style="text-align: justify;"> ਜੰਗੀ ਸਾਜ਼ੋ-ਸਾਮਾਨ ਦੇ ਮਾਮਲੇ 'ਚ ਆਤਮ ਨਿਰਭਰ ਬਣਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਕੀਤਾ ਗਿਆ ਇਹ ਐਲਾਨ ਸਮੇਂ ਦੀ ਮੰਗ ਸੀ ਕਿ ਕੁਝ ਹਥਿਆਰਾਂ ਤੇ ਰੱਖਿਆ ਉਪਕਰਨਾਂ ਦੇ ਆਯਾਤ 'ਤੇ ਰੋਕ ਲਾ ਕੇ ਇਨ੍ਹਾਂ ਨੂੰ ਦੇਸ਼ 'ਚ ਹੀ ਤਿਆਰ ਕੀਤਾ ਜਾਵੇਗਾ। ਸਹੀ ਦਿਸ਼ਾ 'ਚ ਚੁੱਕੇ ਗਏ ਇਸ ਕਦਮ ਦਾ ਸਵਾਗਤ ਹੋਣਾ ਚਾਹੀਦਾ ਹੈ। ਜਦੋਂ ਹਰ ਖੇਤਰ 'ਚ ਆਤਮ ਨਿਰਭਰ ਬਣਨ ਦੀ ਪਹਿਲ ਕੀਤੀ ਜਾ ਰਹੀ ਹੈ ਤਾਂ ਫਿਰ ਇਹ ਜ਼ਰੂਰੀ ਹੈ ਕਿ ਭਾਰਤ ਆਪਣੀ ਜ਼ਰੂਰਤ ਦੀ ਰੱਖਿਆ ਸਮੱਗਰੀ ਖ਼ੁਦ ਤਿਆਰ ਕਰੇ। ਧਿਆਨ ਰਹੇ ਕਿ ਅੱਜ ਦੇ ਯੁੱਗ 'ਚ ਕਿਸੇ ਦੇਸ਼ ਦੀ ਮਹੱਤਤਾ ਦਾ ਮੁਲਾਂਕਣ ਇਸ ਤੋਂ ਵੀ ਹੁੰਦਾ ਹੈ ਕਿ ਉਹ ਆਪਣੀ ਜ਼ਰੂਰਤ ਦੀ ਰੱਖਿਆ ਸਮੱਗਰੀ ਖ਼ੁਦ ਤਿਆਰ ਕਰਦਾ ਹੈ ਜਾਂ ਨਹੀਂ? ਰੱਖਿਆ ਮੰਤਰੀ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਤਕਰੀਬਨ ਸੌ ਹਥਿਆਰ ਤੇ ਰੱਖਿਆ ਉਪਕਰਨ ਹੁਣ ਦੇਸ਼ 'ਚ ਹੀ ਤਿਆਰ ਕੀਤੇ ਜਾਣਗੇ। ਇਸ ਫ਼ੈਸਲੇ ਨਾਲ ਹਰ ਚੀਜ਼ ਦਾ ਆਯਾਤ ਕਰਨ ਦੀ ਪ੍ਰਵਿਰਤੀ 'ਤੇ ਰੋਕ ਲੱਗਣ ਨਾਲ ਹੀ ਅਗਲੇ ਛੇ-ਸੱਤ ਸਾਲਾਂ 'ਚ ਹਥਿਆਰ ਤੇ ਰੱਖਿਆ ਉਪਕਰਨ ਬਣਾਉਣ ਵਾਲੀ ਸਵਦੇਸ਼ੀ ਸਨਅਤ ਨੂੰ ਤਕਰੀਬਨ ਚਾਰ ਲੱਖ ਕਰੋੜ ਰੁਪਏ ਦੇ ਠੇਕੇ ਮਿਲਣਗੇ। ਇਸ ਨਾਲ ਇਸ ਸਨਅਤ ਨੂੰ ਮਜ਼ਬੂਤੀ ਮਿਲੇਗੀ ਤੇ ਭਾਰਤ ਨੂੰ ਰੱਖਿਆ ਸਮੱਗਰੀ ਦੇ ਆਯਾਤ 'ਚ ਕਿਤੇ ਘੱਟ ਵਿਦੇਸ਼ੀ ਕਰੰਸੀ ਖ਼ਰਚ ਕਰਨੀ ਪਵੇਗੀ ਪਰ ਅਜਿਹਾ ਉਦੋਂ ਹੀ ਹੋਵੇਗਾ ਜਦੋਂ ਸਵਦੇਸ਼ੀ ਸਨਅਤਾਂ ਵੱਲੋਂ ਤਿਆਰ ਰੱਖਿਆ ਸਮੱਗਰੀ ਗੁਣਵੱਤਾ ਦੇ ਮਿਆਰਾਂ 'ਤੇ ਖਰੀ ਉੱਤਰੇਗੀ। ਬਿਹਤਰ ਹੋਵੇਗਾ ਕਿ ਇਹ ਹਰ ਪੱਧਰ 'ਤੇ ਯਕੀਨੀ ਬਣਾਇਆ ਜਾਵੇ ਕਿ ਤਿੰਨੋਂ ਫ਼ੌਜਾਂ ਦੀ ਜ਼ਰੂਰਤ ਪੂਰੀ ਕਰਨ ਲਈ ਦੇਸ਼ 'ਚ ਤਿਆਰ ਹੋਣ ਵਾਲੇ ਹਥਿਆਰਾਂ ਤੇ ਉਪਕਰਨਾਂ ਦੀ ਗੁਣਵੱਤਾ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਾ ਹੋਵੇ। ਇਸ ਦੀ ਅਣਦੇਖੀ ਨਹੀਂ ਕੀਤੀ ਜਾਣੀ ਚਾਹੀਦੀ ਕਿ ਹਥਿਆਰ ਤਿਆਰ ਕਰਨ ਵਾਲੀਆਂ ਫੈਕਟਰੀਆਂ ਵੱਲੋਂ ਤਿਆਰ ਰੱਖਿਆ ਸਮੱਗਰੀ ਨੂੰ ਲੈ ਕੇ ਗੁਣਵੱਤਾ ਸਬੰਧੀ ਸਵਾਲ ਉੱਠਦੇ ਰਹੇ ਹਨ। ਫ਼ੌਜ ਨੂੰ ਸਿਰਫ਼ ਆਧੁਨਿਕ ਰੱਖਿਆ ਸਮੱਗਰੀ ਨਾਲ ਲੈਸ ਕਰਨਾ ਹੀ ਜ਼ਰੂਰੀ ਨਹੀਂ ਹੁੰਦਾ। ਇਹ ਵੀ ਜ਼ਰੂਰੀ ਹੁੰਦਾ ਹੈ ਕਿ ਉਨ੍ਹਾਂ ਦੀ ਮੰਗ ਸਮਾਂ ਰਹਿੰਦਿਆਂ ਪੂਰੀ ਹੋਵੇ। ਇਸ ਮਾਮਲੇ 'ਚ ਅਤੀਤ ਦੇ ਅਨੁਭਵ ਚੰਗੇ ਨਹੀਂ ਰਹੇ, ਇਸ ਲਈ ਜ਼ਰੂਰੀ ਸਬਕ ਸਮਾਂ ਰਹਿੰਦਿਆਂ ਸਿੱਖੇ ਜਾਣੇ ਚਾਹੀਦੇ ਹਨ। ਇਸੇ ਲੜੀ 'ਚ ਉਨ੍ਹਾਂ ਕਾਰਨਾਂ ਦਾ ਹੱਲ ਵੀ ਤਰਜੀਹ ਦੇ ਆਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨਾਲ ਸਾਡੀਆਂ ਹਥਿਆਰ ਤਿਆਰ ਕਰਨ ਵਾਲੀਆਂ ਫੈਕਟਰੀਆਂ ਦਾ ਸਮੇਂ ਦੇ ਹਿਸਾਬ ਨਾਲ ਆਧੁਨਿਕੀਕਰਨ ਨਹੀਂ ਹੋ ਸਕਿਆ। ਇਹ ਵੀ ਚੰਗਾ ਨਹੀਂ ਹੋਇਆ ਕਿ ਨਿੱਜੀ ਖੇਤਰ ਨੂੰ ਉਤਸ਼ਾਹਿਤ ਕਰ ਕੇ ਦੇਸ਼ 'ਚ ਹੀ ਰੱਖਿਆ ਸਮੱਗਰੀ ਤਿਆਰ ਕਰਨ ਨੂੰ ਤਰਜੀਹ ਨਹੀਂ ਦਿੱਤੀ ਜਾ ਸਕੀ। ਹੁਣ ਜਦੋਂ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਇਸ 'ਤੇ ਵੀ ਧਿਆਨ ਦੇਣਾ ਪਵੇਗਾ ਕਿ ਦੇਸ਼ 'ਚ ਤਿਆਰ ਜੰਗੀ ਸਮੱਗਰੀ ਅਜਿਹੀ ਹੋਵੇ, ਜਿਸ ਦੀ ਮੰਗ ਆਲਮੀ ਬਾਜ਼ਾਰ 'ਚ ਵੀ ਹੋਵੇ। ਇਹ ਹੈਰਾਨੀ ਦੀ ਗੱਲ ਹੈ ਕਿ ਰਾਜਨਾਥ ਸਿੰਘ ਵੱਲੋਂ ਕੀਤਾ ਗਿਆ ਮਹੱਤਵਪੂਰਨ ਐਲਾਨ ਕਾਂਗਰਸੀ ਆਗੂ ਪੀ. ਚਿਦੰਬਰਰਮ ਨੂੰ ਮਹਿਜ਼ ਸ਼ਬਦਜਾਲ ਨਜ਼ਰ ਆਇਆ। ਉਨ੍ਹਾਂ ਦੀ ਆਲੋਚਨਾ ਦਾ ਕਾਰਨ ਸਮਝਣਾ ਮੁਸ਼ਕਲ ਹੈ।

Posted By: Sunil Thapa