਚ ਦੇਵੀ-ਦੇਵਤਿਆਂ ਨੂੰ ਵਰਖਾ ਲਈ ਅਰਜ਼ੋਈ ਕੀਤੀ ਜਾਂਦੀ ਸੀ। ਰਿਗਵੇਦ 'ਚ ਵਰਖਾ ਦੇ ਮੁੱਖ ਦੇਵਤਾ ਇੰਦਰ ਨੂੰ ਪ੍ਰਾਰਥਨਾ ਹੈ ਕਿ ਵਰਖਾ 'ਚ ਵਾਧਾ ਹੋਵੇ। ਦੇਵਤੇ ਕੁਦਰਤ ਦੀਆਂ ਹੀ ਸ਼ਕਤੀਆਂ ਹਨ। ਵਰਖਾ ਨਾਲ ਹੀ ਅੰਨ੍ਹ ਹੁੰਦਾ ਹੈ ਤੇ ਅੰਨ੍ਹ ਨਾਲ ਹੀ ਪੋਸ਼ਣ ਹੁੰਦਾ ਹੈ ਪਰ ਵਰਖਾ ਘਟ ਰਹੀ ਹੈ। ਕੁਦਰਤ

ਦਾ 'ਈਕੋਲਾਜੀਕਲ ਸਾਈਕਲ' ਗੜਬੜਾ ਗਿਆ ਹੈ। ਇਸ ਕਾਰਨ ਜਲ ਸੰਕਟ ਹੋਰ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ।

ਪਾਣੀ ਦਾ ਮੁੱਖ ਸ੍ਰੋਤ ਨਦੀਆਂ ਹਨ। ਨਦੀਆਂ ਜਨ ਗਨ ਮਨ ਦਾ ਪ੍ਰਾਣ ਪ੍ਰਵਾਹ ਹਨ। ਰਿਗਵੇਦ ਵਿਚਲੇ ਇਕ ਪੂਰੇ ਸੂਕਤ 'ਚ ਨਦੀਆਂ ਦੀ ਉਸਤਤ ਕੀਤੀ ਗਈ ਹੈ। ਸਿੰਧੂ ਨਦੀ ਅੰਨ੍ਹ ਦਿੰਦੀ ਹੈ। ਮਧੂਗੰਧਾ ਫੁੱਲ ਦਿੰਦੀ ਹੈ। ਰਿਗਵੇਦ ਦੀ ਸਿੰਧੂ ਈਰਾਨੀ ਗ੍ਰੰਥ 'ਅਵੇਸਤਾ' 'ਚ 'ਹਿੰਦੂ' ਹੈ। ਨਦੀਆਂ ਇਨਸਾਨ ਜਿਹੀਆਂ ਹਨ। ਰਿਗਵੇਦ 'ਚ ਇਨ੍ਹਾਂ ਨੂੰ ਪ੍ਰਾਰਥਨਾ ਕੀਤੀ ਗਈ ਹੈ, 'ਹੇ ਗੰਗਾ, ਯਮੁਨਾ, ਸੁਤੁਰਦੀ, ਵਿਤਸਤਾ, ਸੁਸੋਮਾ, ਅਸਕਿਨੀ ਆਰਜਕੀਆ ਸੁੱਖ ਦਿਓ।' ਇਕ ਹਾਈ ਕੋਰਟ ਨੇ ਵੀ ਗੰਗਾ ਨੂੰ ਮਨੁੱਖ ਜਿਹਾ ਮੰਨਣ ਦਾ ਫ਼ੈਸਲਾ ਸੁਣਾਇਆ ਸੀ ਪਰ ਅਸੀਂ ਭਾਰਤੀ ਨਦੀਆਂ 'ਚ ਕੂੜਾ, ਮਲ ਤੇ ਲਾਸ਼ਾਂ ਸੁੱਟਦੇ ਹਾਂ। ਮੌਜੂਦਾ ਜਲ ਸੰਕਟ ਆਪਣੀ ਸੰਸਕ੍ਰਿਤੀ ਤੋਂ ਅਲੱਗ ਹੋ ਜਾਣ ਦਾ ਨਤੀਜਾ ਹੈ।

ਜੰਗਲ ਵਾਤਾਵਰਨ ਚੱਕਰ ਦਾ ਮੁੱਖ ਅੰਗ ਹਨ। ਦੇਸ਼ ਦਾ ਜੰਗਲੀ ਖੇਤਰ ਘਟ ਰਿਹਾ ਹੈ। ਜੰਗਲਾਤ ਵਿਭਾਗ ਵੱਲੋਂ ਸਰਕਾਰੀ ਮੁਹਿੰਮਾਂ 'ਚ ਹਰ ਸਾਲ ਪੌਦੇ ਲਾਏ ਜਾਂਦੇ ਹਨ। ਮੁਹਿੰਮ ਤੋਂ ਬਾਅਦ ਜ਼ਿਆਦਾਤਰ ਪੌਦੇ ਨਸ਼ਟ ਹੋ ਜਾਂਦੇ ਹਨ। ਜਿੱਥੇ ਪੌਦੇ ਨਹੀਂ, ਉੱਥੇ ਬੱਦਲ ਕਿਉਂ ਵਰਸਣ? ਜਿੱਥੇ ਬੱਦਲ ਨਹੀਂ ਵਰਸਦੇ, ਉੱਥੇ ਪੌਦੇ ਨਹੀਂ ਉੱਗਦੇ। ਬਨਸਪਤੀ ਤੇ ਵਰਖਾ 'ਚ ਆਪਸੀ ਸਬੰਧ ਹੈ। ਪ੍ਰਾਚੀਨ ਸੱਭਿਅਤਾ 'ਚ ਵਰਖਾ, ਜੰਗਲ ਤੇ ਹੋਰ ਵਸੀਲਿਆਂ ਦੀ ਪੂਜਾ ਹੁੰਦੀ ਸੀ ਪਰ ਆਧੁਨਿਕ ਸੱਭਿਅਤਾ ਨੇ ਜ਼ਿੰਦਗੀ ਦੇ ਮੂਲ ਆਧਾਰ ਪਾਣੀ ਪ੍ਰਤੀ ਖਪਤਕਾਰੀ ਵਸਤੂ ਜਿਹੀ ਭਾਵਨਾ ਭਰ ਦਿੱਤੀ ਹੈ।

ਪਾਣੀ ਸਨਅਤੀ ਖਪਤਕਾਰੀ ਵਸਤੂ ਨਹੀਂ। ਅਸੀਂ ਇਸ ਨੂੰ ਕੰਪਨੀ 'ਚ ਨਹੀਂ ਬਣਾ ਸਕਦੇ। ਕੰਪਨੀਆਂ ਬੇਸ਼ੱਕ ਪਾਣੀ ਨੂੰ ਬੋਤਲ ਬੰਦ ਕਰਦੀਆਂ ਹਨ। ਉਹ ਬੇਹਿਸਾਬ ਧਰਤੀ ਹੇਠਲਾ ਪਾਣੀ ਕੱਢਦੀਆਂ ਹਨ, ਬ੍ਰਾਂਡ ਬਣਾਉਂਦੀਆਂ ਹਨ ਤੇ ਮੁਨਾਫ਼ਾ ਕਮਾਉਂਦੀਆਂ ਹਨ। ਇਸ ਕੰਮ 'ਚ ਉਹ 20 ਫ਼ੀਸਦੀ ਪਾਣੀ ਬਰਬਾਦ ਕਰਦੀਆਂ ਹਨ। ਇਸ ਸੂਰਤ 'ਚ ਪਾਣੀ ਬਚਾਉਣਾ ਕੌਮੀ ਕਰਤੱਵ ਹੈ ਤੇ ਇਸ ਕਰਤੱਵ ਦਾ ਕੋਈ ਬਦਲ ਨਹੀਂ। ਇਹ ਕਰਤੱਵ ਹਰ ਹਾਲਤ 'ਚ ਨਿਭਾਇਆ ਜਾਣਾ ਚਾਹੀਦਾ ਹੈ।

