-ਗੁਰਦੀਪ ਸਿੰਘ ਢੁੱਡੀ

1963 ਵਿਚ ਮੈਂ ਧੱਕੇ ਨਾਲ ਪੜ੍ਹਨ ਲਈ ਸਕੂਲ ਵਿਚ ਦਾਖ਼ਲ ਹੋਇਆ ਸਾਂ। ਉਸ ਸਮੇਂ ਮੇਰਾ ਸਕੂਲ ਅੱਠਵੀਂ ਜਮਾਤ ਤਕ ਹੀ ਸੀ। ਬਾਅਦ ਵਿਚ ਮੇਰੇ ਪੜ੍ਹਦਿਆਂ -ਪੜ੍ਹਦਿਆਂ ਹੀ ਇਹ ਹਾਈ ਸਕੂਲ ਤਕ ਹੋ ਗਿਆ ਤੇ ਮੈਂ ਆਪ ਜਦੋਂ ਅਧਿਆਪਕ ਲੱਗਾ ਹੋਇਆ ਸਾਂ ਤਾਂ ਇਹ ਸੀਨੀਅਰ ਸੈਕੰਡਰੀ ਤਕ ਵੀ ਬਣ ਗਿਆ ਸੀ। ਮੇਰੇ ਪੜ੍ਹਨ ਸਮੇਂ ਮੇਰੇ ਸਕੂਲ ਦੇ ਅਧਿਆਪਕ ਅੰਤਾਂ ਦੇ ਮਿਹਨਤੀ ਤੇ ਸਮਰਪਿਤ ਸਨ। ਸ਼ਾਇਦ ਇਹ ਹੀ ਵਜ੍ਹਾ ਹੋਵੇ ਕਿ ਮੈਂ ਤੇ ਮੇਰੇ ਵਰਗੇ ਹੋਰ ਮੁੰਡੇ -ਕੁੜੀਆਂ ਚਾਰ ਅੱਖਰ ਪੜ੍ਹਨ ਜੋਗੇ ਹੋਏ ਤੇ ਮੇਰੇ ਵਰਗੇ ਦਾ ਤਾਂ ਇਸੇ ਪੜ੍ਹਾਈ ਕਰਕੇ ਹੀ ਜੀਵਨ ਵੀ ਸੁਖਾਲਾ ਹੋਇਆ ਹੈ।

ਮੇਰਾ ਜਨਮ ਗ਼ੁਰਬਤ ਮਾਰੇ ਇਕ ਕਿਰਤੀ ਪਰਿਵਾਰ ਵਿਚ ਹੋਇਆ ਸੀ। ਮਾਂ-ਬਾਪ ਵੱਲੋਂ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਪਹਿਲੀ ਤੇ ਅਖੀਰਲੀ ਪਰ ਬਹੁਤ ਹੀ ਵੱਡੀ ਗੱਲ ਸੀ। ਇਸ ਘਰ ਵਿਚ 'ਇਕ ਪਾੜ੍ਹੇ' ਨੂੰ ਛੱਡ ਕੇ ਬਾਕੀ ਸਾਰੇ ਜੀਆਂ ਵਾਸਤੇ ਕਿਤਾਬਾਂ ਵਿਚ ਲਿਖੇ ਅੱਖਰ 'ਵੱਡਿਆਂ ਦੀਆਂ ਬਾਤਾਂ' ਸਨ ਅਤੇ ਮੇਰੇ ਵੱਲੋਂ ਕਾਪੀਆਂ 'ਤੇ 'ਮਾਰੀਆਂ ਜਾਂਦੀਆਂ ਕੀੜੀਆਂ' ਦਾ ਉਨ੍ਹਾਂ ਨੂੰ ਕੋਈ ਥਹੁ-ਪਤਾ ਨਹੀਂ । ਅਜਿਹੇ ਪਰਿਵਾਰ ਵਿਚ ਜਨਮੇ ਬੱਚੇ ਦਾ ਬਿਨਾ ਕਿਸੇ ਰੋਕ-ਟੋਕ ਤੋਂ ਦਸ ਜਮਾਤਾਂ ਪਾਸ ਕਰ ਜਾਣੀਆਂ ਕੋਈ ਅਲੋਕਾਰੀ ਗੱਲ ਹੀ ਹੋ ਹੋ ਸਕਦੀ ਹੈ ਪਰ ਹਾਲਾਤ ਕੁਝ ਅਜਿਹੇ ਸਨ ਕਿ ਮੇਰੇ ਵਾਸਤੇ ਪੜ੍ਹਾਈ ਕਰਨੀ 'ਰੂੰਗੇ-ਝੂੰਗੇ' ਵਾਲੀ ਗੱਲ ਹੀ ਸੀ। ਘਰ ਤੋਂ ਸਕੂਲ ਦਾ ਫ਼ਾਸਲਾ ਬੜੀ ਮੁਸ਼ਕਲ ਨਾਲ ਸੌ-ਡੇਢ ਕੁ ਸੌ ਗਜ਼ ਦਾ ਹੋਣਾ ਹੈ। ਮੇਰੇ ਮਾਂ-ਬਾਪ ਨੂੰ ਇਹ ਅਹਿਸਾਸ ਜ਼ਰੂਰ ਸੀ ਕਿ ਇਸ ਸਕੂਲ ਵਿਚ ਜਾਂਦੇ ਰਹਿਣ ਕਰਕੇ ਮੁੰਡੇ ਦੀ ਕਿਸਮਤ ਬਦਲ ਜਾਣੀ ਹੈ।

