ਪੰਜਾਬੀ ਸੱਭਿਆਚਾਰ ਵਿਚ ਜਿੱਥੇ ਬਹੁਤ ਸਾਰੇ ਮੇਲਿਆਂ ਅਤੇ ਤਿਉਹਾਰਾਂ ਦਾ ਜ਼ਿਕਰ ਮਿਲਦਾ ਹੈ ਉੱਥੇ ਹੀ ਉਸ ਵਿਚ ਸਾਉਣ ਮਹੀਨੇ ਦਾ ਵਿਸ਼ੇਸ਼ ਸਥਾਨ ਹੈ। ਪੰਜਾਬੀ ਦੇਸੀ ਮਹੀਨਿਆਂ ਅਨੁਸਾਰ ਸਾਉਣ ਦਾ ਮਹੀਨਾ ਪੰਜਵਾਂ ਮਹੀਨਾ ਹੁੰਦਾ ਹੈ। ਇਹ ਮਹੀਨਾ ਅੰਗਰੇਜ਼ੀ ਮਹੀਨਿਆਂ ਅਨੁਸਾਰ ਜੁਲਾਈ ਮਹੀਨੇ ਦੇ ਅੱਧ ਤੋਂ ਅਗਸਤ ਦੇ ਮੱਧ ਤਕ ਮਨਾਇਆ ਜਾਂਦਾ ਹੈ। ਇਸ ਮਹੀਨੇ ਤੋਂ ਪਹਿਲਾਂ ਦੇ ਮਹੀਨੇ ਵਿਚ ਬਹੁਤ ਗਰਮੀ ਹੁੰਦੀ ਹੈ। ਲੋਕ ਠੰਢੀਆਂ ਥਾਵਾਂ ’ਤੇ ਜਾਣਾ ਪਸੰਦ ਕਰਦੇ ਹਨ ਪਰ ਸਾਉਣ ਮਹੀਨੇ ਦੀ ਪਹਿਲੀ ਫੁਹਾਰ ਸਾਰੇ ਜਗਤ ਨੂੰ ਠਾਰ ਦਿੰਦੀ ਹੈ ਅਤੇ ਮਿੱਟੀ ਵਿਚਲੀ ਖੁਸ਼ਬੂ ਸਭ ਜਗਤ ਨੂੰ ਮਹਿਕਾ ਦਿੰਦੀ ਹੈ। ਇਸ ਮਹੀਨੇ ਵਿਚ ਹੀ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਿਹੜਾ ਸਾਉਣ ਦੇ ਚਾਨਣ ਪੱਖ ਦੀ ਤੀਜੀ ਤਿੱਥ ਨੂੰ ਮਨਾਇਆ ਜਾਂਦਾ ਹੈ। ਵਿਆਹੀਆਂ ਅਤੇ ਕੁਆਰੀਆਂ ਕੁੜੀਆਂ ਇਸ ਦਿਨ ਨੱਚ-ਗਾ ਕੇ ਬੋਹੜਾਂ ਥੱਲੇ ਪੀਂਘਾਂ ਝੂਟਦੀਆਂ ਅਤੇ ਮਨ ਦੀਆਂ ਸੱਧਰਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਦੀਆਂ ਹਨ। ਤੀਆਂ ਆਰੰਭ ਹੋਣ ਤੋਂ ਪਹਿਲਾਂ ਭਰਾ ਆਪਣੀਆਂ ਭੈਣਾਂ ਨੂੰ ਸਹੁਰੇ ਘਰ ਵਿਚ ਸੰਧਾਰਾ ਦੇ ਕੇ ਜਾਂਦੇ ਹਨ ਜਿਸ ਵਿਚ ਬਿਸਕੁਟ ਜਾਂ ਲੱਡੂ ਆਦਿ ਹੁੰਦੇ ਹਨ। ਇਸ ਮਹੀਨੇ ਨਵੀਆਂ ਵਿਆਹੀਆਂ ਕੁੜੀਆਂ ਪੇਕੇ ਘਰ ਵਿਚ ਹੁੰਦੀਆਂ ਹਨ। ਉਨ੍ਹਾਂ ਨੂੰ ਸਹੁਰੇ ਘਰ ਵੱਲੋਂ ਸੰਧਾਰੇ ਵਿਚ ਸੋਨੇ ਜਾਂ ਚਾਂਦੀ ਦਾ ਕੁੱਝ ਭੇਜਦੇ ਹਨ। ਤੀਆਂ ਤੋਂ ਇਕ ਦਿਨ ਪਹਿਲਾਂ ਕੁੜੀਆਂ ਮਹਿੰਦੀ ਲਗਾਉਂਦੀਆਂ ਹਨ ਅਤੇ ਰੰਗ-ਬਰੰਗੀਆਂ ਵੰਗਾਂ ਪਾ ਕੇ ਇਕ ਖੁੱਲ੍ਹੀ ਥਾਂ ’ਤੇ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ, ਹਾਸਾ-ਠੱਠਾ ਕਰਦੀਆਂ ਹੋਈਆਾਂ ਮਨਾਉਂਦੀਆਂ ਹਨ। ਘਰਾਂ ਵਿਚ ਖੀਰ-ਪੂੜੇ ਪੱਕਦੇ ਹਨ। ਸਾਉਣ ਮਹੀਨੇ ਵਿਚ ਸਾਡਾ ਆਲਾ-ਦੁਆਲਾ ਹਰਿਆਲੀ ਨਾਲ ਭਰ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਰਾਗ ਵਡਹੰਸ ਮਹੱਲਾ ਪਹਿਲਾ ਵਿਚ ਸਾਉਣ ਦੇ ਮਹੀਨੇ ਦਾ ਜ਼ਿਕਰ ਆਇਆ ਹੈ-

