-ਨਰਿੰਦਰ ਪਾਲ ਸਿੰਘ

ਤੰਦਰੁਸਤ, ਅਰੋਗ ਅਤੇ ਰਿਸ਼ਟ-ਪੁਸ਼ਟ ਬੱਚੇ ਕਿਸੇ ਦੇਸ਼, ਕੌਮ ਅਤੇ ਸਮਾਜ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਇਹੀ ਬੱਚੇ ਅੱਗੇ ਜਾ ਕੇ ਭਵਿੱਖ ਦੇ ਵਾਰਿਸ ਅਤੇ ਉਸ ਦੇਸ਼, ਕੌਮ ਅਤੇ ਸਮਾਜ ਦੇ ਸਰਬਪੱਖੀ ਵਿਕਾਸ ਦਾ ਆਧਾਰ ਬਣਦੇ ਹਨ। ਜੇ ਬਚਪਨ ਵਿਚ ਹੀ ਬੱਚਾ ਕਿਸੇ ਰੋਗ ਦਾ ਸ਼ਿਕਾਰ ਹੋ ਗਿਆ ਤਾਂ ਭਵਿੱਖ ਵਿਚ ਤਾਉਮਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਉਸ ਨੂੰ ਲੱਗਣ ਦਾ ਡਰ ਅਕਸਰ ਬਣਿਆ ਰਹਿੰਦਾ ਹੈ। ਜੇ ਇਹ ਰੋਗ ਲਾਇਲਾਜ ਹੋਵੇ ਤਾਂ ਬੱਚਾ ਉਮਰ ਭਰ ਲਈ ਅਪੰਗ ਹੋ ਸਕਦਾ ਹੈ। ਅਜਿਹੇ ਹੀ ਕੁਝ ਲਾਇਲਾਜ ਰੋਗਾਂ ਤੋਂ ਬੱਚੇ ਨੂੰ ਬਚਾਉਣ ਲਈ ਕਈ ਤਰ੍ਹਾਂ ਦਾ ਟੀਕਾਕਰਨ ਕੀਤਾ ਜਾਂਦਾ ਹੈ ਤਾਂ ਕਿ ਕੀਮਤੀ ਜਾਨਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ। ਇਹ ਟੀਕਾਕਰਨ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ।

ਲਾਇਲਾਜ ਰੋਗਾਂ 'ਚ ਇਕ ਖ਼ਤਰਨਾਕ ਛੂਤ ਦਾ ਰੋਗ ਪੋਲੀਓ ਹੈ ਜੋ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲੱਗਣ ਵਾਲਾ ਬਹੁਤ ਹੀ ਗੰਭੀਰ ਅਤੇ ਘਾਤਕ ਰੋਗ ਹੈ। ਪੋਲੀਓ ਵਰਗੇ ਨਾਮੁਰਾਦ ਰੋਗ ਦਾ ਕੋਈ ਇਲਾਜ ਨਹੀਂ ਬਲਕਿ ਉਸ ਦਾ ਸ਼ਿਕਾਰ ਬੱਚਾ ਉਮਰ ਭਰ ਲਈ ਅੰਗਹੀਣ ਬਣ ਕੇ ਜਿਊਣ ਲਈ ਮਜਬੂਰ ਹੋ ਜਾਂਦਾ ਹੈ। ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਅਨੇਕਾਂ ਤਰ੍ਹਾਂ ਦੀਆਂ ਸਰੀਰਕ, ਸਮਾਜਿਕ, ਮਾਨਸਿਕ ਅਤੇ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੋਲੀਓ ਬਹੁਤ ਹੀ ਸੂਖਮ ਕਿਸਮ ਦੇ ਵਾਇਰਸ ਵਾਈਲਡ ਪੋਲੀਓ ਵਾਇਰਸ ਕਾਰਨ ਹੋਣ ਵਾਲਾ ਗੰਭੀਰ ਛੂਤ ਦਾ ਰੋਗ ਹੈ।

ਪੋਲੀਓ ਵਾਇਰਸ ਤਿੰਨ ਕਿਸਮਾਂ (ਪੀ-1, ਪੀ-2 ਅਤੇ ਪੀ-3) ਦੇ ਹੁੰਦੇ ਹਨ ਜੋ ਕਿ ਬਾਹਰੀ ਵਾਤਾਵਰਨ 'ਚ 48 ਘੰਟਿਆਂ ਤਕ ਜਿਊਂਦੇ ਰਹਿ ਸਕਦੇ ਹਨ। ਪੋਲੀਓ ਵਾਇਰਸ ਜੋ ਕਿ ਇਕ ਵਿਅਕਤੀ ਤੋਂ ਦੂਸਰੇ ਤਕ ਜਾ ਸਕਦਾ ਹੈ, ਦਿਮਾਗ ਅਤੇ ਰੀੜ੍ਹ ਦੀ ਹੱਡੀ 'ਤੇ ਹਮਲਾ ਕਰਕੇ ਅਧਰੰਗ ਜਿਹੀ ਸਥਿਤੀ ਪੈਦਾ ਕਰ ਦਿੰਦਾ ਹੈ। ਇਸ ਨਾਲ ਬੱਚੇ ਵਿਚ ਸਥਾਈ ਅਪੰਗਤਾ ਵੀ ਹੋ ਸਕਦੀ ਹੈ। ਪੋਲੀਓ ਵਾਇਰਸ ਪਾਣੀ ਆਦਿ ਨੂੰ ਦੂਸ਼ਿਤ ਕਰ ਕੇ ਮੂੰਹ ਰਾਹੀਂ ਬੱਚੇ ਦੇ ਸਰੀਰ ਵਿਚ ਪਹੁੰਚ ਜਾਂਦੇ ਹਨ ਅਤੇ ਉਸ ਦੀਆਂ ਆਂਤੜੀਆਂ ਵਿਚ ਵੱਧਦੇ-ਫੁੱਲਦੇ ਰਹਿੰਦੇ ਹਨ ਜਿਸ ਦਾ ਆਖ਼ਰੀ ਨਤੀਜਾ ਇਹ ਹੁੰਦਾ ਹੈ ਕਿ ਪੋਲੀਓ ਦਾ ਸ਼ਿਕਾਰ ਹੋਣ ਉਪਰੰਤ ਬੱਚੇ ਦਾ ਕੋਈ ਅੰਗ ( ਲੱਤ-ਬਾਂਹ ਜਾਂ ਫਿਰ ਦੋਵੇਂ ਲੱਤਾਂ-ਬਾਹਾਂ) ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਪੋਲੀਓ ਵਾਇਰਸ ਬੱਚੇ ਦੇ ਦਿਮਾਗ ਅਤੇ ਦਿਮਾਗ ਰਸਤੇ ਆਉਂਦੀ ਮੁੱਖ ਨਸ (ਸਪਾਈਨਲਕੋਰਡ) 'ਤੇ ਹਮਲਾ ਕਰ ਕੇ ਸਰੀਰ ਦੇ ਪੱਠਿਆਂ ਨੂੰ ਕੰਟਰੋਲ ਕਰਨ ਵਾਲੀਆਂ ਨਸਾਂ ਦੇ ਕੰਮ ਕਰਨ ਦੀ ਸਮਰੱਥਾ ਘਟਾ ਦਿੰਦੇ ਹਨ ਭਾਵ ਪੋਲੀਓ ਦਾ ਸ਼ਿਕਾਰ ਹੋਣ ਉਪਰੰਤ ਬੱਚੇ ਦੀਆਂ ਲੱਤਾਂ-ਬਾਹਾਂ ਸੁੱਕ ਜਾਂਦੀਆਂ ਹਨ। ਪੋਲੀਓ ਕਾਰਨ ਬੱਚੇ ਦੇ ਦਿਮਾਗ 'ਤੇ ਮਾੜਾ ਅਸਰ ਪੈਣ ਤੋਂ ਇਲਾਵਾ ਸਾਹ ਕਿਰਿਆ ਫੇਲ੍ਹ ਹੋਣ ਕਰ ਕੇ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਅਜਿਹੇ ਕੇਸਾਂ ਦੀ ਮੌਤ ਦਰ 5 ਤੋਂ 10 ਫ਼ੀਸਦੀ ਤਕ ਹੈ।

