ਸਾਡੇ ਦੇਸ਼ ਵਿਚ ਆਪੇ ਸਹੇੜੀ ਅਤਿ ਦੁਖਦਾਈ ਤ੍ਰਾਸਦੀ ਹੈ ਵੱਡੀ ਗਿਣਤੀ ਵਿਚ ਡੰਗਰਾਂ ਦਾ ਅਵਾਰਾ ਫਿਰਨਾ। ਜੇ ਅਸੀਂ ਗਊ ਨੂੰ ਮਾਤਾ ਦਾ ਦਰਜਾ ਦਿੰਦੇ ਹਾਂ ਤਾਂ ਇਹ ਅਸਹਿ ਤੇ ਅਕਹਿ ਤਸੀਹੇ ਕਿਉਂ ਝੱਲਦੀਆਂ ਹਨ? ਹਾਦਸਿਆਂ ਕਾਰਨ ਅਣਆਈ ਮੌਤ ਮਰਨਾ ਅਤੇ ਇਨਸਾਨੀ ਕੀਮਤੀ ਜਾਨਾਂ ਦਾ ਖੌਅ ਬਣਨਾ, ਗਰਮੀ-ਸਰਦੀ, ਭੁੱਖ-ਪਿਆਸ ਜਰਨੀ। ਕੂੜੇ 'ਚੋਂ ਗੰਦੇ ਲਿਫ਼ਾਫ਼ੇ ਚਰ ਕੇ ਅੰਤੜੀਆਂ ਜਾਮ ਹੋ ਕੇ ਮਰਨਾ। ਅੱਕੇ ਹੋਏ ਕਿਸਾਨਾਂ ਦੀਆਂ ਡਾਂਗਾਂ ਖਾਣੀਆਂ। ਕੰਡਿਆਲੀਆਂ ਤਾਰਾਂ ਵਿਚ ਫਸ ਕੇ ਲਹੂ-ਲੁਹਾਣ ਹੋਣਾ। ਜ਼ਖ਼ਮਾਂ ਵਿਚ ਕੀੜੇ ਪੈ ਕੇ ਰੀਂਗ-ਰੀਂਗ ਕੇ ਮਰਨਾ। ਕਿੱਡਾ ਵੱਡਾ ਕਸ਼ਟ ਹੈ। ਇਸ ਮਾਹੌਲ 'ਤੇ ਗ਼ੌਰ ਕਰੀਏ ਤਾਂ ਸਮਝ ਨਹੀਂ ਆਉਂਦੀ ਕਿ ਇਹ ਗਊ ਰੱਖਿਆ ਹੈ ਜਾਂ ਗਊ ਹੱਤਿਆ। ਅਵਾਰਾ ਡੰਗਰਾਂ ਕਾਰਨ ਹੁੰਦੇ ਨੁਕਸਾਨ ਦੀ ਵੀ ਇਕ ਲੰਬੀ ਸੂਚੀ ਬਣਦੀ ਹੈ। ਹਰ ਰੋਜ਼ ਇਨ੍ਹਾਂ ਕਾਰਨ ਵਾਪਰਦੇ ਹਾਦਸਿਆਂ ਕਾਰਨ ਕੀਮਤੀ ਜਾਨਾਂ ਜਾਂਦੀਆਂ ਹਨ। ਬਾਜ਼ਾਰਾਂ ਵਿਚ ਅਤੇ ਰਸਤਿਆਂ 'ਤੇ ਅਵਾਰਾ ਸਾਨ੍ਹਾਂ ਕਾਰਨ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ। ਕੌਣ ਜ਼ਿੰਮੇਵਾਰ ਹੈ? ਅਵਾਰਾ ਡੰਗਰ ਬਾਜ਼ਾਰਾਂ 'ਚ, ਸੜਕਾਂ 'ਤੇ ਮਲ ਮੂਤਰ ਕਰਦੇ ਹਨ ਜੋ ਟਾਇਰਾਂ ਨਾਲ ਦੂਰ-ਦੂਰ ਤਕ ਫੈਲ ਜਾਂਦਾ ਹੈ। ਤਾਂ ਫਿਰ ਸਵੱਛ ਭਾਰਤ ਕਿਵੇਂ ਬਣ ਸਕਦਾ ਹੈ। ਜੇ ਪਿੰਡ ਵਿਚ ਗਊਸ਼ਾਲਾ ਬਣਾ ਦਿੱਤੀ ਜਾਵੇ, ਫਿਰ ਵੀ ਮਸਲਾ ਹੱਲ ਨਹੀਂ ਹੋ ਸਕਦਾ। ਦੇਸ਼ ਵਿਚ ਉਪਜਾਊ ਜ਼ਮੀਨ ਘੱਟਦੀ ਜਾ ਰਹੀ ਹੈ। ਆਬਾਦੀ ਤੇ ਅਵਾਰਾ ਡੰਗਰਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਕਰੋੜਾਂ ਇਨਸਾਨ ਭੁੱਖਮਰੀ ਦਾ ਸ਼ਿਕਾਰ ਹਨ। ਪਸ਼ੂਆਂ ਦਾ ਚਾਰਾ ਕਿਸ ਧਰਤੀ ਤੋਂ ਆਵੇਗਾ? ਅੱਤ ਦੁਖੀ ਹੋ ਕੇ ਲੋਕ ਸਰਕਾਰ ਤੇ ਕਾਨੂੰਨ ਘਾੜਿਆਂ ਤੋਂ ਪੁੱਛਦੇ ਹਨ ਕਿ ਗ਼ਰੀਬ ਮੁਲਕ ਵਿਚ ਉਕਤ ਸਥਿਤੀ ਬਰਕਰਾਰ ਰੱਖਣੀ ਕਿਉਂ ਜ਼ਰੂਰੀ ਹੈ? ਹਰ ਰੋਜ਼ ਹੋ ਰਹੀਆਂ ਅਣ-ਆਈਆਂ ਮੌਤਾਂ ਦਾ ਕੌਣ ਜ਼ਿੰਮੇਵਾਰ ਹੈ? ਲੋਕਾਂ ਨੂੰ ਇਹ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ? ਅਤੇ ਸੈੱਸ ਦੇ ਰੂਪ ਜੁਰਮਾਨਾ ਕਿਉਂ ਲਗਾਇਆ ਜਾ ਰਿਹਾ ਹੈ? ਦੁਨੀਆ ਦੇ ਕਿੰਨੇ ਉੱਨਤ ਦੇਸ਼ ਹਨ। ਕਿਤੇ ਵੀ ਅਵਾਰਾ ਡੰਗਰ ਤੇ ਕੁੱਤੇ ਫਿਰਦੇ ਨਹੀਂ ਦੇਖੇ-ਸੁਣੇ।

