ਸੌ ਸਾਲ ਪਹਿਲਾਂ ਦੁਰਾਚਾਰੀ ਮਹੰਤ ਨਰਾਇਣ ਦਾਸ ਦੇ ਬੁਰਛਿਆਂ ਦੀਆਂ ਬਰਛੀਆਂ ਅਤੇ ਗੋਲ਼ੀਆਂ ਦੀਆਂ ਬੁਛਾੜਾਂ ਨਾਲ ਲਿਖਿਆ ਗਿਆ ਸੀ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਖ਼ੂਨੀ ਸਾਕਾ ਜਿਸ ਨੇ ਦੇਸ਼ ਅਤੇ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਲਈ ਤਵਾਰੀਖ਼ ਨੂੰ ਕੂਹਣੀ ਮੋੜ ਦਿੱਤਾ ਸੀ। ਦਸਮ ਗ੍ਰੰਥ ’ਚ ਦਰਜ ‘ਜਬੈ ਬਾਣ ਲਾਗਯੋ, ਤਬੈ ਰੋਸ ਜਾਗਯੋ’ ਦੇ ਮਹਾਵਾਕ ਅਨੁਸਾਰ ਇਸ ਸਾਕੇ ਨੇ ਪੰਥ ਦਰਦੀਆਂ ਦੇ ਸੀਨੇ ਛਲਣੀ ਕਰ ਦਿੱਤੇ ਸਨ।

ਪੰਥਿਕ ਪੀੜਾ ਬਣੇ ਇਸ ਸਾਕੇ ਨੇ ਅੰਗਰੇਜ਼ਾਂ ਦੇ ਹੱਥਠੋਕੇ ਕੁਕਰਮੀ ਮਹੰਤਾਂ ਖ਼ਿਲਾਫ਼ ਜਿਹਾਦ ਖੜ੍ਹਾ ਕਰ ਦਿੱਤਾ ਤੇ ਰੋਹ ’ਚ ਆਈ ਸੰਗਤ ਨੇ ਆਪ-ਮੁਹਾਰੇ ਨਨਕਾਣਾ ਸਾਹਿਬ ਵੱਲ ਵਹੀਰਾਂ ਘੱਤ ਦਿੱਤੀਆਂ ਸਨ। ਵੀਹ ਫਰਵਰੀ 1920 ਨੂੰ ਵਾਪਰੇ ਇਸ ਸਾਕੇ ’ਚ ਸ਼ਹੀਦੀ ਜਥੇ ਦੀ ਅਗਵਾਈ ਕਰ ਰਹੇ ਭਾਈ ਲਛਮਣ ਸਿੰਘ ਧਾਰੋਵਾਲੀ ਸਣੇ ਸਵਾ ਸੌ ਤੋਂ ਵੱਧ ਸਿੰਘ ਸ਼ਹੀਦ ਹੋ ਗਏ ਸਨ ਜੋ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦੇ ਜਨਮ ਅਸਥਾਨ ਨੂੰ ਮਹੰਤ ਨਰਾਇਣ ਦਾਸ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਉੱਥੇ ਪਹੁੰਚੇ ਸਨ। ਮਹੰਤ ਨੇ ਜਦੋਂ ਲਾਹੌਰ ਤੋਂ ਬੁਲਾਈਆਂ ਨਚਾਰਾਂ ਤੋਂ ਪਵਿੱਤਰ ਗੁਰਦੁਆਰਾ ਸਾਹਿਬ ਅੰਦਰ ਮੁਜਰਾ ਕਰਵਾਇਆ ਤਾਂ ਸਿੱਖ ਸੰਗਤ ’ਚ ਅੰਤਾਂ ਦਾ ਰੋਹ ਜਾਗ ਉੱਠਿਆ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਗੁਰਮਤੇ ਪਾਸ ਕੀਤੇ ਗਏ ਤੇ ਮਰਜੀਵੜਿਆਂ ਨੇ ਮਹੰਤਾਂ ਨੂੰ ਸੋਧਣ ਲਈ ਅਰਦਾਸੇ ਸੋਧ ਦਿੱਤੇ। ਸ਼ੇਖੂਪੁਰੇ ਦੇ ਧਾਰੋਵਾਲੀ ਦੀ ਧਰਤੀ ਦਾ ਜਾਇਆ ਭਾਈ ਲਛਮਣ ਸਿੰਘ ਧਾਰੋਵਾਲੀ ਸ਼ਹੀਦੀ ਜਥੇ ਦੀ ਅਗਵਾਈ ਕਰ ਕੇ ਸ਼ਬਦ ਹਜ਼ਾਰੇ ਪੜ੍ਹਦਾ ਹੋਇਆ ਨਨਕਾਣਾ ਸਾਹਿਬ ਪਹੁੰਚ ਗਿਆ। ਸ਼ਹੀਦੀ ਜਥੇ ਨੂੰ ਕੁਝ ਪੰਥਕ ਆਗੂਆਂ ਨੇ ਪ੍ਰੇਦਿਆਂ ਵਾਪਸ ਮੁੜਨ ਦੀ ਅਰਜ਼ੋਈ ਕੀਤੀ ਕਿਉਂਕਿ ਉਹ ਜਾਣਦੇ ਸਨ ਕਿ ਮਹੰਤ ਨੇ ਲਗਪਗ 400 ਹਥਿਆਰਬੰਦ ਪਠਾਣਾਂ ਨੂੰ ਉੱਥੇ ਤਾਇਨਾਤ ਕੀਤਾ ਹੋਇਆ ਸੀ। ਮਹੰਤ ਦੇ ਗੁੰਡੇ ਛਵੀਆਂ, ਟਕੂਏ, ਬੰਦੂਕਾਂ ਅਤੇ ਹੋਰ ਰਵਾਇਤੀ ਹਥਿਆਰਾਂ ਨਾਲ ਲੈਸ ਸਨ।

