-ਸਰਬਜੀਤ ਸਿੰਘ

ਉੱਘੇ ਖੇਤੀ ਵਿਗਿਆਨੀ, ਸਮਾਜ ਸੇਵਕ ਅਤੇ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਡਾ. ਖੇਮ ਸਿੰਘ ਗਿੱਲ 89 ਸਾਲ ਦੀ ਉਮਰ ਵਿਚ 17 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ। ਚਿੱਟੀ ਦਸਤਾਰ ਅਤੇ ਚਿੱਟੇ ਕੱਪੜਿਆਂ ਵਿਚ ਇਸ ਨੇਕ ਰੂਹ ਨੂੰ ਵੇਖ ਕੇ ਇਹ ਅੰਦਾਜ਼ਾ ਲਗਾਉਣਾ ਔਖਾ ਹੁੰਦਾ ਸੀ ਕਿ ਇਸ ਇਨਸਾਨ ਨੇ ਕਣਕਾਂ ਦੀਆਂ ਨਵੀਆਂ ਕਿਸਮਾਂ ਦੀ ਖੋਜ ਨਾਲ ਕਰੋੜਾਂ ਲੋਕਾਂ ਦਾ ਪੇਟ ਭਰਿਆ। ਉਨ੍ਹਾਂ ਹਰੇ ਇਨਕਲਾਬ ਰਾਹੀਂ ਦੇਸ਼ ਨੂੰ ਅੰਨ ਦੇ ਮੰਗਤੇ ਤੋਂ 'ਅੰਨਦਾਤਾ' ਬਣਾ ਦਿੱਤਾ। ਭਾਰਤ ਸਰਕਾਰ ਵੱਲੋਂ ਸੰਨ 1992 ਵਿਚ ਆਪ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ।

ਆਪ ਕੇਵਲ ਵਿਗਿਆਨੀ ਹੀ ਨਹੀਂ ਸਗੋਂ ਸੰਤ ਵਿਗਿਆਨੀ ਸਨ ਜਿਨ੍ਹਾਂ ਪੰਜਾਬ ਦੀ ਮਿੱਟੀ ਵਿਚ ਰੂਹਾਨੀਅਤ ਦਾ ਸੰਚਾਰ ਕਰ ਕੇ ਕੇਵਲ ਤਨ ਦੀ ਭੁੱਖ ਹੀ ਨਹੀਂ ਦੂਰ ਕੀਤੀ ਸਗੋਂ ਬਾਬਾ ਇਕਬਾਲ ਸਿੰਘ ਦੀ ਅਗਵਾਈ ਹੇਠ ਕਲਗੀਧਰ ਟਰੱਸਟ, ਬੜੂ ਸਾਹਿਬ ਰਾਹੀਂ ਪੰਜਾਬ ਦੇ ਪੇਂਡੂ ਇਲਾਕਿਆਂ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਵਿਚ ਮਿਆਰੀ ਵਿੱਦਿਆ ਦਾ ਸੰਚਾਰ ਕੀਤਾ।

'ਖੇਮ' ਦਾ ਸ਼ਾਬਦਿਕ ਅਰਥ ਹੈ-ਖੇੜਾ, ਆਨੰਦ। ਡਾ. ਖੇਮ ਸਿੰਘ ਨੂੰ ਜਦੋਂ ਵੀ ਮਿਲਦੇ ਸਾਂ, ਉਹ ਹਰ ਵੇਲੇ ਖਿੜੇ-ਖਿੜੇ, ਚੜ੍ਹਦੀਕਲਾ ਵਿਚ ਹਰੇਕ ਦਾ ਸਵਾਗਤ ਕਰਦੇ ਨਜ਼ਰੀਂ ਪੈਂਦੇ। ਨਿਮਰ ਸੁਭਾਅ, ਸਾਦਗੀ, ਨਿਰਵੈਰਤਾ ਅਤੇ ਅਣਥੱਕ ਮਿਹਨਤ ਦੀ ਮੂਰਤ ਡਾ. ਖੇਮ ਸਿੰਘ ਅੰਤਿਮ ਸੁਆਸਾਂ ਤਕ ਕਿਸੇ ਗੱਭਰੂ ਤੋਂ ਵੱਧ ਕੰਮ ਕਰਦੇ ਰਹੇ।

ਆਪ ਨੂੰ ਦੇਸ਼-ਵਿਦੇਸ਼ ਵਿਚ ਬਹੁਤ ਸਾਰੇ ਸਨਮਾਨਾਂ ਨਾਲ ਨਿਵਾਜਿਆ ਗਿਆ ਜਿਵੇਂ ਖੇਤੀ ਖੋਜ ਦਾ ਸਭ ਤੋਂ ਵੱਡਾ ਇਨਾਮ-ਰਫੀ ਅਹਿਮਦ ਕਿਦਵਈ ਐਵਾਰਡ, ਭਾਰਤੀ ਖੇਤੀ ਖੋਜ ਕੌਂਸਲ ਵੱਲੋਂ ਟੀਮ ਇਨਾਮ, ਅਮਰੀਕਾ ਦੇ ਖੇਤੀ ਵਿਭਾਗ ਦਾ ਇਨਾਮ, ਟਰੀਟੀਕੇਲ ਲਈ ਖੇਤੀ ਵਿਭਾਗ, ਅਮਰੀਕਾ ਦਾ ਐਵਾਰਡ, ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਮਰਸ ਅਤੇ ਇੰਡਸਟਰੀ ਐਵਾਰਡ ਆਦਿ। ਡਾ. ਗਿੱਲ ਮੈਕਸੀਕੋ ਵਿਖੇ ਕੌਮਾਂਤਰੀ ਕਣਕ ਖੋਜ ਕੇਂਦਰ ਸਮੇਤ ਅਨੇਕਾਂ ਕੌਮਾਂਤਰੀ ਤੇ ਕੌਮੀ ਖੇਤੀ ਸੰਸਥਾਵਾਂ ਦੇ ਟਰੱਸਟੀ ਰਹੇ। ਆਪ ਭਾਰਤੀ ਕੌਮੀ ਵਿਗਿਆਨ ਅਕੈਡਮੀ ਸਹਿਤ ਕਈ ਸਿਖਰਲੀਆਂ ਖੇਤੀ ਸੰਸਥਾਵਾਂ ਦੇ ਫੈਲੋ ਸਨ। ਉਨ੍ਹਾਂ 25 ਤੋਂ ਵੱਧ ਵਿਦਿਆਰਥੀਆਂ ਨੂੰ ਪੀਐੱਚਡੀ ਅਤੇ ਐੱਮਐੱਸਸੀ ਲਈ ਗਾਈਡ ਕੀਤਾ, 23 ਤੋਂ ਵੱਧ ਦੇਸ਼ਾਂ ਵਿਚ ਖੇਤੀ ਖੋਜ ਨਾਲ ਸਬੰਧਤ ਯਾਤਰਾਵਾਂ ਕੀਤੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵਜੋਂ ਡਾ. ਖੇਮ ਸਿੰਘ ਗਿੱਲ ਨੇ ਕਈ ਨਵੇਂ ਵਿਭਾਗ ਸਥਾਪਤ ਕੀਤੇ ਅਤੇ ਦੂਰਰਸੀ ਕਾਰਜ ਕੀਤੇ ਜਿਵੇਂ ਸੀਡ ਤਕਨਾਲੋਜੀ, ਬਾਇਓ-ਤਕਨਾਲੋਜੀ ਲੈਬ, ਆਇਲ ਸੀਡ ਖੋਜ ਲੈਬ, ਸੀਰੀਅਲ ਸੀਡ ਤਕਨਾਲੋਜੀ ਲੈਬ ਆਦਿ। ਯੂਨੀਵਰਸਿਟੀ ਦੇ ਗੇਟ ਨੰਬਰ 1 ਦੇ ਨੇੜੇ 'ਕਿਸਾਨ ਸੇਵਾ ਕੇਂਦਰ' ਬਣਾਇਆ ਤਾਂ ਜੋ ਕਿਸਾਨਾਂ ਨੂੰ ਸਾਰੀਆਂ ਸਹੂਲਤਾਂ ਇੱਕੋ ਥਾਂ ਮਿਲ ਸਕਣ। ਖੇਤੀ ਖੋਜ ਕੇਂਦਰਾਂ 'ਤੇ ਚੰਗੀਆਂ ਖੋਜ ਸਹੂਲਤਾਂ ਕਾਇਮ ਕੀਤੀਆਂ।