ਨਵਜੰਮੇ ਬੱਚੇ ਨੂੰ ਪੋਲੀਓ ਬੂੰਦਾਂ ਦੀ ਪਹਿਲੀ ਖ਼ੁਰਾਕ ਜ਼ੀਰੋ ਡੋਜ਼ ਜਨਮ ਤੋਂ ਕੁਝ ਸਮੇਂ ਬਾਅਦ, ਫਿਰ ਡੇਢ ਮਹੀਨੇ, ਢਾਈ ਮਹੀਨੇ ਅਤੇ ਸਾਢੇ ਤਿੰਨ ਮਹੀਨੇ ਦੀ ਉਮਰ 'ਤੇ ਇਕ-ਇਕ ਖੁਰਾਕ, ਫਿਰ 16 ਤੋਂ 24 ਮਹੀਨੇ ਉਮਰ ਵਿਚਕਾਰ ਇਕ ਖੁਰਾਕ ਬੂਸਟਰ ਡੋਜ਼ ਦਿੱਤੀ ਜਾਂਦੀ ਹੈ। ਪਹਿਲਾਂ ਇਨ੍ਹਾਂ ਬੂੰਦਾਂ 'ਚ ਪੀ-1, ਪੀ-2 ਅਤੇ ਪੀ-3 ਤੋਂ ਸੁਰੱਖਿਆ ਲਈ ਤਿੰਨ ਭਾਗ ਟ੍ਰਾਈਵੇਲੈਂਟ ਪੋਲੀਓ ਵੈਕਸੀਨ ਸਨ ਪਰ ਬਾਅਦ ਵਿਚ ਸੁਰੱਖਿਆ ਕਾਰਨਾਂ ਕਰ ਕੇ ਪੀ-2 ਨੂੰ ਇਸ 'ਚੋਂ ਬਾਹਰ ਕੱਢ ਕੇ ਇਸ ਨੂੰ ਬਾਏਵੇਲੈਂਟ ਪੋਲੀਓ ਵੈਕਸੀਨ ਬਣਾ ਦਿੱਤਾ ਗਿਆ ਹੈ। ਪੀ-2 ਤੋਂ ਸੁਰੱਖਿਆ ਲਈ ਇਸ ਦੇ ਨਾਲ ਹੀ ਹੁਣ ਡੇਢ ਮਹੀਨੇ ਅਤੇ ਸਾਢੇ ਤਿੰਨ ਮਹੀਨੇ ਦੀ ਉਮਰ ਵਿਚ ਪੋਲੀਓ ਬੂੰਦਾਂ ਦੇ ਨਾਲ ਪੋਲੀਓ ਦਾ ਟੀਕਾ (ਆਈਪੀਵੀ) ਵੀ ਲਾਇਆ ਜਾਂਦਾ ਹੈ ਜੋ ਕਿ ਬੱਚੇ ਦੇ ਸਰੀਰ 'ਚ ਪੋਲੀਓ ਦੇ ਵਾਇਰਸ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਵੈਕਸੀਨ ਦੀ ਖੋਜ ਦੀ ਗੱਲ ਕਰੀਏ ਤਾਂ ਸੰਨ 1935 ਵਿਚ ਡਾਕਟਰ ਮੌਰਿਸ ਬਰੌਡੀ ਅਤੇ ਡਾਕਟਰ ਜਾਹਨ ਕੌਲਮੋਰ ਨੇ ਅਮਰੀਕਾ ਅਤੇ ਕੈਨੇਡਾ ਦੇ ਲਗਪਗ 10 ਹਜ਼ਾਰ ਬੱਚਿਆਂ 'ਤੇ ਪਹਿਲਾ ਤਜਰਬਾ ਕੀਤਾ ਸੀ ਪਰ ਇਹ ਸਫਲ ਨਾ ਹੋ ਸਕਿਆ। ਲਗਪਗ 10 ਬੱਚੇ ਵਿਕਲਾਂਗ ਹੋ ਗਏ ਅਤੇ 5 ਦੀ ਮੌਤ ਹੋ ਗਈ। ਅਮਰੀਕਾ ਵਿਚ ਪਹਿਲੀ ਵਾਰ 1938 ਨੂੰ 'ਕੌਮੀ ਪੋਲੀਓ ਸੰਸਥਾ' ਦਾ ਗਠਨ ਉੱਥੋਂ ਦੇ ਰਾਸ਼ਟਰਪਤੀ ਫਰੈਂਕਲਿਨ ਡੀ. ਰੂਜ਼ਵੈਲਟ ਦੇ ਯਤਨਾਂ ਨਾਲ ਹੋਇਆ ਜਿਸ ਨੂੰ ਇਸ ਬਿਮਾਰੀ ਨੇ 1921 ਵਿਚ ਅਪਾਹਜ ਬਣਾ ਦਿੱਤਾ ਸੀ।

