-ਸੰਜੇ ਗੁਪਤ

ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਇੰਨੀ ਤੇਜ਼ ਅਤੇ ਭਿਅੰਕਰ ਹੈ ਕਿ ਉਸ ਦੀ ਕਲਪਨਾ ਸਰਕਾਰ ਤੇ ਜਨਤਾ ਦੇ ਨਾਲ-ਨਾਲ ਸਿਹਤ ਜਗਤ ਦੇ ਮਾਹਿਰਾਂ ਨੇ ਵੀ ਨਹੀਂ ਕੀਤੀ ਸੀ। ਫ਼ਿਲਹਾਲ ਇਹ ਕਹਿਣਾ ਔਖਾ ਹੈ ਕਿ ਜੇਕਰ ਇਨਫੈਕਸ਼ਨ ਦੀ ਇੰਨੀ ਤੇਜ਼ ਲਹਿਰ ਦੀ ਚੇਤਾਵਨੀ ਪਹਿਲਾਂ ਤੋਂ ਹੀ ਦਿੱਤੀ ਹੁੰਦੀ ਤਾਂ ਕੀ ਸਿਹਤ ਜਗਤ ਅਤੇ ਸਰਕਾਰੀ ਮਸ਼ੀਨਰੀ ਉਸ ਦਾ ਸਾਹਮਣਾ ਆਸਾਨੀ ਨਾਲ ਕਰ ਪਾਉਂਦੀ ਅਤੇ ਲੋਕਾਂ ਦੀ ਹਾਨੀ ਨੂੰ ਰੋਕਿਆ ਜਾ ਸਕਦਾ ਸੀ?

ਅੱਜਕੱਲ੍ਹ ਹਸਪਤਾਲਾਂ ਵਿਚ ਬਦਇੰਤਜ਼ਾਮੀ ਦੇ ਜਿਹੋ ਜਿਹੇ ਹਿਰਦਾ ਵਲੂੰਧਰਨ ਵਾਲੇ ਦ੍ਰਿਸ਼ ਇੰਟਰਨੈੱਟ ਮੀਡੀਆ ਅਤੇ ਟੀਵੀ ਚੈਨਲਾਂ ’ਤੇ ਦੇਖਣ ਨੂੰ ਮਿਲ ਰਹੇ ਹਨ, ਉਨ੍ਹਾਂ ਤੋਂ ਤਾਂ ਇਹ ਲੱਗਦਾ ਹੈ ਕਿ ਜੇਕਰ ਦੂਜੀ ਲਹਿਰ ਦੀ ਵਿਆਪਕਤਾ ਦਾ ਅਹਿਸਾਸ ਹੁੰਦਾ ਤਾਂ ਸੈਂਕੜੇ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਅੱਜ ਸੰਕਟ ਸਿਰਫ਼ ਆਕਸੀਜਨ ਦੀ ਕਮੀ ਦਾ ਹੀ ਨਹੀਂ, ਜੀਵਨ ਰੱਖਿਅਕ ਦਵਾਈਆਂ ਦਾ ਵੀ ਹੈ ਅਤੇ ਹਸਪਤਾਲਾਂ ਵਿਚ ਬੈੱਡਾਂ ਦਾ ਵੀ।