ਡਾ. ਗਿੱਲ ਹਰ ਰੋਜ਼ ਅੰਮ੍ਰਿਤ ਵੇਲੇ ਨਿੱਤਨੇਮ ਕਰਨ ਉਪਰੰਤ ਕੀਰਤਨ ਕਰਦੇ ਸਨ। ਥਕਾਵਟ ਸ਼ਬਦ ਆਪਦੇ ਸ਼ਬਦ ਕੋਸ਼ ਵਿਚ ਹੈ ਹੀ ਨਹੀਂ ਸੀ। ਡਾ. ਗਿੱਲ ਦਾ ਜੀਵਨ ਅੱਜ ਦੇ ਨੌਜਵਾਨਾਂ ਲਈ ਚਾਨਣ ਮੁਨਾਰਾ ਹੈ। ਸੰਨ 1930 ਵਿਚ ਸਤੰਬਰ ਦੀ ਪਹਿਲੀ ਤਰੀਕ ਨੂੰ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਦੇ ਸਾਧਾਰਨ ਪਰਿਵਾਰ ਵਿਚ ਜਨਮੇ ਖੇਮ ਸਿੰਘ ਆਪਣੇ ਸਾਰੇ ਵੱਡੇ ਪਰਿਵਾਰ 'ਚੋਂ ਉੱਚ ਸਿੱਖਿਆ ਲੈਣ ਵਾਲੇ ਪਹਿਲੇ ਸ਼ਖਸ ਸਨ।

ਆਪ ਰੋਕਫੈਲਰ ਫਾਊਂਡੇਸ਼ਨ ਦਾ ਵਜ਼ੀਫ਼ਾ ਲੈ ਕੇ ਪੀਐੱਚਡੀ ਕਰਨ ਲਈ ਕੈਲੀਫੋਰਨੀਆ ਯੂਨੀਵਰਸਿਟੀ ਗਏ। ਸਾਰੀ ਪੜ੍ਹਾਈ ਦੌਰਾਨ ਆਪ ਸਭ ਤੋਂ ਵੱਧ ਨੰਬਰ ਲੈ ਕੇ ਪਹਿਲੇ ਸਥਾਨ 'ਤੇ ਆਉਂਦੇ ਰਹੇ। ਕੁਝ ਸਮਾਂ ਖੇਤੀਬਾੜੀ ਮਹਿਕਮੇ ਵਿਚ ਨੌਕਰੀ ਕਰਨ ਉਪਰੰਤ ਖੇਮ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਨੌਕਰੀ ਆਰੰਭ ਕਰ ਦਿੱਤੀ। ਕੇਵਲ 36 ਸਾਲ ਦੀ ਉਮਰ ਵਿਚ ਆਪ ਜੈਨਟਿਕਸ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਬਣ ਗਏ। ਉਪਰੰਤ ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ, ਡੀਨ, ਖੇਤੀਬਾੜੀ ਕਾਲਜ, ਡਾਇਰੈਕਟਰ ਖੋਜ, ਡਾਇਰੈਕਟਰ ਪਸਾਰ ਸਿੱਖਿਆ ਤੇ ਓੜਕ 1990 ਵਿਚ ਪੀਏਯੂ ਦੇ ਵਾਈਸ ਚਾਂਸਲਰ ਬਣ ਗਏ। ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ 'ਤੇ 300 ਖੋਜ ਪੱਤਰਾਂ ਅਤੇ ਦਰਜਨਾਂ ਹੀ ਕਿਤਾਬਾਂ ਦੇ ਲੇਖਕ ਅਤੇ ਸੰਪਾਦਕ ਵਜੋਂ ਡਾ. ਖੇਮ ਸਿੰਘ ਨੇ ਦੇਸ਼-ਵਿਦੇਸ਼ ਵਿਚ ਆਪਣੀ ਵਿਲੱਖਣ ਪਛਾਣ ਬਣਾ ਲਈ ਸੀ। ਉਨ੍ਹਾਂ ਖੇਤੀ ਖੋਜ 'ਚ ਵੱਖ-ਵੱਖ ਫ਼ਸਲਾਂ ਜਿਵੇਂ ਕਣਕ, ਜੌਂ, ਬਾਜਰਾ, ਅਲਸੀ ਦੀਆਂ ਤੀਹ ਤੋਂ ਵੱਧ ਨਵੀਆਂ ਕਿਸਮਾਂ ਦਿੱਤੀਆਂ। ਕਣਕ ਦੀਆਂ 17 ਨਵੀਆਂ ਕਿਸਮਾਂ ਦਿੱਤੀਆਂ ਖ਼ਾਸ ਤੌਰ 'ਤੇ ਕਣਕ ਦੀ ਕਿਸਮ ਡਬਲਯੂ ਐੱਲ 711 ਪਾਕਿਸਤਾਨ ਵਿਚ ਵੀ ਬਹੁਤ ਪ੍ਰਚਲਿਤ ਹੋਈ।