ਸੰਨ 1942 ਵਿਚ ਜੋਨਸ ਸਾਲਕ ਨੇ ਮਿਸ਼ੀਗਨ ਯੂਨੀਵਰਸਿਟੀ ਵਿਚ ਇਨਫਲੂਐਂਜ਼ਾ ਦੀ ਵੈਕਸੀਨ ਤਿਆਰ ਕਰਨ ਲਈ ਕੀਤੇ ਜਾ ਰਹੇ ਖੋਜ ਕਾਰਜਾਂ ਵਿਚ ਹਿੱਸਾ ਲਿਆ ਅਤੇ ਫਿਰ ਅੱਗੇ ਤੋਂ ਅੱਗੇ ਵੱਖੋ-ਵੱਖ ਖੋਜ ਕਾਰਜਾਂ ਵਿਚ ਸ਼ਮੂਲੀਅਤ ਕਰਨ ਲੱਗਾ। ਸੰਨ 1947 ਵਿਚ ਜੋਨਸ ਸਾਲਕ ਪਿਟਸਬਰਗ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਵਿਚ ਆ ਕੇ ਬੱਚਿਆਂ 'ਚ ਹੋਣ ਵਾਲੇ ਅਧਰੰਗ ਬਾਰੇ ਖੋਜ ਕਰਨ ਲੱਗਿਆ। ਉਹ ਪਿਟਸਬਰਗ ਯੂਨੀਵਰਸਿਟੀ ਦੀ ਵਾਇਰਸ ਖੋਜ ਲੈਬੋਰੇਟਰੀ ਦਾ ਡਾਇਰੈਕਟਰ ਬਣਦਿਆਂ ਹੀ ਪੋਲੀਓ ਦੀ ਵੈਕਸੀਨ ਦੇ ਖੋਜ ਕਾਰਜਾਂ ਵੱਲ ਕੇਂਦ੍ਰਿਤ ਹੋ ਗਿਆ ਅਤੇ ਕਮਜ਼ੋਰ ਕੀਤੇ ਹੋਏ ਪੋਲੀਓ ਵਾਇਰਸ ਦੀ ਬਜਾਏ ਮ੍ਰਿਤ ਵਾਇਰਸ ਤੋਂ ਵੈਕਸੀਨ ਤਿਆਰ ਕਰਨ ਦੇ ਯਤਨ ਕਰਨ ਲੱਗਿਆ। ਲੈਬੋਰੇਟਰੀ ਵਿਚ ਵੱਖ-ਵੱਖ ਜਾਨਵਰਾਂ 'ਤੇ ਕੀਤੇ ਗਏ ਸਫਲ ਤਜਰਬਿਆਂ ਤੋਂ ਬਾਅਦ ਸਾਲਕ ਨੇ 2 ਜੁਲਾਈ 1952 ਨੂੰ ਪਹਿਲੀ ਵਾਰ 43 ਬੱਚਿਆਂ ਨੂੰ ਮ੍ਰਿਤ ਪੋਲੀਓ ਵੈਕਸੀਨ ਦੇ ਟੀਕੇ ਲਗਾਏ। ਇਸ ਦੇ ਨਾਲ ਹੀ ਉਸ ਨੇ ਖ਼ੁਦ, ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਇਸ ਵੈਕਸੀਨ ਦੇ ਟੀਕੇ ਲਗਾਏ। ਸੰਨ 1954 ਤਕ ਵੱਖ-ਵੱਖ ਪ੍ਰੀਖਣਾਂ ਤਹਿਤ ਦਸ ਲੱਖ ਤੋਂ ਵਧੇਰੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੇ ਟੀਕੇ ਲਗਾਏ ਗਏ। ਜੋਨਸ ਦੇ ਯਤਨਾਂ ਨੂੰ ਬੂਰ ਪੈ ਗਿਆ ਜਦੋਂ 12 ਅਪ੍ਰੈਲ 1955 ਨੂੰ ਇਸ ਵੈਕਸੀਨ ਨੂੰ ਅਮਰੀਕਾ ਦੀ ਸਰਕਾਰ ਦੁਆਰਾ ਸੁਰੱਖਿਅਤ ਐਲਾਨ ਦਿੱਤਾ ਗਿਆ।

