ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦੌਰਾਨ ਇਹ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ’ਤੇ ਕੋਈ ‘ਵਾਟਰ ਸੈੱਸ’ ਨਹੀਂ ਲੱਗੇਗਾ। ਇਹ ਵੱਡੀ ਰਾਹਤ ਵਾਲੀ ਖ਼ਬਰ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਹਿਮਾਚਲ ਪ੍ਰਦੇਸ਼ ਹੁਣ ਪੰਜਾਬ ’ਚ ਆਉਣ ਵਾਲੇ ਪਾਣੀ ’ਤੇ ਕੋਈ ਟੈਕਸ ਲਾਵੇਗਾ। ਪੰਜਾਬ ਸੂਬੇ ਦਾ ਨਾਂ ਹੀ ਪਾਣੀ ’ਤੇ ਆਧਾਰਤ ਹੈ ਪਰ ਹੁਣ ਇਹ ਪਾਣੀ ਦੇ ਹੀ ਡੂੰਘੇ ਸੰਕਟ ’ਚੋਂ ਲੰਘ ਰਿਹਾ ਹੈ। ਇੱਥੋਂ ਦੀ ਧਰਤੀ ਹੇਠਲਾ ਪਾਣੀ ਇੰਨਾ ਜ਼ਿਆਦਾ ਗੰਧਲਾ ਤੇ ਜ਼ਹਿਰੀਲਾ ਹੋ ਚੁੱਕਾ ਹੈ ਕਿ ਇੱਥੇ ਕੈਂਸਰ ਰੋਗੀਆਂ ਦੀ ਗਿਣਤੀ ’ਚ ਨਿੱਤ ਵਾਧਾ ਹੁੰਦਾ ਜਾ ਰਿਹਾ ਹੈ। ਪੰਜਾਬ ’ਚ 10 ਵਰ੍ਹੇ ਪਹਿਲਾਂ ਇਕ ਸਰਵੇਖਣ ਹੋਇਆ ਸੀ ਜਿਸ ਅਨੁਸਾਰ ਹਰੇਕ ਇਕ ਲੱਖ ਦੀ ਆਬਾਦੀ ਪਿੱਛੇ ਕੈਂਸਰ ਦੇ 90 ਮਰੀਜ਼ ਸਨ। ਇਸ ਗਿਣਤੀ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਹੇਠਾਂ ਨੂੰ ਜਾ ਰਿਹਾ ਹੈ। ਇਸ ਦਾ ਮਾੜਾ ਅਸਰ ਧਰਤੀ ਦੀ ਉਪਜਾਊ ਸ਼ਕਤੀ ’ਤੇ ਵੀ ਪਿਆ ਹੈ। ਫਲੋਰਾਈਡ ਤੇ ਆਰਸੈਨਿਕ (ਸੰਖੀਆ) ਤੋਂ ਦੂਸ਼ਿਤ ਪਾਣੀ ਦਾ ਸਿੱਧਾ ਅਸਰ ਗ਼ਰੀਬਾਂ ’ਤੇ ਪੈ ਰਿਹਾ ਹੈ। ਬੱਚੇ ਕੁਪੋਸ਼ਣ ਦੇ ਸ਼ਿਕਾਰ ਹੋ ਰਹੇ ਹਨ। ਪਿਛਲੀ ਮਰਦਮਸ਼ੁਮਾਰੀ 2011 ’ਚ ਹੋਈ ਸੀ। ਉਸ ਮੁਤਾਬਕ ਪੰਜਾਬ ’ਚ 11 ਲੱਖ ਕਾਮੇ ਸਨ ਜਿਨ੍ਹਾਂ ’ਚੋਂ ਅੱਧੇ ਖੇਤੀਬਾੜੀ ਖੇਤਰ ਨਾਲ ਜੁੜੇ ਹੋਏ ਸਨ। ਪੰਜਾਬ ਦੇ 23 ਜ਼ਿਲ੍ਹਿਆਂ ’ਚੋਂ 16 ਦੇ ਧਰਤੀ ਹੇਠਲੇ ਪਾਣੀ ’ਚ ਫਲੋਰਾਈਡ ਦੀ ਮਾਤਰਾ ਪ੍ਰਵਾਨਿਤ ਹੱਦ ਤੋਂ ਜ਼ਿਆਦਾ 1 ਲਿਟਰ ’ਚ 1.5 ਮਿਲੀਗ੍ਰਾਮ ਹੈ। ਹਰੇ ਇਨਕਲਾਬ ਨੇ ਪੰਜਾਬ ਨੂੰ ਭਾਰਤ ਲਈ ਅੰਨ-ਭੰਡਾਰ ਤਾਂ ਬਣਾ ਦਿੱਤਾ ਹੈ ਪਰ ਪਾਣੀ ਦੇ ਨਾਲ-ਨਾਲ ਖਾਦਾਂ ਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਦੇ ਕਿਤੇ ਜ਼ਿਆਦਾ ਮਾੜੇ ਅਸਰ ਹੁਣ ਵਿਖਾਈ ਦੇਣ ਲੱਗ ਪਏ ਹਨ। ਸਾਲ 1980 ਦੇ ਮੁਕਾਬਲੇ ਪੰਜਾਬ ’ਚ ਸਾਲ 2018 ਦੌਰਾਨ ਭਾਵ 38 ਸਾਲਾਂ ’ਚ ਖਾਦਾਂ ਦੀ ਵਰਤੋਂ ਵਿਚ 146.46 ਫ਼ੀਸਦੀ ਦਾ ਵਾਧਾ ਹੋ ਗਿਆ ਹੈ। ਕਿਸਾਨ ਇਸ ਵੇਲੇ 232 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਖਾਦਾਂ ਦੀ ਵਰਤੋਂ ਕਰ ਰਹੇ ਹਨ ਜਦਕਿ ਰਾਸ਼ਟਰੀ ਪੱਧਰ ਦੀ ਔਸਤ ਖਾਦ-ਵਰਤੋਂ 133 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੈ। ਇਹ ਸਾਰੇ ਅੰਕੜੇ ਸੱਚਮੁੱਚ ਡਰਾਉਣੇ ਹਨ। ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਗੁਰਦਾਸਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੀ ਧਰਤੀ ਹੇਠਲੇ ਪਾਣੀ ’ਚ ਸਿੱਕਾ ਵੱਧ ਮਾਤਰਾ ’ਚ ਪਾਇਆ ਗਿਆ ਹੈ। ਇੰਜ ਹੀ ਫ਼ਤਹਿਗੜ੍ਹ ਸਾਹਿਬ, ਲੁਧਿਆਣਾ, ਨਵਾਂਸ਼ਹਿਰ ਅਤੇ ਪਟਿਆਲਾ ’ਚ ਕੈਡਮੀਅਮ, ਸੰਗਰੂਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਤਰਨ ਤਾਰਨ, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਰੋਪੜ ’ਚ ਕ੍ਰੋਮੀਅਮ, ਮਾਨਸਾ, ਬਠਿੰਡਾ, ਮੋਗਾ, ਫ਼ਰੀਦਕੋਟ, ਬਰਨਾਲਾ ਅਤੇ ਸੰਗਰੂਰ ਦੇ ਪਾਣੀ ’ਚ ਰੇਡੀਓ-ਐਕਟਿਵ ਸਮੱਗਰੀ ਪਾਈ ਗਈ ਹੈ। ਇੰਜ ਲਗਪਗ ਸਮੁੱਚੇ ਪੰਜਾਬ ਦੇ ਪਾਣੀਆਂ ’ਚ ਹੀ ਜ਼ਹਿਰ ਦਾ ਪੱਧਰ ਬਹੁਤ ਜ਼ਿਆਦਾ ਹੈ। ਫ਼ਾਜ਼ਿਲਕਾ, ਮੋਗਾ, ਸੰਗਰੂਰ, ਬਰਨਾਲਾ ’ਚ ਤਾਂ ਯੂਰੇਨੀਅਮ ਵੀ ਵੱਧ ਪਾਇਆ ਗਿਆ ਹੈ। ਆਉਣ ਵਾਲੀਆਂ ਨਸਲਾਂ ਨੂੰ ਅਸੀਂ ਕਿਹੋ ਜਿਹਾ ਪਾਣੀ ਦੇਵਾਂਗੇ, ਇਸ ਬਾਰੇ ਹਾਲ ਦੀ ਘੜੀ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਅਸੀਂ ਸਭ ਧਰਤੀ ਹੇਠਲੇ ਪਾਣੀ ਦਾ ਗੰਧਲਾਪਣ ਦੂਰ ਕਰ ਕੇ ਉਸ ਨੂੰ ਸ਼ੁੱਧ ਕਰਨ ’ਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇਸ ਸਰਬ-ਸਾਂਝੇ ਸਮਾਜਿਕ ਕਾਰਜ ’ਚ ਸਮੂਹ ਵਿਅਕਤੀਆਂ ਤੋਂ ਲੈ ਕੇ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਗਠਨਾਂ ਨੂੰ ਹੁਣ ਪਾਣੀ ਦੇ ਸ਼ੁੱਧੀਕਰਨ ਦੀ ਪ੍ਰਕਿਰਿਆ ’ਚ ਜੁਟ ਜਾਣਾ ਚਾਹੀਦਾ ਹੈ।
Posted By: Jagjit Singh