ਖ਼ੂਨ ਦੇ ਰਿਸ਼ਤੇ ਜਲਦੀ ਕੀਤੇ ਛਿੱਜਦੇ ਨਹੀਂ। ਕਈ ਵਾਰ ਤਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਵ ਵੀ ਇਹ ਰਿਸ਼ਤੇ ਟੁੱਟਦੇ ਨਹੀਂ। ਪਿਤਰਾਂ ਦੇ ਸ਼ਰਾਧ ਕਰਨੇ ਇਸ ਦੀ ਵੱਡੀ ਮਿਸਾਲ ਹਨ। ਭੈਣ-ਭਰਾ ਦੀ ਗੱਲ ਕਰੀਏ ਤਾਂ ਇਹ ਰਿਸ਼ਤਾ ਸਭ ਤੋਂ ਮਿੱਠਾ ਅਤੇ ਨਿੱਘਾ ਮੰਨਿਆ ਜਾਂਦਾ ਹੈ। ਭੈਣ ਦਾ ਭਰਾ ਪ੍ਰਤੀ ਡੁੱਲ੍ਹ-ਡੁੱਲ੍ਹ ਪੈਂਦਾ ਪਿਆਰ 'ਕਿੱਕਲੀ ਕਲੀਰ ਦੀ' ਵਿਚੋਂ ਦੇਖਿਆ ਜਾ ਸਕਦਾ ਹੈ। ਭੈਣ-ਭਰਾ ਦੇ ਪਿਆਰ ਦੀ ਜਲ-ਤਰੰਗ ਸਾਡੀ ਲੋਕਧਾਰਾ 'ਚੋਂ ਵੀ ਝਲਕਦੀ ਹੈ। ਭੈਣਾਂ ਆਪਣੇ ਭਰਾਵਾਂ ਨੂੰ 'ਸਾਰੀ ਉਮਰ ਦੇ ਪੇਕੇ' ਕਹਿ ਕੇ ਉਨ੍ਹਾਂ 'ਤੇ ਮਾਣ ਕਰਦੀਆਂ ਹਨ। ਮਾਂ-ਬਾਪ ਬੱਚੇ ਦਾ ਜਲਦੀ ਸਾਥ ਛੱਡ ਜਾਂਦੇ ਹਨ ਅਤੇ ਫਿਰ ਭੈਣਾਂ ਆਪਣੇ ਵੀਰਾਂ ਵਿਚੋਂ ਪੇਕਿਆਂ ਦਾ ਨਿੱਘ ਲੱਭਦੀਆਂ ਹਨ। ਭੈਣਾਂ ਰੱਬ ਦੀ ਸਹੁੰ ਨਾਲੋਂ ਭਰਾ ਦੀ ਸਹੁੰ ਨੂੰ ਵੱਧ ਮਹੱਤਵ ਦਿੰਦੀਆਂ ਹਨ। ਇਕ ਲੋਕ ਗੀਤ ਦੇ ਬੋਲ ਹਨ, 'ਇਕ ਵੀਰ ਦਈਂ ਵੇ ਰੱਬਾ/ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।' ਉਹ ਭਰਾ ਦੀ ਵੀਣੀ 'ਤੇ ਰੱਖੜੀ ਬੰਨ੍ਹਣ ਨੂੰ ਤਰਸਦੀਆਂ ਹਨ। ਰੱਖੜੀ ਦੀਆਂ ਗੰਢਾਂ ਦਰਅਸਲ ਪਿਆਰ ਦੀਆਂ ਪੀਢੀਆਂ ਤੰਦਾਂ ਹੁੰਦੀਆਂ ਹਨ। ਭੈਣ ਆਪਣੇ ਵੀਰ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ ਅਤੇ ਭਰਾ ਆਪਣੀ ਭੈਣ ਦੀ ਹਰ ਭੀੜ ਸਮੇਂ ਰੱਖਿਆ ਕਰਨ ਦਾ ਵਚਨ ਦਿੰਦਾ ਹੈ। ਇਸੇ ਲਈ ਇਸ ਚਾਵਾਂ ਭਰੇ ਤਿਉਹਾਰ ਨੂੰ 'ਰਕਸ਼ਾ ਬੰਧਨ' ਕਿਹਾ ਜਾਂਦਾ ਹੈ ਜੋ ਸਾਵਨ ਦੇ ਆਖ਼ਰੀ ਦਿਨ ਪੁੰਨਿਆ ਨੂੰ ਮਨਾਇਆ ਜਾਂਦਾ ਹੈ। ਕਈ ਵਾਰ ਜ਼ਿੰਦਗੀ ਵਿਚ ਅਜਿਹੇ ਬਦਸੂਰਤ ਹਾਦਸੇ ਵਾਪਰ ਜਾਂਦੇ ਹਨ ਜਦੋਂ ਪੁੰਨਿਆ ਦੇ ਚੰਨ ਨੂੰ ਗ੍ਰਹਿਣ ਲੱਗ ਜਾਂਦਾ ਹੈ ਅਤੇ ਰੱਖੜੀਆਂ ਭਰਾਵਾਂ ਦੀਆਂ ਵੀਣੀਆਂ ਲੱਭਦੀਆਂ ਹਨ। ਅਜਿਹਾ ਦਿਲ ਦਹਿਲਾਉਣ ਵਾਲਾ ਮੰਜ਼ਿਰ ਛੇ ਅਗਸਤ ਨੂੰ ਮੋਗਾ ਜ਼ਿਲ੍ਹੇ ਦੇ ਘੁੱਗ ਵਸਦੇ ਪਿੰਡ ਨੱਥੂਵਾਲਾ ਗਰਬੀ ਵਿਚ ਵੇਖਣ ਨੂੰ ਮਿਲਿਆ। ਸੱਤ ਸਮੁੰਦਰੋਂ ਪਾਰ ਕੈਨੇਡਾ ਤੋਂ ਆਈ ਭੈਣ ਆਪਣੇ ਮ੍ਰਿਤਕ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹ ਰਹੀ ਸੀ ਜਿਸ ਨੂੰ ਤੱਕ ਕੇ ਹਰ ਕਿਸੇ ਦੀ ਅੱਖ 'ਚੋਂ ਅੱਥਰੂ ਡੁਲ੍ਹਕ ਰਹੇ ਸਨ। ਅਜਿਹਾ ਕਰੁਣਾਮਈ ਦ੍ਰਿਸ਼ ਵੇਖ ਕੇ ਪੱਥਰ ਦਿਲ ਵੀ ਰੋ ਪਵੇ। ਪਿਛਲੇ ਦਿਨੀਂ ਇਸ ਭੈਣ ਦੇ ਇਕਲੌਤੇ ਵੀਰ ਸੰਦੀਪ ਸਿੰਘ ਸੰਨੀ ਨੇ ਆਪਣੇ ਹੀ ਪਰਿਵਾਰ ਦੇ ਪੰਜ ਜੀਆਂ ਨੂੰ ਗੋਲ਼ੀਆਂ ਮਾਰ ਕੇ ਮਾਰ-ਮੁਕਾਇਆ ਸੀ ਅਤੇ ਉਸ ਤੋਂ ਬਾਅਦ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਅਣਿਆਈ ਮੌਤ ਮਰਨ ਵਾਲਿਆਂ ਵਿਚ ਸੰਨੀ ਦੀ ਦਾਦੀ ਗੁਰਦੀਪ ਕੌਰ (80), ਪਿਤਾ ਮਨਜੀਤ ਸਿੰਘ (60), ਮਾਤਾ ਬਿੰਦਰ ਕੌਰ (58), ਭੈਣ ਅਮਰਜੀਤ ਕੌਰ (30) ਅਤੇ ਭਣੇਵੀਂ ਅਮਨੀਤ ਕੌਰ (4) ਸ਼ਾਮਲ ਸਨ। ਇਸ ਹਿਰਦੇਵੇਧਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸੰਦੀਪ ਆਪਣੇ ਦਾਦੇ ਦੇ ਕਮਰੇ ਵਿਚ ਗਿਆ ਅਤੇ ਉਸ ਨੂੰ ਵੀ ਗੋਲ਼ੀ ਮਾਰ ਦਿੱਤੀ। ਦਾਦਾ ਜ਼ਖ਼ਮੀ ਹੋ ਗਿਆ ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਇਹ ਭਾਣਾ ਹੱਸਦੇ-ਵਸਦੇ ਤੇ ਖਾਂਦੇ-ਪੀਂਦੇ ਜ਼ਿਮੀਦਾਰ ਦੀ ਪਿੰਡ ਵਿਚ ਪਾਈ ਬਹੁਮੰਜ਼ਿਲਾ ਕੋਠੀ ਵਿਚ ਵਾਪਰਿਆ ਜੋ ਇਸ ਵੇਲੇ ਭੂਤ-ਬੰਗਲੇ ਵਾਂਗ ਲੋਕਾਂ ਨੂੰ ਡਰਾ ਰਹੀ ਹੈ। ਇਸ ਜ਼ਿਮੀਦਾਰ ਪਰਿਵਾਰ ਕੋਲ ਇਕ ਮੁਰੱਬਾ ਜ਼ਮੀਨ ਸੀ ਜਿਸ ਨੂੰ ਸੰਭਾਲਣ ਵਾਲਾ ਘਰ ਦਾ ਇਕ ਬਜ਼ੁਰਗ ਹੀ ਬਚਿਆ ਹੈ। ਸੰਦੀਪ ਨੇ ਆਪਣੀ ਵੱਡੀ ਭੈਣ ਤੇ ਉਸ ਦੀ ਬੇਟੀ ਨੂੰ ਵੀ ਨਹੀਂ ਬਖਸ਼ਿਆ ਜੋ ਉਸ ਦੇ ਗੁੱਟ 'ਤੇ ਰੱਖੜੀ ਸਜਾ ਕੇ ਉਸ ਤੋਂ ਆਪਣੀ ਰੱਖਿਆ ਦਾ ਵਾਅਦਾ ਲਿਆ ਕਰਦੀ ਸੀ। ਪਰਿਵਾਰ ਵਿਚ ਜਸ਼ਨਾਂ ਦਾ ਮਾਹੌਲ ਸੀ ਕਿਉਂਕਿ ਕੁਝ ਦਿਨ ਪਹਿਲਾਂ ਹੀ ਸੰਦੀਪ ਦੀ ਮੰਗਣੀ ਹੋਈ ਸੀ ਜਿਸ ਤੋਂ ਉਹ ਨਾਖ਼ੁਸ਼ ਸੀ। ਸਮਝਿਆ ਜਾਂਦਾ ਹੈ ਕਿ ਸੰਦੀਪ ਨੇ ਇਹ ਹੌਲਨਾਕ ਕਾਰਾ ਕਿਸੇ ਪੀਰ ਬਾਬੇ ਦੇ ਸਰਾਪ ਦੇ ਡਰੋਂ ਕੀਤਾ ਹੈ। ਉਹ ਇਸ ਵਹਿਮ ਦਾ ਸ਼ਿਕਾਰ ਸੀ ਕਿ ਪੀਰ ਦੀ ਜਗ੍ਹਾ ਵੇਚਣ ਕਾਰਨ ਪਰਿਵਾਰ ਨੂੰ ਸਰਾਪ ਲੱਗਾ ਸੀ ਜਿਸ ਕਾਰਨ ਉਨ੍ਹਾਂ ਦਾ ਵੰਸ਼ ਅੱਗੇ ਨਹੀਂ ਸੀ ਵਧ ਸਕਦਾ। ਅਠਾਰਾਂ ਪੰਨਿਆਂ ਦੇ ਖ਼ੁਦਕੁਸ਼ੀ ਨੋਟ ਵਿਚ ਸੰਦੀਪ ਨੇ ਕਿਹਾ ਕਿ ਤਬਾਦਲੇ ਵਿਚ ਆਈ ਜ਼ਮੀਨ ਵਿਚ ਪੀਰ-ਬਾਬੇ ਅਤੇ ਕਿਸੇ ਔਤ ਦੀ ਜਗ੍ਹਾ ਸੀ ਜਿਸ ਨੂੰ ਪਰਿਵਾਰ ਨੇ ਵਾਹੁਣਾ ਸ਼ੁਰੂ ਕਰ ਦਿੱਤਾ ਸੀ। ਲਾਲ ਸਿਆਹੀ ਨਾਲ ਲਿਖੇ ਖ਼ੁਦਕੁਸ਼ੀ ਨੋਟ ਨੂੰ ਉਸ ਨੇ 'ਖ਼ੂਨੀ ਚਿੱਠੀ' ਦਾ ਨਾਂ ਦਿੱਤਾ ਜਿਸ ਵਿਚ ਸੰਦੀਪ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਦੇ ਵੀ ਕਿਸੇ ਪੀਰ-ਬਾਬੇ ਜਾਂ ਕਿਸੇ ਔਤ ਦੀ ਜ਼ਮੀਨ ਨੂੰ ਭੁੱਲ ਕੇ ਵੀ ਨਾ ਵੇਚਣ ਤੇ ਨਾ ਵਾਹੁਣ। ਤਰਕਸ਼ੀਲਾਂ ਦੇ ਅਜਿਹੀ ਗੱਲ ਗਲੇ ਤੋਂ ਹੇਠਾਂ ਨਹੀਂ ਉਤਰ ਸਕਦੀ। ਇਹ ਵੀ ਸੁਣਨ ਵਿਚ ਆਇਆ ਹੈ ਕਿ ਸੰਦੀਪ ਸਿੰਘ ਔਲਾਦ ਪੈਦਾ ਕਰਨ ਦੇ ਕਾਬਲ ਨਹੀਂ ਸੀ ਜਿਸ ਬਾਰੇ ਉਸ ਨੇ ਇਸ਼ਾਰਾ ਖ਼ੁਦਕੁਸ਼ੀ ਨੋਟ ਵਿਚ ਵੀ ਕੀਤਾ ਹੈ। ਸੰਦੀਪ ਸਿੰਘ ਦਾ ਖ਼ੁਦਕੁਸ਼ੀ ਨੋਟ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਹੈ। ਇੱਕੀਵੀਂ ਸਦੀ ਵਿਚ ਵੀ ਅਸੀਂ ਵਹਿਮਾਂ-ਭਰਮਾਂ ਵਿਚ ਬੁਰੀ ਤਰ੍ਹਾਂ ਜਕੜੇ ਹੋਏ ਹਾਂ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਕੌਮ ਨੂੰ ਵਹਿਮਾਂ-ਭਰਮਾਂ 'ਚੋਂ ਕੱਢਣ ਲਈ ਹਜ਼ਾਰਾਂ ਕਿਲੋਮੀਟਰ ਲੰਬੀਆਂ ਉਦਾਸੀਆਂ ਕੀਤੀਆਂ ਸਨ। ਭਾਈ ਗੁਰਦਾਸ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਨੂੰ ਵਹਿਮਾਂ-ਭਰਮਾਂ ਦਾ ਹਨੇਰਾ ਦੂਰ ਕਰਨ ਦਾ ਆਗਾਜ਼ ਦੱਸਦੇ ਹਨ, ''ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ£'' ਜਦੋਂ ਜਗਤ ਗੁਰੂ ਦਾ 550ਵਾਂ ਗੁਰਪੁਰਬ ਮਨਾਉਣ ਲਈ ਦੁਨੀਆ ਪੱਬਾਂ ਭਾਰ ਹੋ ਰਹੀ ਹੈ ਉਦੋਂ ਉਨ੍ਹਾਂ ਦਾ ਕੋਈ ਨਾਮਲੇਵਾ ਕਿਸੇ ਪੀਰ-ਪੈਗੰਬਰ ਦੇ ਸਰਾਪ ਦੀ ਗੱਲ ਕਰੇ, ਸਮਝੋਂ ਬਾਹਰ ਵਾਲੀ ਗੱਲ ਹੈ। ਇੱਕੀਵੀਂ ਸਦੀ ਗਿਆਨ ਤੇ ਵਿਗਿਆਨ ਦੀ ਹੈ। ਭਾਰਤ ਚੰਦਰਮਾ ਤੋਂ ਬਾਅਦ ਹੋਰ ਗ੍ਰਹਿਆਂ 'ਤੇ ਪੈਰ ਟਿਕਾਉਣ ਬਾਰੇ ਸੋਚ ਰਿਹਾ ਹੈ ਪਰ ਸੰਦੀਪ ਸਿੰਘ ਵਰਗਾ ਨੌਜਵਾਨ ਇਸ ਫੋਕੇ ਵਹਿਮ ਕਾਰਨ ਉਸ ਘਰ ਵਿਚ ਮਾਤਮ ਪਸਾਰ ਗਿਆ ਜਿੱਥੇ ਦੋ ਕੁ ਮਹੀਨੇ ਬਾਅਦ ਸ਼ਹਿਨਾਈਆਂ ਵੱਜਣੀਆਂ ਸਨ। ਭੈਣਾਂ ਨੇ ਘੋੜੀਆਂ ਗਾ ਕੇ ਆਪਣੇ ਛਿੰਦੇ ਵੀਰ ਨੂੰ ਵਿਆਹੁਣ ਜਾਣਾ ਸੀ। ਜਿਸ ਭੈਣ ਨੇ ਸੁਹਾਗ ਗਾਉਣੇ ਸਨ ਤੇ ਜਾਗੋ ਕੱਢਣੀ ਸੀ, ਉਹ ਅਰਥੀ ਉੱਠਣ ਤੋਂ ਪਹਿਲਾਂ ਆਪਣੇ ਵੀਰ ਦੀ ਵੀਣੀ 'ਤੇ ਰੱਖੜੀ ਸਜਾ ਰਹੀ ਸੀ ਤੇ ਸਿਹਰਾ ਬੰਨ੍ਹ ਰਹੀ ਸੀ। ਧਮਾਲਾਂ ਦੀ ਬਜਾਏ ਉਸ ਅਭਾਗੇ ਘਰ ਵਿਚ ਕੀਰਨੇ ਪੈ ਰਹੇ ਸਨ। ਅਰਥੀ ਦੇ ਨਾਲ ਚੱਲਣ ਵਾਲਾ ਹਰ ਸ਼ਖ਼ਸ ਅੱਥਰੂ ਕੇਰ ਰਿਹਾ ਸੀ। ਇਹ ਕੇਹਾ ਭਾਣਾ ਸੀ ਜਿਸ ਨੂੰ ਮੰਨਣਾ ਬੇਹੱਦ ਔਖਾ ਸੀ। ਭੈਣ ਕਹਿੰਦੀ ਹੈ ਕਿ ਉਸ ਦਾ ਭਰਾ ਖ਼ੁਸ਼ ਮਿਜ਼ਾਜ ਸੀ ਅਤੇ ਚਾਰ ਅਪ੍ਰੈਲ ਨੂੰ ਕੈਨੇਡਾ ਜਾਣ ਲਈ ਹਵਾਈ ਅੱਡੇ ਤਕ ਛੱਡਣ ਗਿਆ ਸੀ। ਉਸ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਚਾਰ ਮਹੀਨਿਆਂ ਬਾਅਦ ਉਸ ਨੂੰ ਵਾਪਸ ਆ ਕੇ ਮਰੇ ਭਰਾ ਦਾ ਮੂੰਹ ਵੇਖਣਾ ਪੈਣਾ ਸੀ। ਸਮਝ ਨਹੀਂ ਆਉਂਦੀ ਕਿ ਵਿਦੇਸ਼ੀ ਹਮਲਾਵਰਾਂ ਨਾਲ ਲੜਨ-ਮਰਨ ਵਾਲੇ ਪੰਜਾਬ ਦੇ ਛੈਲ-ਛਬੀਲੇ ਸਿਵਿਆਂ ਦੇ ਰਾਹ ਕਿਉਂ ਤੁਰ ਪਏ ਹਨ? ਨਸ਼ੇ-ਪੱਤੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ। ਮੁੱਢ-ਕਦੀਮ ਤੋਂ ਹੀ ਪੰਜਾਬੀਆਂ ਨੇ ਦੇਸ਼-ਕੌਮ ਦੀ ਲੜਾਈ ਲੜੀ ਹੈ ਪਰ ਉਨ੍ਹਾਂ ਦੇ ਹਥਿਆਰ ਆਪਣਿਆਂ 'ਤੇ ਹੀ ਚੱਲ ਪੈਣਗੇ, ਅਜਿਹਾ ਤਸੱਵਰ ਵੀ ਨਹੀਂ ਸੀ ਕੀਤਾ ਜਾ ਸਕਦਾ। ਸਾਡੇ ਰਹਿਬਰਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਦਾ ਮਾਰਗਦਰਸ਼ਨ ਕਰਨ ਤਾਂ ਜੋ ਉਨ੍ਹਾਂ ਦੇ ਜੋਸ਼ ਤੇ ਜਵਾਨੀ ਦਾ ਤਵਾਜ਼ਨ ਕਾਇਮ ਰਹੇ।

Posted By: Sukhdev Singh