ਡਾ. ਖੇਮ ਸਿੰਘ ਵਿਚ ਖੇਤੀ ਖੋਜ ਦੀ ਲਗਨ ਏਨੀ ਪ੍ਰਚੰਡ ਸੀ ਕਿ ਉਹ ਹਰ ਰੋਜ਼ ਸਵੇਰੇ ਸਾਈਕਲ 'ਤੇ ਖੇਤਾਂ ਵਿਚ ਚਲੇ ਜਾਂਦੇ ਸਨ। ਯੂਨੀਵਰਸਿਟੀ ਵਿਖੇ 9 ਤੋਂ 5 ਨਹੀਂ ਸਗੋਂ ਆਪ ਦੇ ਕੰਮ ਦਾ ਸਮਾਂ ਸਵੇਰੇ 8 ਤੋਂ ਸ਼ਾਮ 6 ਵਜੇ ਜਾਂ ਅਕਸਰ ਦੇਰ ਰਾਤ ਤਕ ਹੁੰਦਾ। ਬਹੁਤੀ ਵਾਰ ਉਹ ਆਪ ਖੇਤਾਂ ਵਿਚ ਹੱਥੀਂ ਕੰਮ ਕਰਦੇ ਅਤੇ ਕਦੇ-ਕਦੇ ਤਾਂ ਉਨ੍ਹਾਂ ਦੇ ਹੱਥਾਂ 'ਤੇ ਛਾਲੇ ਵੀ ਪੈ ਜਾਂਦੇ। ਇਕ ਪ੍ਰਬੰਧਕ ਵਜੋਂ ਵੀ ਡਾ. ਖੇਮ ਸਿੰਘ ਨੇ ਮਿਸਾਲਾਂ ਕਾਇਮ ਕੀਤੀਆਂ। ਉਨ੍ਹਾਂ ਨੂੰ ਐਨਾ ਕੰਮ ਕਰਦਿਆਂ ਵੇਖ ਕੇ ਯੂਨੀਵਰਸਿਟੀ ਦੇ ਬਾਕੀ ਸਾਥੀਆਂ ਨੂੰ ਵੀ ਪ੍ਰੇਰਨਾ ਮਿਲਦੀ ਕਿ ਉਹ ਵੱਧ ਤੋਂ ਵੱਧ ਕੰਮ ਕਰਨ। ਡਾ. ਸਾਬ੍ਹ ਅਫ਼ਸਰਾਂ ਨੂੰ ਜੋ ਵੀ ਕੰਮ ਦਿੰਦੇ, ਉਨ੍ਹਾਂ ਨੂੰ ਉਹ ਸਭ ਯਾਦ ਰਹਿੰਦਾ। ਆਪ ਹਰੇਕ ਨੂੰ ਹਰ ਵੇਲੇ ਉਤਸ਼ਾਹਿਤ ਕਰਦੇ, ਸ਼ਾਬਾਸ਼ ਦਿੰਦੇ। ਜਿਸ ਨੇ ਕੰਮ ਨਹੀਂ ਵੀ ਕੀਤਾ ਹੁੰਦਾ, ਉਹ ਵੀ ਸ਼ਾਬਾਸ਼ ਲੈ ਕੇ ਸ਼ਰਮਸਾਰ ਹੁੰਦਾ ਅਤੇ ਅੱਗੇ ਤੋਂ ਸਮੇਂ ਸਿਰ ਕੰਮ ਕਰਨ ਲਈ ਵਚਨਬੱਧ ਹੋ ਜਾਂਦਾ।