ਭਾਈ ਲਛਮਣ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਵਾਪਸ ਨਹੀਂ ਮੁੜਨਗੇ ਕਿਉਂਕਿ ਉਨ੍ਹਾਂ ਨੇ ਅਰਦਾਸਾ ਸੋਧ ਕੇ ਹੀ ਨਨਕਾਣਾ ਸਾਹਿਬ ਵੱਲ ਕੂਚ ਕੀਤਾ ਸੀ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਰਚਿਆ ਸ਼ਬਦ ‘ਜਉ ਤਉ ਪ੍ਰੇਮ ਖੇੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥’ ਦਾ ਗਾਇਣ ਸ਼ੁਰੂ ਕਰ ਦਿੱਤਾ।

ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਭਾਈ ਲਛਮਣ ਸਿੰਘ ਨੇ ਆਸਾ ਕੀ ਵਾਰ ਪੜ੍ਹਨੀ ਸ਼ੁਰੂ ਕੀਤੀ ਤਾਂ ਉਨ੍ਹਾਂ ’ਤੇ ਗੋਲ਼ੀਆਂ ਦਾ ਮੀਂਹ ਵਰ੍ਹਨਾ ਸ਼ੁਰੂ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਵੀ ਕਈ ਗੋਲ਼ੀਆਂ ਲੱਗੀਆਂ। ਸੰਗਤ ’ਚ ਦਹਿਸ਼ਤ ਪਾਉਣ ਲਈ ਮਹੰਤ ਦੇ ਗੁੰਡਿਆਂ ਨੇ ਭਾਈ ਲਛਮਣ ਸਿੰਘ ਨੂੰ ਜ਼ਖ਼ਮੀ ਹੋਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਦੀ ਹਦੂਦ ਵਿਚ ਉੱਗੇ ਜੰਡ ਨਾਲ ਪੁੱਠਾ ਲਟਕਾਉਣ ਤੋਂ ਬਾਅਦ ਉਨ੍ਹਾਂ ’ਤੇੇ ਮਿੱਟੀ ਦਾ ਤੇਲ ਛਿੜਕ ਕੇ ਜਿਉਂਦੇ ਸਾੜ ਦਿੱਤਾ।

ਪੰਥ ਅਤੇ ਗ੍ਰੰਥ ਨਾਲ ਵਿਖਾਈ ਦਹਿਸ਼ਤ ਅਤੇ ਵਹਿਸ਼ਤ ਨੇ ਸੰਗਤ ਨੂੰ ਕੁਕਰਮੀ ਮਹੰਤਾਂ ਖ਼ਿਲਾਫ਼ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਜੰਡ ਦੀਆਂ ਜੜ੍ਹਾਂ ਨੂੰ ਖ਼ੂਨ ਨਾਲ ਸਿੰਜਣ ਤੋਂ ਬਾਅਦ ਸਿੱਖੀ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਣੀਆਂ ਸ਼ੁਰੂ ਹੋ ਗਈਆਂ। ਇਸ ਸਾਕੇ ਦੇ ਵਾਪਰਨ ਤੋਂ ਬਾਅਦ ਮੀਰ ਮੰਨੂ, ਅਬਦਾਲੀ ਤੇ ਔਰੰਗਜ਼ੇਬ ਦੀ ਰੂਹ ਵੀ ਕੰਬ ਉੱਠੀ ਹੋਵੇਗੀ। ਰਾਇ ਭੋਇ ਦੀ ਤਲਵੰਡੀ ਤੋਂ ਉੱਠੇ ਅੰਦੋਲਨ ਨੇ ਬ੍ਰਿਟਿਸ਼ ਸਰਕਾਰ ਦੀ ਨੀਂਦ ਉਡਾ ਦਿੱਤੀ।