ਪਾਣੀ ਘਟ ਰਿਹਾ ਹੈ ਜਦਕਿ ਪਾਣੀ ਦੀ ਮੰਗ ਵਧ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ 'ਤੇ ਲੱਖਾਂ ਪਖ਼ਾਨੇ ਬਣੇ ਹਨ। ਸ਼ਹਿਰੀ ਇਲਾਕਿਆਂ 'ਚ ਪਹਿਲਾਂ ਹੀ ਲੱਖਾਂ ਪਖ਼ਾਨੇ ਹਨ। ਪਖ਼ਾਨਿਆਂ ਦੀ ਸਫ਼ਾਈ 'ਚ ਵਾਧੂ ਪਾਣੀ ਲੱਗਦਾ ਹੈ। ਆਧੁਨਿਕ ਜੀਵਨਸ਼ੈਲੀ ਕਾਰਨ ਵੀ ਪਾਣੀ ਦੀ ਮੰਗ ਵਧੀ ਹੈ। ਸ਼ਹਿਰਾਂ 'ਚ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ। ਮਕਾਨ ਬਣਾਉਣ 'ਚ ਵੀ ਪਾਣੀ ਦੀ ਕਾਫ਼ੀ ਮਾਤਰਾ 'ਚ ਵਰਤੋਂ ਹੁੰਦੀ ਹੈ। ਪਾਣੀ ਦੀ ਵਰਤੋਂ ਤੇ ਦੁਰਵਰਤੋਂ ਵਧੀ ਹੈ।

ਨਦੀਆਂ 'ਚੋਂ ਪਾਣੀ ਮੁੱਕ ਰਿਹਾ ਹੈ। ਵਰਖਾ ਚੱਕਰ ਗੜਬੜਾ ਗਿਆ ਹੈ। ਦੇਸ਼ ਦੀ ਆਬਾਦੀ ਬੜੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। 2019 'ਚ ਹੀ ਮੰਗ ਅਨੁਸਾਰ ਪਾਣੀ ਦੀ ਕਮੀ ਹੈ ਤਾਂ ਆਉਣ ਵਾਲੇ ਛੇ-ਸੱਤ ਸਾਲਾਂ ਬਾਅਦ ਭਿਆਨਕ ਜਲ ਸੰਕਟ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਭਾਰਤ ਕੋਲ ਕੋਈ ਬਦਲ ਨਹੀਂ। ਇਸ ਲਈ ਸਾਨੂੰ ਸਾਰਿਆਂ ਨੂੰ ਪਾਣੀ ਦੀ ਵਰਤੋਂ ਸਬੰਧੀ ਨਵਾਂ ਆਚਾਰ ਸਾਸ਼ਤਰ ਤੁਰੰਤ ਲਾਗੂ ਕਰਨਾ ਹੋਵੇਗਾ।

ਪਾਣੀ ਦੀ ਦੁਰਵਰਤੋਂ ਤੇ ਪਾਣੀ ਪ੍ਰਦੂਸ਼ਣ ਦੀਆਂ ਸਾਰੀਆਂ ਆਦਤਾਂ ਤੁਰੰਤ ਛੱਡਣੀਆਂ ਚਾਹੀਦੀਆਂ ਹਨ। ਪਾਣੀ ਦੀ ਫਾਲਤੂ ਵਰਤੋਂ 'ਤੇ ਤੁਰੰਤ ਰੋਕ ਤੇ ਪਾਣੀ ਬਚਾਉਣ ਦੀਆਂ ਸਾਰੀਆਂ ਗਤੀਵਿਧੀਆਂ ਦੀ ਪਾਲਣਾ ਸਮੇਂ ਦੀ ਜ਼ਰੂਰਤ ਹੈ। ਅਸੀਂ ਸਾਰੇ ਹੱਥ 'ਚ ਜਲ ਲੈ ਕੇ ਪਾਣੀ ਬਚਾਉਣ ਦਾ ਸੰਕਲਪ ਲਈਏ। ਇਹੋ ਸਾਡੇ ਦੇਸ਼ ਦੇ ਭਵਿੱਖ ਦੇ ਹਿੱਤ 'ਚ ਹੋਵੇਗਾ।

(ਲੇਖਕ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਸਪੀਕਰ ਹੈ।)

response0jagran.com

Posted By: Jagjit Singh