ਆਪਣੇ ਸਕੂਲ ਦੇ ਅਧਿਆਪਕਾਂ ਦੇ ਮਿਹਨਤੀ ਤੇ ਸਮਰਪਿਤ ਹੋਣ ਦੀ ਮਿਸਾਲ ਦੇਣੀ ਚਾਹਾਂਗਾ। ਮੇਰੇ ਅਧਿਆਪਕਾਂ ਨੂੰ ਮੈਂ ਇਸ ਕਰਕੇ ਲੜਦੇ ਵੇਖਿਆ ਹੈ ਕਿ ਅੱਧੀ ਛੁੱਟੀ ਵੇਲੇ ਜਾਂ ਫਿਰ ਹੋਰ ਵਾਧੂ ਸਮੇਂ ਸਾਨੂੰ ਪੜ੍ਹਾਉਣ ਲਈ ਇਹ ਇਕ ਦੂਸਰੇ ਤੋਂ ਉੱਤੋਂ ਦੀ ਹੋ ਕੇ ਆਇਆ ਕਰਦੇ ਸਨ। ਇਨ੍ਹਾਂ ਦਾ ਅਗਲਾ ਗੁਣ ਇਹ ਸੀ ਕਿ ਇਹ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਕੇਵਲ ਪੜ੍ਹਾਉਂਦੇ ਹੀ ਨਹੀਂ ਸਗੋਂ ਉਨ੍ਹਾਂ ਦੀਆਂ ਹੋਰਨਾਂ ਲੋੜਾਂ ਦੀ ਪੂਰਤੀ ਦਾ ਵੀ ਧਿਆਨ ਰੱਖਿਆ ਕਰਦੇ ਸਨ। ਆਪਣੇ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਦੀ ਕਿਤਾਬ, ਕਾਪੀ, ਵਰਦੀ, ਜੁੱਤੀ-ਜੋੜਾ ਆਦਿ ਦੀ ਪੂਰਤੀ ਉਹ ਬੜੇ ਵਾਰੀ ਆਪਣੀ ਜੇਬ 'ਚੋਂ ਅਤੇ ਉਹ ਵੀ ਬਿਨਾਂ ਵਿਖਾਵੇ ਤੋਂ ਕਰ ਦਿੰਦੇ ਸਨ। ਸ਼ਾਇਦ ਇਹ ਵੱਡਾ ਕਾਰਨ ਹੋਵੇ ਕਿ ਸਾਡੇ ਵਰਗੇ ਬੱਚੇ ਵੀ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਸਕੇ ਤੇ ਉਨ੍ਹਾਂ ਨੂੰ ਅੱਗੇ ਵੀ ਪੜ੍ਹਾਈ ਕਰਨ ਦਾ ਫਿਕਰ ਬਣਿਆ ਰਿਹਾ ਹੈ। ਇਸ ਤੋਂ ਵੀ ਅੱਗੇ ਕੁਝ ਨਾ ਕੁਝ ਪੜ੍ਹਦੇ ਰਹਿਣ ਦੀ ਚੇਟਕ ਵੀ ਸਕੂਲ 'ਚੋਂ ਹੀ ਲੱਗੀ ਸੀ।