ਮਹਾਤਮਾ ਗਾਂਧੀ ਅਤੇ ਨਹਿਰੂ ਵਰਗੇ ਕਾਂਗਰਸੀ ਨੇਤਾਵਾਂ ਨੇ ਵੀ ਇਸ ਕਾਂਡ ਦੀ ਪੁਰਜ਼ੋਰ ਨਿਖੇਧੀ ਕੀਤੀ ਸੀ। ਚਾਬੀਆਂ ਦਾ ਮੋਰਚਾ ਜਿੱਤਣ ਤੋਂ ਬਾਅਦ ਤਾਂ ਗਾਂਧੀ ਨੇ ਤਾਰ ਰਾਹੀਂ ਸਿੱਖ ਕੌਮ ਨੂੰ ਵਧਾਈ ਦਿੰਦਿਆਂ ਕਿਹਾ ਸੀ ਕਿ ‘ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਗਈ ਹੈ।’

ਇਸ ਸਾਕੇ ਤੋਂ ਬਾਅਦ ਅੱਜ ਤੋਂ ਸੌ ਸਾਲ ਪਹਿਲਾਂ ਅੰਗਰੇਜ਼ ਹਾਕਮਾਂ ਨੇ ਡਰਦਿਆਂ ਜਨਮ ਅਸਥਾਨ ਦੀਆਂ ਚਾਬੀਆਂ ਵੀ ਸਿੱਖ ਕੌਮ ਨੂੰ ਸੌਂਪ ਦਿੱਤੀਆਂ ਸਨ। ਬ੍ਰਿਟਿਸ਼ ਸਰਕਾਰ ਨੇ ਭਾਂਪ ਲਿਆ ਸੀ ਕਿ ਭਾਈ ਕਰਤਾਰ ਸਿੰਘ ਝੱਬਰ ਦੇ ਸ਼ਹੀਦੀ ਜਥੇ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ-ਬਰ-ਤਿਆਰ ਹਨ। ਸਿੱਖਾਂ ਦੇ ਸਿਦਕ ਤੇ ਸਿਰੜ ਅੱਗੇ ਸਰਕਾਰ ਨੂੰ ਗੋਡੇ ਟੇਕਣੇ ਪਏ ਕਿਉਂਕਿ ਉਹ ਜਾਣਦੀ ਸੀ ਕਿ ਸ਼ਹੀਦੀ ਜਥਿਆਂ ਦਾ ਤਾਂਤਾ ਟੁੱਟਣ ਵਾਲਾ ਨਹੀਂ ਹੈ।

ਇਸ ਸਾਕੇ ਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਕਿ ਚਾਰ ਕੁ ਸਾਲਾਂ ਬਾਅਦ ਬ੍ਰਿਟਿਸ਼ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਰੇ ਗੁਰਧਾਮਾਂ ਦਾ ਪ੍ਰਬੰਧ ਸੌਂਪ ਦਿੱਤਾ। ਗੁਰਦੁਆਰਾ ਐਕਟ 1925 ਬਣਾਉਣ ਲਈ ਸਾਕਾ ਨਨਕਾਣਾ ਸਾਹਿਬ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਸੀ। ਨਨਕਾਣਾ ਸਾਹਿਬ ਸਾਕੇ ’ਚ ਅਰਦਾਸੇ ਸੋਧ ਕੇ ਕੁਰਬਾਨੀਆਂ ਕਰਨ ਤੋਂ ਬਾਅਦ ਉਹ ਸਿੱਖਾਂ ਦੀ ਰੋਜ਼ਾਨਾ ਹੋਣ ਵਾਲੀ ਅਰਦਾਸ ਵਿਚ ਸਮਾ ਗਏ।

