v>ਇਹ ਸ਼ਰਮਨਾਕ ਵੀ ਹੈ ਤੇ ਚਿੰਤਾਜਨਕ ਵੀ ਕਿ ਜਦੋਂ ਤ੍ਰਿਣਮੂਲ ਕਾਂਗਰਸ ਨੂੰ ਪੱਛਮੀ ਬੰਗਾਲ ’ਚ ਲਗਾਤਾਰ ਤੀਜੀ ਜਿੱਤ ਹਾਸਲ ਕਰਨ ਤੋਂ ਬਾਅਦ ਸੁਸ਼ਾਸਨ ਦੇ ਮਾਮਲੇ ’ਚ ਨਵਾਂ ਅਧਿਆਇ ਲਿਖਣਾ ਚਾਹੀਦਾ ਸੀ, ਉਦੋਂ ਪਾਰਟੀ ਸਿਆਸੀ ਵਿਰੋਧੀਆਂ ਨੂੰ ਹਿੰਸਾ ਦਾ ਸਹਾਰਾ ਲੈ ਕੇ ਦਬਾਉਣ ’ਤੇ ਉਤਾਰੂ ਹੈ। ਬੰਗਾਲ ਦੀ ਬੇਕਾਬੂ ਸਿਆਸੀ ਹਿੰਸਾ ਸੂਬੇ ਦੇ ਨਾਲ-ਨਾਲ ਦੇਸ਼ ਨੂੰ ਵੀ ਬਦਨਾਮ ਕਰਨ ਵਾਲੀ ਹੈ। ਇਹ ਸਾਜ਼ਿਸ਼ ਕਿੰਨੀ ਭਿਆਨਕ ਹੈ, ਇਸ ਨੂੰ ਇਹ ਗੱਲ ਦਰਸਾਉਂਦੀ ਹੈ ਕਿ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ’ਚ ਰਾਜਪਾਲ ਨਾਲ ਗੱਲਬਾਤ ਕਰਨੀ ਪਈ ਅਤੇ ਭਾਜਪਾ ਪ੍ਰਧਾਨ ਨੂੰ ਤੁਰੰਤ ਕੋਲਕਾਤਾ ਲਈ ਰਵਾਨਾ ਹੋਣਾ ਪਿਆ। ਦੂਜੇ ਪਾਸੇ ਸੂਬੇ ਦੀ ਸਥਿਤੀ ਬਾਰੇ ਚਿੰਤਤ ਕੁਝ ਲੋਕਾਂ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਬੰਗਾਲ ਵਿਚ ਇਸ ਸਿਆਸੀ ਹਿੰਸਾ ਨੇ ਚੋਣ ਕਮਿਸ਼ਨ ਵੱਲੋਂ ਅੱਠ ਪੜਾਵਾਂ ’ਚ ਵੋਟਾਂ ਪੁਆਉਣ ਦੇ ਫ਼ੈਸਲੇ ਨੂੰ ਸਹੀ ਸਾਬਿਤ ਕਰ ਦਿੱਤਾ ਹੈ। ਚੋਣਾਂ ਤੋਂ ਬਾਅਦ ਬੰਗਾਲ ’ਚ ਜੋ ਕੁਝ ਵਾਪਰ ਰਿਹਾ ਹੈ, ਉਹ ਗ਼ੈਰ-ਜਮਹੂਰੀ ਅਤੇ ਸੱਭਿਅਕ ਸਮਾਜ ਨੂੰ ਸ਼ਰਮਿੰਦਾ ਕਰਨ ਵਾਲਾ ਹੈ। ਮਮਤਾ ਬੈਨਰਜੀ ਦੀ ਅਗਵਾਈ ਵਿਚ ਬੰਗਾਲ ਆਪਣੀ ਪੁਰਾਣੀ ਸਿਆਸੀ ਬੁਰਾਈ ਨੂੰ ਤਿਆਗਣ ਲਈ ਤਿਆਰ ਨਹੀਂ ਲੱਗ ਰਿਹਾ। ਇਸ ਤੋਂ ਪਹਿਲਾਂ ਖੱਬੇ-ਪੱਖੀ ਧਿਰ ਨੇ ਇਕ ਵਾਰ ਆਪਣੇ ਸਿਆਸੀ ਵਿਰੋਧੀਆਂ ਨੂੰ ਡਰਾਉਣ ਅਤੇ ਖ਼ਤਮ ਕਰਨ ਲਈ ਕੁਝ ਅਜਿਹਾ ਹੀ ਕੀਤਾ ਸੀ। ਉਸ ਦੇ ਪਾਏ ਪੂਰਨਿਆਂ ’ਤੇ ਚੱਲਦਿਆਂ ਹੁਣ ਤ੍ਰਿਣਮੂਲ ਕਾਂਗਰਸ ਵੀ ਉਸੇ ਹਥਿਆਰ ਦੀ ਵਰਤੋਂ ਕਰ ਰਹੀ ਹੈ। ਇਸ ਤੋਂ ਵੱਡੀ ਹੈਰਾਨੀ ਵਾਲੀ ਗੱਲ ਕੋਈ ਹੋਰ ਨਹੀਂ ਕਿ ਮਮਤਾ ਬੈਨਰਜੀ ਹੁਣ ਉਸੇ ਸਿਆਸੀ ਹਿੰਸਾ ਦੇ ਭਰਮ ਨੂੰ ਪਾਲ ਰਹੀ ਹੈ ਜਿਸ ਦਾ ਵਿਰੋਧ ਕਰ ਕੇ ਉਹ ਸੱਤਾ ਵਿਚ ਆਈ ਸੀ। ਇਸ ਵੇਲੇ ਹੋ ਰਹੀ ਹਿੰਸਾ ਸਾਰੇ ਰਿਕਾਰਡ ਤੋੜ ਰਹੀ ਹੈ। ਜਦੋਂ ਦੇ ਚੋਣ ਨਤੀਜੇ ਆਏ ਹਨ ਤ੍ਰਿਣਮੂਲ ਕਾਂਗਰਸ ਦੇ ਆਗੂ ਅਤੇ ਵਰਕਰ ਜਿਸ ਤਰ੍ਹਾਂ ਭਾਜਪਾ, ਖੱਬੇ-ਪੱਖੀ ਪਾਰਟੀਆਂ ਤੇ ਕਾਂਗਰਸ ਦੇ ਵਰਕਰਾਂ ’ਤੇ ਹਮਲੇ ਕਰ ਰਹੇ ਹਨ, ਉਸ ਨਾਲ ਮਮਤਾ ਬੈਨਰਜੀ ਦੀ ਚੁਫੇਰੇ ਬਦਨਾਮੀ ਹੋ ਰਹੀ ਹੈ। ਅਜਿਹਾ ਲੱਗਦਾ ਹੈ ਕਿ ਮਮਤਾ ਨੂੰ ਖ਼ੂਨੀ ਸਿਆਸੀ ਹਿੰਸਾ ਦੀ ਪਰਵਾਹ ਨਹੀਂ ਹੈ। ਕੀ ਜਿਹੜੇ ਲੋਕ ਮਾਰੇ ਜਾ ਰਹੇ ਹਨ, ਉਹ ਬੰਗਾਲ ਦੀ ਧਰਤੀ ਦੇ ਪੁੱਤ ਨਹੀਂ? ਜਿਸ ਤਰ੍ਹਾਂ ਬੰਗਾਲ ਪੁਲਿਸ ਅਤੇ ਪ੍ਰਸ਼ਾਸਨ ਹੱਥ ’ਤੇ ਹੱਥ ਧਰ ਕੇ ਬੈਠੇ ਹਨ, ਉਸ ਨੂੰ ਦੇਖ ਕੇ ਮੰਨਿਆ ਜਾ ਸਕਦਾ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਦੀ ਗੁੰਡਾਗਰਦੀ ਵਿਰੁੱਧ ਉਨ੍ਹਾਂ ਨੂੰ ਕੁਝ ਨਾ ਕਰਨ ਲਈ ਕਿਹਾ ਗਿਆ ਹੋਵੇ। ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਨ੍ਹਾਂ ਦੇ ਆਗੂਆਂ ਵੱਲੋਂ ਹਿੰਸਾ ਦੀਆਂ ਘਟਨਾਵਾਂ ਨੂੰ ਖ਼ਾਰਜ ਕਰਨਾ ਅਤੇ ਇਸ ਨੂੰ ਵਿਰੋਧੀ ਧਿਰ ਦਾ ਕੂੜ-ਪ੍ਰਚਾਰ ਦੱਸਣਾ ਉਕਤ ਤੌਖਲੇ ਨੂੰ ਹੋਰ ਪੁਖ਼ਤਾ ਕਰ ਰਿਹਾ ਹੈ। ਇਸ ਹਿੰਸਕ ਵਰਤਾਰੇ ਤੋਂ ਮੂੰਹ ਫੇਰਨਾ ਲੋਕਤੰਤਰ ਦਾ ਜਨਾਜ਼ਾ ਕੱਢਣ ਦੇ ਤੁੱਲ ਹੈ। ਲੋਕ ਮਾਰੇ ਜਾ ਰਹੇ ਹਨ, ਕੁੱਟੇ ਜਾ ਰਹੇ ਹਨ, ਘਰਾਂ ਤੇ ਦੁਕਾਨਾਂ ਨੂੰ ਸਾੜਿਆ ਜਾ ਰਿਹਾ ਹੈ, ਪਰ ਤਿ੍ਰਣਮੂਲ ਕਾਂਗਰਸ ਇੰਜ ਦਰਸਾਉਣ ਦਾ ਯਤਨ ਕਰ ਰਹੀ ਹੈ ਜਿਵੇਂ ਕੁਝ ਹੋਇਆ ਹੀ ਨਹੀਂ। ਇਹ ਉਹ ਰਵੱਈਆ ਹੈ ਜੋ ਬੰਗਾਲ ਨੂੰ ਬਰਬਾਦੀ ਵੱਲ ਲੈ ਕੇ ਜਾ ਸਕਦਾ ਹੈ। ਇਸ ਨਾਲ ਇਕ ਮਾੜੀ ਪਿਰਤ ਵੀ ਪੈ ਸਕਦੀ ਕਿ ਜਿਹੜੀ ਵੀ ਸਿਆਸੀ ਧਿਰ ਚੋਣਾਂ ਜਿੱਤ ਕੇ ਸੱਤਾ ਵਿਚ ਆ ਜਾਵੇਗੀ, ਉਹ ਆਪਣੇ ਵਿਰੋਧੀਆਂ ’ਤੇ ਜ਼ੁਲਮੋ-ਸਿਤਮ ਕਰਨਾ ਸ਼ੁਰੂ ਕਰ ਦੇਵੇਗੀ। ਸੱਚਾਈ ਇਹ ਹੈ ਕਿ ਵਿਰੋਧੀ ਧਿਰ ਤੋਂ ਬਿਨਾਂ ਸਿਹਤਮੰਦ ਜਮਹੂਰੀਅਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਚੰਗਾ ਇਹੀ ਹੋਵੇਗਾ ਕਿ ਮਮਤਾ ਤੇ ਉਨ੍ਹਾਂ ਦੀ ਪਾਰਟੀ ਜਮਹੂਰੀ ਕਦਰਾਂ-ਕੀਮਤਾਂ ਦੀ ਕਦਰ ਕਰਨ।

Posted By: Susheel Khanna