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ।। (ਅੰਗ 557)

ਭਾਵੇਂ ਅੱਜ ਵੀ ਅਸੀਂ ਇਹ ਤਿਉਹਾਰ ਮਨਾਉਂਦੇ ਹਾਂ ਪਰ ਪੁਰਾਣੇ ਸਮੇਂ ਵਿਚ ਤੇਰਾਂ ਦਿਨਾਂ ਵਿਚ ਮਨਾਇਆ ਜਾਣ ਵਾਲਾ ਇਹ ਤਿਉਹਾਰ ਹੁਣ ਕੁਝ ਘੰਟਿਆਂ ਦਾ ਹੀ ਹੋ ਕੇ ਰਹਿ ਗਿਆ ਹੈ। ਇਸਤਰੀ ਕਲੱਬਾਂ ਦੁਆਰਾ ਇਸ ਦਿਨ ਮਹਿੰਦੀ, ਰੰਗੋਲੀ ਪਹਿਰਾਵੇ ਜਾਂ ਫੈਸ਼ਨ ਸਬੰਧੀ ਕਈ ਮੁਕਾਬਲੇ ਵੀ ਕਰਾਏ ਜਾਂਦੇ ਹਨ। ਸਕੂਲਾਂ ਅਤੇ ਕਾਲਜਾਂ ਵਿਚ ਵੀ ਇਹ ਤਿਉਹਾਰ ਮਨਾ ਕੇ ਇਸ ਮਹੀਨੇ ਨੂੰ ਬੱਚਿਆਂ ਵਿਚ ਸਾਂਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਉਣ ਮਹੀਨਾ ਸੱਚਮੁੱਚ ਹੀ ਪੰਜਾਬੀ ਸੱਭਿਆਚਾਰ ਦੀ ਰੰਗਲੀ ਤਸਵੀਰ ਦੀ ਤਰਜਮਾਨੀ ਕਰਦਾ ਹੈ ਜਿਸ ਦੀ ਸਭ ਪੰਜਾਬਣ ਮੁਟਿਆਰਾਂ ਬੜੀ ਬੇਸਬਰੀ ਨਾਲ ਉਡੀਕ ਕਰਦੀਆਂ ਰਹਿੰਦੀਆਂ ਹਨ। ਸਾਉਣ ਦੇ ਅਖ਼ੀਰ ਵਿਚ ਸਭ ਕੁੜੀਆਂ ਨਵੇਂ ਵਰ੍ਹੇ ਵਿਚ ਆਉਣ ਵਾਲੇ ਸਾਉਣ ਮਹੀਨੇ ਦੀ ਉਡੀਕ ਕਰਦੀਆਂ ਹੋਈਆਂ ਇਹ ਬੋਲੀ ਗਿੱਧੇ ਵਿਚ ਪਾਉਂਦੀਆਂ ਹਨ- ‘ਸਾਉਣ ਵੀਰ ਕੱਠਿਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ। -ਰਛਪਾਲ ਕੌਰ।

Posted By: Shubham Kumar