ਨਿਰੰਕਾਰ ਸਿੰਘ

ਅੱਜ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਉਂਜ ਉਨ੍ਹਾਂ ਦਾ ਜਨਮ 15 ਅਪ੍ਰੈਲ 1469 ਨੂੰ ਹੋਇਆ ਸੀ ਪਰ ਸ਼ਰਧਾਲੂ ਉਨ੍ਹਾਂ ਦਾ ਪ੍ਰਕਾਸ਼ ਪੁਰਬ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਉਂਦੇ ਹਨ। ਇਸ ਸਬੰਧ ਵਿਚ ਹੁਣੇ ਜਿਹੇ ਭਾਰਤ-ਪਾਕਿਸਤਾਨ ਨੇ ਉਸ ਕਰਤਾਰਪੁਰ ਸਾਹਿਬ ਨੂੰ ਇਕ ਗਲਿਆਰੇ ਨਾਲ ਜੋੜਿਆ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅੰਤਿਮ ਸਮਾਂ ਗੁਜ਼ਾਰਿਆ ਸੀ। ਇਸ ਲਾਂਘੇ ਦਾ ਕਾਹਲੀ ਵਿਚ ਨਿਰਮਾਣ ਹੋਣਾ ਗੁਰੂ ਨਾਨਕ ਦੇਵ ਜੀ ਦੀ ਅਹਿਮੀਅਤ ਦਰਸਾਉਂਦਾ ਹੈ। ਜੇ ਕੁੜੱਤਣ ਵਾਲੇ ਰਿਸ਼ਤਿਆਂ ਦੌਰਾਨ ਵੀ ਭਾਰਤ ਅਤੇ ਪਾਕਿਸਤਾਨ ਇਸ ਲਾਂਘੇ ਲਈ ਤਿਆਰ ਹੋਏ ਹਨ ਤਾਂ ਇਹ ਗੁਰੂ ਨਾਨਕ ਦੇਵ ਜੀ ਦੀ ਮਿਹਰ ਹੀ ਹੈ। ਬਾਬੇ ਨਾਨਕ ਦੀ ਗਿਣਤੀ ਉਨ੍ਹਾਂ ਮਹਾਨ ਸੰਤਾਂ ਵਿਚ ਹੁੰਦੀ ਹੈ ਜਿਨ੍ਹਾਂ ਨੇ ਭਾਰਤ ਹੀ ਨਹੀਂ ਸਗੋਂ ਦੁਨੀਆ ਨੂੰ ਸੱਚ ਅਤੇ ਸਤਨਾਮ ਦਾ ਪਾਠ ਪੜ੍ਹਾਇਆ। ਉਨ੍ਹਾਂ ਮਨੁੱਖ ਨੂੰ ਸੱਚ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ। ਸਾਰਿਆਂ ਨੂੰ ਸਦਭਾਵਨਾ ਨਾਲ ਰਹਿਣ ਦਾ ਸੰਦੇਸ਼ ਦਿੱਤਾ। ਉਹ ਮਹਾਨ ਸਮਾਜ ਸੁਧਾਰਕ ਸਨ। ਉਨ੍ਹਾਂ ਨੇ ਛੂ-ਛਾਤ, ਅੰਧ-ਵਿਸ਼ਵਾਸ ਅਤੇ ਪਾਖੰਡਾਂ 'ਤੇ ਜ਼ੋਰਦਾਰ ਵਾਰ ਤਾਂ ਕੀਤਾ ਹੀ ਨਾਲ ਹੀ ਪਰਉਪਕਾਰ, ਪ੍ਰੇਮ ਅਤੇ ਸਹਿਯੋਗ ਦੇ ਮਹੱਤਵ ਨੂੰ ਵੀ ਸਮਝਾਇਆ। ਉਹ ਸਾਂਝੀਵਾਲਤਾ ਦੇ ਤਕੜੇ ਸਮਰਥਕ ਸਨ। ਉਨ੍ਹਾਂ ਨੇ ਕਿਹਾ ਸੀ ਕਿ ਸਭ ਦਾ ਮਾਲਕ (ਈਸ਼ਵਰ) ਇਕ ਹੈ। ਉਨ੍ਹਾਂ ਤਮਾਮ ਸਥਾਨਾਂ ਦੀ ਯਾਤਰਾ ਕਰ ਕੇ ਲੋਕਾਂ ਨੂੰ ਇਨਸਾਨੀ ਕਦਰਾਂ-ਕੀਮਤਾਂ ਨਾਲ ਲਬਰੇਜ਼ ਕੀਤਾ। ਇਸੇ ਕੜੀ ਵਿਚ ਸਭ ਤੋਂ ਪਹਿਲਾਂ ਆਪ ਏਮਨਾਬਾਦ ਗਏ। ਉੱਥੋਂ ਦਿੱਲੀ, ਗਯਾ, ਕਾਸ਼ੀ, ਹਰਿਦੁਆਰ ਅਤੇ ਜਗਨਨਾਥਪੁਰੀ ਦੇ ਇਲਾਵਾ ਹੋਰ ਅਨੇਕਾਂ ਸਥਾਨਾਂ 'ਤੇ ਗਏ।

ਇਸ ਮਗਰੋਂ ਉਨ੍ਹਾਂ ਦੱਖਣੀ ਭਾਰਤ ਦਾ ਰੁਖ਼ ਕੀਤਾ ਅਤੇ ਰਾਮੇਸ਼ਵਰਮ, ਅੰਬੁਰਦਗਿਰੀ, ਲੰਕਾ ਆਦਿ ਸਥਾਨਾਂ ਦਾ ਦੌਰਾ ਕਰ ਕੇ ਆਪਣੇ ਧਰਮ ਦਾ ਪ੍ਰਚਾਰ ਕੀਤਾ। ਦੱਖਣ ਵਿਚ ਪਰਵਾਸ ਤੋਂ ਵਾਪਸੀ ਮਗਰੋਂ ਉਨ੍ਹਾਂ ਨੇ ਗੜ੍ਹਵਾਲ, ਹੇਮਕੂਟ, ਟੀਹਰੀ, ਸਰਮੌਰ, ਗੋਰਖਪੁਰ, ਸਿੱਕਮ, ਭੂਟਾਨ ਅਤੇ ਤਿੱਬਤ ਆਦਿ ਦੀ ਯਾਤਰਾ ਕੀਤੀ ਅਤੇ ਉੱਥੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ। ਚੌਥੀ ਅਤੇ ਅੰਤਿਮ ਉਦਾਸੀ ਵਿਚ ਉਹ ਬਲੋਚਿਸਤਾਨ ਤੋਂ ਹੁੰਦੇ ਹੋਏ ਮੱਕਾ ਤਕ ਗਏ। ਇਸ ਦੌਰੇ ਵਿਚ ਉਨ੍ਹਾਂ ਈਰਾਨ, ਕੰਧਾਰ, ਕਾਬੁਲ ਅਤੇ ਬਗ਼ਦਾਦ ਆਦਿ ਵਿਚ ਉਪਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਸੰਸਾਰ ਦੇ ਸਾਰੇ ਕੰਮ ਉਸੇ ਇਕ ਪਰਮ ਪਿਤਾ ਦੀ ਮਰਜ਼ੀ ਨਾਲ ਹੁੰਦੇ ਹਨ। ਇਸ ਲਈ ਲੜਾਈ-ਝਗੜੇ ਅਤੇ ਛੋਟੇ-ਵੱਡੇ ਦਾ ਫ਼ਰਕ ਮਿਟਾ ਕੇ ਸੱਚੇ ਦਿਲੋਂ ਪਰਮੇਸ਼ਵਰ ਦਾ ਸਿਮਰਨ ਕਰਨਾ ਚਾਹੀਦਾ ਹੈ। ਉਨ੍ਹਾਂ ਦੀ ਸਿੱਖਿਆ ਸੀ ਕਿ ਜੋ ਵਿਅਕਤੀ ਦਯਾ, ਨਿਮਰਤਾ, ਪ੍ਰੇਮ ਅਤੇ ਸੱਚ ਵਿਚ ਰਮਿਆ ਰਹਿੰਦਾ ਹੈ, ਉਹੀ ਇਸ ਜੀਵਨ ਵਿਚ ਸੁੱਖ ਪਾਉਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਹਿੰਦੂ, ਮੁਸਲਮਾਨ, ਬੁੱਧ ਅਤੇ ਜੈਨ ਆਦਿ ਸਭ ਧਰਮਾਂ ਦੇ ਪਵਿੱਤਰ ਤੀਰਥਾਂ ਦੀ ਯਾਤਰਾ ਕੀਤੀ ਸੀ। ਸਭ ਜਗ੍ਹਾ ਉਨ੍ਹਾਂ ਨੇ 'ਸੱਚ ਕਰਤਾ' ਅਰਥਾਤ ਪਰਮੇਸ਼ਵਰ ਨੂੰ ਯਾਦ ਰੱਖਣ ਦਾ ਉਪਦੇਸ਼ ਦਿੱਤਾ ਅਤੇ ਸਾਰੇ ਧਰਮਾਂ ਦੇ ਪੈਰੋਕਾਰਾਂ ਨੂੰ ਸਮਾਨ ਰੂਪ ਵਿਚ ਪ੍ਰਭਾਵਿਤ ਕੀਤਾ। ਇਸ ਲਈ ਸਾਰੇ ਧਰਮਾਂ ਦੇ ਲੋਕ ਆਪ ਦੇ ਪੈਰੋਕਾਰ ਬਣ ਗਏ ਸਨ। ਬਾਬੇ ਨਾਨਕ ਦਾ ਸਭ ਤੋਂ ਮਹੱਤਵਪੂਰਨ ਸੰਦੇਸ਼ ਇਹੋ ਹੈ ਕਿ ਜੇ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਸੱਚ ਕੀ ਹੈ ਤਾਂ ਉਸ ਵਾਸਤੇ ਜ਼ਰੂਰੀ ਹੈ ਕਿ ਉਹ ਆਪਣੇ ਹਿਰਦੇ ਦੇ ਅੰਦਰ ਪ੍ਰਵੇਸ਼ ਕਰੇ। ਪਰਮਾਤਮਾ 'ਤੇ ਅੰਬਰ ਵਿਚ ਨਹੀਂ ਹੈ। ਨਾ ਹੀ ਉਹ ਚੰਦ-ਤਾਰਿਆਂ ਵਿਚ ਹੈ। ਨਾ ਉਹ ਸਮੁੰਦਰ ਵਿਚ ਹੈ। ਉਹ ਮਨੁੱਖ ਦੇ ਅੰਦਰ ਹੈ। ਇਸ ਲਈ ਉਹ ਮਨੁੱਖ ਜੋ ਸੱਚੇ ਅਰਥਾਂ ਵਿਚ ਧਾਰਮਿਕ ਹੈ, ਜੋ ਪਰਮਾਤਮਾ ਨੂੰ ਖ਼ੁਦ ਵਿਚ ਸ਼ਾਮਲ ਮੰਨਦਾ ਹੈ ਅਤੇ ਜਿਸ ਨੇ ਆਪਣੀ ਹਸਤੀ ਦਾ ਅਰਥ ਸਮਝਿਆ ਹੈ, ਉਸ ਦਾ ਜੀਵਨ ਹੀ ਸਾਰਥਕ ਹੈ।