ਸਕੂਲ ਦੇ ਇਕ ਪਾਸੇ ਇਕ ਡੇਰਾ ਸੀ। ਤਪਿਆਂ ਵਾਲੇ ਇਸ ਡੇਰੇ ਦੇ ਪਹਿਲਾਂ ਹੋ ਚੁੱਕੇ ਸੰਤਾਂ ਦੀਆਂ ਡੇਰੇ ਵਿਚ ਹੀ ਸਮਾਧਾਂ ਬਣੀਆਂ ਹੋਈਆਂ ਸਨ। ਭਾਵੇਂ ਉਸ ਸਮੇਂ ਤਾਂ ਇਸ ਗੱਲ ਦਾ ਗਿਆਨ ਨਹੀਂ ਸੀ ਪਰ ਇਹ ਜ਼ਰੂਰ ਸੁਣਿਆ ਹੋਇਆ ਸੀ ਡੇਰੇ ਦੇ ਤਪੱਸਵੀ ਸੰਤਾਂ ਦੀ ਤਪ ਕਰਦਿਆਂ ਦੀ ਮੌਤ ਹੋਣ ਕਰਕੇ ਪਿੰਡ ਦੇ ਲੋਕ ਡੇਰੇ ਦੇ ਸੰਤਾਂ ਨੂੰ ਬਹੁਤ ਮੰਨਦੇ ਹਨ। ਪਿੰਡ ਦੇ ਸਾਰੇ ਹੀ ਘਰਾਂ ਦੇ ਲੋਕਾਂ ਦੀ ਇਸ ਡੇਰੇ ਪ੍ਰਤੀ ਸ਼ਰਧਾ ਸੀ ਤੇ ਲੋਕ ਅਕਸਰ ਇੱਥੇ ਸ਼ਰਧਾਵਾਨ ਹੋ ਕੇ ਆਇਆ ਕਰਦੇ ਸਨ। ਡੇਰੇ ਪ੍ਰਤੀ ਮਨੌਤ ਤੇ ਸ਼ਰਧਾ ਦਾ ਇਕ ਬੜਾ ਵੱਡਾ ਪਹਿਲੂ ਇਹ ਸੀ ਕਿ ਜਿਸ ਵੀ ਘਰ ਵਿਚ ਮੱਝ ਸੂੰਦੀ ਸੀ, ਉਸ ਘਰ ਵਿਚ ਉਸ ਸੱਜਰ ਮੱਝ ਦੇ ਦੁੱਧ ਨੂੰ ਰਿੜਕਣਾ ਸ਼ੁਰੂ ਕਰਨ ਤੋਂ ਪਹਿਲਾਂ ਦੁੱਧ ਨੂੰ ਤਪਿਆਂ ਵਾਲੇ ਡੇਰੇ 'ਤੇ ਚੜ੍ਹਾਇਆ ਜਾਂਦਾ ਸੀ। ਦੁੱਧ ਨੂੰ ਡੇਰੇ 'ਤੇ ਚੜ੍ਹਾਉਣ ਦੀ ਰਸਮ ਬੜੀ ਸਾਦੀ ਸੀ। ਸਮਾਧ ਦੇ ਇਕ ਪਾਸੇ ਪਏ ਮਿੱਟੀ ਦੇ ਭਾਂਡੇ 'ਚ ਦੁੱਧ ਪਾ ਕੇ ਮੱਥਾ ਟੇਕਿਆ ਜਾਂਦਾ ਸੀ, ਕੁੱਝ ਦੁੱਧ ਡੇਰੇ ਦੇ ਸੰਤਾਂ ਦੇ ਭਾਂਡੇ ਵਿਚ ਪਾ ਦਿੱਤਾ ਜਾਂਦਾ ਸੀ ਤੇ ਬਾਕੀ ਦਾ ਦੁੱਧ ਨਿਆਣਿਆਂ ਨੂੰ ਪਿਆ ਦਿੱਤਾ ਜਾਂਦਾ ਸੀ।

