ਬਦਲਾਅ ਤਾਂ ਸਮੇਂ-ਸਮੇਂ ਆਉਂਦੇ ਹੀ ਰਹੇ ਹਨ ਪਰ ਅਸੀਂ ਅੱਜ ਜਿਸ ਦੌਰ 'ਚ ਹਾਂ ਉਸ 'ਚ ਬਦਲਾਵਾਂ ਦਾ ਹੜ੍ਹ ਆਇਆ ਪਿਆ ਹੈ। ਧਰਤੀ 'ਤੇ ਵੱਧ ਰਹੇ ਪ੍ਰਦੂਸ਼ਣ ਅਤੇ ਖ਼ਤਮ ਹੋ ਰਹੇ ਕੁਦਰਤੀ ਸਰੋਤਾਂ ਕਾਰਨ ਜਿਵੇਂ ਸਾਡੇ ਦੋਸਤ ਪਸ਼ੂ-ਪੰਛੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ, ਉਸੇ ਤਰ੍ਹਾਂ ਮਨੁੱਖਾਂ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਵੀ ਪ੍ਰਭਾਵਿਤ ਹੋ ਰਹੀ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਜਿਵੇਂ ਲਗਾਤਾਰ ਡਿੱਗਦਾ ਜਾ ਰਿਹਾ ਉਸ 'ਤੇ ਮਾਹਿਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਤੀਜੀ ਸੰਸਾਰ ਜੰਗ ਦਾ ਕਾਰਨ ਪਾਣੀ ਹੀ ਬਣੇ। ਇਸ 'ਚ ਕੋਈ ਸ਼ੱਕ ਨਹੀਂ ਕਿ ਮੌਸਮ 'ਚ ਲਗਾਤਾਰ ਬਦਲਾਅ ਆ ਰਿਹਾ ਹੈ। ਮੌਸਮ 'ਚ ਆਉਣ ਵਾਲੇ ਇਸ ਬਦਲਾਅ ਦੇ ਅਸੀਂ ਆਪ ਵੀ ਜ਼ਿੰਮੇਵਾਰ ਹਾਂ। ਪਹਿਲਾਂ ਅਸੀਂ ਕੁਦਰਤੀ ਸਰੋਤਾਂ ਦੀ ਵਰਤੋਂ ਅੰਨ੍ਹੇਵਾਹ ਕੀਤੀ ਅਤੇ ਹੁਣ ਇਹ ਕੁਦਰਤੀ ਸਰੋਤ ਹੌਲੀ-ਹੌਲੀ ਖ਼ਤਮ ਹੁੰਦੇ ਜਾ ਰਹੇ ਹਨ।