ਸਾਡੇ ਮੁਲਕ ਵਿਚ ਅਜਿਹੇ ਹੀ ਲੋਕਾਂ ਨੂੰ ਧਾਰਮਿਕ ਕਿਹਾ ਗਿਆ ਹੈ ਨਾ ਕਿ ਅਜਿਹੇ ਲੋਕਾਂ ਨੂੰ ਜੋ ਜਪ ਕਰਦੇ ਹਨ ਜਾਂ ਮੰਦਰਾਂ ਵਿਚ ਜਾਂਦੇ ਹਨ। ਸੰਭਵ ਹੈ ਕਿ ਅਜਿਹੇ ਲੋਕ ਈਸ਼ਵਰ ਪ੍ਰਾਪਤੀ ਦੇ ਮਾਰਗ ਵਿਚ ਹੋਣ, ਪਰ ਜਿਸ ਨੇ ਇਸ਼ਟ ਨੂੰ ਪਾ ਲਿਆ ਹੈ, ਉਹ ਅਜਿਹਾ ਵਿਅਕਤੀ ਹੋਵੇਗਾ ਜਿਸ ਨੇ ਉਸ ਨੂੰ ਆਪਣੇ ਅੰਦਰ ਦੇਖਿਆ ਹੈ। ਸਾਨੂੰ ਗੁਰੂ ਨਾਨਕ ਦੇਵ ਦੀ ਇਸ ਬਾਣੀ ਨੂੰ ਸਵੀਕਾਰ ਕਰਨਾ ਹੋਵੇਗਾ ਕਿ ਨਾਮ ਵਿਚ ਕੋਈ ਅੰਤਰ ਨਹੀਂ ਹੈ ਅਤੇ ਵੱਖ-ਵੱਖ ਮਾਰਗਾਂ ਤੋਂ ਵੀ ਕੋਈ ਫ਼ਰਕ ਨਹੀਂ ਪੈਂਦਾ। ਜਿਸ ਵਿਅਕਤੀ ਨੇ ਪਰਮਾਤਮਾ ਨੂੰ ਦੇਖਿਆ ਹੈ, ਉਹੀ ਸੱਚਮੁੱਚ ਧਾਰਮਿਕ ਹੈ ਨਾ ਕਿ ਉਹ ਲੋਕ ਜੋ ਗੱਲਾਂ ਤਾਂ ਰੱਬ ਦੀਆਂ ਕਰਦੇ ਹਨ ਪਰ ਵਿਵਹਾਰ ਨਾਸਤਕ ਹਨ। ਜੋ ਵਿਅਕਤੀ ਅਸਲ ਵਿਚ ਅਧਿਆਤਮਕ ਹੈ, ਉਹ ਕਦੇ ਅਜਿਹਾ ਕੋਈ ਕੰਮ ਨਹੀਂ ਕਰੇਗਾ ਜਿਸ ਦੀ ਆਤਮਾ ਉਸ ਦੀ ਗਵਾਹੀ ਨਾ ਦੇਵੇ ਜਾਂ ਜੋ ਕਿਸੇ ਵੀ ਰੂਪ ਵਿਚ ਅਪਵਿੱਤਰ ਹੈ। ਅਜਿਹੇ ਸਮੇਂ ਵਿਚ ਜਦ ਅਸੀਂ ਸੰਸਾਰ ਦੀਆਂ ਹਕੀਕਤਾਂ ਨੂੰ ਭੁੱਲ ਰਹੇ ਸਾਂ, ਉਦੋਂ ਗੁਰੂ ਨਾਨਕ ਦੇਵ ਜੀ ਨੇ ਸਾਡਾ ਧਿਆਨ ਇਸ ਵੱਲ ਖਿੱਚਿਆ ਕਿ ਕੋਈ ਵਸਤੂ ਹੈ ਜੋ ਪਵਿੱਤਰ ਹੈ, ਜੋ ਪਰਿਵਰਤਨਸ਼ੀਲ ਹੈ, ਸਥਾਈ ਹੈ, ਜੋ ਸਾਰੇ ਕਾਲਾਂ ਵਿਚ ਮੌਜੂਦ ਹੈ। ਉਨ੍ਹਾਂ ਨੇ ਸਾਨੂੰ ਇਸ ਮੂਲ ਤੋਂ ਜਾਣੂ ਕਰਵਾਇਆ ਜਿਸ ਨੂੰ ਤਰਾਸ਼ ਕੇ ਸਾਨੂੰ ਬਣਾਇਆ ਗਿਆ ਹੈ। ਉਨ੍ਹਾਂ ਸਤਨਾਮ ਅਤੇ ਸਦਾਚਾਰ ਦਾ ਸਾਰਥਕ ਉਪਦੇਸ਼ ਦਿੱਤਾ।