ਇਹ ਸਿੰਘ-ਸੂਰਮੇ ‘ਧਰਮ ਹੇਤਿ ਸਾਕਾ ਜਿਨਿ ਕੀਆ/ ਸੀਸੁ ਦੀਆ ਪਰ ਸਿਰਰੁ ਨ ਦੀਆ’ ਦੇ ਗੁਰਵਾਕ ’ਤੇ ਖਰੇ ਉਤਰ ਕੇ ਅਮਰ ਹੋ ਗਏ ਹਨ। ਉਨ੍ਹਾਂ ਨੇ ਸ਼ਾਂਤਮਈ ਰਹਿ ਕੇ ਕੁਰਬਾਨੀਆਂ ਦੇਣ ਦੀ ਲਾਸਾਨੀ ਮਿਸਾਲ ਕਾਇਮ ਕੀਤੀ ਸੀ ਪਰ ਅਫ਼ਸੋਸ! ਕਿ ਕੋਰੋਨਾ ਅਤੇ ਸੁਰੱਖਿਆ ਦੀ ਆੜ ਹੇਠ ਕੇਂਦਰ ਸਰਕਾਰ ਨੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ’ਚ ਨਨਕਾਣਾ ਸਾਹਿਬ ਸਾਕੇ ਦੀ ਸ਼ਤਾਬਦੀ ਮਨਾਉਣ ਜਾਣ ਵਾਲੇ ਸ਼੍ਰੋਮਣੀ ਕਮੇਟੀ ਦੇ ਜਥੇ ਦਾ ਰਾਹ ਰੋਕ ਲਿਆ ਹੈ।

ਪਿਛਲੇ ਸਾਲ ਨਵੰਬਰ ਮਹੀਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਜਥਾ ਨਨਕਾਣਾ ਸਾਹਿਬ ਗਿਆ ਸੀ ਤਾਂ ਉਦੋਂ ਕੋਰੋਨਾ ਦਾ ਪ੍ਰਕੋਪ ਤੇ ਸੁਰੱਖਿਆ ਦਾ ਖ਼ਤਰਾ ਅੱਜ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸੀ। ਅਟਾਰੀ-ਵਾਹਗਾ ਸਰਹੱਦ ’ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਤੇ ਹੋਰ ਅਹੁਦੇਦਾਰ ਹੱਥਾਂ ’ਚ ਗੁਲਦਸਤੇ ਲੈ ਕੇ ਸਵਾਗਤ ਲਈ ਪੁੱਜੇ ਹੋਏ ਸਨ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਭਾਰਤ ਸਰਕਾਰ ਨੇ ਜਥੇ ਨੂੰ ਸਰਹੱਦ ਪਾਰ ਕਰਨ ਦੀ ਆਗਿਆ ਨਹੀਂ ਦਿੱਤੀ ਤਾਂ ਸ਼ਰਧਾਲੂਆਂ ਦੇ ਮੁਰਝਾਏ ਚਿਹਰੇ ਅਤੇ ਗੁਲਦਸਤਿਆਂ ਦੇ ਕੁਮਲਾਏ ਫੁੱਲ ਬਹੁਤ ਕੁਝ ਕਹਿ ਗਏ ਸਨ।

ਵੀਜ਼ੇ ਪੂਰੀ ਘੋਖ ਪੜਤਾਲ ਤੋਂ ਬਾਅਦ ਹੀ ਦਿੱਤੇ ਗਏ ਸਨ ਤੇ ਇਸ ਤੋਂ ਬਾਅਦ ਅਚਨਚੇਤ ਰੋਕ ਲਾਉਣੀ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸੀ। ਅਜਿਹਾ ਕਦਮ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲਾ ਹੈ। ਅਜਿਹੇ ਮੁੱਦੇ ਦਾ ਲਾਹਾ ਦੇਸ਼ ਵਿਰੋਧੀ ਤਾਕਤਾਂ ਨੂੰ ਮਿਲਦਾ ਹੈ ਜੋ ਆਨੇ-ਬਹਾਨੇ ਭਾਰਤ ਨੂੰ ਬਦਨਾਮ ਕਰਨ ਦੀ ਤਾਕ ਵਿਚ ਰਹਿੰਦੀਆਂ ਹਨ।

ਕਰਤਾਰਪੁਰ ਸਾਹਿਬ ਦਾ ਲਾਂਘਾ ਪਹਿਲਾਂ ਹੀ ਬੰਦ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਿੱਖ ਸੰਗਤ ਇਸ ਨੂੰ ਖੋਲ੍ਹਣ ਦੀ ਵਾਰ-ਵਾਰ ਅਪੀਲ ਕਰ ਰਹੀ ਹੈ। ਕੋਰੋਨਾ ਮਹਾਮਾਰੀ ਦਾ ਪ੍ਰਕੋਪ ਜਦੋਂ ਚਰਮ-ਸੀਮਾ ’ਤੇ ਸੀ ਤਾਂ ਸਾਰੇ ਧਰਮ ਅਸਥਾਨ ਬੰਦ ਸਨ। ਹੁਣ ਜਦੋਂ ਜ਼ਿੰਦਗੀ ਪਟੜੀ ’ਤੇ ਆ ਗਈ ਹੈ ਤਾਂ ਅਜਿਹੀਆਂ ਰੋਕਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ।

-ਵਰਿੰਦਰ ਵਾਲੀਆ

Posted By: Jagjit Singh