ਕੁਝ ਦਵਾਈਆਂ ਦੀ ਕਿੱਲਤ ਤਾਂ ਇਸ ਲਈ ਪੈਦਾ ਹੋ ਗਈ ਹੈ ਕਿਉਂਕਿ ਕੋਰੋਨਾ ਇਨਫੈਕਸ਼ਨ ਦਾ ਅਸਰ ਘੱਟ ਹੋਣ ’ਤੇ ਉਨ੍ਹਾਂ ਦੇ ਉਤਪਾਦਨ ਵਿਚ ਕਟੌਤੀ ਕਰ ਦਿੱਤੀ ਗਈ ਸੀ। ਹੁਣ ਹਾਲਤ ਇਹ ਹੈ ਕਿ ਮੁਨਾਫ਼ਾਖੋਰਾਂ ਨੇ ਇਨ੍ਹਾਂ ਦਵਾਈਆਂ ਦੀ ਕਾਲਾਬਾਜ਼ਾਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਇਲਾਵਾ ਲੋਕਾਂ ਨੇ ਜ਼ਰੂਰਤ ਨਾ ਹੁੰਦੇ ਹੋਏ ਵੀ ਉਨ੍ਹਾਂ ਨੂੰ ਖ਼ਰੀਦ ਕੇ ਰੱਖ ਲਿਆ ਹੈ। ਇਸ ਸਮੇਂ ਆਕਸੀਜਨ ਦੀ ਵੀ ਖ਼ਾਸੀ ਕਿੱਲਤ ਹੈ ਅਤੇ ਇਸ ਦੀ ਵਜ੍ਹਾ ਇਹ ਹੈ ਕਿ ਯੋਜਨਾ ਤੋਂ ਬਾਅਦ ਵੀ ਸਮੇਂ ਸਿਰ ਨਵੇਂ ਆਕਸੀਜਨ ਪਲਾਂਟ ਨਹੀਂ ਸ਼ੁਰੂ ਕੀਤੇ ਜਾ ਸਕੇ। ਅਜੇ ਆਕਸੀਜਨ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਲਈ ਵਿਦੇਸ਼ਾਂ ਤੋਂ ਕੰਟੇਨਰ ਲਿਆਂਦੇ ਜਾ ਰਹੇ ਹਨ। ਨਾਲ ਹੀ ਉਹ ਉਦਯੋਗ ਵੀ ਉਸ ਦੀ ਸਪਲਾਈ ਹਸਪਤਾਲਾਂ ਨੂੰ ਕਰ ਰਹੇ ਹਨ ਜੋ ਉਸ ਦੀ ਵਰਤੋਂ ਆਪਣੇ ਇੱਥੇ ਕਰਦੇ ਸਨ। ਇਸ ਤੋਂ ਬਾਅਦ ਵੀ ਉਸ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ।

ਕੁਝ ਲੋਕ ਬਿਨਾਂ ਜ਼ਰੂਰਤ ਇਸ ਕਾਰਨ ਆਕਸੀਜਨ ਸਿਲੰਡਰ ਘਰ ਵਿਚ ਰੱਖ ਰਹੇ ਹਨ ਕਿ ਸ਼ਾਇਦ ਅੱਗੇ ਜਾ ਕੇ ਕੰਮ ਆਵੇ। ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਲੋਕ ਸਿਹਤ ਤੰਤਰ ’ਤੇ ਭਰੋਸਾ ਕਰਨ ਦੀ ਹਾਲਤ ਵਿਚ ਨਹੀਂ ਹਨ। ਆਪਣੇ ਦੇਸ਼ ਦਾ ਸਿਹਤ ਢਾਂਚਾ ਪਹਿਲਾਂ ਤੋਂ ਹੀ ਕਮਜ਼ੋਰ ਹੈ। ਸਾਡੇ ਹਸਪਤਾਲਾਂ ਵਿਚ ਮਰੀਜ਼ਾਂ ਦੇ ਨਾਲ ਤੀਮਾਰਦਾਰ ਵੀ ਹੁੰਦੇ ਹਨ ਅਤੇ ਮਰੀਜ਼ਾਂ ਦੀ ਹਾਲਤ ਨੂੰ ਲੈ ਕੇ ਡਾਕਟਰਾਂ ਤੋਂ ਸਵਾਲ ਕਰਦੇ ਰਹਿੰਦੇ ਹਨ।

ਕਈ ਵਾਰ ਡਾਕਟਰਾਂ ਕੋਲ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦਾ ਸਮਾਂ ਨਹੀਂ ਹੁੰਦਾ। ਇਸ ਕਾਰਨ ਲੋਕਾਂ ਦੀ ਸ਼ਿਕਾਇਤੀ ਸੁਰ ਤੇਜ਼ ਹੁੰਦੀ ਹੈ। ਆਮ ਭਾਰਤੀਆਂ ਦਾ ਹਸਪਤਾਲਾਂ ’ਤੇ ਭਰੋਸਾ ਇਸ ਲਈ ਵੀ ਨਹੀਂ, ਕਿਉਂਕਿ ਸਿਹਤ ਤੰਤਰ ਨੂੰ ਸੁਧਾਰਨ ਲਈ ਉਮੀਦ ਮੁਤਾਬਕ ਯਤਨ ਨਹੀਂ ਕੀਤੇ ਗਏ। ਸਰਕਾਰੀ ਹਸਪਤਾਲਾਂ ਦਾ ਹਾਲ ਤਾਂ ਇੰਨਾ ਖ਼ਰਾਬ ਹੈ ਕਿ ਉੱਥੇ ਉੱਚ ਮੱਧ ਵਰਗ ਦੇ ਲੋਕ ਜਾਣਾ ਹੀ ਨਹੀਂ ਚਾਹੁੰਦੇ। ਦੂਜੇ ਪਾਸੇ ਨਿੱਜੀ ਹਸਪਤਾਲ ਮੁਨਾਫ਼ਾਖੋਰੀ ਲਈ ਜਾਣੇ ਜਾਂਦੇ ਹਨ। ਉੱਥੇ ਲੋਕ ਅਜਿਹੇ ਤਜਰਬਿਆਂ ’ਚੋਂ ਖ਼ੂਬ ਗੁਜ਼ਰਦੇ ਹਨ ਕਿ ਜਦ ਤਕ ਇਕ ਨਿਸ਼ਚਿਤ ਰਕਮ ਜਮ੍ਹਾ ਨਾ ਕਰਵਾ ਦਿੱਤੀ ਜਾਵੇ, ਉਦੋਂ ਤਕ ਮਰੀਜ਼ ਦਾ ਇਲਾਜ ਸ਼ੁਰੂ ਨਹੀਂ ਹੁੰਦਾ, ਭਾਵੇਂ ਉਹ ਕਿੰਨੀ ਵੀ ਗੰਭੀਰ ਹਾਲਤ ਵਿਚ ਹੋਵੇ।

ਭਾਰਤ ਵਿਚ ਗ਼ੈਰ-ਜ਼ਰੂਰੀ ਟੈਸਟ ਕਰਵਾਉਣ, ਇਲਾਜ ਵਿਚ ਦੇਰੀ ਕਰਨ ਜਾਂ ਗ਼ਲਤ ਦਵਾਈਆਂ ਦੇਣ ਜਾਂ ਫਿਰ ਵਧਾ-ਚੜ੍ਹਾਅ ਕੇ ਬਿੱਲ ਬਣਾਉਣ ਦੀਆਂ ਸ਼ਿਕਾਇਤਾਂ ਆਮ ਹਨ। ਕਈ ਵਾਰ ਇਹ ਸ਼ਿਕਾਇਤਾਂ ਸਹੀ ਵੀ ਹੁੰਦੀਆਂ ਹਨ। ਇਹ ਕਹਿਣਾ ਔਖਾ ਹੈ ਕਿ ਅਜਿਹੀ ਸਥਿਤੀ ਵਿਕਸਤ ਦੇਸ਼ਾਂ ਵਿਚ ਨਹੀਂ ਹੈ, ਕਿਉਂਕਿ ਉੱਥੇ ਤੀਮਾਰਦਾਰ ਜਾਂ ਮੀਡੀਆ ਹਸਪਤਾਲਾਂ ਦੇ ਅੰਦਰ ਨਹੀਂ ਘੁੰਮ ਰਿਹਾ ਹੁੰਦਾ। ਇਨ੍ਹੀਂ ਦਿਨੀਂ ਦੇਸੀ-ਵਿਦੇਸ਼ੀ ਮੀਡੀਆ ਦੇਸ਼ ਦੇ ਕਮਜ਼ੋਰ ਸਿਹਤ ਢਾਂਚੇ ਦੀ ਖ਼ਬਰ ਲੈਣ ਦੇ ਨਾਲ-ਨਾਲ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਿਹਾ ਹੈ। ਕੌਮਾਂਤਰੀ ਮੀਡੀਆ ਦਾ ਇਕ ਵਰਗ ਸਰਕਾਰ ’ਤੇ ਕੁਝ ਜ਼ਿਆਦਾ ਹੀ ਹਮਲਾਵਰ ਹੈ। ਉਹ ਇਸ ਦੀ ਅਣਦੇਖੀ ਕਰ ਰਿਹਾ ਹੈ ਕਿ 130 ਕਰੋੜ ਦੀ ਆਬਾਦੀ ਵਾਲੇ ਭਾਰਤ ਵਿਚ ਮੌਤ ਦਰ ਯੂਰਪ ਅਤੇ ਅਮਰੀਕਾ ਨਾਲੋਂ ਕਿਤੇ ਘੱਟ ਹੈ।