ਜੇ ਅਸੀਂ ਕੁਦਰਤੀ ਸਰੋਤਾਂ ਦੀ ਖ਼ਪਤ ਨੂੰ ਘੱਟ ਨਾ ਕੀਤਾ ਅਤੇ ਇਨ੍ਹਾਂ ਦੀ ਸੰਭਾਲ ਨਾ ਕੀਤੀ ਤਾਂ ਸਾਡੇ ਨਾਲ-ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਬਹੁਤ ਹੀ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ। ਮਨੁੱਖ ਤਾਂ ਆਪਣੇ ਰਹਿਣ ਲਈ ਰੁੱਖਾਂ ਦੀ ਕਟਾਈ ਕਰ ਕੇ ਉੱਚੀਆਂ-ਉੱਚੀਆਂ ਰਿਹਾਇਸ਼ੀ ਇਮਾਰਤਾਂ ਦੀ ਉਸਾਰੀ ਕਰ ਰਹੇ ਹਨ ਪਰ ਰੁੱਖਾਂ ਦੀ ਕਟਾਈ ਕਾਰਨ ਪਸ਼ੂ-ਪੰਛੀਆਂ ਦੀਆਂ ਕੁਝ ਪ੍ਰਜਾਤੀਆਂ ਲੁਪਤ ਹੋਣ ਕੰਢੇ ਹਨ। ਜਿੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਉੱਥੇ ਹੀ ਦਰੱਖਤਾਂ ਦੀ ਕਟਾਈ ਕਰ ਕੇ ਹਵਾ ਵੀ ਜ਼ਹਿਰਲੀ ਹੁੰਦੀ ਜਾ ਰਹੀ ਹੈ। ਇਸ ਕਾਰਨ ਲੋਕ ਗੰਭੀਰ ਬਿਮਾਰੀਆਂ ਦੀ ਲਪੇਟ 'ਚ ਆ ਰਹੇ ਹਨ ਅਤੇ ਸਾਡੇ ਦੋਸਤ ਪੰਛੀਆਂ ਦੀ ਤਾਦਾਦ ਵੀ ਲਗਾਤਾਰ ਘਟ ਰਹੀ ਹੈ। ਜਿਸ ਤਰ੍ਹਾਂ ਪਾਣੀ ਮਨੁੱਖਾਂ ਅਤੇ ਹੋਰ ਜੀਵ-ਜੰਤੂਆਂ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਹਵਾ ਦੀ ਵੀ ਆਪਣੀ ਅਹਿਮੀਅਤ ਹੈ। ਉੱਚੀਆਂ-ਉੱਚੀਆਂ ਬਿਲਡਿੰਗਾਂ ਦੀ ਉਸਾਰੀ ਅਤੇ ਫੈਕਟਰੀਆਂ ਦੇ ਨਿਰਮਾਣ ਲਈ ਜਿਸ ਤਰ੍ਹਾਂ ਭੂਮੀ 'ਤੋਂ ਬਿਰਖਾਂ ਦੀ ਲਗਾਤਾਰ ਕਟਾਈ ਕੀਤੀ ਜਾ ਰਹੀ ਹੈ, ਉਸ ਨਾਲ ਹਵਾ ਜ਼ਹਿਰੀਲੀ ਹੋ ਰਹੀ ਹੈ, ਹੜ੍ਹਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਮਨੁੱਖਤਾ ਇਨ੍ਹਾਂ ਕੁਦਰਤੀ ਆਫ਼ਤਾਂ ਅੱਗੇ ਹਾਰਦੀ ਨਜ਼ਰ ਆਉਂਦੀ ਹੈ। ਜਿੰਨੀ ਵੱਡੀ ਗਿਣਤੀ 'ਚ ਦਰੱਖਤਾਂ ਦੀ ਕਟਾਈ ਹੋ ਰਹੀ ਹੈ, ਉਸ ਅਨੁਸਾਰ ਪੌਦੇ ਨਹੀਂ ਲਗਾਏ ਜਾ ਰਹੇ। ਜੇ ਲਗਾਏ ਵੀ ਜਾ ਰਹੇ ਹਨ ਤਾਂ ਉਹ ਸੰਭਾਲ ਨਾ ਹੋਣ ਕਰ ਕੇ ਸੁੱਕ ਜਾਂਦੇ ਹਨ।

ਹਾਲਾਂਕਿ ਹੁਣ ਸਰਕਾਰਾਂ ਅਤੇ ਆਮ ਲੋਕ ਪੌਦੇ ਲਗਾਉਣ ਲਈ ਜਾਗਰੂਕ ਤਾਂ ਹੋਏ ਹਨ ਪਰ ਹਾਲੇ ਵੀ ਇਸ ਵੱਲ ਹੋਰ ਗੰਭੀਰ ਹੋਣ ਅਤੇ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਉਣ ਦੀ ਜ਼ਰੂਰਤ ਹੈ। ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਮੀਂਹ ਦੇ ਪਾਣੀ ਨੂੰ ਸਟੋਰ ਕਰ ਕੇ ਉਸ ਨੂੰ ਸਿੰਚਾਈ ਲਈ ਵਰਤਿਆ ਜਾਵੇ ਜਾਂ ਉਸ ਨੂੰ ਜ਼ਮੀਨਦੋਜ਼ ਕਰ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ੍ਹਿਆ ਜਾ ਸਕੇ। ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਜਾਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੰਧਲੇ ਪਾਣੀ ਅਤੇ ਪ੍ਰਦੂਸ਼ਿਤ ਹਵਾ ਸਦਕਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

-ਸੰਦੀਪ ਜੈਤੋ। ਸੰਪਰਕ : 81465-73901

Posted By: Sukhdev Singh