ਜ਼ਿਆਦਾਤਰ ਵਿਅਕਤੀ ਸੋਚਦੇ ਹਨ ਕਿ ਸੰਤਾਂ ਦੇ ਜੀਵਨ ਵਿਚ ਕੁਝ ਕਠੋਰਤਾ ਅਤੇ ਉਦਾਸੀਨਤਾ ਹੁੰਦੀ ਹੈ। ਇਹ ਸੱਚ ਨਹੀਂ ਹੈ। ਜੋ ਪਰਮਾਤਮਾ ਨਾਲ ਜਾਣ-ਪਛਾਣ ਕਰਦੇ ਹਨ, ਉਹ ਸਮਾਜ ਦੇ ਦੁੱਖਾਂ ਜਾਂ ਅਸਫਲਤਾਵਾਂ ਪ੍ਰਤੀ ਕਠੋਰ ਨਜ਼ਰੀਆ ਨਹੀਂ ਰੱਖਦੇ। ਉਹ ਤਾਂ ਮਨੁੱਖੀ ਦੁੱਖਾਂ ਪ੍ਰਤੀ ਹਮਦਰਦੀ ਦਾ ਦ੍ਰਿਸ਼ਟੀਕੋਣ ਰੱਖਦੇ ਹਨ। ਉਹ ਉਨ੍ਹਾਂ ਦੁੱਖਾਂ ਨੂੰ ਪੂਰੀ ਤਰ੍ਹਾਂ ਸਮਝਦੇ ਹਨ। ਸੰਤ ਜੀਵਨ ਗ਼ੈਰ-ਸੰਸਾਰਕ ਨਹੀਂ ਹੈ। ਇਹ ਮਨ ਦੀ ਇਕ ਸਥਿਤੀ ਹੈ, ਇਕ ਅਜਿਹਾ ਦ੍ਰਿਸ਼ਟੀਕੋਣ ਹੈ ਜਿਸ ਵਿਚ ਅਸੀਂ ਸੰਸਾਰ ਦੀਆਂ ਸਾਰੀਆਂ ਵਸਤਾਂ ਨੂੰ ਦੇਖਦੇ ਹਾਂ। ਬਾਬੇ ਨਾਨਕ ਮੁਤਾਬਕ ਸਭ ਤੋਂ ਵੱਡੇ ਪੈਗੰਬਰ ਉਹ ਹਨ ਜੋ ਭੁੱਖਿਆਂ ਨੂੰ ਭੋਜਨ ਕਰਵਾਉਂਦੇ ਹਨ। ਬਿਮਾਰਾਂ ਦਾ ਇਲਾਜ ਕਰਵਾਉਂਦੇ ਹਨ। ਪ੍ਰਾਣੀਆਂ ਨੂੰ ਮਾਫ਼ ਕਰਦੇ ਹਨ। ਉਨ੍ਹਾਂ ਆਪਣੇ ਸਮੇਂ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਤਮਾਮ ਵਿਰੋਧ ਦੇਖੇ। ਉਹ ਸਵਾਲ ਕਰਦੇ ਸਨ ਕਿ ਤੁਸੀਂ ਰੂਪਾਂ ਨੂੰ ਲੈ ਕੇ, ਸਮਾਰੋਹਾਂ ਨੂੰ ਲੈ ਕੇ, ਸਿਧਾਂਤਾਂ ਅਤੇ ਤੀਰਥਾਂ ਆਦਿ ਨੂੰ ਲੈ ਕੇ ਆਪਸ ਵਿਚ ਕਿਉਂ ਲੜਦੇ-ਝਗੜਦੇ ਹੋ? ਇਹ ਫ਼ਜ਼ੂਲ ਹੈ ਕਿਉਂਕਿ ਅਸੀਂ ਸਾਰੇ ਉਸ ਇਕ ਹੀ ਸਰਬ-ਸ਼ਕਤੀਮਾਨ ਦੀ ਪੂਜਾ ਕਰ ਰਹੇ ਹਾਂ। ਅਸੀਂ ਸਾਰੇ ਇਕ ਹੀ ਖੋਜ ਵਿਚ ਸ਼ਾਮਲ ਤੀਰਥ ਯਾਤਰੀ ਹਾਂ। ਅਸੀਂ ਸਾਰੇ ਜਾਣਨਾ ਚਾਹੁੰਦੇ ਹਾਂ ਕਿ ਪਰਮਾਤਮਾ ਕਿੱਥੇ ਹੈ? ਅਸੀਂ ਉਸ ਤਕ ਕਿੱਦਾਂ ਪਹੁੰਚ ਸਕਦੇ ਹਾਂ?

ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਅੱਜ ਵੀ ਓਨੀ ਹੀ ਜ਼ਰੂਰਤ ਹੈ ਜਿੰਨੀ ਪਹਿਲਾਂ ਸੀ ਕਿਉਂਕਿ ਹਾਲੇ ਵੀ ਅਸੀਂ ਸਹੀ ਅਰਥਾਂ ਵਿਚ ਧਾਰਮਿਕ ਨਹੀਂ ਹੋ ਸਕੇ ਹਾਂ। ਅਸੀਂ ਆਪਣੇ-ਆਪ ਨੂੰ ਨਹੀਂ ਸਮਝਿਆ ਅਤੇ ਉਸ ਸਰਬ-ਸ਼ਕਤੀਮਾਨ ਨੂੰ ਨਹੀਂ ਦੇਖਿਆ ਜੋ ਸਾਡੇ ਅੰਦਰ ਬਿਰਾਜਮਾਨ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚ ਸਿਰਫ਼ ਸਿਧਾਂਤਕ ਰੂਪ ਵਿਚ ਭਰੋਸਾ ਕਰਨਾ ਹੀ ਕਾਫ਼ੀ ਨਹੀਂ। ਸਾਨੂੰ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਉਤਾਰਨਾ ਹੋਵੇਗਾ। ਉਨ੍ਹਾਂ ਨੂੰ ਯਾਦ ਕਰਦੇ ਹੋਏ ਸਾਨੂੰ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਅਡੰਬਰਾਂ ਦੇ ਤਕੜੇ ਵਿਰੋਧੀ ਸਨ। ਉਹ ਕਹਿੰਦੇ ਸਨ ਕਿ ਮਨੁੱਖ ਦੇ ਰੂਪ ਵਿਚ ਜਨਮ ਲੈ ਕੇ ਪਰਉਪਕਾਰ ਨਹੀਂ ਕਰਦਾ, ਉਸ ਦਾ ਜੀਵਨ ਫਜ਼ੂਲ ਹੈ।

-(ਲੇਖਕ ਵਿਸ਼ਵ ਹਿੰਦੀ ਕੋਸ਼ ਨਾਲ ਸਬੰਧਤ ਰਿਹਾ ਹੈ)।

Posted By: Sukhdev Singh