ਜਿਨ੍ਹਾਂ ਕਾਰਨਾਂ ਕਾਰਨ ਵਿਕਸਤ ਦੇਸ਼ਾਂ ਵਿਚ ਕੋਰੋਨਾ ਮਰੀਜ਼ਾਂ ਦੀ ਮੌਤ ਹੋਈ, ਉਨ੍ਹਾਂ ਕਾਰਨਾਂ ਕਾਰਨ ਭਾਰਤ ਵਿਚ ਵੀ ਹੋ ਰਹੀ ਹੈ ਪਰ ਵਿਦੇਸ਼ੀ ਮੀਡੀਆ ਭਾਰਤ ਦੇ ਮਾਮਲੇ ਵਿਚ ਅਲੱਗ ਮਾਪਦੰਡ ਅਪਣਾਈ ਬੈਠਾ ਹੈ। ਜਦ ਅਮਰੀਕਾ ਅਤੇ ਯੂਰਪ ਵਿਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਕੋਰੋਨਾ ਮਰੀਜ਼ ਮਰ ਰਹੇ ਸਨ, ਉਦੋਂ ਵਿਦੇਸ਼ੀ ਮੀਡੀਆ ਆਪਣੇ ਹਸਪਤਾਲਾਂ ਦੀ ਬਦਹਾਲ ਸਥਿਤੀ ਅਤੇ ਸਰਕਾਰੀ ਤੰਤਰ ਦੀ ਨਾਕਾਮੀ ’ਤੇ ਸਵਾਲ ਚੁੱਕਣ ਤੋਂ ਬਚ ਰਿਹਾ ਸੀ। ਉਸ ਦੇ ਦੋਹਰੇ ਵਤੀਰੇ ਕਾਰਨ ਇਹ ਸੱਚ ਲੁਕਣ ਵਾਲਾ ਨਹੀਂ ਕਿ ਇਕ ਸਮੇਂ ਅਮਰੀਕਾ ਅਤੇ ਯੂਰਪ ਵਿਚ ਵੀ ਸਿਹਤ ਢਾਂਚਾ ਨਾਕਾਫ਼ੀ ਸਿੱਧ ਹੋ ਰਿਹਾ ਸੀ ਅਤੇ ਇਸ ਕਾਰਨ ਉੱਥੇ ਵੀ ਬਦਇੰਤਜ਼ਾਮੀ ਸੀ। ਵਿਕਸਤ ਦੇਸ਼ਾਂ ਅਤੇ ਭਾਰਤ ਵਿਚ ਇਕ ਫ਼ਰਕ ਇਹ ਵੀ ਹੈ ਕਿ ਇੱਥੇ ਮਰੀਜ਼ਾਂ ਦੇ ਤੀਮਾਰਦਾਰ ਆਈਸੀਯੂ ਤਕ ਦੇ ਵੀਡੀਓ ਬਣਾਉਣ ਵਿਚ ਸਮਰੱਥ ਹੋ ਜਾਂਦੇ ਹਨ। ਇਸੇ ਕਾਰਨ ਭਾਰਤ ਵਿਚ ਹਸਪਤਾਲਾਂ ਅਤੇ ਕੋਰੋਨਾ ਮਰੀਜ਼ਾਂ ਦੀ ਬਦਹਾਲੀ ਦੀਆਂ ਜਿਸ ਤਰ੍ਹਾਂ ਦੀਆਂ ਕਰੁਣਾਮਈ ਕਹਾਣੀਆਂ ਚੁਫੇਰੇ ਨਜ਼ਰ ਆ ਰਹੀਆਂ ਹਨ, ਉਸ ਤਰ੍ਹਾਂ ਦੀਆਂ ਵਿਦੇਸ਼ਾਂ ਵਿਚ ਨਹੀਂ ਦਿਖਾਈ ਦਿੰਦੀਆਂ।

ਵਿਕਸਤ ਦੇਸ਼ਾਂ ਵਿਚ ਤੀਮਾਰਦਾਰ ਹਸਪਤਾਲਾਂ ਦੇ ਚੱਕਰ ਨਹੀਂ ਕੱਟਦੇ, ਨਾ ਮਰੀਜ਼ ਦੀ ਮੌਤ ਤੋਂ ਬਾਅਦ ਸੜਕ ’ਤੇ ਹੰਗਾਮਾ ਕਰਦੇ ਹਨ ਅਤੇ ਨਾ ਹੀ ਇੰਟਰਨੈੱਟ ਮੀਡੀਆ ’ਤੇ ਭੜਾਸ ਕੱਢਦੇ ਹਨ। ਭਾਰਤ ਵਿਚ ਮਰੀਜ਼ ਦੇ ਮਰਨ ’ਤੇ ਡਾਕਟਰਾਂ ਦੀ ਮਾਰ-ਕੁਟਾਈ ਅਤੇ ਹਸਪਤਾਲਾਂ ਵਿਚ ਭੰਨ-ਤੋੜ ਦੀਆਂ ਘਟਨਾਵਾਂ ਆਮ ਹਨ।