ਸੰਨ 1961 ਵਿਚ ਇਕ ਹੋਰ ਵਿਗਿਆਨੀ 'ਅਲਬਰਟ ਬਰੂਸ ਸਾਬਿਨ' ਦੁਆਰਾ ਖੋਜੀ ਗਈ ਜੀਵਤ ਪੋਲੀਓ ਵਾਇਰਸ ਦੀ ਵੈਕਸੀਨ ਦੀ ਵਰਤੋਂ ਵੀ ਵਿਸ਼ਵ ਭਰ ਵਿਚ ਸ਼ੁਰੂ ਹੋ ਗਈ। ਇਹ ਵੈਕਸੀਨ ਤਰਲ ਰੂਪ ਵਿਚ ਸਿੱਧੀ ਮੂੰਹ ਦੁਆਰਾ ਦਿੱਤੀ ਜਾਂਦੀ ਸੀ ਜਦੋਂਕਿ ਸਾਲਕ ਵਾਲੀ ਮ੍ਰਿਤ ਵਾਇਰਸ ਵੈਕਸੀਨ ਟੀਕੇ ਦੁਆਰਾ ਸਰੀਰ ਵਿਚ ਦਾਖ਼ਲ ਕੀਤੀ ਜਾਂਦੀ ਸੀ। ਡਾ. ਸਾਬਿਨ ਨੇ ਪੋਲੀਓ ਮਰੀਜ਼ ਜੋ ਮਰ ਜਾਂਦੇ ਸਨ, ਉਨ੍ਹਾਂ 'ਤੇ ਕੀਤੇ ਤਜਰਬੇ ਤੋਂ ਤੱਥ ਇਕੱਠੇ ਕਰਦਿਆਂ ਕਿਹਾ ਕਿ 'ਰੋਗੀ ਦੇ ਦਿਮਾਗ ਅਤੇ ਅੰਤੜੀਆਂ ਵਿਚ ਹੀ ਇਸ ਦਾ ਵਾਇਰਸ ਮੌਜੂਦ ਹੁੰਦਾ ਹੈ।' ਉਸ ਨੇ 15 ਹਜ਼ਾਰ ਬਾਂਦਰਾਂ ਨੂੰ ਆਪਣੀ ਖੋਜ ਦਾ ਕੇਂਦਰ ਵੀ ਬਣਾਇਆ ਅਤੇ ਸਿੱਟੇ ਨੂੰ ਸਹੀ ਕਰਾਰ ਦਿੱਤਾ। ਡਾ. ਸਾਬਿਨ ਨੇ ਪੀ-1 ਤੋਂ ਸ਼ੁਰੂ ਕਰ ਕੇ ਪੀ-2 ਅਤੇ ਫਿਰ ਪੀ-3 ਦੇ ਰੂਪ 'ਚ ਵੈਕਸੀਨ ਦੀ ਖੋਜ ਕੀਤੀ। ਪੋਲੀਓ ਅਤੇ ਭਾਰਤ ਦੀ ਗੱਲ ਕਰੀਏ ਤਾਂ ਦੱਸਣਾ ਬਣਦਾ ਹੈ ਕਿ ਭਾਰਤ ਵਿਚ 1978 'ਚ ਈਪੀਆਈ ਪ੍ਰੋਗਰਾਮ ਤਹਿਤ ਪੋਲੀਓ ਖ਼ਿਲਾਫ਼ ਟੀਕਾਕਰਨ ਸ਼ੁਰੂ ਕੀਤਾ ਗਿਆ ਅਤੇ 1999 ਤਕ ਲਗਪਗ 60 ਫ਼ੀਸਦੀ ਬੱਚਿਆਂ ਨੂੰ ਮੂੰਹ ਰਾਹੀਂ ਵੈਕਸੀਨ ਦੀਆਂ 3 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਸਨ। ਇਹ ਅੰਕੜੇ ਯੂਨੀਵਰਸਲ ਪ੍ਰੋਗਰਾਮ ਆਨ ਇਮੂਨਾਈਜ਼ੇਸ਼ਨ ਅਤੇ ਆਰਸੀਐੱਚ ਦੇ ਆਉਣ ਨਾਲ 5 ਫ਼ੀਸਦੀ ਹੋਰ ਵੱਧ ਗਏ। ਭਾਰਤ ਵਿਚ 2011 ਵਿਚ ਆਖ਼ਰੀ ਪੋਲੀਓ ਕੇਸ ਰਿਪੋਰਟ ਹੋਏ। ਇਸ ਤਰ੍ਹਾਂ ਸੰਸਾਰ ਭਰ ਨੂੰ ਪੋਲੀਓ ਵਰਗੇ ਮਹਾ-ਮਾਰੂ ਰੋਗ ਤੋਂ ਮੁਕਤ ਕਰਨ ਲਈ ਮੁਹਿੰਮ ਦਾ ਮੁੱਢ ਬੱਝਾ। ਅੱਜ ਵਿਸ਼ਵ ਭਰ ਵਿਚ ਕੇਵਲ ਤਿੰਨ ਦੇਸ਼ ਹੀ ਪੋਲੀਓ ਦੇ ਖ਼ਤਰੇ ਹੇਠ ਰਹਿ ਗਏ ਹਨ ਜਦੋਂਕਿ ਭਾਰਤ ਸਮੇਤ ਬਾਕੀ ਸੰਸਾਰ ਅੱਜ ਪੋਲੀਓ ਤੋਂ ਮੁਕਤ ਹੋ ਚੁੱਕਾ ਹੈ। ਸਿਰਫ਼ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਨਾਈਜੀਰੀਆ 'ਚ ਇਸ ਬਿਮਾਰੀ ਦਾ ਪ੍ਰਕੋਪ ਅਜੇ ਵੀ ਜਾਰੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਭਾਰਤ ਨੂੰ ਵੀ 27 ਮਾਰਚ 2014 ਨੂੰ ਪੋਲੀਓ ਮੁਕਤ ਦੇਸ਼ ਐਲਾਨ ਦਿੱਤਾ ਗਿਆ ਸੀ।