ਅਸੀਂ ਵਿਗਿਆਨ ਜ਼ਰੀਏ ਚੰਦ 'ਤੇ ਜਾਣ ਲੱਗੇ ਹਾਂ ਅਤੇ ਧਰਤੀ 'ਤੇ ਅੰਧ-ਵਿਸ਼ਵਾਸ ਫੈਲਾਇਆ ਜਾ ਰਿਹਾ ਹੈ। ਵੋਟ ਬੈਂਕ ਲਈ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ। ਤ੍ਰਾਸਦੀ ਇਹ ਹੈ ਕਿ ਬਹੁਤੇ ਲੋਕ ਸਿਆਸਤਦਾਨਾਂ ਦੀਆਂ ਮਾੜੀਆਂ ਚਾਲਾਂ ਨੂੰ ਨਹੀਂ ਸਮਝਦੇ। ਉਹ ਵੋਟਾਂ ਵੇਲੇ ਉਨ੍ਹਾਂ ਤੋਂ ਪੈਸੇ, ਤੋਹਫ਼ੇ ਤੇ ਨਸ਼ੇ ਲੈ ਕੇ ਵੋਟਾਂ ਪਾ ਕੇ ਉਨ੍ਹਾਂ ਨੂੰ ਜਿਤਾ ਦਿੰਦੇ ਹਨ। ਜੋ ਬੰਦਾ ਜਨਤਾ ਨੂੰ ਰਿਸ਼ਵਤ ਦੇ ਕੇ ਜਿੱਤਿਆ ਹੋਵੇ, ਉਹ ਭਲਾ ਉਸ ਦੇ ਭਲੇ ਦੀ ਗੱਲ ਕਿਉਂ ਸੋਚੇਗਾ। ਲੋਕਾਂ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਜੇ ਉਹ ਸੱਚਮੁੱਚ ਪਾਏਦਾਰ ਵਿਕਾਸ ਚਾਹੁੰਦੇ ਹਨ ਤਾਂ ਜਾਤ-ਧਰਮ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨੇਕ, ਇਮਾਨਦਾਰ ਅਤੇ ਪੜ੍ਹੇ-ਲਿਖੇ ਉਮੀਦਵਾਰ ਨੂੰ ਬਿਨਾਂ ਕਿਸੇ ਲਾਲਚ ਦੇ ਵੋਟਾਂ ਪਾ ਕੇ ਜਿਤਾਓ। ਇਸ ਵਿਚ ਹੀ ਆਮ ਜਨਤਾ ਦੀ ਭਲਾਈ ਹੈ।

-ਮਾ. ਮਹਿੰਦਰ ਸਿੰਘ ਸਿੱਧੂ, ਸਿੱਧਵਾਂ ਕਲਾਂ (ਲੁਧਿਆਣਾ)। ਸੰਪਰਕ : 98720-86101

Posted By: Sukhdev Singh