ਅਜਿਹੀਆਂ ਘਟਨਾਵਾਂ ਕਾਰਨ ਜਿੱਥੇ ਡਾਕਟਰਾਂ ਤੇ ਸਿਹਤ ਕਰਮੀਆਂ ਵਿਚ ਭੈਅ ਵਾਲਾ ਮਾਹੌਲ ਬਣ ਜਾਂਦਾ ਹੈ, ਓਥੇ ਹੀ ਦੇਸ਼ ਦੀ ਕੌਮਾਂਤਰੀ ਪੱਧਰ ’ਤੇ ਬਦਖੋਈ ਵੀ ਹੋਣ ਲੱਗਦੀ ਹੈ। ਹੁਣ ਕੌਮਾਂਤਰੀ ਮੀਡੀਆ ਹਸਪਤਾਲਾਂ ਦੀ ਬਦਹਾਲੀ ਤਾਂ ਦਿਖਾ ਹੀ ਰਿਹਾ ਹੈ, ਨਾਲ ਹੀ ਸ਼ਮਸ਼ਾਨਘਾਟਾਂ ’ਤੇ ਚੱਲ ਰਹੀ ਉਡੀਕ ਸੂਚੀ ਬਾਰੇ ਖ਼ਬਰਾਂ ਵੀ ਮਸਾਲਾ ਲਾ ਕੇ ਦਿਖਾ ਰਿਹਾ ਹੈ। ਕਈ ਵਾਰ ਇਨ੍ਹਾਂ ਘਟਨਾਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਮੀਡੀਆ ਤੋਂ ਲੈ ਕੇ ਅਦਾਲਤ ਤਕ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਇਸ ਕਾਰਨ ਵੀ ਲੋਕਾਂ ਦੀ ਸਿਹਤ ਢਾਂਚੇ ’ਤੇ ਬੇਭਰੋਸਗੀ ਵੱਧ ਜਾਂਦੀ ਹੈ। ਇਹ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਕਿ ਭਾਰਤ ਵਿਚ ਕੋਈ ਵੀ ਇਹ ਅਨੁਮਾਨ ਨਹੀਂ ਲਗਾ ਸਕਿਆ ਕਿ ਕੋਰੋਨਾ ਦੀ ਦੂਜੀ ਲਹਿਰ ਇੰਨੀ ਵਿਆਪਕ ਹੋਵੇਗੀ। ਇਸ ਦੂਜੀ ਲਹਿਰ ਨਾਲ ਨਜਿੱਠਣ ਲਈ ਕੋਈ ਖ਼ਾਸ ਤਿਆਰੀ ਨਹੀਂ ਕੀਤੀ ਗਈ। ਜੇਕਰ ਭਾਰਤ ਨੇ ਕੋਵਿਡ ਮਹਾਮਾਰੀ ਤੋਂ ਬਚਣਾ ਹੈ ਤਾਂ ਟੀਕਾਕਰਨ ਮੁਹਿੰਮ ਹੋਰ ਤੇਜ਼ ਕਰਨੀ ਹੋਵੇਗੀ। ਬਦਕਿਸਮਤੀ ਨਾਲ ਟੀਕਾਕਰਨ ’ਤੇ ਵੀ ਸਸਤੀ ਸਿਆਸਤ ਹੋ ਰਹੀ ਹੈ। ਬਹੁਤ ਦਿਨ ਨਹੀਂ ਹੋਏ ਜਦ ਕਾਂਗਰਸ ਸ਼ਾਸਿਤ ਸੂਬੇ ਅਤੇ ਖ਼ਾਸ ਤੌਰ ’ਤੇ ਪੰਜਾਬ ਅਤੇ ਛੱਤੀਸਗੜ੍ਹ ਕੋਵੈਕਸੀਨ ਲੈਣ ਤੋਂ ਇਨਕਾਰ ਕਰ ਰਹੇ ਸਨ। ਕੁਝ ਹੋਰ ਸੂਬੇ ਟੀਕਾਕਰਨ ਦੇ ਪ੍ਰਤੀ ਉਤਸ਼ਾਹ ਨਹੀਂ ਦਿਖਾ ਰਹੇ ਸਨ ਜਾਂ ਫਿਰ ਟੀਕਿਆਂ ਦੇ ਖ਼ਰਾਬ ਹੋਣ ਦੀ ਪਰਵਾਹ ਨਹੀਂ

