ਅੱਜ ਦੇ ਦਿਨ ਅਸੀਂ ਮਹਾਨ ਦੇਸ਼-ਭਗਤਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਚੇਤੇ ਕਰਦੇ ਹਾਂ। ਬਿ੍ਰਟਿਸ਼ ਹਕੂਮਤ ਨੇ ਅੱਜ ਦੇ ਹੀ ਦਿਨ ਇਨ੍ਹਾਂ ਨੂੰ 1931’ਚ ਲਾਹੌਰ ਦੀ ਜੇਲ੍ਹ ’ਚ ਫਾਂਸੀ ਦੇ ਦਿੱਤੀ ਸੀ। ਅਦਾਲਤ ਨੇ ਫਾਂਸੀ ਦਾ ਦਿਨ 24 ਮਾਰਚ ਤੈਅ ਕੀਤਾ ਸੀ ਪਰ ਜਨਤਕ ਰੋਹ ਨੂੰ ਭਾਂਪਦਿਆਂ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਇਕ ਦਿਨ ਪਹਿਲਾਂ ਹੀ ਫਾਂਸੀ ਦੇ ਤਖ਼ਤੇ ’ਤੇ ਲਟਕਾ ਦਿੱਤਾ ਸੀ ਅਤੇ ਰਾਤੋ-ਰਾਤ ਸਸਕਾਰ ਕਰ ਕੇ ਅਸਥੀਆਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ’ਚ ਜਲ-ਪ੍ਰਵਾਹ ਕਰ ਦਿੱਤੀਆਂ ਸਨ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇਸ ਮੌਕੇ ਰਾਜ ਵਿਧਾਨ ਸਭਾ ’ਚ ਲੁਧਿਆਣਾ ਜ਼ਿਲ੍ਹੇ ਦੇ ਹਲਵਾਰਾ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਕਰਨ ਦਾ ਐਲਾਨ ਕੀਤਾ ਹੈ ਜਿਸ ਦਾ ਸਵਾਗਤ ਕਰਨਾ ਬਣਦਾ ਹੈ। ਸ਼ਹੀਦ ਭਗਤ ਸਿੰਘ ਆਪਣੀ ਜ਼ਿੰਦਗੀ ’ਚ ਸਰਾਭਾ ਦੇ ਮੁਰੀਦ ਸਨ ਅਤੇ ਆਪਣੀ ਜੇਬ ’ਚ ਸਦਾ ਉਨ੍ਹਾਂ ਦੀ ਤਸਵੀਰ ਵੀ ਰੱਖਦੇ ਸਨ। ਸਰਾਭਾ ਨੇ ਸਿਰਫ਼ ਸਵਾ 19 ਸਾਲ ਦੀ ਉਮਰ ’ਚ ਹੱਸਦੇ-ਹੱਸਦੇ ਫਾਂਸੀ ਦਾ ਰੱਸਾ ਚੁੰਮਿਆ ਸੀ ਤੇ ਉਨ੍ਹਾਂ ਨੂੰ ਵੀ 16 ਨਵੰਬਰ 1915 ਨੂੰ ਲਾਹੌਰ ਦੀ ਜੇਲ੍ਹ ’ਚ ਹੀ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਉਸ ਦੇ ਸਾਢੇ 15 ਸਾਲਾਂ ਬਾਅਦ ਭਗਤ ਸਿੰਘ ਤੇ ਦੋਵੇਂ ਸਾਥੀਆਂ ਨੇ ਵੀ ਹੱਸਦੇ-ਹੱਸਦੇ ਸ਼ਹੀਦੀਆਂ ਪਾਈਆਂ ਸਨ। ਸਰਦਾਰ ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਦਾ ਦਰਜਾ ਹਾਸਲ ਹੈ। ਉਹ ਜਿੱਥੇ ਸਮਾਜਵਾਦੀ ਇਨਕਲਾਬੀ ਸਨ, ਉੱਥੇ ਉਹ ਮਹਾਨ ਚਿੰਤਕ ਵੀ ਸਨ। ਉਨ੍ਹਾਂ ਦੀਆਂ ਕ੍ਰਾਂਤੀਕਾਰੀ ਲਿਖਤਾਂ ਵਿਚ ਇੰਨੀ ਤਾਕਤ ਸੀ ਕਿ ਉਨ੍ਹਾਂ ਨੂੰ ਪੜ੍ਹ ਕੇ ਆਮ ਲੋਕ ਵੀ ਸਮਾਜਿਕ ਇਨਸਾਫ਼ ਤੇ ਬਰਾਬਰੀ ਦੀ ਆਜ਼ਾਦੀ ਲਈ ਜ਼ਾਲਮ ਹਾਕਮਾਂ ਵਿਰੁੱਧ ਡਟ ਜਾਂਦੇ ਸਨ। ਅਫ਼ਸੋਸ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਕੋਲ ਅਜਿਹਾ ਕੋਈ ਰਿਕਾਰਡ ਮੌਜੂਦ ਨਹੀਂ ਹੈ ਜਿਸ ਤੋਂ ਅੱਜ ਦੇ ਦਿਹਾੜੇ ਸ਼ਹੀਦ ਹੋਏ ਇਨ੍ਹਾਂ ਤਿੰਨੇ ਮਹਾਨ ਹਸਤੀਆਂ ਦੇ ਸ਼ਹੀਦੀ ਰੁਤਬੇ ਦੀ ਪ੍ਰਮਾਣਿਕਤਾ ਸਿੱਧ ਹੁੰਦੀ ਹੋਵੇ। ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਕਦੇ ਵੀ ਦੇਸ਼ ਦੇ ਸ਼ਹੀਦਾਂ ਦੀ ਕੋਈ ਸਿੱਕੇਬੰਦ ਸੂਚੀ ਤਿਆਰ ਕਰਨ ਦੀ ਕੋਸ਼ਿਸ਼ ਤਕ ਨਹੀਂ ਕੀਤੀ। ਇਸ ਦੇ ਬਾਵਜੂਦ ਇਹ ਸ਼ਹੀਦ ਹੁਣ ਵੀ ਅਜੋਕੇ ਨੌਜਵਾਨਾਂ ਦੇ ਪ੍ਰੇਰਨਾ-ਸਰੋਤ ਹਨ ਕਿਉਂਕਿ ਉਨ੍ਹਾਂ ਦਾ ਨਾਮ ਲੋਕਾਈ ਦੇ ਦਿਲਾਂ ’ਤੇ ਖੁਣਿਆ ਹੋਇਆ ਹੈ। ਪਿਛਲੇ ਵਰ੍ਹੇ 2022 ’ਚ ਪੰਜਾਬ ਸਰਕਾਰ ਨੇ ਚੰਡੀਗੜ੍ਹ ਦੇ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਸੀ। ਸਾਲ 2012 ਦੌਰਾਨ ਉਨ੍ਹਾਂ ਦੀ ਯਾਦ ਵਿਚ 5 ਰੁਪਏ ਦਾ ਇਕ ਸਿੱਕਾ ਵੀ ਜਾਰੀ ਕੀਤਾ ਗਿਆ ਸੀ। ਪੰਦਰਾਂ ਅਗਸਤ 2008 ਨੂੰ ਸ਼ਹੀਦ-ਏ-ਆਜ਼ਮ ਦੀ 18 ਫੁੱਟ ਉੱਚੀ ਕਾਂਸੇ ਦੀ ਮੂਰਤੀ ਭਾਰਤੀ ਸੰਸਦ ’ਚ ਸਥਾਪਤ ਕੀਤੀ ਗਈ ਸੀ। ਉਸ ਤੋਂ ਵੀ ਪਹਿਲਾਂ 1968 ’ਚ 28 ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਭਾਰਤ ਸਰਕਾਰ ਨੇ ਇਕ ਡਾਕ ਟਿਕਟ ਜਾਰੀ ਕੀਤੀ ਸੀ। ਉਨ੍ਹਾਂ ਦੇ ਜੀਵਨ ’ਤੇ ਬਾਲੀਵੁੱਡ ਦੀਆਂ ਕਈ ਫਿਲਮਾਂ ਦਾ ਵੀ ਨਿਰਮਾਣ ਹੋ ਚੁੱਕਾ ਹੈ। ਭਗਤ ਸਿੰਘ ਅਕਸਰ ‘ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ...’ ਅਤੇ ‘ਮੇਰਾ ਰੰਗ ਦੇ ਬਸੰਤੀ ਚੋਲਾ...’ ਗੁਣਗੁਣਾਉਂਦੇ ਰਹਿੰਦੇ ਸਨ। ਲਾਹੌਰ ਦੀ ਜਿਹੜੀ ਜੇਲ੍ਹ ’ਚ ਤਿੰਨੇ ਸ਼ਖ਼ਸੀਅਤਾਂ ਨੇ ਸ਼ਹਾਦਤਾਂ ਪਾਈਆਂ ਸਨ, ਉਸ ਲਾਗਲੇ ਚੌਕ ਦਾ ਨਾਂ ਸ਼ਾਦਮਾਨ ਚੌਕ ਰੱਖਿਆ ਗਿਆ ਸੀ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ’ਚ ਉਸ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਚੌਕ ਰੱਖਣ ਦੀ ਮੁਹਿੰਮ ਛਿੜ ਪਈ ਹੈ ਜੋ ਹਾਂ-ਪੱਖੀ ਵਰਤਾਰਾ ਹੈ। ਇਸ ਮੁਹਿੰਮ ਨਾਲ ਹੁਣ ਓਥੇ ਇਕ ਵੱਡਾ ਤਬਕਾ ਤੇਜ਼ੀ ਨਾਲ ਜੁੜਦਾ ਜਾ ਰਿਹਾ ਹੈ।

Posted By: Jagjit Singh