ਸੰਨ 1995 ਤੋਂ ਵਿਸ਼ਵ ਸਿਹਤ ਸੰਗਠਨ ਵੱਲੋਂ ਦੁਨੀਆ ਦੇ ਸਭ ਦੇਸ਼ਾਂ ਦੀਆਂ ਸਰਕਾਰਾਂ ਸਮੇਤ ਲਾਇਨਜ਼ ਇੰਟਰਨੈਸ਼ਨਲ, ਰੋਟਰੀ ਇੰਟਰਨੈਸ਼ਨਲ, ਯੂਨੀਸੈਫ ਅਤੇ ਹੋਰਨਾਂ ਸਵੈ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਵ-ਵਿਆਪੀ ਪੱਧਰ 'ਤੇ ਪੋਲੀਓ ਵਾਇਰਸ ਦਾ ਮੁਕੰਮਲ ਸਫ਼ਾਇਆ ਕਰਨ ਲਈ ਆਖ਼ਰੀ ਲੜਾਈ ਵਜੋਂ ਤੀਬਰ ਪਲਸ ਪੋਲੀਓ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਸੰਨ 1995 ਤੋਂ ਪਹਿਲਾਂ ਦੁਨੀਆ ਭਰ ਦੇ ਕੁੱਲ ਪੋਲੀਓ ਦੇ ਕੇਸਾਂ 'ਚੋਂ 60 ਤੋਂ 70 ਪ੍ਰਤੀਸ਼ਤ ਕੇਸ ਭਾਰਤ ਵਿਚ ਹੁੰਦੇ ਸਨ। ਪਲਸ ਪੋਲੀਓ ਮੁਹਿੰਮ ਦੌਰਾਨ ਪਿਆਈਆਂ ਜਾਣ ਵਾਲੀਆਂ ਪੋਲੀਓ ਬੂੰਦਾਂ ਦਾ ਰੁਟੀਨ ਟੀਕਾਕਰਨ ਦੌਰਾਨ ਪਿਆਈਆਂ ਜਾਣ ਵਾਲੀਆਂ ਬੂੰਦਾਂ ਨਾਲ ਕੋਈ ਸਬੰਧ ਨਹੀਂ। ਬੱਚਿਆਂ ਨੂੰ ਪੋਲੀਓ ਬੂੰਦਾਂ ਦੀ ਖ਼ੁਰਾਕ ਹਰ ਹਾਲਤ ਵਿਚ ਲਾਜ਼ਮੀ ਪਿਆਈ ਜਾਵੇ। ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਇਕ ਵਿਸ਼ੇਸ਼ ਟੀਮ ਵੱਲੋਂ ਸਰਹੱਦ ਪਾਰ ਕਰਨ ਵਾਲੇ ਹਰ ਵਿਅਕਤੀ ਨੂੰ ਪੋਲੀਓ ਰੋਕੂ ਬੂੰਦਾਂ ਜ਼ਰੂਰ ਪਿਆਈਆਂ ਜਾਂਦੀਆਂ ਹਨ ਤਾਂ ਜੋ ਉਸ ਰਾਹੀਂ ਵਾਇਰਸ ਨਾ ਆ ਸਕੇ।

-(ਬਲਾਕ ਐਜੂਕੇਟਰ, ਸਿਹਤ ਵਿਭਾਗ, ਪੰਜਾਬ)।

-ਮੋਬਾਈਲ ਨੰ. : 98768-05158

-response0jagran.com

Posted By: Sunil Thapa