ਡਾ. ਖੇਮ ਸਿੰਘ ਜੀ ਦਾ ਅਨੰਦ ਕਾਰਜ ਬੀਬੀ ਸੁਰਜੀਤ ਕੌਰ ਨਾਲ ਹੋਇਆ ਸੀ। ਆਪ ਨੇ ਅਨੰਦ ਕਾਰਜ ਤੋਂ ਬਾਅਦ ਹੀ ਉਚੇਰੀ ਵਿੱਦਿਆ ਹਾਸਲ ਕੀਤੀ ਜਿਸ ਵਿਚ ਬੀਬੀ ਜੀ ਦਾ ਭਰਪੂਰ ਸਹਿਯੋਗ ਰਿਹਾ। ਆਪ ਦੇ ਦੋ ਬੇਟੇ ਬਲਜੀਤ ਸਿੰਘ, ਰਣਜੀਤ ਸਿੰਘ ਅਤੇ ਇਕ ਬੇਟੀ ਦਵਿੰਦਰ ਕੌਰ ਹੈ। ਦੋ ਬੱਚੇ ਮੈਡੀਕਲ ਡਾਕਟਰ ਹਨ ਅਤੇ ਇਕ ਐੱਮਐੱਸਸੀ ਹਨ। ਸੰਨ 1957 ਵਿਚ ਜਦ ਬੇਟੀ ਦਵਿੰਦਰ ਕੌਰ ਦਾ ਜਨਮ ਹੋਇਆ ਤਾਂ ਉਸ ਵੇਲੇ ਉਨ੍ਹਾਂ ਨੇ ਲੜਕੀ ਦੇ ਜਨਮ 'ਤੇ ਬਹੁਤ ਖ਼ੁਸ਼ੀਆਂ ਮਨਾਈਆਂ ਅਤੇ ਪਰਿਵਾਰ ਵਿਚ ਗੁੜ ਵੰਡਿਆ। ਧਰਮ ਪਤਨੀ ਬੀਬੀ ਸੁਰਜੀਤ ਕੌਰ ਘਰ ਆਏ ਹਰ ਮਹਿਮਾਨ ਦੀ ਚਾਹ ਪਾਣੀ, ਪ੍ਰਸ਼ਾਦੇ ਰਾਹੀਂ ਚਾਅ ਨਾਲ ਸੇਵਾ ਕਰਦੇ ਸਨ। ਡਾਕਟਰ ਸਾਬ੍ਹ ਆਪਣੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੂੰ ਵੀ ਉੱਚ ਵਿੱਦਿਆ ਲਈ ਪ੍ਰੇਰਨਾ ਦਿੰਦੇ ਰਹਿੰਦੇ ਸਨ।

ਸ਼ਬਦਾਂ ਵਿਚ ਡਾ. ਖੇਮ ਸਿੰਘ ਦੀਆਂ ਬੇਅੰਤ ਪ੍ਰਾਪਤੀਆਂ ਨੂੰ ਲਿਖ ਸਕਣਾ ਮੁਸ਼ਕਲ ਹੀ ਨਹੀਂ, ਅਸੰਭਵ ਜਾਪਦਾ ਹੈ। ਡਾ. ਸਾਬ੍ਹ ਦੀਆਂ ਖੇਤੀ ਖੋਜਾਂ ਅਤੇ ਕਲਗੀਧਰ ਟਰੱਸਟ ਰਾਹੀਂ ਵਿੱਦਿਅਕ ਪਸਾਰ ਲਈ ਕੀਤੇ ਕਾਰਜਾਂ ਲਈ ਪੰਜਾਬ ਜਾਂ ਦੇਸ਼ ਹੀ ਨਹੀਂ ਸਗੋਂ ਸਮੁੱਚੀ ਲੋਕਾਈ ਸਦਾ ਉਨ੍ਹਾਂ ਦੀ ਰਿਣੀ ਰਹੇਗੀ।

-ਮੋਬਾਈਲ ਨੰ. : 98146-12004

Posted By: Sukhdev Singh