ਕਰ ਰਹੇ ਸਨ।

ਘੱਟੋ-ਘੱਟ ਹੁਣ ਤਾਂ ਉਨ੍ਹਾਂ ਨੂੰ ਖ਼ਬਰਦਾਰ ਹੋ ਜਾਣਾ ਚਾਹੀਦਾ ਹੈ ਕਿਉਂਕਿ ਇਹ ਮਹਾਮਾਰੀ ਲੰਬੇ ਸਮੇਂ ਤਕ ਰਹਿ ਸਕਦੀ ਹੈ। ਸਰਕਾਰਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਗਲੇ ਦੋ-ਤਿੰਨ ਮਹੀਨਿਆਂ ਵਿਚ ਘੱਟੋ-ਘੱਟ ਦੇਸ਼ ਦੀ ਅੱਧੀ ਆਬਾਦੀ ਦਾ ਟੀਕਾਕਰਨ ਹੋ ਜਾਵੇ। ਅਜਿਹਾ ਉਦੋਂ ਹੀ ਹੋ ਸਕੇਗਾ ਜਦ ਟੀਕਿਆਂ ਦੀ ਉਪਲਬਧਤਾ ਵਧਾ ਕੇ ਸੱਚਮੁੱਚ ਜੰਗੀ ਪੱਧਰ ’ਤੇ ਟੀਕਾਕਰਨ ਕੀਤਾ ਜਾਵੇਗਾ। ਕਿਉਂਕਿ ਇਸ ਦਾ ਪੂਰਾ ਖ਼ਦਸ਼ਾ ਹੈ ਕਿ ਭਾਰਤ ਵਿਚ ਕੋਰੋਨਾ ਇਨਫੈਕਸ਼ਨ ਦੀ ਤੀਜੀ ਲਹਿਰ ਦੂਜੀ ਲਹਿਰ ਨਾਲੋਂ ਵੀ ਘਾਤਕ ਸਿੱਧ ਹੋ ਸਕਦੀ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਸਮਾਜ ਡਾਕਟਰਾਂ ਅਤੇ ਸਿਹਤ ਤੰਤਰ ’ਤੇ ਭਰੋਸਾ ਬਣਾਈ ਰੱਖੋ।

ਆਖ਼ਰਕਾਰ ਉਹੀ ਸਾਨੂੰ ਮੁਸੀਬਤ ਤੋਂ ਬਾਹਰ ਕੱਢਣਗੇ ਅਤੇ ਉਹੀ ਤੀਜੀ ਲਹਿਰ ਦਾ ਮੁਕਾਬਲਾ ਕਰਨਗੇ। ਸੰਕਟ ਦੇ ਇਸ ਦੌਰ ਵਿਚ ਅਜਿਹਾ ਕੁਝ ਨਹੀਂ ਕੀਤਾ ਜਾਣਾ ਚਾਹੀਦਾ ਜਿਸ ਕਾਰਨ ਡਾਕਟਰਾਂ ਅਤੇ ਸਿਹਤ ਕਰਮੀਆਂ ਦਾ ਮਨੋਬਲ ਪ੍ਰਭਾਵਿਤ ਹੋਵੇ। ਬੇਸ਼ੱਕ ਇਹ ਵੀ ਜ਼ਰੂਰੀ ਹੈ ਕਿ ਹਸਪਤਾਲ ਬੈੱਡ, ਆਕਸੀਜਨ ਪਲਾਂਟ, ਦਵਾਈਆਂ ਦੀ ਉਪਲਬਧਤਾ ਵਧਾਉਣ ਦੇ ਨਾਲ-ਨਾਲ ਸਿਹਤ ਕਰਮੀਆਂ ਦੀ ਗਿਣਤੀ ਵੀ ਵਧਾਈ ਜਾਵੇ। ਜੇ ਅਜਿਹਾ ਨਹੀਂ ਕੀਤਾ ਗਿਆ ਤਾਂ ਹਾਲਾਤ ਹੱਥੋਂ ਬਾਹਰ ਨਿਕਲ ਸਕਦੇ ਹਨ।

-(ਲੇਖਕ ‘ਦੈਨਿਕ ਜਾਗਰਣ’ ਅਖ਼ਬਾਰ ਦੇ ਮੁੱਖ ਸੰਪਾਦਕ ਹਨ)।

-response0jagran.com

Posted By: Susheel Khanna