ਜਦੋਂ ਸਕੂਲ ਅਜੇ ਹਾਈ ਨਹੀਂ ਹੋਇਆ ਸੀ ਤਾਂ ਪ੍ਰਾਇਮਰੀ ਤੇ ਫਿਰ ਮਿਡਲ ਵੇਲੇ ਪੜ੍ਹਾਈ ਤਾਂ ਭਾਵੇਂ ਪੂਰੀ ਹੁੰਦੀ ਸੀ ਪਰ ਅਧਿਆਪਕਾਂ ਅਤੇ ਬੱਚਿਆਂ ਵਿਚ ਕੁੱਝ ਖੁੱਲ੍ਹ ਵਾਲਾ ਮਾਹੌਲ ਹੋਇਆ ਕਰਦਾ ਸੀ। ਜਦੋਂ ਕੋਈ ਔਰਤ ਡੇਰੇ 'ਤੇ ਦੁੱਧ ਚੜ੍ਹਾਉਣ ਆਉਂਦੀ ਤਾਂ ਅਸੀਂ ਸਕੂਲ ਦੇ ਬੱਚੇ ਜਾਂ ਤਾਂ ਡੇਰੇ ਵਿਚ ਚਲੇ ਜਾਂਦੇ ਸਾਂ ਅਤੇ ਜਾਂ ਫਿਰ ਉਹ ਔਰਤ ਆਪਣੀ ਦੁੱਧ ਵਾਲੀ ਬਾਲਟੀ ਲੈ ਕੇ ਸਕੂਲ 'ਚ ਆ ਜਾਂਦੀ ਤੇ ਸਾਨੂੰ ਦੁੱਧ ਪਿਆ ਜਾਂਦੀ। ਅੰਤਾਂ ਦਾ ਮਿੱਠਾ ਦੁੱਧ ਮਹਿਕਾਂ ਛੱਡਿਆ ਕਰਦਾ ਸੀ ਤੇ ਸਾਡੇ ਵਾਸਤੇ ਇਹ ਬਹੁਤ ਹੀ ਖਿੱਚ ਭਰਪੂਰ ਹੋਇਆ ਕਰਦਾ ਸੀ। ਜਿੱਥੇ ਇਸ ਕੱਚੇ ਦੁੱਧ ਦੀ ਮਹਿਕ ਅੱਜ ਤਕ ਮੇਰੇ ਹਿਰਦੇ ਵਿਚ ਵਸੀ ਹੋਈ ਹੈ, ਉੱਥੇ ਮੈਨੂੰ ਆਪਣਾ ਸਕੂਲ, ਉੱਥੋਂ ਦੇ ਮਿਹਨਤੀ ਤੇ ਸਮਰਪਿਤ ਅਧਿਆਪਕ ਵੀ ਮੇਰੇ ਹਿਰਦੇ 'ਚ ਵਸੇ ਹੋਏ ਜਾਪਦੇ ਹਨ। ਬੜੇ ਵਾਰੀ ਸੋਚੀਦੈ ਕਿ ਮੇਰੇ ਸਕੂਲ ਦੇ ਮਿਹਨਤੀ ਤੇ ਸਮਰਪਿਤ ਅਧਿਆਪਕ ਨਾ ਹੁੰਦੇ ਤਾਂ ਸ਼ਾਇਦ ਦਸਵੀਂ ਜਮਾਤ ਵੀ ਪਾਸ ਨਾ ਕਰ ਸਕਦੇ ਤੇ ਅੱਜ ਸੌਖਾਲਾ ਜੀਵਨ ਜਿਉਣ ਦੀ ਥਾਂ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨ ਲਈ ਆਪਣੇ ਮਾਂ- ਬਾਪ ਦੀ ਤਰ੍ਹਾਂ ਹੀ ਜੀਵਨ 'ਚ ਟੱਕਰਾਂ ਮਾਰਨੀਆਂ ਪੈਂਦੀਆਂ । ਮੇਰੇ ਬਚਪਨ ਦਾ ਸਕੂਲ ਵੀ ਤਾਂ ਮੇਰੇ ਲਈ ਕੱਚੇ ਦੁੱਧ ਦੀ ਮਹਿਕ ਵਰਗਾ ਹੀ ਹੈ।

-ਮੋਬਾਈਲ ਨੰ. : 95010-20731

Posted By: Sukhdev Singh